image caption:

ਡਰੱਗ ਕੇਸ 'ਚ ਫਸੇ ਆਰੀਅਨ ਖਾਨ ਨੂੰ ਛੱਡਣ ਲਈ ਇਸ ਅਫਸਰ ਨੇ ਸ਼ਾਹਰੁਖ ਤੋਂ ਮੰਗੇ ਸੀ 25 ਕਰੋੜ

 ਆਰੀਅਨ ਖਾਨ ਕੇਸ ਵਿੱਚ NCB ਦੇ ਸਾਬਕਾ ਅਧਿਕਾਰੀ ਸਮੀਰ ਵਾਨਖੇੜੇ ਮੁਸੀਬਤ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਸੀਬੀਆਈ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਮੁੰਬਈ ਜ਼ੋਨ ਦੇ ਸਾਬਕਾ ਡਾਇਰੈਕਟਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ 'ਚ ਸਮੀਰ ਵਾਨਖੇੜੇ 'ਤੇ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਫਸਾਉਣ ਦੇ ਬਦਲੇ 25 ਕਰੋੜ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ।

ਜਾਣਕਾਰੀ ਮੁਤਾਬਕ ਵਾਨਖੇੜੇ ਤੇ ਉਸ ਦੇ ਸਾਥੀ ਗੋਸਾਵੀ ਨੇ ਸ਼ਾਹਰੁਖ ਦੇ ਪਰਿਵਾਰ ਨੂੰ ਧਮਕਾਇਆ ਕਿ ਉਨ੍ਹਾਂ ਦੇ ਪੁੱਤਰ ਨੂੰ ਕੇਸ 'ਚ ਫਸਾ ਕੇ ਜੇਲ੍ਹ 'ਚ ਬੰਦ ਕਰ ਦਿੱਤਾ ਜਾਵੇਗਾ, ਪਰ ਜੇ ਉਹ 25 ਕਰੋੜ ਦੇਣ ਤਾਂ ਕੇਸ ਪਲਟ ਸਕਦਾ ਹੈ। ਐੱਫਆਈਆਰ ਦੀ ਕਾਪੀ ਮੁਤਾਬਕ ਸਮੀਰ ਵਾਨਖੇੜੇ ਦੇ ਕਹਿਣ 'ਤੇ ਗੋਸਾਵੀ ਨੇ ਆਰੀਅਨ ਖਾਨ ਮਾਮਲੇ 'ਚ 25 ਕਰੋੜ ਦੀ ਮੰਗ ਕੀਤੀ ਸੀ। ਇਸ ਰਕਮ ਦੇ ਬਦਲੇ ਆਰੀਅਨ ਖਾਨ ਨੂੰ ਡਰੱਗ ਮਾਮਲੇ 'ਚ ਨਾ ਫਸਾਉਣ ਦਾ ਭਰੋਸਾ ਦਿੱਤਾ ਗਿਆ ਸੀ।

ਐਫਆਈਆਰ ਦੀ ਕਾਪੀ ਅਨੁਸਾਰ ਸਮੀਰ ਵਾਨਖੇੜੇ ਨੇ ਡੀਲ ਪੱਕੀ ਕਰਨ ਲਈ ਪੈਸਿਆਂ ਦੇ ਮਾਮਲੇ ਵਿੱਚ ਗੋਸਾਵੀ ਨੂੰ ਪੂਰੀ ਛੋਟ ਦਿੱਤੀ ਸੀ। ਗੋਸਾਵੀ ਨੇ 18 ਕਰੋੜ 'ਚ ਡੀਲ ਫਾਈਨਲ ਕੀਤੀ ਸੀ। ਇੰਨਾ ਹੀ ਨਹੀਂ ਗੋਸਾਵੀ ਨੇ 50 ਲੱਖ ਰੁਪਏ ਐਡਵਾਂਸ ਵੀ ਲਏ ਸਨ।

ਐਫਆਈਆਰ ਮੁਤਾਬਕ ਜਾਂਚ ਵਿੱਚ ਸਮੀਰ ਵਾਨਖੇੜੇ ਨੇ ਆਪਣੀ ਵਿਦੇਸ਼ ਯਾਤਰਾ ਬਾਰੇ ਵੀ ਸਹੀ ਜਾਣਕਾਰੀ ਨਹੀਂ ਦਿੱਤੀ ਸੀ। ਉਸਨੇ ਆਪਣੀ ਮਹਿੰਗੀ ਘੜੀ ਅਤੇ ਕੱਪੜਿਆਂ ਬਾਰੇ ਵੀ ਸੱਚ ਨਹੀਂ ਦੱਸਿਆ। ਐਫਆਈਆਰ ਵਿੱਚ ਸਮੀਰ ਵਾਨਖੇੜੇ ਦੀ ਆਮਦਨ ਤੋਂ ਵੱਧ ਜਾਇਦਾਦ ਦਾ ਵੀ ਜ਼ਿਕਰ ਕੀਤਾ ਗਿਆ ਹੈ।

12 ਮਈ ਨੂੰ ਸਮੀਰ ਵਾਨਖੇੜੇ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਸੀਬੀਆਈ ਨੇ ਉਸ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ। ਸੀਬੀਆਈ ਦੀ ਟੀਮ ਨੇ ਵਾਨਖੇੜੇ ਤੋਂ ਉਸ ਦੇ ਮੁੰਬਈ ਸਥਿਤ ਘਰ ਵਿੱਚ 13 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਸੀਬੀਆਈ ਅਧਿਕਾਰੀ ਵਾਨਖੇੜੇ ਦੇ ਪਿਤਾ, ਸਹੁਰਾ ਅਤੇ ਭੈਣ ਦੇ ਘਰ ਵੀ ਪਹੁੰਚ ਗਏ ਸਨ।