image caption: -ਰਜਿੰਦਰ ਸਿੰਘ ਪੁਰੇਵਾਲ

ਜਲੰਧਰ ਜ਼ਿਮਨੀ ਚੋਣ ਦਾ ਦ੍ਰਿਸ਼, ਦਲ ਬਦਲੂ ਲੀਡਰ ਤੇ ਲੋਕ ਵਿਰੋਧੀ ਸਿਆਸਤ

ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ 10 ਮਈ ਨੂੰ ਜ਼ਿਮਨੀ ਚੋਣ ਹੋ ਰਹੀ ਹੈ| ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਗਠਜੋੜ ਨੇ  ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਕਾਂਗਰਸ ਨੇ ਸਵ. ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ, ਅਕਾਲੀ ਦਲ (ਅੰਮਿਬਸਰ) ਨੇ  ਗੁਰਜੰਟ ਸਿੰਘ ਕੱਟੂ ਨੂੰ ਉਮੀਦਵਾਰ ਐਲਾਨ ਦਿਤਾ ਹੈ| ਆਪ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ| ਰਿੰਕੂ ਨੂੰ ਕਾਂਗਰਸ ਵਿਚੋਂ ਕੱਢਣ ਦੇ ਮਗਰੋਂ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੁੰਦੇ ਸਾਰ ਹੀ ਆਪ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ| ਇਹਨਾਂ ਚੋਣਾਂ ਦੌਰਾਨ ਵੀ ਦਲ ਬਦਲੀ ਦਾ ਰੂਝਾਨ ਭਾਰੀ ਹੈ| ਹਾਲਾਂਕਿ ਆਪ ਪਾਰਟੀ ਆਦਰਸ਼ਵਾਦੀ ਸਿਆਸਤ ਦੀ ਹਾਮੀ ਭਰਦੀ ਸੀ, ਪਰ ਉਹ ਵੀ ਭ੍ਰਿਸ਼ਟ ਸਿਆਸਤ ਦੀ ਗਾਹਕ ਬਣ ਗਈ ਹੈ| ਭਾਜਪਾ ਨੇ ਹਾਲਾਂਕਿ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰ ਦਲ ਬਦਲੂ ਰੁਝਾਨ ਉਸ ਉਪਰ ਵੀ ਭਾਰੂ ਹੈ| ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ| ਇੰਦਰ ਇਕਬਾਲ ਸਿੰਘ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਹਨ|
ਸਿਆਸੀ ਦਲ ਬਦਲੀ ਨੇ ਭਾਰਤ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਵੱਡੀ ਢਾਅ ਲਾਈ ਹੈ| ਭਾਰਤ ਵਿਚ ਰਾਜਨੀਤੀ ਦਾ ਨੈਤਿਕ ਪਤਨ ਹੋਇਆ ਹੈ| ਭਾਰਤ ਅਤੇ ਭਾਰਤੀ ਰਾਜਨੀਤੀ ਅਸਾਨੀ ਨਾਲ ਸੁਧਰਨ ਯੋਗ ਨਹੀਂ ਰਹੀ| ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ਼ ਟੁੱਟਦਾ ਜਾ ਰਿਹਾ ਹੈ| ਲੋਕ ਮੌਜੂਦਾ ਸਿਆਸੀ ਧਿਰਾਂ ਅਤੇ ਸਿਆਸਤਦਾਨਾਂ ਤੋਂ ਕਿਸੇ ਸੁਧਾਰ ਦੀ ਆਸ ਲਾਹ ਬੈਠੇ ਹਨ| ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਥਾਂ-ਸਿਰ ਕਰਨ ਲਈ ਮੁਸ਼ਕਲ ਭਰੇ ਸਖ਼ਤ ਫ਼ੈਸਲੇ, ਸਮੇਂ ਦੀ ਲੋੜ ਹਨ| ਜਦੋਂ ਤੱਕ ਦੇਸ਼ ਦੀਆਂ ਸਿਆਸੀ ਧਿਰਾਂ ਆਪੋ-ਆਪਣੀਆਂ ਪਾਰਟੀਆਂ ਨੂੰ ਟੱਬਰਾਂ ਦੀ ਜਕੜ ਤੋਂ ਤੋੜ ਕੇ ਪਾਰਟੀ ਵਿਚ ਅੰਦਰੂਨੀ ਲੋਕਤੰਤਰ ਲਾਗੂ ਕਰਨ ਵੱਲ ਧਿਆਨ ਕੇਂਦਰਤ ਨਹੀਂ ਕਰਨਗੀਆਂ, ਅਪਰਾਧੀ ਲੋਕਾਂ ਦਾ ਸਿਆਸਤ ਵਿੱਚ ਦਾਖ਼ਲਾ ਬੰਦ ਨਹੀਂ ਕਰਨਗੀਆਂ, ਉਦੋਂ ਤੱਕ ਭਾਰਤ ਵਿਚ ਕਿਸੇ ਸਿਆਸੀ, ਸਮਾਜੀ ਸੁਧਾਰ ਦੀ ਗੁੰਜਾਇਸ਼ ਨਹੀਂ ਹੈ| ਜਿਥੋਂ ਤਕ ਪੰਜਾਬ ਦੀ ਅਜੋਕੀ ਹਾਲਤ ਹੈ ਕਿ ਆਪ ਕਾਰਣ ਪੰਜਾਬ ਦਾ ਕਰਜ਼ਾ ਸਾਢੇ ਤਿੰਨ ਲੱਖ ਕਰੋੜ ਦੇ ਕਰੀਬ ਪਹੁੰਚ ਚੁਕਾ ਹੈ|ਦਰਿਆਈ ਪਾਣੀਆਂ ਦੀ ਲੁੱਟ, ਨਸ਼ੇ, ਕਰਾਈਮ, ਭ੍ਰਿਸ਼ਟਾਚਾਰ ਪਹਿਲਾਂ ਦੀ ਤਰ੍ਹਾਂ ਜਾਰੀ ਹੈ| ਸਿਖ ਹਕਾਂ ਦਾ ਘਾਣ ਤੇ ਕਾਲੇ ਕਨੂੰਨ ਜਾਰੀ ਹਨ| ਖਾਲਸਾ ਰਾਜ ਦੇ ਝੰਡਿਆਂ, ਸਿੱਖਾਂ ਨੂੰ ਵੱਖਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਆਪ ਸਰਕਾਰ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ| ਇਸ ਕਾਰਨ ਹਿੰਦੂ ਭਾਈਚਾਰਾ ਵੀ ਡਰਿਆ ਹੋਇਆ ਹੈ| ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਜਿਮਨੀ ਚੋਣ ਵਿਚ ਇਸ ਕਾਰਣ ਕਾਂਗਰਸ ਦਾ ਪਖ ਭਾਰੂ ਹੈ| 
ਲਗਾਤਾਰ ਹਾਰਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਬਾਦਲ ਦਲ ਕਮਜ਼ੋਰ ਜਾਪ ਰਿਹਾ ਹੈ| ਸਿਆਸੀ ਮਾਹਿਰ ਮਹਿਸੂਸ ਕਰ ਰਹੇ ਹਨ ਕਿ ਦਲਿਤ ਤੇ ਸਿਖ ਵੋਟ ਬੈਂਕ ਦਾ ਝੁਕਾਅ ਕਾਂਗਰਸ ਵਲ ਜਾਪ ਰਿਹਾ ਹੈ| ਵੈਸੇ ਵੀ ਇਹ ਲੋਕ ਸਭਾ ਸੀਟ ਕਾਂਗਰਸ ਜਿਤਦੀ ਰਹੀ ਹੈ| ਇਹ ਸੀਟ ਇਸ ਹਲਕੇ ਦੀ 2009 ਤੋਂ ਨੁਮਾਇੰਦਗੀ ਕਰ ਰਹੇ ਚੌਧਰੀ ਸੰਤੋਖ ਸਿੰਘ ਦੀ ਜਨਵਰੀ 2023 ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿਚ ਲਾਂਘੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ ਨਾਲ ਖ਼ਾਲੀ ਹੋਈ ਸੀ| ਇਹ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮਾਰਚ 2022 ਵਿਚ ਸਰਕਾਰ ਬਣਨ ਤੋਂ ਬਾਅਦ ਦੂਜੀ ਉਪ ਚੋਣ ਹੈ| ਪਹਿਲੀ ਉਪ ਚੋਣ ਜੂਨ 2022 ਵਿਚ ਸੰਗਰੂਰ ਲੋਕ ਸਭਾ ਹਲਕੇ ਵਿਚ ਮੌਜੂਦਾ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਸਭਾ ਤੋਂ ਅਸਤੀਫ਼ਾ ਦੇਣ ਕਰਕੇ ਹੋਈ ਸੀ| ਇਸ ਚੋਣ ਦੇ ਨਤੀਜੇ ਬਹੁਤ ਹੈਰਾਨੀਜਨਕ ਸਨ| ਸੰਗਰੂਰ ਲੋਕ ਸਭਾ ਦੇ ਨੌਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਰਚ 2022 ਵਿਚ ਵੱਡੇ ਫ਼ਰਕ ਨਾਲ ਜਿੱਤੇ ਸਨ, ਪਰ ਪਾਰਟੀ 2014 ਤੇ 2019 ਵਿਚ ਜਿੱਤੀ ਹੋਈ ਇਹ ਸੀਟ ਹਾਰ ਗਈ ਸੀ| ਇਹ ਚੋਣ ਹੁਣ ਆਪ ਲਈ ਚੁਣੌਤੀ ਬਣੀ ਹੋਈ ਹੈ|
ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ 17 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿਚ ਜਲੰਧਰ ਲੋਕ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਨੇ 13 ਵਾਰ ਸਫਲਤਾ ਪ੍ਰਾਪਤ ਕੀਤੀ ਹੈ ਜਦੋਂਕਿ ਅਕਾਲੀ ਦਲ ਤੇ ਜਨਤਾ ਦਲ ਨੇ ਇਹ ਸੀਟ 2-2 ਵਾਰੀ ਜਿੱਤੀ ਹੈ| 
ਇਸ ਚੋਣ ਦਾ ਨਤੀਜਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੀ ਇਕ ਸੁਨੇਹਾ ਦੇਵੇਗਾ| ਬੀਜੇਪੀ ਲਈ ਵੀ ਇਹ ਪਰਖ ਦੀ ਘੜੀ ਹੈ| ਉਹ ਆਪਣਾ ਸਾਰਾ ਜ਼ੋਰ ਲਾ ਕੇ ਪੰਜਾਬ ਦੀ ਸੰਭਾਵਿਤ ਰਾਜਨੀਤੀ ਦੀ ਦਿਸ਼ਾ ਬਦਲਣ ਦੀ ਕੋਸ਼ਿਸ਼ ਕਰੇਗੀ| ਅਕਾਲੀ-ਦਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਇਨ੍ਹਾਂ ਚੋਣਾਂ ਵਿਚ ਮੁੱਦਿਆਂ ਦੀ ਭਾਲ ਕਰੇਗਾ| ਰਾਜ ਕਰਦੀ ਧਿਰ ਆਪਣੀ ਪਿਛਲੇ ਇਕ ਸਾਲ ਦੀ ਕਾਰਗੁਜ਼ਾਰੀ ਤੇ ਜ਼ੋਰ ਦੇਵੇਗੀ ਤੇ ਵਿਰੋਧੀ ਪਾਰਟੀਆਂ ਆਪਣੇ-ਆਪਣੇ ਤਰੀਕੇ ਨਾਲ ਸਰਕਾਰ ਦੀਆਂ ਅਸਫਲਤਾਵਾਂ ਅਤੇ ਅਮਨ ਕਾਨੂੰਨ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ| ਪੰਜਾਬ ਤੇ ਖ਼ਾਸ ਕਰਕੇ ਦੁਆਬੇ ਦੇ ਲੋਕ ਬਹੁਤ ਜਾਗਰੂਕ ਤੇ ਸਮਝਦਾਰ ਹਨ| ਉਨ੍ਹਾਂ ਦੁਆਰਾ ਦਿੱਤਾ ਹੋਇਆ ਫ਼ਤਵਾ ਹੀ ਸਾਨੂੰ ਪੰਜਾਬ ਦੇ ਮੁੱਦਿਆਂ ਤੇ ਉਨ੍ਹਾਂ ਦੀ ਰਾਏ ਜਾਨਣ ਦਾ ਮੌਕਾ ਦੇਵੇਗਾ| ਪਰ ਦਲ ਬਦਲੂ ਨੇਤਾ ਹਰਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਸਿਆਸਤ ਸਾਫ ਸੁਥਰੀ ਰਹਿ ਸਕੇ|
-ਰਜਿੰਦਰ ਸਿੰਘ ਪੁਰੇਵਾਲ