image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਬਹਾਦਰ ਕੌਮਾਂ ਘੱਲੂਘਾਰਿਆਂ ਵਿੱਚ ਨਹੀਂ ਮਰਦੀਆਂ, ਸਗੋਂ ਸੁਲ੍ਹਾ ਵਿੱਚ ਖਤਮ ਹੁੰਦੀਆਂ ਹਨ

  ਕੌਮਾਂ ਲੜਾਈ ਵਿੱਚ ਨਹੀਂ ਮਰਦੀਆਂ, ਸਗੋਂ ਸੁਲ੍ਹਾ ਵਿੱਚ ਖਤਮ ਹੁੰਦੀਆਂ ਹਨ, ਉਕਤ ਇਹ ਸ਼ਬਦ ਖ਼ਾਲਸਾ ਪੰਥ ਦੇ ਸਿੰਘ ਸਰਦਾਰਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਭੇਜੇ ਹੋਏ ਦੂਤ ਨੂੰ ਉਸ ਸਮੇਂ ਆਖੇ ਸਨ, ਜਦੋਂ ਉਹ ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨਾਲ ਸੁਲ੍ਹਾ ਕਰਨ ਦਾ ਪੈਗਾਮ ਲੈ ਕੇ ਅੰਮ੍ਰਿਤਸਰ ਆਇਆ ਸੀ ।

ਉਸ ਵੇਲੇ ਹਿੰਦੁਸਤਾਨ ਦੀ ਸਭ ਤੋਂ ਮੰਨੀ ਜਾਂਦੀ ਤਾਕਤ ਮਰਹੱਟੇ ਜਨਵਰੀ 1761 ਨੂੰ ਪਾਣੀਪਤ ਦੇ ਮੈਦਾਨ ਵਿੱਚ ਅਹਿਮਦਸ਼ਾਹ ਆਬਦਾਲੀ ਦੇ ਹੱਥੋਂ ਹਾਰ ਗਏ ਸਨ । ਇਸ ਹਾਰ ਤੋਂ ਬਾਅਦ ਮਰਹੱਟਿਆਂ ਵਿੱਚ ਤਾਣ ਨਹੀਂ ਸੀ ਰਿਹਾ ਕਿ ਉਹ ਅਬਦਾਲੀ ਦਾ ਦੁਬਾਰਾ ਮੁਕਾਬਲਾ ਕਰ ਸਕਦੇ । ਮਰਹੱਟਿਆਂ &lsquoਤੇ ਪੂਰਨ ਜਿੱਤ ਪ੍ਰਾਪਤ ਕਰਨ ਤੋਂ ਇਕ ਸਾਲ ਬਾਅਦ ਅਬਦਾਲੀ ਫਰਵਰੀ 1762 ਨੂੰ ਸਿੱਖਾਂ ਦਾ ਵੀ ਖਾਤਮਾਂ ਕਰਨ ਦੀ ਧਾਰ ਕੇ ਫਿਰ ਪੰਜਾਬ ਆਇਆ ਤਾਂ ਮਰਹੱਟਿਆਂ ਦੇ ਰਾਜਦੂਤ ਅਬਦਾਲੀ ਦੇ ਬੂਹੇ ਅੱਗੇ ਅਭੈਦਾਨ ਲੈਣ ਵਾਸਤੇ ਅੱਗੇ ਆਣ ਡਿੱਗੇ ਸਨ ।
ਅਬਦਾਲੀ ਨੇ ਸਿੱਖਾਂ ਨੂੰ ਖਤਮ ਕਰਨ ਲਈ ਕੁੱਪ ਰਹੀੜੇ ਦੇ ਅਸਥਾਨ &lsquoਤੇ (ਫਰਵਰੀ 1762) ਸਿੱਖਾਂ ਦੇ ਵਹੀਰ ਉੱਤੇ ਆਪਣੀ ਸਿੱਖਿਅਤ ਫੌਜ ਨਾਲ ਵਹੀਰ ਨੂੰ ਘੇਰੇ ਵਿੱਚ ਲੈ ਕੇ ਕਹਿਰੀ ਹੱਲਾ ਕੀਤਾ । ਜਿਸ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ । ਵੱਡੇ ਘੱਲੂਘਾਰੇ ਵਿੱਚ 30,000 ਹਜ਼ਾਰ ਤੋਂ ਉੱਤੇ ਸਿੱਖ ਬੱਚੇ ਇਸਤਰੀਆਂ ਤਲਵਾਰ ਦੀ ਭੇਂਟ ਕਰਕੇ ਅਬਦਾਲੀ ਸਮਝ ਬੈਠਾ ਸੀ ਕਿ ਸਿੱਖ ਹੁਣ ਕਦੇ ਵੀ ਨਹੀਂ ਉੱਠ ਸਕਣਗੇ । ਇਹਾ ਵੇਖਣ ਵਾਸਤੇ ਉਹ ਲਾਹੌਰ ਡੇਰੇ ਲਾ ਬੈਠਾ ਸੀ ਪਰ ਅਹਿਮਦਸ਼ਾਹ ਅਬਦਾਲੀ ਸ਼ਾਇਦ ਏਸ ਗੱਲੋਂ ਅਣਜਾਣ ਸੀ ਕਿ ਜਿਸ ਖ਼ਾਲਸੇ (ਸਿੱਖ ਕੌਮ) ਨਾਲ ਉਸ ਦਾ ਵਾਹ ਪਿਆ ਹੈ ਉਹ ਗੁਰੂ ਨਾਨਕ ਪਾਤਿਸ਼ਾਹ ਦਾ ਦੱਸਵੇਂ ਜਾਮੇਂ ਵਿੱਚ ਆ ਕੇ ਸਾਜਿਆ ਖ਼ਾਲਸਾ ਪੰਥ ਗੁਰੂ ਨਾਨਕ ਦੀ ਨਾਦੀ ਸੰਤਾਨ ਹੈ । ਖ਼ਾਲਸਾ ਅਕਾਲ ਪੁਰਖ ਕੀ ਫੌਜ । ਪ੍ਰਗਟਿE ਖ਼ਾਲਸਾ ਪ੍ਰਮਾਤਮ ਕੀ ਮੌਜ ।
ਅਕਾਲ ਪੁਰਖ ਕੀ ਫੌਜ ਖ਼ਾਲਸਾ, ਨਾ ਜੰਮਦਾ ਹੈ ਨਾ ਮਰਦਾ ਹੈ, ਇਹ ਤਾਂ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਧਾਰਤ ਕੀਤੀ ਮਰਿਯਾਦਾ ਅਨੁਸਾਰ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਪ੍ਰਗਟ ਹੀ ਹੁੰਦਾ ਹੈ ।
ਖ਼ਾਲਸਾ ਡਿੱਗ ਕੇ ਉੱਠਣਾ ਅਤੇ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਸਿਰ ਧੜ ਦੀ ਬਾਜੀ ਲਾਉਣੀ ਜਾਣਦਾ ਹੈ, ਇਹੀ ਕਾਰਨ ਸੀ ਕਿ ਵੱਡੇ ਘੱਲੂਘਾਰੇ ਦੀ ਹਾਰ ਵੀ ਸਿੰਘਾਂ ਵਾਸਤੇ ਜਿੱਤ ਨਾਲੋਂ ਵੀ ਮਾਣ ਵਾਲੀ ਸਾਬਤ ਹੋਈ, ਕਿਉਂਕਿ ਭਾਵੇਂ ਇਸ ਬੇ-ਜੋੜ ਘਮਸਾਣ ਦੇ ਯੁੱਧ ਵਿੱਚ ਹਜ਼ਾਰਾਂ ਸਿੱਖ ਬੱਚੇ ਬਿਰਧ ਇਸਤਰੀਆਂ ਸ਼ਹੀਦ ਹੋ ਗਏ ਸਨ । ਏਨਾ ਜਾਨੀ ਨੁਕਸਾਨ ਕਰਾ ਕੇ ਵੀ ਜ਼ਖ਼ਮੀ ਹੋਏ ਸਿੰਘ ਅਬਦਾਲੀ ਦੀਆਂ ਫੌਜਾਂ ਨੂੰ ਲੜਨ ਲਈ ਵੰਗਾਰਦੇ ਰਹੇ ਤੇ ਅੰਤ ਵਿੱਚ ਸ਼ਾਮ ਪੈਣ ਤੱਕ ਸਿੰਘਾਂ ਨੇ ਅਬਦਾਲੀ ਦੀਆਂ ਫੌਜਾਂ ਦਾ ਏਨਾ ਬੁਰਾ ਹਾਲ ਕਰ ਦਿੱਤਾ ਸੀ ਕਿ ਅਬਦਾਲੀ ਦੇ ਸਿਪਾਹੀਆਂ ਨੇ ਹੁਣ ਦੁਬਾਰਾ ਸਿੰਘਾਂ ਨਾਲ ਲੜਨ ਤੋਂ ਇਨਕਾਰ ਕਰ ਦਿੱਤਾ ਸੀ ।
ਰਤਨ ਸਿੰਘ ਭੰਗੂ ਅਨੁਸਾਰ : 
ਸਰਦਾਰ ਸਭੈ ਜਖ਼ਮੀ ਭਏ, ਸਾਬਤ ਰਹਿE ਨਾ ਕੋਏ,
ਜੱਸਾ ਸਿੰਘ ਖਾਏ ਬਾਈ ਘਾਏ, ਤੌ ਭੀ ਸਿੰਘ ਜੀ ਲੜਤੌ ਜਾਏ ।
ਸ਼ਸ਼ਤਰ ਚੜ੍ਹਤ ਸਿੰਘ ਬਹੁਤੇ ਖਾਏ, ਦੇਖ ਨਾ ਉਧਰੇ ਫੇਰ ਲੜਾਏ ।
ਲੜਾਈ ਖਤਮ ਹੋਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੇ ਰਹਿਰਾਸ ਦੇ ਪਾਠ ਉਪਰੰਤ ਮਿੱਠੇ ਮੇਹਣੇ ਦੇ ਤੌਰ ਤੇ ਗੁਰਪ੍ਰਮੇਸ਼ਰ ਅੱਗੇ ਅਰਦਾਸ ਕੀਤੀ ਸੀ ਕਿ ਨਿਰੰਤਰ ਗੁਰਬਾਣੀ ਪ੍ਰਵਾਹ ਰਾਹੀਂ ਤੇਰਾ ਸਰਬ ਕਲਿਆਣਕਾਰੀ ਉਪਦੇਸ਼ (ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼) ਜੀਊਂਦਾ ਰੱਖਣ ਲਈ ਤੇਰਾ ਖ਼ਾਲਸਾ ਜਨਮ ਤੋਂ ਹੀ ਬਚਨਬੱਧ ਅਤੇ ਯਤਨਸ਼ੀਲ ਰਿਹਾ ਹੈ । ਆਪ ਦੇ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਕੀਤੇ ਫੁਰਮਾਣ ਨੂੰ ਜੁਗੋ ਜੁਗ ਅਟੱਲ ਰੱਖਣ ਹਿੱਤ ਖ਼ਾਲਸੇ ਨੇ ਵਰ੍ਹਿਆਂ ਤੋਂ ਸਿਰ &lsquoਤੇ ਖੱਫ਼ਣ ਬੰਨ੍ਹਿਆ ਹੋਇਆ ਹੈ, ਅਰਦਾਸ ਦੇ ਬੋਲ ਸਨ, ਪੰਥ ਜੇ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗੋ ।
ਏਡਾ ਘੱਲੂਘਾਰਾ ਵਰਤਾਉਣ ਤੋਂ ਬਾਅਦ ਵੀ ਅਬਦਾਲੀ ਦਾ ਸਿੱਖਾਂ ਉੱਤੇ ਪੂਰਣ ਜਿੱਤ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਨਹੀਂ ਸੀ ਹੋਇਆ । ਗੁੱਸੇ ਵਿੱਚ ਭਰਿਆ ਪੀਤਾ ਅਹਿਮਦਸ਼ਾਹ ਅਬਦਾਲੀ ਸਿੱਖਾਂ ਦੇ ਸਿਰਾਂ ਦੇ ਮਿਨਾਰ ਬਣਾ ਕੇ ਗੱਡਿਆਂ ਉੱਤੇ ਲੱਦ ਕੇ ਵਾਪਿਸ ਲਾਹੌਰ ਨੂੰ ਮੁੜਿਆ ਅਤੇ ਰਸਤੇ ਵਿੱਚ ਪਿੰਡਾਂ ਸ਼ਹਿਰਾਂ ਨੂੰ ਉਜਾੜਦਾ ਤੇ ਲੁੱਟਮਾਰ ਕਰਦਾ ਅੰਮ੍ਰਿਤਸਰ ਪੁੱਜਾ ਅਤੇ ਗੁੱਸੇ ਵਿੱਚ ਭਰੇ ਪੀਤੇ ਨੇ ਬਾਰੂਦ ਦੇ ਕੁੱਪੇ ਦੱਬ ਕੇ ਹਰਿਮੰਦਰ ਸਾਹਿਬ ਉਡਾ ਦਿੱਤਾ । ਜਦੋਂ ਇੱਟਾਂ ਉੱਡ ਕੇ ਚੁਫੇਰੇ ਪਈਆਂ ਤਾਂ ਇਕ ਇੱਟ ਅਬਦਾਲੀ ਦੇ ਨੱਕ &lsquoਤੇ ਵੱਜੀ, ਜਿਸ ਨਾਲ ਜ਼ਖ਼ਮ ਇੰਨਾ ਗਹਿਰਾ ਹੋਇਆ ਕਿ ਹੋਲੀ ਹੋਲੀ ਇਹ ਜ਼ਖ਼ਮ ਵਿਗੜ ਕੇ ਨਾਸੂਰ ਬਣ ਗਿਆ ਅਤੇ ਅਬਦਾਲੀ ਮਰਦੇ ਦਮ ਤੱਕ (ਅਬਦਾਲੀ ਦੀ ਮੌਤ 10 ਸਾਲ ਬਾਅਦ 1772 ਨੂੰ ਹੋਈ ਸੀ) ਇਸ ਜ਼ਖ਼ਮ ਨਾਲ ਪੀੜਤ ਰਿਹਾ ।
ਸਰਦਾਰ ਆਲਾ ਸਿੰਘ ਪਟਿਆਲਾ ਨੇ ਇਸ ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦਾ ਸਾਥ ਨਹੀਂ ਸੀ ਦਿੱਤਾ ਤੇ ਨਾ ਹੀ ਉਹ ਅਬਦਾਲੀ ਦੇ ਪੇਸ਼ ਹੋਇਆ । ਅਬਦਾਲੀ ਏਸ ਗੱਲੋਂ ਗੁੱਸੇ ਹੋ ਕੇ ਅਗਲੇ ਦਿਨ ਬਰਨਾਲੇ ਦਾ ਕਿਲ੍ਹਾ ਸੜਾ ਦਿੱਤਾ ਤੇ ਇਲਾਕਾ ਲੁੱਟ ਪੁੱਟ ਲਿਆ ਅਤੇ ਆਲਾ ਸਿੰਘ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ । ਆਲਾ ਸਿੰਘ ਜਦੋਂ ਅਬਦਾਲੀ ਦੇ ਪੇਸ਼ ਹੋਇਆ ਤਾਂ ਬਾਦਸ਼ਾਹ ਨੇ ਆਲਾ ਸਿੰਘ ਨੂੰ ਕੈਦ ਕਰ ਲਿਆ ਤੇ ਕੇਸ ਕਟਾਉਣ ਦਾ ਹੁਕਮ ਦਿੱਤਾ । ਸਰਦਾਰ ਆਲਾ ਸਿੰਘ ਵਾਸਤੇ ਸਮਾਂ ਬੜਾ ਔਖਾ ਬਣਿਆ, ਉਸ ਨੇ ਬਾਦਸ਼ਾਹ ਅੱਗੇ ਬੇਨਤੀ ਕੀਤੀ ਕਿ ਜੇ ਉਸ ਦੇ ਵਾਲ ਕੱਟੇ ਨਾ ਜਾਣ ਤਾਂ ਉਹ ਇਕ ਲੱਖ ਰੁਪਿਆ ਆਪਣੇ ਕੇਸਾਂ ਦਾ ਮੁੱਲ ਦੇਣ ਨੂੰ ਤਿਆਰ ਹੈ ਪਰ ਬਾਦਸ਼ਾਹ ਨੇ ਲੱਖ ਦੀ ਥਾਂ ਸਵਾ ਲੱਖ ਮੰਗਿਆ, ਜੋ ਆਲਾ ਸਿੰਘ ਨੇ ਤਾਰ ਕੇ ਆਪਣੇ ਕੇਸ ਕਤਲ ਹੋਣ ਤੋਂ ਬਚਾ ਲਏ । ਆਲਾ ਸਿੰਘ ਭਾਵੇਂ ਖ਼ਾਲਸੇ ਦਾ ਨਗਾਰਾ ਛੱਡ ਕੇ ਅਬਦਾਲੀ ਦਾ ਦਿੱਤਾ ਹੋਇਆ ਲੀਰਾਂ ਵਾਲਾ ਢੋਲ ਬਜਾਉਂਦਾ ਸੀ ਪਰ ਉਸ ਨੇ ਰੋਮਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਸੀ ਕੀਤੀ । ਦੁੱਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਜੋ ਪੰਥ ਦੇ ਹੱਕਾਂ ਹਿੱਤਾਂ ਅਤੇ ਸਿੱਖੀ ਸਰੂਪ ਦੀ ਸਾਂਭ ਸੰਭਾਲ ਲਈ ਸਿਰਜਿਆ ਗਿਆ ਸੀ, ਅਸੀਂ ਵੇਖਦੇ ਹਾਂ ਕਿ ਅਜੋਕੇ ਅਕਾਲੀ ਦਲ ਵਿੱਚ ਰੋਮਾਂ ਦੀ ਬੇਅਦਬੀ ਕਰਨ ਵਾਲੇ ਸ਼ਰੇਆਮ ਭਰਤੀ ਕੀਤੇ ਜਾ ਰਹੇ ਹਨ ਅਤੇ ਅਜੋਕਾ ਅਕਾਲੀ ਦਲ ਇਹ ਭੀ ਭਲੀ ਭਾਂਤ ਜਾਣਦਾ ਹੈ ਕਿ ਸਿੱਖ ਧਰਮ ਵਿੱਚ ਰੋਮਾਂ ਦੀ ਬੇਅਦਬੀ ਨੂੰ ਬੱਜਰ ਕੁਰਹਿਤ ਮੰਨਿਆ ਜਾਂਦਾ ਹੈ ।
ਅਦਬਾਲੀ ਏਹ ਸੋਚ ਵੀ ਨਹੀਂ ਸੀ ਸਕਦਾ ਕਿ ਏਡੇ ਵੱਡੇ ਘੱਲੂਘਾਰੇ ਤੋਂ ਅੱਠ ਮਹੀਨੇ ਬਾਅਦ ਹੀ ਖ਼ਾਲਸਾ ਅਹਿਮਦਸ਼ਾਹ ਅਬਦਾਲੀ ਨੂੰ ਦੁਬਾਰਾ ਮੈਦਾਨੇ ਜੰਗ ਵਿੱਚ ਲੜਨ ਲਈ ਮਜ਼ਬੂਰ ਕਰ ਦੇਵੇਗਾ । ਅਫ਼ਗਾਨਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਕੀਤੀ ਭਿਆਨਕ ਤਬਾਹੀ ਅਤੇ ਲੁੱਟਮਾਰ ਨੇ ਪੰਜਾਬੀਆਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਅਬਦਾਲੀ ਬਾਦਸ਼ਾਹ ਨਹੀਂ ਸਗੋਂ ਲੁਟੇਰਾ ਹੈ ਅਤੇ ਨਿਰਦੋਸ਼ ਪੰਜਾਬੀਆਂ ਨੂੰ ਲੁੱਟਣ ਹੀ ਆਉਂਦਾ ਹੈ ਅਤੇ ਸਿੱਖ ਤਾਂ ਪੰਜਾਬ ਦੀ ਧੰਨ ਦੌਲਤ ਇੱਜਤ ਬਚਾਉਣ ਲਈ ਅਹਿਮਦਸ਼ਾਹ ਅਬਦਾਲੀ ਨਾਲ ਸੀਸ ਤਲੀ &lsquoਤੇ ਰੱਖ ਕੇ ਪੰਜਾਬ ਦੀ ਰਾਖੀ ਲਈ ਜੰਗ ਯੁੱਧ ਕਰਦੇ ਹਨ । ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਹਰ ਜਾਤ ਦੀ ਸ਼੍ਰੇਣੀ ਵਿੱਚੋਂ ਅਣਖੀਲੇ ਨੌਜਵਾਨ ਖੰਡੇ ਦੀ ਪਾਹੁਲ ਛੱਕ ਕੇ ਖ਼ਾਲਸਾ ਪੰਥ ਵਿੱਚ ਰਲਦੇ ਗਏ ਅਤੇ ਅਕਤੂਬਰ 1762 ਨੂੰ (ਲਗਪਗ ਵੱਡੇ ਘੱਲੂਘਾਰੇ ਤੋਂ ਅੱਠ ਮਹੀਨੇ ਬਾਅਦ) 60000 ਖ਼ਾਲਸਾ ਪ੍ਰਗਟ ਹੋ ਕੇ ਅਬਦਾਲੀ ਨਾਲ ਟੱਕਰ ਲੈਣ ਲਈ ਤਿਆਰ ਹੋ ਗਿਆ ਸੀ । ਅਹਿਮਦਸ਼ਾਹ ਅਬਦਾਲੀ ਦੇ ਸੂਹੀਆਂ ਨੇ ਜਦੋਂ ਅਬਦਾਲੀ ਨੂੰ ਇਹ ਖ਼ਬਰ ਦਿੱਤੀ ਕਿ ਮੈਦਾਨੇ ਜੰਗ ਵਿੱਚ ਲੜਨ ਵਾਲੇ ਖ਼ਾਲਸੇ ਦੀ ਗਿਣਤੀ 60000 ਹੈ ਤਾਂ ਸੁਣ ਕੇ ਅਬਦਾਲੀ ਹੱਕਾ ਬੱਕਾ ਰਹਿ ਗਿਆ ਤੇ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਲੜਨ ਵਾਲੇ ਸਾਰੇ ਸਿੰਘ ਮਾਰੇ ਗਏ, ਫਿਰ 60000 ਸਿੰਘ ਅੱਠ ਮਹੀਨਿਆਂ ਵਿੱਚ ਜੰਮ ਕੇ ਜੁਆਨ ਕਿਵੇਂ ਹੋ ਗਿਆ ? ਤਾਂ ਅਹਿਲਕਾਰਾਂ ਨੇ ਉੱਤਰ ਦਿੱਤਾ ਕਿ ਸਿੱਖਾਂ ਦੇ ਗੁਰੂ ਨੇ ਅਜਿਹੀ ਕੌਮ ਦੀ ਸਾਜਨਾ ਕੀਤੀ ਹੈ, ਜਿਸ ਨੂੰ ਸਿੰਘ ਖ਼ਾਲਸਾ ਕੌਮ ਕਹਿੰਦੇ ਹਨ ਅਤੇ ਇਨ੍ਹਾਂ ਦਾ ਵਿਸ਼ਵਾਸ਼ ਹੈ ਕਿ ਖ਼ਾਲਸਾ ਨਾ ਜੰਮਦਾ ਹੈ ਨਾ ਮਰਦਾ ਹੈ ਸਗੋਂ ਪ੍ਰਗਟ ਹੁੰਦਾ ਹੈ ਅਤੇ ਏਥੇ ਹੀ ਬੱਸ ਨਹੀਂ ਸਿੱਖਾਂ ਦੇ ਗੁਰੂ ਨੇ ਖ਼ਾਲਸਾ ਪ੍ਰਗਟ ਕਰਨ ਦਾ ਵਿਧੀ ਵਿਧਾਨ ਵੀ ਨਿਰਧਾਰਤ ਕੀਤਾ ਹੋਇਆ ਹੈ ਅਤੇ ਉਸੇ ਵਿਧੀ ਵਿਧਾਨ ਅਨੁਸਾਰ ਇਹ ਖ਼ਾਲਸਾ ਪ੍ਰਗਟ ਹੋ ਕੇ ਸਾਡੇ ਸਾਹਮਣੇ ਖੜਾ ਹੈ ।
ਸਿੰਘਾਂ ਦੀ ਇਹ ਅਜਿੱਤ ਦਲੇਰੀ ਦ੍ਰਿੜ ਵਿਸ਼ਵਾਸ਼ ਤੇ ਅਟੱਲ ਜੋਸ਼ ਵੇਖ ਕੇ ਅਬਦਾਲੀ ਘਬਰਾ ਗਿਆ ਸੀ ਤੇ ਉਸ ਨੂੰ ਇਹ ਭਾਸ ਰਿਹਾ ਸੀ ਕਿ ਉਹ ਆਪਣੀ ਇਕ ਲੱਖ ਫੌਜ ਦੇ ਹੁੰਦਿਆਂ ਹੋਇਆਂ ਵੀ ਇਸ ਵਾਰੀ ਸਿੱਖਾਂ ਨੂੰ ਜਿੱਤ ਨਹੀਂ ਸਕੇਗਾ । ਉਸ ਨੇ ਨੀਤਕ ਚਾਲ ਨਾਲ ਕੰਮ ਕੱਢਣਾ ਚਾਹਿਆ । ਅਬਦਾਲੀ ਨੇ ਖ਼ਾਲਸਾ ਪੰਥ ਨਾਲ ਸੁਲ੍ਹਾ ਕਰਨ ਵਾਸਤੇ ਆਪਣੇ ਰਾਜਦੂਤ ਅੰਮ੍ਰਿਤਸਰ ਭੇਜੇ । ਰਾਜਦੂਤਾਂ ਨੇ ਪਹਿਲਾਂ ਸਿੱਖਾਂ ਨੂੰ ਹਾਕਮਾਨਾ ਢੰਗ ਨਾਲ ਕਹਿਣਾ ਸ਼ੁਰੂ ਕੀਤਾ ਕਿ ਜਿਸ ਦੇ ਸਾਹਮਣੇ ਦਿੱਲੀ ਦਾ ਮੁਗਲ ਦਰਬਾਰ ਝੁੱਕ ਗਿਆ ਹੈ ਅਤੇ ਜਿਸ ਅੱਗੇ ਸ਼ਕਤੀਸ਼ਾਲੀ ਮਰਹੱਟੇ ਝੁੱਕ ਗਏ ਹਨ ਤੁਸੀਂ ਮੁੱਠੀਭਰ ਸਿੱਖ ਉਸ ਦਾ ਟਾਕਰਾ ਕਿੰਨਾ ਕੁ ਚਿਰ ਕਰ ਸਕਦੇ ਹੋ ? ਅਬਦਾਲੀ ਕੋਈ ਪੰਜਾਬ ਦਾ ਚੌਧਰੀ ਤੇ ਫੌਜਦਾਰ ਨਹੀਂ ਹੈ ਜਿਨ੍ਹਾਂ ਤੋਂ ਤੁਸੀਂ ਆਕੀ ਰਹਿ ਸਕੋਗੇ, ਸਿੱਖੋ, ਤੁਹਾਡਾ ਟਾਕਰਾ ਸ਼ਹਿਨਸ਼ਾਹ ਅਫਗਾਨਿਸਤਾਨ ਤੇ ਦੁਨੀਆਂ ਦੇ ਸਭ ਤੋਂ ਵੱਡੇ ਜਰਨੈਲ ਨਾਲ ਹੈ, ਤੁਸੀਂ ਸਾਡੀ ਸੁਲ੍ਹਾ ਵਾਲੀ ਨੀਤੀ &lsquoਤੇ ਵਿਚਾਰ ਕਰ ਕੇ ਤਾਂ ਵੇਖੋ । ਬਾਦਸ਼ਾਹ ਸਲਾਮਤ ਤੁਹਾਡੀ ਬਹਾਦਰੀ ਉੱਤੇ ਮੌਹਿਤ ਹੈ । ਉਹ ਅਜਿਹੀ ਦਲੇਰ ਸਿੱਖ ਕੌਮ ਨੂੰ ਆਪਣੀ ਮਿੱਤਰ ਬਣਾਉਣੀ ਚਾਹੁੰਦਾ ਹੈ, ਆਉ ਸੁਲ੍ਹਾ ਕਰ ਲਵੋ, ਬਾਦਸ਼ਾਹ ਸਲਾਮਤ ਅੱਗੇ ਨਜ਼ਰਾਨਾ ਧਰੋ (ਭਾਵ ਹਾਰ ਮੰਨ ਲਉ) ਤੇ ਬਾਦਸ਼ਾਹ ਸਲਾਮਤ ਵੱਲੋਂ ਬਖ਼ਸ਼ੀ ਹੋਈ ਪੰਜਾਬ ਦੀ ਹਕੂਮਤ ਸੰਭਾਲ ਲਉ ਅਤੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸ਼ਹਿਨਸ਼ਾਹ ਅਹਿਮਦਸ਼ਾਹ ਦੀ ਸ਼ਰਨ ਹੁੰਦਿਆਂ ਦਿੱਲੀ ਸਰਕਾਰ ਦਾ ਵੀ ਕੋਈ ਡਰ ਨਹੀਂ ਰਹੇਗਾ ।
ਖ਼ਾਲਸਾ ਪੰਥ ਨੂੰ ਇਸ ਸੁਲ੍ਹਾ ਵਿੱਚ ਸਿੱਖ ਕੌਮ ਦੀ ਮੌਤ ਲੁਕੀ ਹੋਈ ਦਿੱਸ ਪਈ ਸੀ, ਇਸ ਕਰਕੇ ਖ਼ਾਲਸੇ ਨੇ ਅਬਦਾਲੀ ਦੀ ਇਹ ਸੁਲ੍ਹਾ ਵਾਲੀ ਪੇਸ਼ਕਸ਼ ਠੁਕਰਾ ਕੇ ਅਬਦਾਲੀ ਦੇ ਰਾਜਦੂਤ ਨੂੰ ਦੋ ਟੁੱਕ ਜਵਾਬ ਦਿੱਤਾ ਕਿ ਅਬਦਾਲੀ ਨਾਲ ਸੁਲ੍ਹਾ ਨਹੀਂ ਹੋ ਸਕਦੀ, ਅਬਦਾਲੀ ਕੌਣ ਹੁੰਦਾ ਹੈ, ਪੰਜਾਬ ਦਾ ਰਾਜ ਸਾਨੂੰ ਦੇਣ ਵਾਲਾ, ਪੰਜਾਬ ਸਾਡਾ ਹੈ ਇਸ ਦੇ ਬਾਦਸ਼ਾਹ ਅਸੀਂ ਹਾਂ, ਕਿਸੇ ਕੋਲੋਂ ਭਿੱਖਿਆ ਵਜੋਂ ਰਾਜ ਲੈਣ ਨਾਲੋਂ ਗੋਲੀ ਦਾ ਨਿਸ਼ਾਨਾ ਬਣ ਕੇ ਅਣਖ ਦੀ ਮੌਤ ਕਿਤੇ ਚੰਗੀ ਹੈ ਕਿ ਅਬਦਾਲੀ ਨੂੰ ਆਖੋ ਕਿ ਕੱਲ੍ਹ ਸਵੇਰ ਨੂੰ ਮੈਦਾਨੇ ਜੰਗ ਵਿੱਚ ਸਿੱਧਾ ਹੋ ਕੇ ਖ਼ਾਲਸੇ ਨਾਲ ਯੁੱਧ ਕਰੇ । ਦੂਸਰੇ ਦਿਨ ਖ਼ਾਲਸੇ ਦਾ ਅਬਦਾਲੀ ਨਾਲ ਘਮਸਾਣ ਦਾ ਯੁੱਧ ਹੋਇਆ, ਅਹਿਮਦਸ਼ਾਹ ਨੂੰ ਪੂਰੀ ਤਰ੍ਹਾਂ ਹਾਰ ਹੋਈ ਅਤੇ ਉਸੇ ਰਾਤ ਹੀ ਰਾਤ ਦੇ ਹਨੇਰੇ ਵਿੱਚ ਅਬਦਾਲੀ ਆਪਣੀ ਜਾਨ ਬਚਾ ਕੇ ਕਾਬਲ ਨੂੰ ਨਸ ਗਿਆ ਸੀ, ਹਾਰੇ ਹੋਏ ਦੁਰਾਨੀਆਂ ਨੇ ਹਥਿਆਰ ਸੁੱਟ ਦਿੱਤੇ ਅਤੇ ਸਿੱਖਾਂ ਕੋਲੋਂ ਆਪਣੇ ਪ੍ਰਾਣਾਂ ਦੀ ਭੀਖ ਮੰਗੀ, ਸਿੰਘਾਂ ਨੇ ਕਿਸੇ ਨਿਹੱਥੇ ਨੂੰ ਕਤਲ ਨਹੀਂ ਕੀਤਾ, ਪਰ ਕੁਝ ਸਮੇਂ ਲਈ ਕੈਦੀ ਬਣਾ ਕੇ ਅੰਮ੍ਰਿਤਸਰ ਲਿਆਂਦਾ ਗਿਆ, ਜੱਸਾ ਸਿੰਘ ਆਹਲੂਵਾਲੀਆ ਨੇ ਪਠਾਣਾਂ ਨੂੰ ਕਿਹਾ ਕਿ ਜਿਨ੍ਹਾਂ ਹੱਥਾਂ ਨਾਲ ਇਹ ਸਰੋਵਰ ਪੂਰਿਆ ਹੈ ਉਨ੍ਹਾਂ ਹੱਥਾਂ ਨਾਲ ਇਸ ਸਰੋਵਰ ਦੀ ਸਫਾਈ ਕਰੋ, ਸਾਰਾ ਦਿਨ ਪਠਾਣਾਂ ਕੋਲੋਂ ਸਰੋਵਰ ਵਿੱਚੋਂ ਮਲਬਾ ਕਢਾਉਂਦੇ ਤੇ ਸ਼ਾਮ ਨੂੰ ਗੁਰੂ ਕੇ ਲੰਗਰ ਵਿੱਚੋਂ ਸਾਂਝੀ ਪੰਗਤ ਵਿੱਚ ਬਿਠਾਲ ਕੇ ਪ੍ਰਸ਼ਾਦਾ ਛਕਾਉਂਦੇ, ਸਰੋਵਰ ਦੀ ਕਾਰ ਸੇਵਾ ਤੋਂ ਬਾਅਦ ਕੈਦੀਆਂ ਨੂੰ ਛੱਡ ਦਿੱਤਾ ਗਿਆ । ਅਕਤੂਬਰ 1762 ਦੀ ਇਸ ਲੜਾਈ ਦੀ ਜਿੱਤ ਮਗਰੋਂ ਸਿੱਖ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਬਣ ਗਏ ਅਤੇ 1765 ਤੱਕ ਮਿਸਲਾਂ ਨੇ ਸਿੱਖ ਰਾਜ ਸਥਾਪਤ ਕਰ ਲਿਆ ਸੀ ।
ਜੇ ਖ਼ਾਲਸਾ ਪੰਥ (ਸਿੱਖ ਕੌਮ) ਅਹਿਮਦਸ਼ਾਹ ਅਬਦਾਲੀ ਨਾਲ ਉਹਦੀਆਂ ਸ਼ਰਤਾਂ ਅਨੁਸਾਰ ਸੁਲ੍ਹਾ ਕਰ ਲੈਂਦਾ ਤਾਂ ਸਿੱਖ ਕੌਮ ਦਾ ਦੁਨੀਆਂ ਦੇ ਨਕਸ਼ੇ ਤੋਂ ਵਜੂਦ ਹੀ ਮਿੱਟ ਜਾਣਾ ਸੀ । ਅੱਜ ਵੀ ਆਰ।ਐੱਸ।ਐੱਸ। ਤੇ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ, ਸਾਮ, ਦਾਮ, ਦੰਡ, ਭੇਦ ਦੀ ਚਾਣਕੀਆ ਨੀਤੀ ਵਰਤ ਕੇ ਸੁਲ੍ਹਾਕੁੰਨ ਤਰੀਕੇ ਅਨੁਸਾਰ ਸਿੱਖ ਕੌਮ ਦੀ ਅਡੱਰੀ, ਨਿਆਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮਲੀਆ ਮੇਟ ਕਰਕੇ ਹਿੰਦੂਤਵ ਵਿੱਚ ਜਜ਼ਬਾ ਕਰਨਾ ਚਾਹੁੰਦੀ ਹੈ । ਇਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਜਦੋਂ ਅਗਸਤ 1765 ਈ: ਨੂੰ ਈਸਟ ਇੰਡੀਆ ਕੰਪਨੀ ਨੇ ਅਲਾਹਾਬਾਦ ਦੀ ਸੰਧੀ ਅਨੁਸਾਰ ਪੰਜਾਬ ਤੋਂ ਬਿਨਾਂ ਹਿੰਦ ਦੀਆਂ ਸਾਰੀਆਂ ਰਿਆਸਤਾਂ ਨੂੰ ਗੁਲਾਮ ਬਣਾ ਕੇ ਅੰਗ੍ਰੇਜ਼ੀ ਰਾਜ ਦਾ ਐਲਾਨ ਕਰ ਦਿੱਤਾ ਸੀ ਤਾਂ ਐਨ ਉਸੇ ਵੇਲੇ ਹੀ 1765 ਈ: ਨੂੰ ਸਿੱਖ ਮਿਸਲਾਂ ਨੇ ਮੁਗਲਾਂ ਤੇ ਅਫਗਾਨਾਂ ਦੀਆਂ ਗੋਡਣੀਆਂ ਲੁਆ ਕੇ ਪੰਜਾਬ ਦੇਸ ਉੱੇਤੇ ਸਿੱਖ ਰਾਜ ਸਥਾਪਤ ਕਰ ਲਿਆ ਸੀ । 1849 ਤੋਂ ਪਹਿਲਾਂ ਅੱਜ ਵਾਲੇ ਭਾਰਤ ਨਾਲੋਂ ਪੰਜਾਬ ਦੇਸ ਬਿਲਕੁੱਲ ਵੱਖਰਾ ਸਿੱਖ ਹੋਮ ਲੈਂਡ ਸਿੱਖਾਂ ਦਾ ਦੇਸ਼ ਸੀ । ਅੰਤ ਵਿੱਚ ਪੱਛਮ ਦੇ ਉੱਘੇ ਫਿਲਾਸਫਰ ਜੋਰਜ ਦੀਆਂ ਇਨ੍ਹਾਂ ਸਤਰਾਂ ਨਾਲ ਸਮਾਪਤੀ ਕਰਦਾ ਹਾਂ ਕਿ : ਜੇ ਤੁਸੀਂ ਆਪਣੇ ਭਵਿੱਖ ਨੂੰ ਕਾਬੂ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਪਿਛਲੇ ਇਤਿਹਾਸ &lsquoਤੇ ਪਕੜ ਤਕੜੀ ਰੱਖੋ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।