image caption: ਕੁਲਵੰਤ ਸਿੰਘ ਢੇਸੀ

ਦਰਬਾਰ ਸਾਹਿਬ ਸਮੂਹ ਚ ਧਮਾਕੇ ਅਤੇ ਦੁਖਨਿਵਾਰਨ ਵਿਚ ਬੇਅਦਬੀ, ਰਾਘਵ ਤੇ ਪ੍ਰਣੀਤੀ ਦੀ ਕੁੜਮਾਈ ਤੇ ਗਏ ਜਥੇਦਾਰ ਦੀ ਕਿਰਕਰੀ

 ਕਿਸ ਸੇ ਪਤਾ ਪੂਛੇਂ ਮੰਜ਼ਿਲੇ ਜਾ ਕੇ, ਜਿਸ ਕੋ ਖਬਰ ਥੀ ਤੇਰੀ ਵੋਹ ਬੇਖਬਰ ਮਿਲਾ

ਮਹਾਂਰਾਸ਼ਟਰ, ਦਿੱਲੀ ਅਤੇ ਕਾਰਨਾਟਕ ਵਿਚ ਭਾਜਪਾ ਨੂੰ ਝਟਕੇ

ਜੰਤਰ ਮੰਤਰ ਤੇ ਬੈਠੀਆਂ ਪਹਿਲਵਾਨ ਬੀਬੀਆਂ ਦੀ ਦੁਹਾਈ

ਦਰਬਾਰ ਸਾਹਿਬ ਸਮੂਹ ਦੇ ਗਲਿਆਰੇ ਵਿਚ ਹੋਏ ਧਮਾਕਿਆਂ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੀ ਸੀ ਸੀ ਟੀ ਵੀ ਫੁਟਿਜ ਤੇ ਅਧਾਰਤ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਜੋ ਕਿ ਪੁਲਿਸ ਤਫਤੀਸ਼ ਮੁਤਾਬਕ ਆਪਣਾ ਸਬੰਧ ਭਾਈ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਦੇ ਨਾਲ ਹੋ ਸਕਦੇ ਹਨ। ਦੋ ਧਮਾਕੇ ਦਰਬਾਰ ਸਾਹਿਬ ਦੇ ਵਿਰਾਸਤੀ ਗਲਿਆਰੇ ਵਿਚ ਹੋਏ ਅਤੇ ਤੀਜਾ ਧਮਾਕਾ ਗੁਰੂ ਰਾਮਦਾਸ ਸਰਾਂ ਦੇ ਮਗਰਲੇ ਪਾਸੇ ਹੋਇਆ। ਇਹ ਧਮਾਕੇ ਬੁੱਧਵਾਰ ੮ ਮਈ ਅਤੇ ੧੦ ਮਈ ਨੂੰ ਰਾਤ ਸਾਢੇ ਬਾਰਾਂ ਵਜੇ ਹੋਏ ਦੱਸੇ ਜਾਂਦੇ ਹਨ। ਪਿਛਲੇ ੬ ਦਿਨਾ ਵਿਚ ਤਿੰਨ ਧਮਾਕੇ ਹੋਏ ਜਿਹਨਾ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹਨਾ ਘਟਨਾਵਾਂ ਨੇ ਦੁਨੀਆਂ ਭਰ ਦੇ ਸਿੱਖਾਂ ਦੇ ਦਿਲਾਂ ਨੂੰ ਜ਼ਖਮੀ ਕੀਤਾ ਹੈਇਸ ਮਾਮਲੇ ਵਿਚ ਡੀ ਜੀ ਪੀ ਗੌਰਵ ਯਾਦਵ ਨੇ ਪੰਜ ਵਿਅਕਤੀ ਗ੍ਰਿਫਤਾਰ ਕਰਨ ਦਾ ਖੁਲਾਸਾ ਕੀਤਾ ਹੈ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਮ ਅਜ਼ਾਦਬੀਰ ਸਿੰਘ, ਅਮਰੀਕ ਸਿੰਘ, ਸਾਹਿਬਬੀਰ ਸਿੰਘ, ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਦੱਸੇ ਜਾਂਦੇ ਹਨ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲਿਸ ਵਲੋਂ ਐਸ ਆਈ ਟੀ ਦਾ ਗਠਿਨ ਕੀਤਾ ਹੈ। ਡੀ ਜੀ ਪੀ ਦੇ ਦੱਸਣ ਮੁਤਾਬਕ ਧਮਾਕਾਖੇਜ਼ ਸਮੱਗਰੀ ਅਜ਼ਾਦਬੀਰ ਸਿੰਘ ਅਤੇ ਧਰਮਿੰਦਰ ਸਿੰਘ ਨੇ ਮੁਹੱਈਆ ਕਰਵਾਈ ਗਈ ਦੱਸੀ ਜਾਂਦੀ ਹੈ। ਇਹਨਾ ਤੋਂ ਇਲਾਵਾ ਹਰਜੀਤ ਸਿੰਘ ਕੋਲ ਪਟਾਕਿਆਂ ਦਾ ਲਇਸੈਂਸ ਹੈ ਅਤੇ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ। ਇਹਨਾ ਵਿਅਕਤੀਆਂ ਕੋਲੋਂ ਇੱਕ ਕਿੱਲੋ ਬਾਰੂਦ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ। ਇਸ ਸਕੈਂਡਲ ਦਾ ਮੁਖ ਦੋਸ਼ੀ ਅਮਰੀਕ ਸਿੰਘ ਗੁਰਦਾਸਪੁਰ ਦੇ ਪਿੰਡ ਆਦੀਆਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ

ਇੱਕ ਵਿਅਕਤੀ ਗੁਰੂ ਰਾਮਦਾਸ ਸਰਾਂ ਦੀ ਦੂਜੀ ਮੰਜ਼ਿਲ ਤੋਂ ਗ੍ਰਿਫਤਾਰ ਕੀਤਾ ਗਿਆ ਜੋ ਕਿ ਇਹ ਕੁਕਰਮ ਕਰਕੇ ਸਰਾਂ ਦੇ ਬਰਾਂਡੇ ਵਿਚ ਆ ਕੇ ਸੌਂ ਗਿਆ ਸੀ। ਇਸੇ ਸਬੰਧ ਵਿਚ ਇੱਕ ਵਿਆਹੁਤਾ ਜੋੜੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਕਿ ੨੨੫ ਨੰਬਰ ਕਮਰੇ ਵਿਚ ਠਹਿਰਿਆ ਹੋਇਆ ਸੀ। ਇੱਕ ਵਿਅਕਤੀ ੪੦ ਕੁ ਵਰ੍ਹੇ ਦੀ ਉਮਰ ਦਾ ਅਤੇ ਦੋ ਇਸ ਤੋਂ ਘੱਟ ਉਮਰ ਦੇ ਦੱਸੇ ਜਾਂਦੇ ਹਨ। ਘਟਨਾ ਵਾਲੇ ਸਥਾਨ ਤੋਂ ਇੱਕ ਬੈਗ ਅਤੇ ਕੁਝ ਕਾਗਜ਼ ਵੀ ਮਿਲੇ ਦੱਸੇ ਜਾਂਦੇ ਹਨ। ਜੋ ਵਿਅਕਤੀ ਵਿਆਹਿਆ ਦੱਸਿਆ ਜਾਂਦਾ ਹੈ ਉਹ ਘਰੋਂ ਬਾਹਰ ਰਹਿੰਦਾ ਹੈ ਕਿਓਂਕਿ ਉਸ ਦੀ ਘਰ ਵਾਲਿਆਂ ਨਾਲ ਬਣਦੀ ਨਹੀਂ ਹੈ। ਅਮਰੀਕ ਸਿੰਘ ਜਵੱਦੀਆਂ ਪਿੰਡ ਦਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ &lsquoਤੇ ਚੋਰੀ ਚਕਾਰੀ ਦੇ ਕੇਸ ਪਹਲਾਂ ਵੀ ਸਨ।

ਅੱਜ ਇਹ ਗੱਲ ਹਰ ਵਿਅਕਤੀ ਦੇ ਮਨ ਨੂੰ ਖਟਕਦੀ ਹੈ ਕਿ ਜੇਕਰ ਇਹਨਾ ਵਿਅਕਤੀਆਂ ਨੇ ਭਾਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਰੋਸ ਵਿਚ ਬਲਾਸਟ ਕਰਨੇ ਸੀ ਤਾਂ ਕੀ ਉਹਨਾ ਨੂੰ ਇਸ ਕਰਤੂਤ ਵਾਸਤੇ ਦਰਬਾਰ ਸਾਹਿਬ ਸਮੂਹ ਹੀ ਮਿਲਿਆ ਸੀ? ਸਬੰਧਤ ਵਿਅਕਤੀ ਸਿੱਖੀ ਸਰੂਪ ਵਾਲੇ ਦੱਸੇ ਜਾਂਦੇ ਹਨ।

ਧਮਾਕੇ ਕਦੋਂ ਤੇ ਕਿੱਥੇ ਹੋਏ

ਪਹਿਲਾ ਧਮਾਕਾ ਦਰਬਾਰ ਸਾਹਿਬ ਵਿਰਾਸਤੀ ਗਲਿਆਰੇ ਵਿਚ ੬ ਮਈ ਸ਼ਨਿਚਰਵਾਰ ਨੂੰ ਹੋਇਆ। ਇਸ ਧਮਾਕੇ ਬਾਰੇ ਇਹ ਹੀ ਸਮਝਿਆ ਗਿਆ ਸੀ ਕਿ ਇਹ ਧਮਾਕਾ ਹਲਵਾਈ ਦੀ ਦੁਕਾਨ ਦੀ ਚਿਮਨੀ ਦੇ ਗਰਮ ਹੋਣ ਨਾਲ ਸ਼ੀਸ਼ਾ ਟੁੱਟਣ ਕਰਕੇ ਹੋਇਆ ਸੀ। ਪਰ ਜਦੋਂ ਪੁਲਿਸ ਨੂੰ ਘਟਨਾ ਸਥਾਨ ਤੋਂ ਕੁਝ ਸ਼ੱਕੀ ਸੰਕੇਤ ਅਤੇ ਚੀਜ਼ਾਂ ਮਿਲੀਆਂ ਤਾਂ ਮੁਹਾਲੀ ਤੋਂ ਜਾਂਚ ਲਈ ਮਾਹਰ ਬੁਲਾਏ ਗਏ। ਇਸ ਧਮਾਕੇ ਵਿਚ ਇੱਕ ਵਿਅਕਤੀ ਨੂੰ ਕੁਝ ਸੱਟਾਂ ਲੱਗੀਆਂ ਸਨ।

ਦੂਜਾ ਧਮਾਕਾ ਸੋਮਵਾਰ ਸਵੇਰੇ ਹੋਇਆ। ੮ ਮਈ ਨੂੰ ਹੋਇਆ ਦੂਜਾ ਧਮਾਕਾ ਵੀ ਵਿਰਾਸਤੀ ਗਲਿਆਰੇ ਵਿਚ ਸਾਰਾਗੜ੍ਹੀ ਪਾਰਕਿੰਗ ਵਿਚ ਹੋਇਆ। ਤੀਜਾ ਧਮਾਕਾ ਗੁਰੂ ਰਾਮਦਾਸ ਸਰਾਂ ਦੇ ਮਗਰਲੇ ਪਾਸੇ ਰਾਤ ਸਾਢੇ ਬਾਰਾਂ ਵਜੇ ਹੋਇਆ ਦੱਸਿਆ ਜਾਂਦਾ ਹੈ। ਇਹਨਾ ਧਮਾਕਿਆਂ ਵਿਚ ਕਾਫੀ ਸਾਰਾ ਧੂੰਆ ਹੋਇਆ ਅਤੇ ਕੁਝ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟੇ। ਡੀ ਜੀ ਪੀ ਮੁਤਾਬਕ ਇਹ ਘੱਟ ਤੀਬਰਤਾ ਵਾਲੇ ਧਮਾਕੇ ਸਨ। ਖਿਆਲ ਕਰਨ ਵਾਲੀ ਗੱਲ ਇਹ ਹੈ ਕਿ ਇਹਨਾ ਧਮਾਕਿਆਂ ਨੇ ਜੋ ਸਦਮਾ ਸਿੱਖਾਂ ਨੂੰ ਲਾਇਆ ਹੈ ਕੀ ਸਰਕਾਰ, ਪੁਲਿਸ ਜਾਂ ਜਸੂਸੀ ਵਿਭਾਗ ਉਸ ਦੀ ਤੀਬਰਤਾ ਨੂੰ ਮਹਿਸੂਸ ਕਰਕੇ ਇਹਨਾ ਘਟਨਾਵਾਂ ਖਿਲਾਫ ਲੋੜੀਂਦੇ ਕਦਮ ਚੁੱਕਣਗੇ? ਇਹਨਾ ਘਟਨਾਵਾਂ ਵਲੋਂ ਐਨ ਆਈ ਏ, ਐਨ ਐਸ ਜਾਂ ਹੋਰ ਏਜੰਸੀਆਂ ਵਲੋਂ ਕੀਤੀ ਜਾ ਰਹੀ ਪੜਤਾਲ ਘਟਨਾਕ੍ਰਮ ਦੀਆਂ ਕੜੀਆਂ ਜੋੜਨ ਵਿਚ ਕੁਸ਼ਲ ਦਿਖਾਈ ਨਹੀਂ ਦੇ ਰਹੀਆਂ।

ਦਰਬਾਰ ਸਾਹਿਬ ਦੀ ਵਧਦੀ ਜਾ ਰਹੀ ਮਾਨਤਾ ਪ੍ਰਤੀ ਸ਼ਰੀਕਾ ਅਤੇ ਦੁਸ਼ਮਣੀ

ਜਦੋਂ ਤੋਂ ਦਰਬਾਰ ਸਾਹਿਬ ਵਿਚ ਕੀਰਤਨ ਦੀ ਕਵਰੇਜ ਹੋਣ ਲੱਗੀ ਹੈ ਉਦੋਂ ਤੋਂ ਦੁਨੀਆਂ ਭਰ ਵਿਚ ਦਰਬਾਰ ਸਾਹਿਬ ਦੀ ਮਹਿਮਾ ਦੂਣ ਸਵਾਈ ਹੋਈ ਹੈ। ਦੁਨੀਆਂ ਭਰ ਤੋਂ ਨਾਮਵਰ ਹਸਤੀਆਂ ਆ ਕੇ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਹਨ। ਭਾਰਤ ਭਰ ਵਿਚੋਂ ਗੈਰ ਸਿੱਖ ਭਾਈਚਾਰਾ ਭਾਰੀ ਗਿਣਤੀ ਵਿਚ ਦਰਬਾਰ ਸਾਹਿਬ ਆ ਰਿਹਾ ਹੈ। ਜ਼ਾਹਿਰ ਹੈ ਕਿ ਕਿਤੇ ਨਾ ਕਿਤੇ ਦਰਬਾਰ ਸਾਹਿਬ ਦੀ ਵਧਦੀ ਜਾ ਰਹੀ ਮਹਿਮਾ ਪ੍ਰਤੀ ਈਰਖਾ ਅਤੇ ਦੁਸ਼ਮਣੀ ਵੀ ਪ੍ਰਬਲ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਨਾਲ ਭਾਈ ਅਮ੍ਰਿਤਪਾਲ ਸਿੰਘ ਵਲੋਂ ਚਲਾਈ ਖਾਲਸਾ ਵਹੀਰ ਹੁਣ ਜਿਥੇ ਪੰਜਾਬ ਵਿਚ ਮੁੜ ਸਰਗਰਮ ਹੋਈ ਹੈ ਉਥੇ ਇਹ ਲਹਿਰ ਪ੍ਰਦੇਸਾਂ ਤਕ ਫੈਲਦੀ ਨਜ਼ਰ ਆ ਰਹੀ ਹੈ। ਸਬੰਧਤ ਘਟਨਾਵਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਨਾਲ ਜੋੜਨ ਨਾਲ ਉਸ ਦਾ ਸਤਿਕਾਰ ਸਗੋਂ ਸਿੱਖ ਸਮੂ੍ਹ ਵਿਚ ਹੋਰ ਵਧਿਆ ਪ੍ਰਤੀਤ ਹੁੰਦਾ ਹੈ।

ਬੇਅਦਬੀਆਂ ਦੀਆਂ ਘਟਨਾਵਾਂ ਸਬੰਧੀ ਸਰਕਾਰ ਤੇ ਪੁਲਿਸ ਦੀ ਕਾਰਵਾਈ ਢਿੱਲੀ

ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਗੁਰਬਾਣੀ ਅਤੇ ਗੁਰ ਅਸਥਾਨਾ ਵਿਚ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਅਜੇ ਤਕ ਅਜੇਹੀਆਂ ਘਟਨਾਵਾਂ ਪ੍ਰਤੀ ਕੀਤੀ ਗਈ ਹਰ ਕਾਰਵਾਈ ਠੰਢੇ ਬਸਤੇ ਵਿਚ ਪਾਈ ਗਈ ਹੈ। ਇੱਕ ਪਾਸੇ ਤਾਂ ਸਿੱਖ ਨੌਜਵਾਨਾ ਨੂੰ ਯੂ ਏ ਪੀ ਏ ਦੇ ਮੁਕੱਦਮੇ ਪਾ ਕੇ ਦੇਸ਼ ਧ੍ਰੋਹੀ ਗਰਦਾਨਣ ਦੀ ਕਾਰਵਾਈ ਤੇਜ ਹੁੰਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਹਰ ਬੇਅਦਬੀ ਵਿਚ ਦੋਸ਼ੀਆਂ ਖਿਲਾਫ ਪੁਲਿਸ ਦੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਹੁੰਦੀ ਹੈ। ਬੇਅਦਬੀਆਂ ਸਬੰਧੀ ਗ੍ਰਿਫਤਾਰ ਵਿਅਕਤੀ ਨੂੰ ਅਕਸਰ ਮੰਦ ਬੁੱਧ ਕਹਿ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਪੁਲਿਸ ਹਿਰਾਸਤ ਵਿਚ ਦੋਸ਼ੀ ਨੂੰ ਖਤਮ ਕਰਕੇ ਸਾਰੇ ਸਬੂਤ ਨਸ਼ਟ ਕਰ ਦਿੱਤੇ ਜਾਂਦੇ ਹਨ। ਇਹਨਾ ਘਟਨਾਵਾਂ ਪ੍ਰਤੀ ਸਿੱਖਾਂ ਦੇ ਅੰਦਰ ਰੋਸ ਅਤੇ ਰੋਹ ਦਿਨੋ ਦਿਨ ਵਧਦਾ ਜਾ ਰਿਹਾ ਹੈ ਅਤੇ ਜੇਕਰ ਸਰਕਾਰ ਨੇ ਇਸ ਪਾਸੇ ਉਚੇਚਾ ਧਿਆਨ ਨਾ ਦਿੱਤਾ ਤਾਂ ਭਵਿੱਖ ਵਿਚ ਵਧੇਰੇ ਤਬਾਹਕੁੰਨ ਨਤੀਜੇ ਨਿਕਲ ਸਕਦੇ ਹਨ।

ਪਟਿਆਲੇ ਦੇ ਗੁਰਦੁਆਰਾ ਦੁੱਖ ਨਿਵਾਰਨ ਵਿਚ ਔਰਤ ਵਲੋਂ ਬੇਅਦਬੀ

ਦਰਬਾਰ ਸਾਹਿਬ ਸਮੂਹ ਵਿਚ ਹੋਏ ਧਮਾਕਿਆਂ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਦੁੱਖ ਨਿਵਾਰਨ ਗੁਰਦੁਆਰਾ ਪਟਿਆਲਾ ਦੇ ਸਰੋਵਰ ਨੇੜੇ ਸ਼ਰਾਬ ਪੀ ਰਹੀ ਔਰਤ ਦੀ ਖਬਰ ਨੇ ਤਹਿਲਕਾ ਮਚਾ ਦਿੱਤਾ। ਪਰਵਿੰਦਰ ਕੌਰ ਨਾਮ ਦੀ ਇਹ ਔਰਤ ਪਟਿਆਲੇ ਦੀ ਵਾਸੀ ਕਹੀ ਜਾਂਦੀ ਹੈ ਇਹ ਘਟਨਾ ਐਤਵਾਰ ੧੪ ਮਈ ਦੀ ਸ਼ਾਮ ਨੂੰ ਕਰੀਬ ਅੱਠ ਵਜੇ ਦੀ ਹੈ। ਇਹ ਔਰਤ ਜਿਸ ਵੇਲੇ ਸਰੋਵਰ ਦੀਆਂ ਪੌੜੀਆਂ ਕੋਲ ਸ਼ਰਾਬ ਪੀ ਰਹੀ ਸੀ ਤਾਂ ਸੇਵਾਦਾਰਾਂ ਨੇ ਜਦੋਂ ਇਸ ਦੀ ਪੁੱਛ ਪੜਤਾਲ ਕੀਤੀ ਤਾਂ ਇਸ ਨੇ ਮੌਕੇ ਤੇ ਹੀ ਸ਼ਰਾਬ ਦੀ ਸ਼ੀਸ਼ੀ ਤੋੜ ਦਿੱਤੀ ਅਤੇ ਸੇਵਾਦਾਰਾਂ ਨਾਲ ਝਗੜਨ ਲੱਗ ਪਈ। ਸੇਵਾਦਾਰਾਂ ਨੇ ਇਸ ਨੂੰ ਫੜ ਕੇ ਮੈਨੇਜਰ ਦੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਤੁਰੰਤ ਹੀ ਪੁਲਿਸ ਬੁਲਾ ਲਈ ਗਈ ਪਰ ਜਦੋਂ ਇਸ ਔਰਤ ਨੂੰ ਫੜ ਕੇ ਪੁਲਿਸ ਲਿਜਾ ਰਹੀ ਸੀ ਤਾਂ ਸੰਗਤ ਵਿਚੋਂ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਵਿਅਕਤੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਇਸ ਔਰਤ ਦੇ ਪੰਜ ਗੋਲੀਆਂ ਮਾਰੀਆਂ ਜਿਹਨਾ ਵਿਚੋਂ ਤਿੰਨ ਗੋਲੀਆਂ ਇਸ ਔਰਤ ਦੇ ਲੱਗੀਆਂ ਅਤੇ ਇਹ ਮੌਕੇ ਤੇ ਹੀ ਦਮ ਤੋੜ ਗਈ। ਚਲਾਈਆਂ ਗਈਆਂ ਗੋਲੀਆਂ ਨਾਲ ਇੱਕ ਸਾਗਰ ਮਲਹੋਤਰਾ ਨਾਮ ਦਾ ਲੜਕਾ ਵੀ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਹੁਣ ਖਤਰੇ ਚੋਂ ਬਾਹਰ ਹੈ। ਪਰਵਿੰਦਰ ਨਾਮ ਦੀ ਔਰਤ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੂੰ ਨਸ਼ੇ ਦੀ ਲੱਤ ਲੱਗੀ ਹੋਈ ਸੀ ਅਤੇ ਉਸ ਦੇ ਪਰਸ ਵਿਚੋਂ ਪਟਿਆਲੇ ਦੇ ਇੱਕ ਡੀ ਅਡੈਕਸ਼ਨ ਸੈਂਟਰ ਦੀ ਪਰਚੀ, ਜਰਦੇ ਦੀਆਂ ਪੁੜੀਆਂ ਅਤੇ ਨਸ਼ੇ ਦੀਆਂ ਗੋਲੀਆਂ ਮਿਲੀਆਂ ਹਨਇਹ ਜਾਣਕਾਰੀ ਛਪਣ ਤਕ ਇਸ ਔਰਤ ਨਾਲ ਸਬੰਧਤ ਅਜੇ ਤਕ ਕੋਈ ਵੀ ਵਿਅਕਤੀ ਸਾਹਮਣੇ ਨਹੀਂ ਆਇਆ।

ਜੋ ਸਵਾਲ ਜਵਾਬ ਮੰਗਦਾ ਹੈ ਉਹ ਇਹ ਹੀ ਹੈ ਕਿ ਨਸ਼ੇ ਦੀ ਲੱਤ ਵਾਲੇ,ਡਰੱਗੀ ਅਤੇ ਮਾਨਸਿਕ ਤੌਰ ਤੇ ਪੀੜਤ ਲੋਕ ਆਖਰ ਗੁਰਦੁਅਰਿਆਂ ਵਿਚ ਜਾ ਕੇ ਬੇਅਦਬੀਆਂ ਕਿਓਂ ਕਰਦੇ ਹਨ ਅਤੇ ਪੁਲਸ ਜਾਂ ਗੁਪਤਚਰ ਵਿਭਾਗ ਹਾਲੇ ਤਕ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਤਹਿ ਤਕ ਕਿਓਂ ਨਹੀਂ ਪਹੁੰਚੇ?

ਜਥੇਦਾਰ ਅਕਾਲ ਤਖਤ ਦੀ ਕਿਰਕਰੀ

ਇਹਨੀ ਦਿਨੀ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਪੰਜਾਬ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਬੌਲੀਵੁਡ ਅਦਾਕਾਰਾ ਪ੍ਰਣੀਤੀ ਚੋਪੜਾ ਦੀ ਕੁੜਮਾਈ ਵਿਚ ਜਾਣ ਕਰਕੇ ਬੁਰੀ ਤਰਾਂ ਚਰਚਾ ਵਿਚ ਹੈ। ਇਸ ਕੁੜਮਾਈ ਵਿਚ ਰਾਘਵ ਤੇ ਪ੍ਰਣੀਤੀ ਇੱਕ ਸੋਫੇ ਤੇ ਬੈਠੇ ਦਖਾਈ ਦੇ ਰਹੇ ਹਨ ਜਦ ਕਿ ਸਾਹਮਣੇ ਕੀਰਤਨੀ ਜਥਾ ਕੀਰਤਨ ਕਰ ਰਿਹਾ ਹੈ। ਇਸ ਕੁੜਮਾਈ ਵਿਚ ਜਥੇਦਾਰ ਦਾ ਜਾਣਾ ਵੱਡੇ ਵਿਰੋਧ ਦਾ ਕਾਰਨ ਬਣ ਰਿਹਾ ਹੈ। ਲੋਕ ਪੁੱਛਦੇ ਹਨ ਇਸ ਤਰਾਂ ਦਾ ਜਥੇਦਾਰ ਇਸ ਸੰਕਟ ਦੀ ਘੜੀ ਵਿਚ ਪੰਥ ਦੀ ਕੀ ਅਗਵਾਈ ਕਰੇਗਾ ਜੋ ਖੁਦ ਗੈਰ ਜਿੰਮੇਦਰਾਨਾ ਹਰਕਤਾਂ ਕਰ ਰਿਹਾ ਹੈ? ਇਸ ਤੋਂ ਪਹਿਲਾਂ ਜਦੋਂ ਇਸੇ ਜਥੇਦਾਰ ਨੇ ਕਾਂਗਰਸੀ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗੈਰ ਅੰਮ੍ਰਿਤਧਾਰੀ ਮੁੰਡੇ ਦੇ ਵਿਆਹ &lsquoਤੇ ਜਾ ਕੇ ਅਰਦਾਸ ਕੀਤੀ ਸੀ ਤਾਂ ਵੀ ਇਸ ਦੀ ਕਾਫੀ ਚਰਚਾ ਹੋਈ ਸੀ।

ਇਸ ਕੁੜਮਾਈ ਵਿਚ ਪਹੁੰਚੇ ਭਾਈ ਜਸਵੰਤ ਸਿੰਘ ਦੇ ਕੀਰਤਨੀ ਜਥੇ ਪ੍ਰਤੀ ਵੀ ਲੋਕਾਂ ਦੇ ਮਨਾ ਵਿਚ ਬਹੁਤ ਰੋਸ ਹੈ। ਭਾਈ ਜਸਕਰਨ ਸਿੰਘ ਨੇ ਕਿਹਾ ਕਿ ਅਸੀਂ ਤਾਂ ਮੰਤਰੀਆਂ ਸੰਤਰੀਆਂ ਦੇ ਅਕਸਰ ਜਾਂਦੇ ਹੀ ਹਾਂ ਪਰ ਜਦ ਉਸ ਤੋਂ ਪੁੱਛਿਆ ਕਿ ਤੁਸੀਂ ਰਾਘਵ ਤੇ ਪ੍ਰਣੀਤੀ ਦਾ ਸੋਫੇ ਤੇ ਬੈਠਣ ਕਰਕੇ ਵਿਰੋਧ ਕਿਓਂ ਨਾ ਕੀਤਾ ਤਾਂ ਜਸਵੰਤ ਸਿੰਘ ਨੇ ਕਿਹਾ ਕਿ ਅਸੀਂ ਜਥੇਦਾਰ ਜੀ ਦੀ ਸ਼ਮੂਲੀਅਤ ਕਾਰਨ ਕੁਝ ਬੋਲਣਾ ਮੁਨਾਸਿਬ ਨਾ ਸਮਝਿਆ। ਲੋਕਾਂ ਦੇ ਰੋਸ ਨੂੰ ਦੇਖਦਿਆਂ ਭਾਈ ਜਸਵੰਤ ਸਿੰਘ ਨੇ ਸੰਗਤਾਂ ਤੋਂ ਮੁਆਫੀ ਵੀ ਮੰਗ ਲਈ ਹੈ ਪਰ ਇਸ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਦਾ ਕੋਈ ਵੀ ਸਪਸ਼ਟੀ ਕਰਨ ਸੁਣਨ ਵਿਚ ਨਹੀਂ ਆਇਆ। ਪੰਥ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਲਿਫਾਫਾ ਕਲਚਰ ਅਤੇ ਸਿਫਾਰਸ਼ ਕਲਚਰ ਤੋਂ ਮੁਕਤ ਹੋਣ ਦੀ ਲੋੜ ਹੈ। ਜੇਕਰ ਪੰਥ ਦੇ ਜਥੇਦਾਰ ਹੀ ਇਸ ਜਿੱਲਣ ਵਿਚ ਫਸੇ ਹੋਣਗੇ ਤਾਂ ਉਹ ਪੰਥ ਨੂੰ ਨੁਕਸਾਨ ਪਹੁੰਚਾ ਰਹੇ ਲੀਹੋਂ ਲੱਥੇ ਰਾਗੀਆਂ, ਢਾਡੀਆਂ, ਕਥਾਵਾਚਕਾਂ, ਗ੍ਰੰਥੀਆਂ ਅਤੇ ਰਾਜਨੀਤਕਾਂ ਦੀ ਕਿਵੇਂ ਜਵਾਬਦੇਹੀ ਕਰ ਸਕਦੇ ਹਨ?


ਭਾਜਪਾ ਨੂੰ ਝਟਕੇ ਤੇ ਝਟਕੇ

ਭਾਜਪਾ ਅਤੇ ਆਰ ਐਸ ਐਸ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਕੇਂਦਰੀਕਰਨ ਦੇ ਨਾਅਰੇ ਹੇਠ ਭਾਜਪਾ ਵਿਰੋਧੀ ਰਾਜ ਸਰਕਾਰਾਂ ਨੂੰ ਕਿਸੇ ਨਾ ਕਿਸੇ ਤਰਾਂ ਢਾ ਲਾਈ ਜਾਵੇ ਅਤੇ ਕੇਂਦਰ ਨੂੰ ਉਹਨਾ ਤੇ ਹਾਵੀ ਕੀਤਾ ਜਾਵੇ। ਭਾਜਪਾ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦਰਮਿਆਨ ਸਟੇਟ ਦੇ ਅਧਿਕਾਰਾਂ ਨੂੰ ਲੈ ਕੇ ਜੋ ਸੁਣਵਾਈ ਸੁਪਰੀਮ ਕੋਰਟ ਵਿਚ ਚਲ ਰਹੀ ਸੀ ਉਸ ਨੇ ਭਾਜਪਾ ਨੂੰ ਰਗੜੇ ਲਾਏ ਹਨ। ਸੁਪਰੀਮ ਕੋਰਟ ਨੇ ਸਪੱਸ਼ਟ ਫੈਸਲਾ ਕੀਤਾ ਹੈ ਕਿ ਦਿੱਲੀ ਵਿਚ ਜਨਤਾ ਨੇ ਜੋ ਵੋਟਾਂ ਪਾ ਕੇ ਸਰਕਾਰ ਬਣਾਈ ਹੈ, ਦਿੱਲੀ ਦੇ ਪ੍ਰਸ਼ਾਸਨਕ ਅਤੇ ਨੌਕਰਸ਼ਾਹੀ ਦੇ ਸਾਰੇ ਅਧਿਕਾਰ ਉਸ ਸਰਕਾਰ ਹੇਠ ਹੋਣਗੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਲੈਫਟੀਨੈਂਟ ਗਵਰਨਰ ਨੂੰ ਕੇਜਰੀਵਾਲ ਸਰਕਾਰ ਦੇ ਫੈਸਲੇ ਮੰਨਣੇ ਪੈਣਗੇ। ਗਵਰਨਰ ਕੋਲ ਕੇਵਲ ਅਮਨ ਕਾਨੂੰਨ, ਜਮੀਨ ਜਾਇਦਾਦ ਅਤੇ ਪੁਲਿਸ ਦੇ ਅਧਿਕਾਰ ਹਨ ਨਾ ਕਿ ਆਮ ਵਿਧਾਨਕ ਅਧਿਕਾਰ।

ਇਸੇ ਤਰਾਂ ਮਹਾਂਰਾਸ਼ਟਰ ਵਿਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਥੇ ਉਧਵ ਠਾਕਰੇ ਸਰਕਾਰ ਨੂੰ ਮੁੜ ਬਹਾਲ ਨਹੀਂ ਕੀਤਾ ਜਾ ਸਕਦਾ ਕਿਓਂਕਿ ਠਾਕਰੇ ਨੇ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ ਸੀ।

ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਨੇ ਜਿਥੇ ਭਾਜਪਾ ਦੇ ਪੈਰਾਂ ਹੇਠਲੀ ਜ਼ਮੀਨ ਨੂੰ ਹਿਲਾਇਆ ਹੈ ਉਥੇ ਜਲੰਧਰ ਦੀ ਲੋਕ ਸਭਾ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਨੇ ਵੀ ਭਾਜਪਾ ਦੇ ਭਵਿੱਖ ਤੇ ਨਿਸ਼ਾਨੀਆ ਚਿੰਨ ਲਾਏ ਹਨ।

ਇਹ ਗੱਲ ਗੌਰ ਕਰਨ ਵਾਲੀ ਹੈ ਕਿ ਭਾਰਤ ਵਿਚ ਭਾਜਪਾ ਦੀ ਤਰਜ &lsquoਤੇ ਹਿੰਦੂ ਰਾਜ ਸਥਾਪਤ ਹੋ ਚੁੱਕਾ ਹੈ ਅਤੇ ਹੁਣ ਕੇਂਦਰੀਕਰਨ ਦੇ ਨਾਅਰੇ ਹੇਠ ਨਾ ਕੇਵਲ ਦੇਸ਼ ਦਾ ਪੁਲਸ, ਪ੍ਰਸ਼ਾਸਨ ਹੀ ਸਗੋਂ ਧਰਮ, ਬੋਲੀ, ਵਿੱਦਿਆ ਅਤੇ ਸਮਾਜਕ ਵਰਤਾਰੇ ਦਾ ਮੁਕੰਮਲ ਤੌਰ ਤੇ ਭਗਵਾਂ-ਕਰਨ ਕੀਤਾ ਜਾ ਰਿਹਾ ਹੈ। ਵਿੱਦਿਅਕ ਖੇਤਰ ਵਿਚ ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ ਨੂੰ ਆਰ ਐਸ ਐਸ ਅਨੁਸਾਰੀ ਕੀਤਾ ਜਾ ਰਿਹਾ ਹੈ। ਭਾਜਪਾ ਦੀ ਕੋਸ਼ਿਸ਼ ਹੈ ਕਿ ਦੇਸ਼ ਵਿਚ ਇੱਕ ਧਰਮ, ਇੱਕ ਬੋਲੀ ਦੇ ਨਾਅਰੇ ਹੇਠ ਭਾਜਪਾ ਦੇ ਰਾਜਨੀਤਕ ਵਿਰੋਧੀਆਂ ਅਤੇ ਘੱਟਗਿਣਤੀਆਂ ਦੇ ਰਾਜਨੀਤਕ ਅਧਿਕਾਰ ਜ਼ਬਤ ਕਰ ਲਏ ਜਾਣ।


ਜੰਤਰ ਮੰਤਰ ਤੇ ਬੈਠੀਆਂ ਪਹਿਲਵਾਨ ਬੀਬੀਆਂ ਦੀ ਦੁਹਾਈ

ਦਿੱਲੀ ਦੇ ਜੰਤਰ ਮੰਤਰ ਤੇ ਪਹਿਲਵਾਨ ਔਰਤਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੇ ਤੇਵਰ ਦਿਨੋ ਦਿਨ ਤਿੱਖੇ ਹੁੰਦੇ ਜਾ ਰਹੇ ਹਨਇਹਨਾ ਮਹਿਲਾ ਪਹਿਲਵਾਨਾਂ ਵਲੋਂ ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਪਹਿਲਵਾਨ ਔਰਤਾਂ ਨਾਲ ਛੇੜਛਾੜ ਅਤੇ ਸਾਜਸ਼ਾਂ ਰਚਣ ਦੇ ਦੋਸ਼ ਹਨ। ਹੈਰਾਨੀ ਦੀ ਗੱਲ ਹੈ ਕਿ ਇਨਸਾਫ ਲਈ ਮਹਿਲਾ ਪਹਿਲਵਾਨਾਂ ਨੂੰ ਸੁਪਰੀਮ ਕੋਰਟ ਦਾ ਦਰ ਖੜਕਾਉਣਾ ਪਿਆ। ਹਾਲ ਹੀ ਵਿਚ ਜਦੋਂ ਇਹ ਰੋਹ ਤਿੱਖਾ ਹੋ ਗਿਆ ਅਤੇ ਵਿਦਿਆਰਥੀ ਵੀ ਪਹਿਲਵਾਨਾਂ ਦੇ ਹੱਕ ਵਿਚ ਆ ਨਿੱਤਰੇ ਤਾਂ ਰਾਤ ਦੇ ਸਮੇਂ ਇਸ ਧਰਨੇ ਨੂੰ ਖਦੇੜਨ ਲਈ ਪੁਲਿਸ ਨੇ ਬੁਰੀ ਤਰਾਂ ਨਾਲ ਖਿੱਚ ਧੂ ਕੀਤੀ ਜੋ ਕਿ ਮੀਡੀਏ ਦੀਆ ਸੁਰਖੀਆਂ ਬਣੀ ਹੋਈ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਵੀ ਇਸ ਧਰਨੇ ਨੂੰ ਹਿਮਾਇਤ ਦੇਣ ਦਾ ਐਲਾਨ ਕਿਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਦੂਜੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਅਤੇ ਖਾਪ ਪੰਚਾਇਤਾਂ ਵੀ ਇਸ ਧਰਨੇ ਦੀ ਹਿਮਾਇਤ ਤੇ ਆ ਗਈਆਂ ਹਨ।

੨੩ ਅਪ੍ਰੈਲ ਤੋਂ ਇਹ ਪਹਿਲਵਾਨ ਔਰਤਾਂ ਧਰਨੇ ਤੇ ਬੈਠੀਆਂ ਹਨ। ਜ਼ਿਕਰ ਯੋਗ ਹੈ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਯੂ ਪੀ ਤੋਂ ਭਾਜਪਾ ਦਾ ਸਾਂਸਦ ਮੈਂਬਰ ਵੀ ਹੈ ਜਿਸ ਦੇ ਖਿਲਾਫ ਗੰਭੀਰ ਜਿਨਸੀ ਸ਼ੋਸ਼ਣ ਦੇ ਦੋਸ਼ ਹਨ। ਜਦੋਂ ਪੁਲਿਸ ਵਲੋਂ ਪਹਿਲਵਾਨਾ ਨਾਲ ਪੁਲਿਸ ਨੇ ਦੁਰਵਿਵਹਾਰ ਕੀਤਾ ਤਾਂ ਇਸ ਧਰਨੇ ਦੀਆਂ ਆਗੂ ਪਹਿਲਵਾਨ ਵਿਨਾਸ਼ ਫੋਗਾਟ ਅਤੇ ਬਜਰੰਗ ਪੂਨੀਆਂ ਨੇ ਪਹਿਲਵਾਨਾ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਦੇ ਖਿਲਾਫ ਰੋਸ ਵਜੋਂ ਆਪਣੇ ਤਮਗੇ ਵਾਪਸ ਕਰ ਦੇਣ। ਓਲਿੰਪਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਅਸੀਂ ਭਾਵੇਂ ਪਦਮ ਸ੍ਰੀ ਪੁਰਸਕਾਰ ਜੇਤੂ ਹਾਂ ਪਰ ਹੁਣ ਜਦੋਂ ਸਰਕਾਰ ਸੜਕਾਂ ਤੇ ਰੁਲ ਰਹੀਆਂ ਆਪਣੀਆਂ ਖਿਡਾਰਨ ਧੀਆਂ ਦੇ ਦੁੱਖ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਅਤੇ ਸਰਕਾਰ ਦੀ ਪੁਲਿਸ ਸਾਡੇ ਨਾਲ ਅਣਮਨੁੱਖੀ ਵਿਵਹਾਰ ਕਰ ਰਹੀ ਹੈ ਤਾਂ ਅਸੀਂ ਇਹਨਾ ਤਮਗਿਆਂ ਅਤੇ ਪੁਰਸਕਾਰਾਂ ਨੂੰ ਕੀ ਕਰਨਾ ਹੈ?

ਪੁਲਿਸ ਨੇ ਬ੍ਰਿਜ ਭੂਸ਼ਣ ਖਿਲਾਫ ਇੱਕ ਐਫ ਆਈ ਆਰ ਨਬਾਲਗ ਪਹਿਲਵਾਨ ਮਹਿਲਾ ਵਲੋਂ ਅਤੇ ਦੂਜੀ ਐਫ ਆਈ ਆਰ ਬਾਲਗ ਮਹਿਲਾਵਾਂ ਵਲੋਂ ਦਰਜ ਕੀਤੀ ਹੈ ਪਰ ਪਹਿਲਵਾਨਾਂ ਦਾ ਕਹਿਣਾ ਹੈ ਕਿ ਉਹਨਾ ਨੇ ਇਹ ਧਰਨਾ ਉਦੋਂ ਤਕ ਨਹੀਂ ਚੁੱਕਣਾ ਜਦ ਤਕ ਕਿ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਲਈ ਇੱਕ ਮਹਿਲਾ ਡੀ ਜੀ ਪੀ ਦੀ ਅਗਵਾਈ ਵਿਚ ਕੁਝ ਪੜਤਾਲੀਆ ਟੀਮਾਂ ਗਠਿਤ ਕੀਤੀਆਂ ਹਨ। ਇਸ ਮਾਮਲੇ ਦੀ ਪੜਤਾਲ ਲਈ ਗਠਿਤ ਐਸ ਆਈ ਟੀ ਹੁਣ ਬ੍ਰਿਜ ਭੂਸ਼ਣ ਤੋਂ ਉਸ ਦੇ ਮੋਬਾਇਲ ਦਾ ਡੇਟਾ ਅਤੇ ਲੋੜੀਂਦੀਆਂ ਵੀਡੀਓ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਹੈ। ਬ੍ਰਿਜ ਭੂਸ਼ਣ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਕਿਸਾਨਾਂ ਅਤੇ ਖਾਪ ਪੰਚਾਇਤਾਂ ਨੇ ਪਹਿਲਵਾਨਾ ਨਾਲ ਮੁਲਾਕਾਤ ਕਰਨ ਮਗਰੋਂ ਸਰਕਾਰ ਨੂੰ ੨੧ ਮਈ ਤਕ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਸਰਕਾਰ ੨੧ ਮਈ ਤਕ ਮਸਲਾ ਹੱਲ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

ਲੇਖਕ: ਕੁਲਵੰਤ ਸਿੰਘ ਢੇਸੀ