image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਸਮੇਂ ਸੁਖਬੀਰ ਸਿੰਘ ਬਾਦਲ ਦੀ ਦੋਗਲੀ ਨੀਤੀ ਉੱਭਰ ਕੇ ਸਾਹਮਣੇ ਆਈ

ਅੱਜ ਸਿੱਖ ਕੌਮ ਨੇ ਦੁਨੀਆਂ ਦੇ ਹਰ ਦੇਸ਼ ਵਿੱਚ ਆਪਣੀ ਪਹਿਚਾਣ ਬਣਾਈ ਹੈ, ਪਰ ਕਿਰਦਾਰ ਵਿੱਚ ਆਇਆ ਦੋਗਲਾਪਨ ਚੰਦਰਮਾ ਦੇ ਗ੍ਰਹਿਣ ਵਾਂਗੂੰ ਸਾਡੀ ਕੌਮ ਤੇ ਇਕ ਧੱਬੇ ਦੀ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਖ਼ਾਸ ਕਰਕੇ ਧਾਰਮਿਕ ਤੇ ਰਾਜਨੀਤਕ ਪਦਵੀਆਂ &lsquoਤੇ ਸੁਸ਼ੋਭਿਤ ਲੋਕਾਂ ਦੇ ਕਿਰਦਾਰ ਦੇ ਨਿਕਲੇ ਦਿਵਾਲੇ ਨੇ ਸੰਸਾਰ ਦੀਆਂ ਨਜ਼ਰਾਂ ਵਿੱਚ ਕੌਮ ਨੂੰ ਨੀਵਾਂ ਕੀਤਾ ਹੈ । ਧਾਰਮਿਕ ਤੇ ਰਾਜਨੀਤਕ ਪਦਵੀਆਂ &lsquoਤੇ ਸੁਸ਼ੋਭਿਤ ਵਿਅਕਤੀਆਂ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਆਪਣੀ ਜਾਨ ਵੀ ਕੁਰਬਾਨ ਕਰਨ ਤੋਂ ਗੁਰੇਜ਼ ਨਾ ਕਰਦੇ, ਪਰ ਹੋਇਆ ਬਿਲਕੁੱਲ ਇਸ ਦੇ ਉਲਟ । ਇਕ ਪਾਸਿਉਂ ਤਾਂ ਨਹੁੰ-ਮਾਸ ਦੇ ਰਿਸ਼ਤੇ ਦੀ ਰੱਟ ਲੱਗਦੀ ਰਹੀ ਪਰ ਦੂਜੇ ਪਾਸਿਉਂ ਭਾਜਪਾ ਨੇ ਕਦੀ ਵੀ ਪੰਥਕ ਜਾਂ ਪੰਜਾਬ ਦੇ ਮਸਲੇ ਤੇ ਅਕਾਲੀ ਦਲ ਦਾ ਸਾਥ ਨਹੀਂ ਦਿੱਤਾ । ਪੰਥ ਤੇ ਪੰਜਾਬ ਦੀ ਸੁਤੰਤਰ ਹੋਂਦ ਹਸਤੀ ਦਾ ਪ੍ਰਗਟਾਵਾ ਕਰਨ ਵਾਲਾ ਅਨੰਦਪੁਰ ਦਾ ਮਤਾ ਵੀ ਭਾਜਪਾ ਨੇ ਹੀ ਲਾਗੂ ਨਹੀਂ ਸੀ ਹੋਣ ਦਿੱਤਾ, ਸਗੋਂ ਇਸ ਨੂੰ ਵੱਖਵਾਦੀ ਆਖ ਕੇ ਭੰਡਿਆ ਵੀ ਭਾਜਪਾ ਨੇ ਹੀ ਸੀ । ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਨਿਭਾਉਣ ਤਹਿਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਥ ਦੀ ਨਿਆਰੀ ਤੇ ਸੁਤੰਤਰ ਹੋਂਦ-ਹਸਤੀ ਮਿਟਾ ਕੇ ਕੀਤੀ ਰਾਜਨੀਤੀ ਸਿੱਖ ਕੌਮ ਲਈ ਬਹੁਤ ਘਾਤਕ ਸਿੱਧ ਹੋਈ ਹੈ । ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਸਮੇਂ ਸ਼ਰਧਾਂਜਲੀਕਾਰਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥ ਨੂੰ ਬੇਦਾਵਾ ਦੇ ਕੇ ਰਾਸ਼ਟਰਵਾਦੀ ਵਿਚਾਰਧਾਰਾ ਅਪਣਾ ਲਈ ਸੀ । ਇਥੇ ਇਹ ਵੀ ਦੱਸਣ ਯੋਗ ਹੈ ਕਿ ਰਾਸ਼ਟਰਵਾਦੀ ਵਿਚਾਰਧਾਰਾ, ਪੰਥਕ ਵਿਚਾਰਧਾਰਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਨਾਲੋਂ ਤੋੜ ਕੇ ਦਿੱਲੀ ਦੇ ਹਿੰਦੂਤਵੀ ਤਖ਼ਤ ਨਾਲ ਜੋੜਦੀ ਹੈ । ਅਮਿਤਸ਼ਾਹ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ ਦਾ ਸਾਰਅੰਸ਼ ਹੈ : ਬਾਦਲ ਸਾਹਬ ਕਾ ਜਾਣਾ ਦੇਸ਼ ਲਈ ਵੱਡਾ ਘਾਟਾ ਹੈ । ਬਾਦਲ ਸਾਹਬ ਕੇ ਜਾਨੇ ਸੇ ਸਿੱਖ ਪੰਥ ਨੇ ਇਕ ਸੱਚਾ ਸਿਪਾਹੀ ਖੋਹਿਆ ਹੈ, ਦੇਸ਼ ਨੇ ਦੇਸ਼ ਭਗਤ ਖੋਇਆ ਹੈ । ਬਾਦਲ ਸਾਹਬ ਨੇ ਜੋ ਦੇਸ਼ ਕੇ ਲੀਏ ਕੀਆ ਕੋਈ ਮਹਾਮਾਨਵ ਹੀ ਕਰ ਸਕਤਾ ਹੈ । ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਿੰਦੂ ਸਿੱਖ ਏਕਤਾ ਕੇ ਲੀਏ ਪੂਰਾ ਜਨਮ ਸਮਰਪਿਤ ਕੀਆ । 1977 ਸੇ ਜਬ ਵੀ ਦੇਸ਼ ਕੇ ਲੀਏ ਖੜਨੇ ਕਾ ਮੌਕਾ ਆਇਆ ਬਾਦਲ ਸਾਹਬ ਨੇ ਕਭੀ ਪੀਠ ਨਹੀਂ ਦਿਖਾਈ । ਨਵੇਂ ਪੰਜਾਬ ਕੀ ਨੀਂਵ ਰੱਖਨੇ ਕਾ ਕਾਮ ਭੀ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਆ । (ਨੋਟ - ਇਥੇ ਵਿਚਾਰਨ ਯੋਗ ਤੱਥ ਇਹ ਹੈ ਕਿ ਕੀ ਅਮਿਤਸ਼ਾਹ ਦੇ ਨਵੇਂ ਪੰਜਾਬ ਦਾ ਅਰਥ ਹਿੰਦੂ ਰਾਸ਼ਟਰ ਤਾਂ ਨਹੀਂ ?)
ਸੁਖਬੀਰ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ : ਮੈਂ ਬਾਦਲ ਸਾਹਬ ਦੇ 70 ਸਾਲ ਦੇ ਸਿਆਸੀ ਜੀਵਨ ਵਿੱਚੋਂ ਕੇਵਲ ਪੰਜ ਛੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ । (1) ਉਹ (ਬਾਦਲ ਸਾਹਬ) ਨੈਸ਼ਨਲਿਸਟ ਸੀ । ਉਹ ਕਹਿੰਦੇ ਸੀ ਦੇਸ਼ ਤਾਂ ਤਕੜਾ ਜੇ ਪੰਜਾਬ ਤਕੜਾ ਖ਼ਾਲਸਾ ਪੰਥ ਤਕੜਾ । ਸੁਖਬੀਰ ਸਿੰਘ ਬਾਦਲ ਨੇ ਹੋਰ ਕਿਹਾ ਕਿ ਉਹ ਆਪਣੇ ਧਰਮ ਵਿੱਚ ਪੱਕੇ ਸੀ, ਪਰ ਦੂਜੇ ਹਿੰਦੂ, ਮੁਸਲਿਮ, ਈਸਾਈ ਸਭ ਧਰਮਾਂ ਦਾ ਵੀ ਸਤਿਕਾਰ ਕਰਦੇ ਸਨ (ਨੋਟ - ਇਥੇ ਇਕ ਪ੍ਰਸ਼ਨ ਉਤਪਨ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਧਰਮ ਕੀ ਸੀ ? ਸ਼ਾਇਦ ਇਸ ਕਰਕੇ ਸਪੱਸ਼ਟ ਨਹੀਂ ਕੀਤਾ ਕਿਉਂਕਿ 1977 ਵਿੱਚ ਅਟਲ ਬਿਹਾਰੀ ਵਾਜਪਾਈ ਨੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਹਵਨ ਕਰਵਾ ਕੇ ਉਸ ਨੂੰ ਹਿੰਦੂ ਮੰਤਰ ਪੜ੍ਹ ਕੇ ਤਿਆਰ ਕੀਤੇ ਜਲ ਦਾ ਚੁਲਾ ਛਕਾ ਕੇ ਉਸ ਨੂੰ ਹਿੰਦੂ ਧਰਮ ਵਿੱਚ ਸ਼ਾਮਿਲ ਕਰ ਲਿਆ ਸੀ । ਬਾਦਲ ਸਾਹਬ ਵੱਲੋਂ ਹਵਨ ਕਰਨ ਦੀ ਤਸਵੀਰ ਕਈ ਪਰਚਿਆਂ ਵਿੱਚ ਛੱਪ ਚੁੱਕੀ ਹੈ ਅਤੇ ਦਾਸ ਪਾਸ ਵੀ ਮੌਜੂਦ ਹੈ, ਇਕ ਹੋਰ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਵੀ ਗਰੁੜ ਪਰਾਣ ਦੀ ਹਿੰਦੂ ਰਹੁ-ਰੀਤਾਂ ਅਨੁਸਾਰ ਜਲ ਪ੍ਰਵਾਹ ਕੀਤੀਆਂ ਗਈਆਂ, ਸਭ ਨੇ ਵੇਖਿਆ) ਸੁਖਬੀਰ ਸਿੰਘ ਬਾਦਲ ਹੋਰ ਕਿਹਾ ਕਿ ਬਾਦਲ ਸਾਹਬ ਨੇ ਇਕ ਗੱਲ ਮੈਨੂੰ ਬਾਰ ਬਾਰ ਸਮਝਾਈ ਕਿ ਪੰਜਾਬ ਯੋਧਿਆਂ ਦਾ ਸੂਬਾ ਅਤੇ ਖ਼ਾਲਸਾ ਪੰਥ ਦਾ ਘਰ ਹੈ, ਪੰਜਾਬ ਨੂੰ ਬਚਾਉਣਾ ਤਾਂ ਪੰਥ ਦੀ ਚੜ੍ਹਦੀ ਕਲਾ ਕਰਨੀ ਪਵੇਗੀ । ਮੈਂ ਬਾਦਲ ਸਾਹਬ ਤਾਂ ਨਹੀਂ ਬਣ ਸਕਦਾ ਪਰ ਮੈਂ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਾਂਗਾ । ਬਾਦਲ ਸਾਹਬ ਦਾ ਮਿਸ਼ਨ ਤਾਂ ਜੱਗ ਜਾਹਿਰ ਹੈ ਕਿ ਉਹ ਪੰਥਕ ਏਜੰਡੇ ਦਾ ਤਿਆਗ ਕਰਕੇ ਹਿੰਦੂਤਵੀ ਏਜੰਡੇ ਅਨੁਸਾਰ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਕੇ ਹਿੰਦੂ ਰਾਸ਼ਟਰ ਦਾ ਰਾਹ ਪੱਧਰਾ ਕਰਨਾ ਚਾਹੁੰਦਾ ਸੀ । ਅਸੀਂ ਸੁਖਬੀਰ ਸਿੰਘ ਬਾਦਲ ਨੂੰ ਇਹ ਸੁਝਾਅ ਦੇਵਾਂਗੇ ਕਿ ਉਹ ਕਿਸੇ ਦਿਨ ਸਮਾਂ ਕੱਢ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਾਸੋਂ ਖ਼ਾਲਸਾ ਪੰਥ ਦੇ ਸਰੂਪ, ਸੰਕਲਪ ਤੇ ਸਿਧਾਂਤ ਦੀ ਵਿਆਖਿਆ ਜਰੂਰ ਸਮਝ ਲੈਣ, ਨਹੀਂ ਤਾਂ ਉਨ੍ਹਾਂ ਦੇ ਇਹ ਬੋਲ : ਪੰਜਾਬ ਯੋਧਿਆਂ ਦਾ ਸੂਬਾ ਤੇ ਖ਼ਾਲਸਾ ਪੰਥ ਦਾ ਘਰ ਹੈ, ਪੰਥ ਨੂੰ ਧੋਖਾ ਦੇਣ ਵਾਲੇ ਸਮਝੇ ਜਾਣਗੇ । ਸੁਖਬੀਰ ਸਿੰਘ ਬਾਦਲ ਨੂੰ ਪੰਥ ਪ੍ਰਸਤੀ ਦਾ ਸਬੂਤ ਦੇਣ ਲਈ ਅੰਮ੍ਰਿਤ ਛੱਕ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖ਼ਾਲਸਾ ਪੰਥ ਦੀ ਕਚਹਿਰੀ ਵਿੱਚ ਪੇਸ਼ ਹੋ ਕੇ ਮੁਆਫੀ ਮੰਗਣੀ ਪਵੇਗੀ ਅਤੇ ਬੇਨਤੀ ਕਰਨੀ ਪਵੇਗੀ ਕਿ ਉਸ ਨੂੰ ਮੁੜ ਪੰਥ ਵਿੱਚ ਸ਼ਾਮਿਲ ਕੀਤਾ ਜਾਵੇ । ਪੰਥ ਦਾ ਅਕਾਲੀ ਸਿਧਾਂਤ ਬੜਾ ਸਪੱਸ਼ਟ ਹੈ ਕਿ ਪੰਥ ਨੇ ਕਿਸੇ ਦੀ ਦੁਬੇਲ ਬਣ ਕੇ ਨਹੀਂ ਸੁਤੰਤਰ ਹੋ ਕੇ ਜੀਊਣਾ ਹੈ । ਆਪਣੀ ਨਿਆਰੀ ਦਿੱਖ ਤੇ ਨਿਆਰੇ ਸਿਧਾਂਤਾਂ ਦੇ ਆਸਰੇ ਜੀਊਣਾ ਹੈ । ਅਸੀਂ ਅਕਾਲ ਪੁਰਖ ਦੇ ਮਰਜੀਵੜੇ ਸਿਪਾਹੀ ਹਾਂ ਤੇ ਅੱਜ ਸਾਨੂੰ ਗੁਰੂ ਗ੍ਰੰਥ, ਗੁਰੂ ਪੰਥ ਦੇ ਨਿਆਰੇ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਲਈ ਜੂਝਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ । ਅੱਜ ਜੇਕਰ ਸਾਡੇ ਧਾਰਮਿਕ ਤੇ ਰਾਜਨੀਤਕ ਆਗੂ ਸਿੱਖੀ ਸਿਧਾਂਤਾਂ ਤੋਂ ਮੂੰਹ ਮੋੜ ਗਏ ਹਨ ਤਾਂ ਫਿਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੁੱਚੇ ਖ਼ਾਲਸਾ ਪੰਥ ਨੂੰ ਆਪਣੀ ਅੱਡਰੀ, ਨਿਆਰੀ ਤੇ ਸੁਤੰਤਰ ਹੋਂਦ ਹਸਤੀ ਬਚਾਉਣ ਲਈ ਤੇ ਸਿੱਖ ਸਿਧਾਂਤਾਂ ਦੀ ਰੱਖਵਾਲੀ ਲਈ ਪਹਿਰੇਦਾਰ ਬਣ ਜਾਣਾ ਚਾਹੀਦਾ ਹੈ । ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ ਕਮਰ ਕੱਸਾ ਕਰਕੇ ਗਿਆਨੀ ਦਿੱਤ ਸਿੰਘ, ਪ੍ਰੋ: ਗੁਰਮੁੱਖ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਹਰਿੰਦਰ ਸਿੰਘ ਮਹਿਬੂਬ, ਪ੍ਰੋ: ਪੂਰਨ ਸਿੰਘ, ਭਾਈ ਵੀਰ ਸਿੰਘ ਅਤੇ ਹੋਰ ਪੰਥਕ ਵਿਦਵਾਨਾਂ ਵਾਂਗ ਸਿੱਖੀ &lsquoਤੇ ਹੋ ਰਹੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਈਏ ਅਤੇ ਸਰਬ ਸਾਂਝੀਵਾਲਤਾ ਵਾਲੇ ਸਿੱਖ ਰਾਸ਼ਟਰ ਦੇ ਸੰਕਲਪ ਦਾ ਨਾਅਰਾ ਸੰਸਾਰ ਭਰ ਵਿੱਚ ਬੁਲੰਦ ਕਰੀਏ, ਸਾਡਾ ਇਤਿਹਾਸ ਸਾਨੂੰ ਇਹੀ ਸੇਧ ਦਿੰਦਾ ਹੈ । ਪੰਜਾਬ ਨੂੰ ਤਬਾਹ ਹੋਣ ਤੋਂ ਕੇਵਲ ਪੰਥ ਹੀ ਬਚਾਅ ਸਕਦਾ ਹੈ ਅਰਥਾਤ, ਸ਼ਾਹ ਮੁਹੰਮਦਾ ਅੰਤ ਸੋਈ ਹੋਣੀ ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ । 
ਅੱਜ ਲੋੜ ਹੈ : ਖ਼ਾਲਸਾ ਪੰਥ ਦੀ ਸੁਤੰਤਰ ਤੇ ਵਿਲੱਖਣ ਹੋਂਦ ਹਸਤੀ ਨੂੰ ਹਿੰਦੂਤਵੀਆਂ ਅਤੇ ਖੱਬੇ ਪੱਖੀਆਂ ਦੀ ਨਿਰਮੂਲ ਵਿਚਾਰਧਾਰਾ ਦੇ ਚੁੰਗਲ ਵਿੱਚੋਂ ਕੱਢ ਕੇ ਸਿੱਖ ਸਭਿਆਚਾਰ ਸਥਾਪਤ ਕਰਨ ਦੀ । ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਰਾਜਸੀ ਨਿਸ਼ਾਨਾ ਬੜਾ ਸਪੱਸ਼ਟ ਹੈ : ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ॥ ਖ਼ੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ ॥ ਖ਼ਾਲਸੇ ਦਾ ਰਾਜਸੀ ਵਿਧਾਨ ਹੈ, ਸਰਕਾਰ-ਏ-ਖ਼ਾਲਸਾ ਭਾਵ - ਖ਼ਾਲਸੇ ਦੀ ਅਗਵਾਈ ਵਿੱਚ ਗਣਰਾਜ, ਭਾਵ ਲੋਕ ਰਾਜ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ