image caption: ਕੁਲਵੰਤ ਸਿੰਘ ਢੇਸੀ

ਅੰਮ੍ਰਿਤਪਾਲ ਸਿੰਘ ਦੀ ਅਸਲੀਅਤ ਕੀ ਹੈ

 ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮ ਮੇਂ ਦੀਦਾਵਰ ਪੈਦਾ

ਜਦੋਂ ਪੰਜਾਬ ਅਤੇ ਪ੍ਰਦੇਸਾਂ ਵਿਚ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ ਝੜ੍ਹਾਈ ਹੋ ਰਹੀ ਸੀ ਤਾਂ ਉਸ ਵੇਲੇ ਮੈਂ ਇੱਕ ਲੇਖ ਲਿਖ ਕੇ ਦੱਸਿਆ ਸੀ ਕਿ ਸਿੱਖ ਆਗੂਆਂ ਦੀ ਕਮਜੋਰੀ ਹੈ ਕਿ ਉਹਨਾ ਦੇ ਅੰਧਾਧੁੰਦ ਜਜ਼ਬਾਤ ਹੀ ਉਹਨਾ ਦੇ ਖਿਲਾਫ ਕੰਮ ਕਰਦੇ ਹਨ ਜਿਸ ਤੋਂ ਅੰਮ੍ਰਿਤਪਾਲ ਸਿੰਘ ਨੂੰ ਚੇਤੰਨ ਹੋਣ ਦੀ ਲੋੜ ਹੈਸਿੱਖ ਆਗੂਆਂ ਦੀ ਇਹ ਕਮਜ਼ੋਰੀ ਸਿੱਖ ਵਿਰੋਧੀ ਭਾਰਤੀ ਸਰਕਾਰਾਂ ਦੇ ਬਹੁਤ ਕੰਮ ਆਉਂਦੀ ਰਹੀ ਹੈ ਕਿ ਉਹ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਐਲਾਨ ਕੇ ਭਾਰਤ ਵਿਚ ਬਹੁਗਿਣਤੀ ਦੀ ਵੋਟ ਬਟੋਰਨ ਵਿਚ ਕਾਮਯਾਬ ਹੋ ਜਾਂਦੇ ਹਨ। ਜਿਸ ਵੇਲੇ ਅੰਮ੍ਰਿਤਪਾਲ ਸਿੰਘ ਦੇ ਗਰਮ ਪ੍ਰੋਗ੍ਰਾਮ ਮੁਤਾਬਕ ਗੁਰਦੁਆਰਿਆਂ ਵਿਚੋਂ ਕੁਰਸੀਆਂ ਕੱਢ ਕੇ ਸਾੜੀਆਂ ਜਾ ਰਹੀਆਂ ਸਨ ਤਾਂ ਉਸੇ ਵੇਲੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸਨ ਕਿ ਇਸ ਆਗੂ ਦੀ ਅਗਵਾਈ ਦਾ ਊਠ ਕਿਸ ਕਰਵਟ ਬਹਿਣ ਵਾਲਾ ਹੈ। ੨੩ ਫਰਵਰੀ ੨੦੨੩ ਨੂੰ ਅਜਨਾਲੇ ਵਿਚ ਪੁਲਿਸ ਥਾਣੇ ਦੇ ਘਿਰਾਓ ਦੌਰਾਨ ਜਦੋਂ ਕੁਝ ਪੁਲਿਸ ਵਾਲੇ ਫੱਟੜ ਹੋ ਗਏ ਤਾਂ ਸਰਕਾਰ ਨੂੰ ਮੌਕਾ ਮਿਲ ਗਿਆ ਕਿ ਉਹ ਇਸ ਆਗੂ ਪ੍ਰਤੀ ਦਹਿਸ਼ਤ ਪੈਦਾ ਕਰਕੇ ਇੱਕ ਵੇਰ ਫੇਰ ਪੰਜਾਬ ਨੂੰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਤਰਸ &lsquoਤੇ ਛੱਡ ਦੇਵੇ। ਅੱਜ ਸਾਰੇ ਸੰਸਾਰ ਵਿਚ ਸਿੱਖਾਂ ਵਿਚ ਇਸ ਗੱਲ &lsquoਤੇ ਬਹੁਤ ਰੋਸ ਹੈ ਕਿ ਪੁਲਿਸ ਅਨੇਕਾਂ ਸਿੱਖ ਨੌਜਵਾਨਾ ਨੂੰ ਚੁੱਕ ਕੇ ਉਹਨਾ &lsquoਤੇ ਨੈਸ਼ਨਲ ਸਕਿਓਰਿਟੀ ਐਕਟ ਤਹਿਤ ਕੇਸ ਪਾ ਰਹੀ ਹੈਅਨੇਕਾਂ ਨੌਜਵਾਨਾ ਨੂੰ ਅਸਮ ਦੀ ਡਿਬਰੂਗੜ੍ਹ ਜਿਹਲ ਵਿਚ ਭੇਜ ਦਿਤਾ ਗਿਆ ਹੈ ਜਿਹਨਾ ਦੇ ਕੇਸ ਲੜਨ ਲਈ ਸ਼੍ਰੋਮਣੀ ਕਮੇਟੀ ਹਰਕਤ ਵਿਚ ਆਈ ਹੈ।

ਅਫਵਾਹਾਂ ਦਾ ਬਜ਼ਾਰ ਗਰਮ ਹੈ

ਕਿਸਾਨ ਮੋਰਚਾ ਫਤਹਿ ਹੋਣ ਮਗਰੋਂ ਭਾਜਪਾ ਦਾ ਤਾਂ ਜਿਵੇਂ ਥੱਲਾ ਹੀ ਲੱਗ ਗਿਆ ਸੀ ਅਤੇ ਸਿੱਖਾਂ ਦਾ ਮਨੋਬਲ ਬਹੁਤ ਬੁਲੰਦ ਹੋ ਗਿਆ ਸੀਉਸ ਵੇਲੇ ਇਹ ਗੱਲ ਸਾਰੇ ਭਾਰਤ ਵਿਚ ਧੁੰਮ ਗਈ ਸੀ ਕਿ ਕਿਸਾਨ ਮੋਰਚੇ ਦੀ ਕਾਮਯਾਬੀ ਮਗਰ ਸਿੱਖਾਂ ਦੀ ਅਗਵਾਈ ਅਤੇ ਯੋਗਦਾਨ ਸੀ। ਉਸੇ ਵੇਲੇ ਇਹ ਅੰਦਾਜ਼ੇ ਵੀ ਲੱਗਣ ਲੱਗ ਪਏ ਸਨ ਕਿ ਭਾਜਪਾ ਆਪਣੀ ਹੋਈ ਬੇਇਜ਼ਤੀ ਦਾ ਕਿਸੇ ਨਾ ਕਿਸੇ ਰੂਪ ਵਿਚ ਬਦਲਾ ਲਵੇਗੀ। ਦੇਖਦਿਆਂ ਹੀ ਦੇਖਦਿਆਂ &lsquoਪੰਜਾਬ ਦੇ ਵਾਰਿਸ&rsquo ਜਥੇਬੰਦੀ ਦੇ ਆਗੂ ਭਾਈ ਅਮ੍ਰਿਤਪਾਲ ਸਿੰਘ ਦੀ ਹਰਮਨ ਪਿਆਰਤਾ ਏਨੀ ਵੱਧ ਗਈ ਕਿ ਇੰਝ ਜਾਪਣ ਲੱਗ ਪਿਆ ਜਿਵੇਂ ਕਿ ਸਿੱਖਾਂ ਨੂੰ ਉਹ ਆਗੂ ਮਿਲ ਗਿਆ ਹੋਵੇ ਜਿਸ ਦੀ ਕਿ ਕੌਮ ਨੂੰ ਚਿਰਾਂ ਤੋਂ ਉਡੀਕ ਸੀ ਪਰ ਅਫਸੋਸ ਕਿ ਅੰਮ੍ਰਿਤਪਾਲ ਦੇ ਆਲੇ ਦੁਆਲੇ ਦੇ ਅੰਸਰਾਂ ਜਾਂ ਉਸ ਦੀ ਆਪਣੀ ਕਾਹਲ ਨੇ ਸਰਕਾਰ ਨੂੰ ਉਹ ਬਹਾਨਾ ਦੇ ਦਿੱਤਾ ਜਿਸ ਦੇ ਬਹਾਨੇ ਭਾਰਤੀ ਸਰਕਾਰ ਸਿੱਖਾਂ ਨੂੰ ਮੁੜ ਲੀਡਰਲੈੱਸ ਕਰਨ ਵਿਚ ਕਾਮਯਾਬ ਹੋ ਗਈ।


ਜਿਸ ਦਿਨ ਸ਼ਾਹਕੋਟ ਦੇ ਹਲਕਾ ਮਹਿਤਪੁਰ ਵਿਚ ਅੰਮ੍ਰਿਤਪਾਲ ਦੇ ਗਾਇਬ ਹੋਣ ਦੀਆਂ ਖਬਰਾਂ ਸਨ ਉਸ ਦਿਨ ਮੈਂ ਵੀ ਉਸੇ ਸ਼ਹਿਰ ਵਿਚ ਸਾਂ। ਸ਼ਾਮ ਨੂੰ ਮਹਿਤਪੁਰ ਬੈਂਕ ਵਿਚ ਕੰਮ ਕਰਦੇ ਇੱਕ ਮਿੱਤਰ ਨਾਲ ਗਲ ਕਰਨ ਦਾ ਮੌਕਾ ਮਿਲਿਆ ਜਿਸ ਨੇ ਸਾਰੀ ਕਾਰਵਾਈ ਦਾ ਆਦਿ ਤੋਂ ਅੰਤ ਦੱਸਿਆ। ਇਹ ਸਿੰਘ ਖਾੜਕੂ ਦੌਰ ਵਿਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਇਆ ਸੀ ਤੇ ਪੰਥ ਨੂੰ ਪੂਰੀ ਤਰਾਂ ਸਮਰਪਿਤ ਸੀ ਪਰ ਉਸ ਵੇਲੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਸ ਨੇ ਇੱਕ ਚਸ਼ਮਦੀਦ ਮਿੱਤਰ ਦੇ ਹਵਾਲੇ ਨਾਲ ਦੱਸਿਆ ਕਿ ਉਸ ਨੇ ਐਸ ਐਸ ਪੀ ਨੂੰ ਅਫਸਰਾਂ ਨਾਲ ਇਹ ਗੱਲ ਕਰਦਿਆਂ ਸੁਣਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਹਾਲਤ ਵਿਚ ਗ੍ਰਿਫਤਾਰ ਨਹੀਂ ਕਰਨਾ। ਇਸ ਤਰਾਂ ਦੀਆਂ ਗੱਲਾਂ ਅਨੇਕਾਂ ਲੋਕ ਕਰਦੇ ਸੁਣੇ ਜਾਂਦੇ ਹਨ। ਕਈ ਤਾਂ ਅੰਮ੍ਰਿਤਪਾਲ ਸਿੰਘ ਦੇ ਕਿਰਦਾਰ ਤੇ ਇਸੇ ਕਰਕੇ ਉਂਗਲ ਕਰੀ ਜਾਂਦੇ ਹਨ ਕਿ ਅੱਸੀ ਹਜ਼ਾਰ ਦੀ ਸੀ ਆਰ ਪੀ ਅਤੇ ਲੱਖਾਂ ਪੁਲਸੀਆਂ ਦੇ ਮਗਰ ਪੈਣ ਮਗਰੋਂ ਆਖਿਰ ਅੰਮ੍ਰਿਤਪਾਲ ਸਿੰਘ ਕਿਵੇਂ ਬਚ ਗਿਆਅਨੇਕਾਂ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਉਹ ਗ੍ਰਿਫਤਾਰ ਤਾਂ ਹੋ ਚੁੱਕਾ ਹੈ ਪਰ ਪੁਲਿਸ ਅਜੇ ਦੱਸਦੀ ਨਹੀਂ ਹੈ। ਸੋਸ਼ਲ ਮੀਡੀਏ ਤੇ ਇੱਕ ਬਿਆਨ ਕਿਸੇ ਗੁਪਤ ਪੁਲਸੀਏ ਕਹੇ ਜਾਂਦੇ ਵਿਅਕਤੀ ਦਾ ਪੜ੍ਹਨ ਨੂੰ ਵੀ ਮਿਲਿਆ ਜੋ ਕਹਿ ਰਿਹਾ ਸੀ ਕਿ ਉਸ ਨੇ ਅਮ੍ਰਿਤਪਾਲ ਸਿੰਘ ਨੂੰ ਖੁਦ ਗ੍ਰਿਫਤਾਰ ਹੁੰਦੇ ਦੇਖਿਆ ਸੀ ਅਤੇ ਉਸ ਦਾ ਦਾਅਵਾ ਸੀ ਕਿ ਜੇ ਪੁਲਿਸ ਨੇ ਇਸ ਗੱਲ ਦਾ ਇਕਬਾਲ ਨਾ ਕੀਤਾ ਤਾਂ ਉਹ ਆਪਣਾ ਨਾਮ ਜਨਤਕ ਕਰ ਦੇਵੇਗਾ ਭਾਵੇਂ ਕਿ ਇੰਝ ਕਰਿਦਆਂ ਉਸ ਨੂੰ ਨੌਕਰੀ ਤੋਂ ਹੀ ਕਿਓਂ ਨਾ ਹੱਥ ਧੋਣੇ ਪੈ ਜਾਣ

ਜਿਹਨੀ ਦਿਨੀ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਯੂ ਕੇ ਆਇਆ ਸੀ ਤਾਂ ਇਕ ਸਥਾਨਕ ਆਗੂ ਦੇ ਕਹਿਣ &lsquoਤੇ ਮੈਨੂੰ ਉਸ ਨਾਲ ਭੇਂਟ ਕਰਨ ਦਾ ਮੌਕਾ ਮਿਲਿਆ ਸੀ। ਉਸ ਵੇਲੇ ਉਸ ਦੇ ਮੂੰਹੋਂ ਮੈਂ ਕਿਸੇ ਅਮ੍ਰਿਤਪਾਲ ਨਾਮ ਦੇ ਵਿਅਕਤੀ ਦਾ ਨਾਮ ਨਹੀਂ ਸੀ ਸੁਣਿਆ ਅਤੇ ਮਗਰੋਂ ਜਦੋਂ ਅਮ੍ਰਿਤਪਾਲ ਹਰ ਦਿਲ ਤੇ ਛਾ ਗਿਆ ਤਾਂ ਮੇਰੇ ਮਨ ਵਿਚ ਵੀ ਇਹ ਸਵਾਲ ਉਠਿਆ ਸੀ ਕਿ ਆਖ਼ਿਰ ਰਾਤੋ ਰਾਤ ਇਹ ਵਿਅਕਤੀ ਕਿਥੋਂ ਪ੍ਰਗਟ ਹੋ ਗਿਆ ਅਤੇ ਫਿਰ ਦਿਨਾ ਵਿਚ ਹੀ ਆਖਿਰ ਇਹ ਕਿਵੇਂ ਛਾ ਗਿਆ। ਇਹ ਸਾਰਾ ਕੁਝ ਕਹਿਣ ਤੋਂ ਮਤਲਬ ਕੇਵਲ ਏਨਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਲੀਡਰਸ਼ਿਪ ਦੇ ਤਿਲਕਦੇ ਜਾਣ ਕਰਕੇ ਹੁਣ ਸਾਡਾ ਸੁਭਾਅ ਹੀ ਐਸਾ ਹੋ ਗਿਆ ਹੈ ਕਿ ਅਸੀਂ ਛੇਤੀ ਕੀਤੇ ਕਿਸੇ ਤੇ ਯਕੀਨ ਨਹੀਂ ਕਰਦੇ। ਅੱਜ ਵੀ ਅਫਵਾਹਾਂ ਦਾ ਬਜ਼ਾਰ ਗਰਮ ਹੈ ਅਤੇ ਇਸ ਗੱਲ ਦਾ ਨਿਤਾਰਾ ਕਰਨਾ ਔਖਾ ਹੋ ਰਿਹਾ ਹੈ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ ਜਾਂ ਸਹੀ ਕੀ ਹੈ ਅਤੇ ਗਲਤ ਕੀ ਹੈ।

ਆਖਿਰ ਅੰਮ੍ਰਿਤਪਾਲ ਹੈ ਕਿੱਥੇ ?

੧੮ ਮਾਰਚ ੨੦੨੩ ਨੂੰ ਜਦੋਂ ਤੋਂ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹਰਕਤ ਵਿਚ ਆਈ ਉਦੋਂ ਤੋਂ ਅੱਜ ਤਕ ਪੁਲਿਸ ਲਗਾਤਾਰ ਇਹ ਹੀ ਕਹਿੰਦੀ ਆਈ ਹੈ ਕਿ ਉਹ ਉਸ ਨੂੰ ਗ੍ਰਿਫਤਾਰ ਕਰਨ ਦੇ ਬਹੁਤ ਨੇੜੇ ਹੈ। ਡੀ ਆਈ ਜੀ ਵਿਪਨ ਸ਼ਰਮਾ ਦੇ ਬਿਆਨ ਮੁਤਾਬਕ ਇਹ ਚੋਰ ਸਿਪਾਹੀ ਦੀ ਖੇਡ ਲਗਾਤਾਰ ਜਾਰੀ ਹੈ। ਅੰਮ੍ਰਤਪਾਲ ਸਿੰਘ ਦੇ ਆਪਣੇ ਬਿਆਨਾ ਮੁਤਾਬਕ ਉਹ ਅਕਾਲਪੁਰਖ ਦੀ ਕਿਰਪਾ ਨਾਲ ਪੁਲਿਸ ਘੇਰੇ ਵਿਚੋਂ ਨਿਕਲਦਾ ਰਿਹਾ ਹੈ। ਉਸ ਦੇ ਇਸ ਬਿਆਨ ਤੇ ਬਹੁ ਚਾਰਚਿਤ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਬਿਆਨ ਦਿੱਤਾ ਸੀ ਕਿ ਕੋਈ ਅੰਮ੍ਰਿਤਪਾਲ ਤੋਂ ਪੁੱਛੇ ਕਿ ਜਿਹੜੇ ਉਸ ਦੇ ਸਾਥੀ ਗ੍ਰਿਫਤਾਰ ਹੋਏ ਹਨ ਜਾਂ ਹੋ ਰਹੇ ਹਨ ਕੀ ਉਹਨਾ ਤੇ ਅਕਾਲ ਪੁਰਖ ਦੀ ਕਿਰਪਾ ਨਹੀਂ ਹੈ? ਢਡਰੀਆਂ ਵਾਲੇ ਦੇ ਇਸ ਬਿਆਨ ਮਗਰੋਂ ਕਿਸੇ ਨੇ ਉਸ ਦੀ ਛਬੀਲ ਵਾਲੀ ਵੀਡੀਓ ਪਾਈ ਜਿਸ ਵਿਚ ਉਸ ਨੇ ਬਿਆਨ ਦਿੱਤੇ ਸਨ ਕਿ ਏਨੇ ਮਾਰੂ ਹਮਲੇ ਵਿਚ ਉਹ ਤਾਂ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਬਚ ਨਿਕਲਿਆ ਸੀ ਜਦ ਕਿ ਉਸ ਦਾ ਸਾਥੀ ਭੁਪਿੰਦਰ ਸਿੰਘ ਮਾਰਿਆ ਗਿਆ ਸੀ।


੧੮ ਮਾਰਚ ਨੂੰ ਪੁਲਿਸ ਨੇ ਸ਼ਾਹਕੋਟ ਇਲਾਕੇ ਵਿਚ ਅੰਮ੍ਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਭਾਰੀ ਨਾਕੇਬੰਦੀ ਕੀਤੀ ਹੋਈ ਸੀ। ਉਸ ਵੇਲੇ &lsquoਵਾਰਿਸ ਪੰਜਾਬ ਦੇ&rsquo ਜਥੇਬੰਦੀ ਦਾ ਪ੍ਰੋਗ੍ਰਾਮ ਮੁਕਤਸਰ ਸਾਹਿਬ ਤੋਂ ਖਾਲਸਾ ਵਹੀਰ ਅਰੰਭ ਕਰਨਾ ਸੀ ਅਤੇ ਉਹ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਤੋਂ ਕਾਫਲੇ ਦੀ ਸ਼ਕਲ ਵਿਚ ਜਾ ਰਹੇ ਸਨ। ਜਿਸ ਵੇਲੇ ਪੁਲਿਸ ਤੇ ਸੀ ਆਰ ਪੀ ਐਫ ਨੇ ਸਾਰੇ ਪੰਜਾਬ ਵਿਚ ਨਾਕੇ ਲਾ ਦਿੱਤੇ ਤਾਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਇਹ ਬਿਆਨ ਵਾਰ ਵਾਰ ਆ ਰਿਹਾ ਸੀ ਕਿ ਜਦੋਂ ਪੁਲਿਸ ਨੂੰ ਪਤਾ ਸੀ ਕਿ ਅੰਮ੍ਰਤਪਾਲ ਆਪਣੇ ਘਰ ਹੈ ਤਾਂ ਪੁਲਿਸ ਨੇ ਉਥੋਂ ਗ੍ਰਿਫਤਾਰ ਕਿਓਂ ਨਾ ਕਰ ਲਿਆ। ਸ: ਤਰਸੇਮ ਸਿੰਘ ਨੇ ਆਪਣੇ ਪੁੱਤਰ ਦੀ ਜਾਨ ਖਤਰੇ ਵਿਚ ਹੋਣ ਬਾਰੇ ਵੀ ਕਿਹਾ ਸੀ। ਸਾਰੀ ਦੁਨੀਆਂ ਦੇ ਸਿੱਖਾਂ ਦਾ ਇਹ ਹੀ ਖਿਆਲ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਉਹ ਪੁਲਿਸ ਹਿਰਾਸਤ ਵਿਚ ਹੈ ਪਰ ਜਦੋਂ ਉਸ ਨੇ ਕਿਸੇ ਅਣਦੱਸੀ ਥਾਂ ਤੋਂ ਆਪਣੇ ਫਰਾਰ ਹੋਣ ਦੀ ਵੀਡੀਓ ਪਾਈ ਤਾਂ ਵੀ ਲੋਕਾਂ ਦਾ ਇਹੀ ਵਿਚਾਰ ਰਿਹਾ ਕਿ ਉਹ ਪੁਲਿਸ ਹਿਰਾਸਤ ਵਿਚ ਪੁਲਿਸ ਦੀ ਦਹਿਸ਼ਤ ਹੇਠ ਹੀ ਇਸ ਤਰਾਂ ਦੀ ਵੀਡੀਓ ਪਾ ਰਿਹਾ ਹੈਇਹੀ ਕਾਰਨ ਸੀ ਕਿ ਦੁਬਾਰ ਫਿਰ ਵੀਡੀਓ ਪਾ ਕੇ ਉਸ ਨੇ ਆਪਣੇ ਅਜ਼ਾਦ ਅਤੇ ਚੜ੍ਹਦੀ ਕਲਾ ਵਿਚ ਹੋਣ ਦਾ ਸੁਨੇਹਾ ਦਿੱਤਾ ਸੀ।

ਫਿਰ ਇੱਕ ਹੋਰ ਅਫਵਾਹ ਆਈ ਕਿ ਅਮ੍ਰਿਤਪਾਲ ਸਿੰਘ ਨਿਪਾਲ ਵਿਚ ਹੈ ਅਤੇ ਉਹ ਬਿਦੇਸ਼ ਭੱਜਣ ਦੀ ਕੋਸ਼ਿਸ਼ ਵਿਚ ਹੈ। ਇਹਨਾ ਅਫਵਾਹਾਂ ਦੇ ਅੰਤਰਗਤ ਪੁਲਿਸ ਨੇ ਲੁਕ ਆਊਟ ਸਰਕੂਲਰ ਜਾਰੀ ਕਰਵਾ ਕੇ ਅੰਮ੍ਰਤਪਾਲ ਸਿੰਘ ਦੇ ਬਿਦੇਸ਼ ਭੱਜਣ ਦੇ ਰਾਹ ਬੰਦ ਕਰ ਦਿੱਤੇ। ਅੰਮ੍ਰਤਪਾਲ ਸਿੰਘ ਦੇ ਰੂਪੋਸ਼ ਹੋਣ ਪਿੱਛੋਂ ਮੀਡੀਏ ਵਿਚ ਇਸ ਗੱਲ ਦੀ ਚਰਚਾ ਹੁੰਦੀ ਰਹੀ ਕਿ ਪੁਲਿਸ ਨੇ ਉਸ ਨੂੰ ਫਰਾਰ ਕਿਵੇਂ ਕਰਾਰ ਦੇ ਦਿੱਤਾ ਜਦ ਕਿ ਉਸ ਦੀ ਤਾਂ ਕੋਈ ਗ੍ਰਿਫਤਾਰੀ ਹੋਈ ਹੀ ਨਹੀਂ ਸੀ। ਇਸ ਕੇਸ ਦੀ ਸਭ ਤੋਂ ਅਜੀਬ ਗੱਲ ਇਹ ਸੀ ਕਿ ਪੁਲਿਸ ਨੇ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਜੋ ਰੌਲਾ ਰੱਪਾ ਨੋਟਿਸ (Hue and Cry Notice) ਜਾਰੀ ਕਰਵਾਇਆ ਸੀ ਉਸ ਬਾਰੇ ਆਮ ਜਨਤਾ ਵਿਚ ਪਹਿਲੀ ਵਾਰ ਸੁਣਨ ਵਿਚ ਆਇਆ ਸੀ। ਇਸ ਨੋਟਿਸ ਮੁਤਾਬਕ ਪੁਲਿਸ ਨੇ ਆਮ ਲੋਕਾਂ ਤੋਂ ਕਿਸੇ ਬਾਗੀ ਦੀ ਗ੍ਰਿਫਤਾਰੀ ਲਈ ਸਹਿਯੋਗ ਮੰਗਣਾ ਹੁੰਦਾ ਹੈ। ਅੰਮ੍ਰਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਉਸ ਦੇ ਅਨੇਕਾਂ ਛੱਕੀ ਟਿਕਾਣਿਆਂ ਦੀ ਭਾਲ ਤਹਿਤ ਅਨੇਕਾਂ ਗੁਰਦੁਆਰਿਆਂ, ਡੇਰਿਆਂ ਅਤੇ ਘਰਾਂ ਦੀ ਤਲਾਸ਼ੀ ਲਈ ਹੈ ਪਰ ਅਜੇ ਤਕ ਉਹਨਾ ਦੇ ਹੱਥ ਕੁਝ ਨਹੀਂ ਲੱਗਾ। ਇਸ ਭਾਲ ਵਿਚ ਪੁਲਿਸ ਕਦੀ ਯੂ ਪੀ ਦੇ ਪੀਲੀਭੀਤ ਦੇ ਕਿਸੇ ਸੁਰਾਗ ਵਲ ਦੌੜਦੀ ਹੈ ਅਤੇ ਕਦੀ ਹਿਮਾਚਲ ਵਲ, ਕਦੀ ਹਰਿਆਣੇ ਵਲ ਅਤੇ ਕਦੀ ਉੱਤਰਾਖੰਡ ਵਲ ਦੌੜ ਭੱਜ ਕਰ ਰਹੀ ਹੈ ਪਰ ਅਜੇ ਤਕ ਉਸ ਦੇ ਹੱਥ ਕੁਝ ਨਹੀਂ ਲੱਗਾ।


ਅੰਮ੍ਰਿਤਪਾਲ ਸਿੰਘ ਵਲੋਂ ਸਰਬਤ ਖਾਲਸਾ ਦੀ ਮੰਗ ਨੂੰ ਸਮਰਥਨ ਨਾ ਮਿਲਿਆ

ਅੰਮ੍ਰਿਤਪਾਲ ਸਿੰਘ ਵਲੋਂ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਕਿਹਾ ਗਿਆ ਸੀ ਕਿ ਉਹ ਵਿਆਪਕ ਮਸਲਿਆਂ &lsquoਤੇ ਅਕਾਲ ਤਖਤ ਵਿਖੇ ਸਰਬਤ ਖਾਲਸਾ ਸੱਦਣ ਪਰ ਇਸ ਨੂੰ ਪੰਥਕ ਜਥੇਬੰਦੀਆਂ ਵਲੋਂ ਸਹਿਯੋਗ ਨਾ ਮਿਲਿਆ। ਅਨੇਕਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਕਿਸੇ ਇੱਕ ਵਿਅਕਤੀ ਦੇ ਕਹਿਣ &lsquoਤੇ ਸਰਬਤ ਖਾਲਸਾ ਨਹੀਂ ਸੱਦਿਆ ਜਾ ਸਕਦਾ। ਅਨੇਕਾਂ ਲੋਕਾਂ ਦਾ ਇਹ ਵੀ ਖਿਆਲ ਸੀ ਕਿ ਇਸ ਸਦੀ ਵਿਚ ਸੰਨ ੧੯੮੬ ਅਤੇ ਸੰਨ ੨੦੧੫ ਦੌਰਾਨ ਸੱਦੇ ਗਏ ਸਰਬਤ ਖਾਲਸਾ ਇਕੱਠਾਂ ਦੇ ਸਿੱਟਿਆਂ &lsquoਤੇ ਨਜ਼ਰਸਾਨੀ ਕਰਨੀ ਜਰੂਰੀ ਹੈ ਜਦ ਕਿ ਕੁਝ ਲੋਕ ਇਹ ਵੀ ਕਹਿ ਰਹੇ ਸਨ ਕਿ ਪੰਥ ਦੁਬਿਧਾ ਵਿਚ ਹੈ ਕਿ ਉਹ ਬਾਦਲਕਿਆਂ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਨਤਾ ਦੇਵੇ ਜਾਂ ਫਿਰ ਭਾਈ ਜਗਤਾਰ ਸਿੰਘ ਹਵਾਰਾ ਦੀ ਜਥੇਦਾਰੀ ਨੂੰ। ਇਹ ਵੀ ਚੇਤੇ ਰਹੇ ਕਿ ੨੬ ਜਨਵਰੀ ੧੯੮੬ ਨੂੰ ਸੱਦੇ ਗਏ ਸਰਬਤ ਖਾਲਸਾ ਵਲੋਂ ਜਿਸ ਪੰਥਕ ਕਮੇਟੀ ਦਾ ਐਲਾਨ ਕੀਤਾ ਸੀ ਉਸ ਕਮੇਟੀ ਨੇ ੨੯ ਅਪ੍ਰੈਲ ੧੯੮੬ ਨੂੰ ਖਾਲਿਸਤਾਨ ਐਲਾਨਨਾਮਾ ਜਾਰੀ ਕੀਤਾ ਸੀ ਜਿਸ ਮੁਤਾਬਕ ਖਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਵਿੱਢਿਆ ਜਾਣਾ ਸੀ। ਅੰਮ੍ਰਿਤਪਾਲ ਸਿੰਘ ਵੀ ਖਾਲਸਿਤਾਨ ਦਾ ਖੁਲ੍ਹ ਕੇ ਹਿਮਾਇਤੀ ਸੀ ਅਤੇ ਇਸੇ ਕਾਰਨ ਕਰਕੇ ਸਰਕਾਰ ਉਸ ਨੂੰ ਵਲਣ ਵਿਚ ਮੌਕੇ ਦੀ ਤਾਕ ਵਿਚ ਸੀ।

ਚੇਤੇ ਰਹੇ ਕਿ ਸੰਨ ੨੦੧੫ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਕੁਝ ਬਾਗੀ ਧਿਰਾਂ ਵਲੋਂ ਅਮ੍ਰਿਸਰ ਦੇ ਪਿੰਡ ਚੱਬੇਵਾਲ ਵਿਚ ਇੱਕ ਸਰਬਤ ਖਾਲਸਾ ਸੱਦਿਆ ਸੀ ਜਿਸ ਵਿਚ ਭਾਰੀ ਜਨਤਕ ਇਕੱਠ ਹੋਇਆ ਅਤੇ ਉਸ ਇਕੱਠ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਦਾ ਐਲਾਨ ਹੋਇਆ ਸੀ ਤਾਂ ਪੰਥ ਵਿਚ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਪਰ ਇਸ ਇਕੱਠ ਮਗਰੋਂ ਇਸਦੇ ਆਗੂਆਂ ਵਲੋਂ ਕੋਈ ਠੋਸ ਭੂਮਿਕਾ ਨਾ ਨਿਭਾਈ ਜਾਣ ਕਰਕੇ ਇਸ ਨੂੰ ਬਾਦਲਕਿਆਂ ਦੇ ਜਥੇਦਾਰ ਦੇ ਬਦਲ ਵਜੋਂ ਮਾਨਤਾ ਨਾ ਮਿਲ ਸਕੀ।


ਯੋਗ ਆਗੂ ਦੀ ਉਡੀਕ

ਸਿੱਖ ਪੰਥ ਨੂੰ ਮੁੜ ਇੱਕ ਯੋਗ ਆਗੂ ਦੀ ਉਡੀਕ ਹੈ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਵਾਂਗ ਲੋਕਾਂ ਦੇ ਦਿਲਾਂ &lsquoਤੇ ਛਾ ਜਾਵੇ ਅਤੇ ਆਪਣੀ ਯੋਗ ਅਗਵਾਈ ਦੇ ਕੇ ਪੰਥਕ ਹਿੱਤਾਂ ਦੀ ਤਰਜਮਾਨੀ ਕਰੇ। ਪਰ ਪਹਿਲੀਆਂ ਭਾਰਤੀ ਸਰਕਾਰਾਂ ਵਾਂਗ ਹੀ ਭਾਜਪਾ ਦੀ ਇਹ ਪੁਰਜ਼ੋਰ ਕੋਸ਼ਿਸ਼ ਹੈ ਕਿ ਕਿਸੇ ਵੀ ਕੀਮਤ ਤੇ ਕੌਮ ਦੀ ਅਗਵਾਈ ਕਿਸੇ ਵੀ ਯੋਗ ਆਗੂ ਨੂੰ ਨਹੀਂ ਕਰਨ ਦੇਣੀ ਕਿਓਂਕਿ ਭਾਜਪਾ ਨੂੰ ਪਤਾ ਹੈ ਕਿ ਅੱਜ ਹਰ ਸਿੱਖ ਦੇ ਹਿਰਦੇ ਵਿਚ ਬਗਾਵਤ ਦਾ ਲਾਵਾ ਉੱਬਲ ਰਿਹਾ ਹੈ ਜੋ ਕਿ ਜਦੋਂ ਵੀ ਜਲਵਾਗਰ ਹੋ ਗਿਆ ਤਾਂ ਭਾਰਤੀ ਹਾਕਮਾਂ ਵਲੋਂ ਪਾਏ ਗਏ ਗੁਲਾਮੀ ਦੇ ਸੰਗਲਾਂ ਨੂੰ ਤੋੜ ਕੇ ਕੌਮ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਵੇਗੀ।

ਕੁਲਵੰਤ ਸਿੰਘ ਢੇਸੀ