image caption:

ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਿੱਖ ਪੰਥ ਉਪਰ ਮਨੋਵਿਗਿਆਨਕ ਤੇ ਫਿਰਕੂ ਹਮਲਾ

 ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਸ਼ੋਸ਼ਲ ਤੇ ਗੋਦੀ ਮੀਡੀਆ ਵਿਚ ਸਿਖ ਪੰਥ ਨੂੰ ਬਦਨਾਮ ਕਰਨ ਦੀਆਂ ਫਿਰਕੂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ| ਇਹ ਸਿਖਾਂ ਉਪਰ ਸਾਜਿਸ਼ ਤਹਿਤ ਫਿਰਕੂ ਸਿਆਸੀ ਹਮਲੇ ਗੁਪਤ ਤਾਕਤਾਂ ਵਲੋਂ ਕੀਤੇ ਜਾ ਰਹੇ ਹਨ ਤਾਂ ਜੋ ਸਿਖ ਪੰਥ ਨੂੰ ਨਿਰਾਸ਼ ਕੀਤਾ ਜਾ ਸਕੇ ਤੇ ਉਹਨਾਂ ਨੂੰ ਵਿਸ਼ਵ ਪਧਰ ਉਪਰ ਬਦਨਾਮ ਕੀਤਾ ਜਾ ਸਕੇ| ਪਰ ਇਹ ਸਿਖ ਸੰਗਤ ਦੀ ਸਿਆਣਪ ਹੈ ਕਿ ਉਸਨੇ ਇਸ ਸੰਬੰਧੀ ਨਫਰਤੀ ਤੇ ਫਿਰਕੂ ਪ੍ਰਤੀਕਰਮ ਨਹੀਂ ਦਿੱਤਾ| ਪਿਛਲੇ ਦੋ ਦਿਨਾਂ ਤੋਂ ਅਜਿਹੀਆਂ ਖ਼ਬਰਾਂ ਸੁਣਨ ਤੇ ਵੇਖਣ ਨੂੰ ਮਿਲ ਰਹੀਆਂ ਹਨ| ਪਹਿਲੀ ਘਟਨਾ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੀ ਪੱਤੀ ਮਲੂਕਾ ਵਿਚ ਵਾਪਰੀ ਸੀ| ਦੂਜੀ ਸੋਮਵਾਰ ਨੂੰ ਮੋਰਿੰਡਾ ਦੇ ਗੁਰੂ ਘਰ ਵਿਚ ਵਾਪਰੀ ਸੀ| ਪਹਿਲੀ ਵਾਰਦਾਤ ਵਿਚ ਕਾਰ ਵਿਚ ਪੁੱਜੇ ਅਣਪਛਾਤੇ ਵਿਅਕਤੀਆਂ ਨੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਪਿੰਡ ਦੀ ਸੰਘਣੀ ਆਬਾਦੀ ਵਿਚ ਖਿਲਾਰ ਦਿੱਤੇ | ਪਿੰਡ ਗੋਲੇਵਾਲਾ ਫਰੀਦਕੋਟ ਵਿਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਫਰੀਦਕੋਟ ਪੁਲਿਸ ਨੇ ਸੀਸੀਟੀਵੀ ਵੀਡੀਓ ਦੇ ਆਧਾਰ &rsquoਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ|
ਦੂਜੀ ਘਟਨਾ ਵਿਚ ਇਕ ਵਿਅਕਤੀ ਜਸਵੀਰ ਸਿੰਘ ਪੁੱਤਰ ਅਮਰੀਕ ਸਿੰਘ ਚੂਹੜਮਾਜਰੇ ਵਾਲੇ ਨੇ ਜ਼ਬਰਦਸਤੀ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਅਚਾਨਕ ਗ੍ਰੰਥੀ ਸਿੰਘਾਂ &rsquoਤੇ ਹਮਲਾ ਕਰਕੇ ਥੱਪੜ ਮਾਰੇ ਤੇ ਉਨ੍ਹਾਂ ਦੀਆਂ ਦਸਤਾਰਾਂ ਲਾਹ ਦਿਤੀਆਂ| ਦੋਸ਼ੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੀ ਵੀ ਬੇਅਦਬੀ ਕੀਤੀ| ਦੋਸ਼ੀ ਦੇ ਖਿਲਾਫ ਪੰਜਾਬ ਪੁਲਿਸ ਨੇ 4 ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ| ਸਭ ਤੋਂ ਪਹਿਲੀ ਧਾਰਾ 295 ਏ ਲਗਾਈ ਗਈ ਹੈ, ਇਹ ਧਾਰਾ ਧਾਰਮਿਕ ਗ੍ਰੰਥ ਨੂੰ ਨੁਕਸਾਨ ਪਹੁੰਚਾਉਣ &rsquoਤੇ ਲਗਾਈ ਗਈ ਹੈ, ਇਸ ਤੋਂ ਇਲਾਵਾ 307 ਇਰਾਦਾ-ਏ-ਕਤਲ,323 ਕੁੱਟਮਾਰ ਅਤੇ 506 ਅਪਰਾਧਿਕ ਧਮਕੀ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ |ਪੰਜਾਬ ਦੇ ਵੱਖੋ-ਵੱਖਰੇ ਕੋਨਿਆਂ ਵਿਚ ਵਾਪਰੀਆਂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੂੰ ਲੈ ਕੇ ਸੰਗਤ ਵਿਚ ਡਾਢਾ ਰੋਸ ਹੈ| ਮੋਰਿੰਡਾ ਵਿਚ ਤਾਂ ਸ਼ਰਧਾਲੂਆਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਉਨ੍ਹਾਂ ਨੇ ਬੇਅਦਬੀ ਕਰਨ ਵਾਲੇ ਹਮਲਾਵਰ ਦੀ ਖੁੰਬ ਵੀ ਠੱਪੀ| ਉਸਦੇ ਘਰ ਦੀ ਭੰਨ ਤੋੜ ਕੀਤੀ| ਅਜੇ ਤੱਕ ਥਾਣੇ ਦਾ ਘਿਰਾਓ ਜਾਰੀ ਸੀ ਅਤੇ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਥੇਦਾਰ ਅਜਮੇਰ ਸਿੰਘ ਖੇੜਾ, ਸ਼੍ਰੋਮਣੀ ਕਮੇਟੀ, ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨਿਹੰਗ ਸਿੰਘ ਵੀ ਸ਼ਾਮਿਲ ਸਨ| ਸੰਗਤਾਂ ਬੇਅਦਬੀ ਕਾਰਨ ਕਾਫ਼ੀ ਗੁੱਸੇ ਵਿਚ ਤੇ ਦੁਖੀ ਦਿਖਾਈ ਦੇ ਰਹੇ ਸਨ| ਥਾਣੇ ਦੇ ਅੱਗੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ| ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸੰਗਤਾਂ ਦੀ ਸਹਿਮਤੀ ਨਾਲ ਪੰਜ ਮੈਂਬਰੀ ਕਮੇਟੀ ਬਣਾਈ ਗਈ ਅਤੇ ਅੱਠ ਮੈਂਬਰੀ ਕਮੇਟੀ ਇੱਕ ਹੋਰ ਬਣਾਈ ਗਈ, ਜੋ ਕਿ ਬੇਅਦਬੀ ਦੀ ਇਸ ਘਟਨਾ ਦੀ ਕਾਨੂੰਨੀ ਪੈਰਵਾਈ ਕਰੇਗੀ| ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਖ਼ਿਲਾਫ਼ ਰੋਪੜ ਦੀ ਬਾਰ ਐਸੋਸੀਏਸ਼ਨ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਮੁਲਜ਼ਮ ਦਾ ਕੇਸ ਕਿਸੇ ਵੀ ਵਕੀਲ ਵਲੋਂ ਨਾ ਲੜੇ ਜਾਣ ਦਾ ਐਲਾਨ ਕੀਤਾ ਹੈ ਜੋ ਕਿ ਸਵਾਗਤਯੋਗ ਫੈਸਲਾ ਹੈ|
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮੋਰਿੰਡਾ ਵਿਚ ਗੁਰਦੁਆਰਾ ਸਾਹਿਬ &rsquoਚ ਹੋਈ ਬੇਅਦਬੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਪਿਛਲੇ 45 ਸਾਲਾਂ ਦੌਰਾਨ ਪੰਜਾਬ ਵਿਚ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਸੂਚੀ ਮੰਗੀ ਹੈ| ਉਨ੍ਹਾਂ ਕਿਹਾ ਕਿ ਪੰਜਾਬ ਨੇ ਫ਼ਿਰਕੂ ਹਿੰਸਾ ਦਾ ਲੰਬਾ ਇਤਿਹਾਸ ਦੇਖਿਆ ਹੈ| ਬੇਅਦਬੀ ਦੀਆਂ ਘਟਨਾਵਾਂ ਨੂੰ ਟਾਲਿਆ ਜਾ ਸਕਦਾ ਸੀ ਜੇਕਰ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਹੁੰਦੀਆਂ ਤੇ ਇਨ੍ਹਾਂ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਕੀਤੀ ਜਾਂਦੀ| ਐੱਨਸੀਐੱਮ ਐਕਟ 1992 ਤਹਿਤ ਗਠਿਤ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਪਿਛਲੇ 45 ਸਾਲਾਂ ਵਿੱਚ ਪੰਜਾਬ ਵਿਚ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਸੂਚੀ ਮੰਗੀ ਹੈ| ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ| ਉਨ੍ਹਾਂ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਕਾਲੇ ਦੌਰ ਵੱਲ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੀ ਘਟੀਆ ਮਾਨਸਿਕਤਾ ਵਾਲੇ ਵਿਅਕਤੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਦੇਵੇ ਤਾਂ ਹੀ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇਗੀ| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੱਖ ਵੱਖ ਬਿਆਨਾਂ ਰਾਹੀਂ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਦੋਸ਼ੀ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ|
ਬੇਅਦਬੀ ਕਾਂਡਾਂ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਧਾਰ ਨੂੰ ਖੋਰਾ ਲੱਗਿਆ ਸੀ ਅਤੇ ਪੰਜਾਬ &rsquoਤੇ ਲੰਬਾ ਸਮਾਂ ਰਾਜ ਕਰਨ ਵਾਲੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਸੁੰਗੜ ਕੇ ਸਿਰਫ਼ 3 &rsquoਤੇ ਆ ਗਈ ਸੀ| ਇਸੇ ਲਈ ਮੌਜੂਦਾ ਸਰਕਾਰ ਨੂੰ ਅਜਿਹੇ ਮਾਮਲੇ ਅੱਖੋਂ-ਪ੍ਰੋਖੇ ਨਹੀਂ ਕਰਨੇ ਚਾਹੀਦੇ ਅਤੇ ਹਰੇਕ ਮਾਮਲੇ &rsquoਤੇ ਸਖ਼ਤੀ ਵਰਤਣ ਦੀ ਜ਼ਰੂਰਤ ਹੈ| ਮੌਕੇ &rsquoਤੇ ਫੜੇ ਜਾਣ ਵਾਲੇ ਅਜਿਹੇ ਅਪਰਾਧੀਆਂ ਲਈ ਕਾਨੂੰਨ ਦੀਆਂ ਧਾਰਾਵਾਂ ਬਹੁਤ ਸਖ਼ਤ ਹੋਣ ਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਜ਼ਾਵਾਂ ਵੀ ਮਿਸਾਲੀ ਹੋਣੀਆਂ ਚਾਹੀਦੀਆਂ ਹਨ| ਸਾਲ 2015 ਤੋਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਜ਼ਿਆਦਾਤਰ ਅਸਲ ਮੁਲਜ਼ਮਾਂ ਨੂੰ ਹਾਲੇ ਤਕ ਸਜ਼ਾਵਾਂ ਨਹੀਂ ਮਿਲ ਸਕੀਆਂ| ਸਮੂਹ ਸਿਖ ਜਗਤ ਨੂੰ ਚਾਹੀਦਾ ਹੈ ਕਿ ਉਹ ਵੱਖ ਵੱਖ ਧਰਮਾਂ ਨੂੰ ਇਸ ਬੇਅਦਬੀ ਤੇ ਗੁਪਤ ਫਿਰਕੂਵਾਦ ਵਿਰੁਧ ਮੁਹਿੰਮ ਚਲਾਉਣ ਦਾ ਸਦਾ ਦੇਣ| ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਕਾਰਣ ਇਹੀ ਹੈ ਕਿ ਗੁਰੂ ਗਰੰਥ ਸਾਹਿਬ ਵਨਸਵੰਨਤਾ, ਸਾਂਝੀਵਾਲਤਾ ਬਾਰੇ ਸੱਦਾ ਦਿੰਦਾ ਹੈ ਜੋ ਨਫਰਤੀ ਹਮਲਿਆਂ, ਨਸਲਵਾਦ, ਜਾਤੀਵਾਦ ਤੇਫਿਰਕੂ ਫਾਸ਼ੀਵਾਦ ਨੂੰ ਚੈਲਿੰਜ ਹੈ| ਜੋ ਹਮਲੇ ਕਰਦੇ ਹਨ ਉਹ ਇਹਨਾਂ ਦੇ ਕਰਿੰਦੇ ਹਨ, ਅਸਲੀ ਨਫਰਤੀ ਤਾਕਤਾਂ ਹੋਰ ਹਨ, ਜਿਹਨਾਂ ਦਾ ਪਰਦਾਫਾਸ਼ ਕਰਨ ਦੀ ਲੋੜ ਹੈ|
-ਰਜਿੰਦਰ ਸਿੰਘ ਪੁਰੇਵਾਲ