image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਅਨੰਦਪੁਰ ਸਾਹਿਬ ਦੇ ਮਤੇ ਦੀ ਪੁਨਰ ਸੁਰਜੀਤੀ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਸੰਭਵ ਨਹੀਂ ਹੈ ।

ਸ਼੍ਰੋਮਣੀ ਅਕਾਲੀ ਦਲ, ਗੁਰਦੁਆਰਿਆਂ, ਰਹਿਤ ਮਰਿਯਾਦਾ ਅਤੇ ਵੱਖਰੀ ਅਜ਼ਾਦ ਸਿੱਖ ਹਸਤੀ ਦੀ ਰਾਖੀ ਕਰਨ ਲਈ ਕਾਇਮ ਕੀਤਾ ਗਿਆ ਸੀ ਅਤੇ ਇਸ ਦਾ ਹਰ ਮੈਂਬਰ ਅੰਮ੍ਰਿਤਧਾਰੀ ਹੁੰਦਾ ਸੀ (ਭਾਵ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਅੰਮ੍ਰਿਤਧਾਰੀ ਹੀ ਹੋਣਾ ਚਾਹੀਦਾ ਹੈ) ਉਦੋਂ ਇਸ ਨੇ ਬਕਾਇਦਾ ਤੌਰ &lsquoਤੇ ਇਕ ਰਾਜਸੀ ਪਾਰਟੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਸ ਨੇ ਪੰਜਾਬ ਦੇ ਸਮਾਜਿਕ, ਰਾਜਸੀ ਤੇ ਆਰਥਿਕ ਹਿੱਤਾਂ ਦੀ ਰਾਖੀ ਕਰਨ ਦਾ ਜਿੰਮਾਂ ਵੀ ਲਿਆ । ਇਸ ਦੇ ਨਾਲ ਹੀ ਇਸ ਨੇ ਖ਼ਾਲਸਾ ਪੰਥ ਵੱਲੋਂ ਕੀਤੇ ਜਾਣ ਵਾਲੇ ਸਾਰੇ ਕੰਮਾਂ ਨੂੰ ਆਪਣੇ ਹੱਥਾਂ ਵਿੱਚ ਲਿਆ । ਇਸ ਤਰ੍ਹਾਂ ਇਹ ਸਿੱਖਾਂ ਦੀ ਵਾਹਦ ਰਾਜਸੀ ਪਾਰਟੀ ਬਣ ਗਿਆ ਅਤੇ ਇਸ ਨੇ ਇਕ ਜਥੇਬੰਦੀ ਦਾ ਰੂਪ ਧਾਰ ਲਿਆ ਅਤੇ ਇਸ ਦਾ ਮਨੋਰਥ ਧਰਤੀ ਉੱਤੋਂ ਜਿੰਨਾ ਹੋ ਸਕੇ ਅਨਿਆਂ ਖਤਮ ਕਰਨਾ ਬਣ ਗਿਆ । ਜਾਤ-ਪਾਤ ਦਾ ਖਾਤਮਾ, ਨਸ਼ਿਆਂ ਦਾ ਖਾਤਮਾ ਅਤੇ ਅਨਪੜ੍ਹਤਾ ਦੂਰ ਕਰਨਾ ਵੀ ਇਸ ਦੇ ਨਿਸ਼ਾਨੇ ਬਣ ਗਏ । 1966 ਤੱਕ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਦੇ ਮਨੋਰਥਾਂ ਅਨੁਸਾਰ ਚੱਲਦਾ ਰਿਹਾ । ਅੱਜ ਇਸ ਦੇ ਪ੍ਰਭਾਵ ਨੂੰ ਚੋਖਾ ਧੱਕਾ ਲੱਗ ਚੁੱਕਾ ਹੈ ਕਿਉਂਕਿ ਇਹ ਆਪਸੀ ਵਿਰੋਧ ਦੇ ਗ੍ਰਸੇ ਕਈ ਧੜਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਹਰ ਧੜੇ ਅੰਦਰ ਹੋਰ ਕਈ ਧੜੇ ਹਨ । ਹਾਲਾਤ ਇਥੋਂ ਤੱਕ ਖਰਾਬ ਹੋ ਗਏ ਹਨ ਕਿ ਅਕਾਲ ਤਖ਼ਤ ਵੀ ਇਨ੍ਹਾਂ ਨੂੰ ਇਕ ਧਾਗੇ ਵਿੱਚ ਪਰੋ ਕੇ ਮਜ਼ਬੂਤ ਜਥੇਬੰਦੀ ਦਾ ਰੂਪ ਦੇਣ ਵਿੱਚ ਫੇਲ੍ਹ ਹੋਇਆ ਹੈ । ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀਆਂ ਅਕਾਲੀ ਰਵਾਇਤਾਂ ਬੀਤੇ ਦੀ ਗੱਲ ਬਣ ਕੇ ਰਹਿ ਗਈਆਂ ਹਨ ਤੇ ਵੱਖਰੀ ਅਜ਼ਾਦ ਸਿੱਖ ਹਸਤੀ ਦੀ ਰਾਖੀ ਕਰਨ ਦਾ ਏਜੰਡਾ ਵੀ ਪੰਜਾਬੀ ਪਾਰਟੀ ਦੇ ਏਜੰਡੇ ਨੇ ਖ਼ਤਮ ਕਰ ਦਿੱਤਾ ਹੈ । ਪੰਜਾਬੀ ਪਾਰਟੀ ਦੇ ਏਜੰਡੇ ਤਹਿਤ ਅਕਾਲੀ ਦਲ ਬਾਦਲ ਨੇ ਆਪਣੇ ਆਪ ਨੂੰ ਕੇਸਾਧਾਰੀ ਹਿੰਦੂ ਸਵੀਕਾਰ ਕਰ ਲਿਆ ਹੈ । 
ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਅੰਕ 2978 ਦੇ 16 ਸਫ਼ੇ ਉੱਤੇ ਇਸ ਸਿਰਲੇਖ ਹੇਠ ਖ਼ਬਰ ਛੱਪੀ ਹੈ ਕਿ : ਅਕਾਲੀ ਦਲ ਦੀ ਹੋਂਦ ਬਚਾਉਣ ਲਈ ਜਥੇਦਾਰ ਅਕਾਲ ਤਖ਼ਤ ਸਰਗਰਮ, ਇਸ ਖ਼ਬਰ ਵਿੱਚ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਛਪਿਆ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ ਰਾਜਾਂ ਦੇ ਵੱਧ ਅਧਿਕਾਰਾਂ ਲਈ ਜੇਕਰ ਕਿਸੇ ਪਾਰਟੀ ਨੇ ਆਵਾਜ਼ ਉਠਾਈ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ । ਇਸ ਵਿੱਚ ਦੋ ਰਾਵਾਂ ਨਹੀਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਮਤੇ ਦੇ ਤਹਿਤ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ । ਅਨੰਦਪੁਰ ਦਾ ਮਤਾ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਕੌਮ ਨਾਲ ਕੀਤਾ ਗਿਆ ਇਕ ਵਚਨ ਪੱਤਰ ਅਥਵਾ ਇਕ ਅਹਿਦਨਾਮਾ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖ਼ੁਦ ਆਪ ਆਪਣੀ ਇੱਛਾ ਨਾਲ ਅੰਗੀਕਾਰ ਕੀਤਾ ਹੈ । ਅਨੰਦਪੁਰ ਦੇ ਮਤੇ ਦੇ ਏਜੰਡੇ ਦਾ ਤਿਆਗ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਨਹੀਂ ਬਚਾ ਸਕੇਗਾ । ਅਨੰਦਪੁਰ ਸਾਹਿਬ ਦੇ ਮਤੇ ਵਿੱਚ ਰਾਜਾਂ ਦੇ ਵੱਧ ਅਧਿਕਾਰਾਂ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਮਦਾਂ ਵੀ ਸ਼ਾਮਿਲ ਹਨ, ਜੈਸਾ ਕਿ : (1) ਸਿੰਘਾਂ ਵਿੱਚ ਪੰਥਕ ਅਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼ ਕਾਲ ਘੜਨਾ ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਉ ਪੂਰਨ ਤੌਰ ਤੇ ਪ੍ਰਜÍਲਤ ਹੋ ਸਕੇ । (2) ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ, ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਅਤੇ ਮੌਜੂਦਾ ਕਾਣੀ ਵੰਡ ਤੇ ਲੁੱਟ ਖਸੱੁਟ ਨੂੰ ਦੂਰ ਕਰਨਾ । ਨਸ਼ਿਆਂ ਦੀ ਨਿਖੇਧੀ ਅਤੇ ਬੰਦਿਸ਼ ਤੇ ਸਰੀਰਕ ਅਰੋਗਤਾ ਦਾ ਵਾਧਾ ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਉ ਲਈ ਤਿਆਰ ਹੋ ਸਕੇ । (ਨੋਟ - ਜੇ ਸਿੱਖਾਂ ਦੀ ਰਾਜਸੀ ਪਾਰਟੀ ਅਖਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ, ਅਨੰਦਪੁਰ ਦੇ ਮਤੇ ਮੁਤਾਬਕ ਨਸ਼ਿਆਂ &lsquoਤੇ ਬੰਦਿਸ਼ ਲਾਉਣ ਦਾ ਵਾਅਦਾ ਪੂਰਾ ਕਰ ਦਿੰਦਾ ਤਾਂ ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਹੜ ਵਿੱਚ ਰੁੜਨ ਤੋਂ ਬਚ ਜਾਣੀ ਸੀ ਤੇ ਹਰ ਰੋਜ਼, ਹਰ ਪਿੰਡ ਵਿੱਚ ਨੌਜਵਾਨਾਂ ਦੀਆਂ ਨਸ਼ੇ ਨਾਲ ਮੌਤਾਂ ਨਹੀਂ ਹੋਣੀਆਂ ਸਨ ਤੇ ਨਾ ਹੀ ਨਸ਼ੇੜੀ ਨੌਜਵਾਨਾਂ ਨੂੰ ਸਿੱਖ ਸਰੋਕਾਰਾਂ ਵਿਰੁੱਧ ਵਰਤਿਆ ਜਾਣਾ ਸੀ) (3) ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਰਾਜਸੀ ਨਿਸ਼ਾਨਾ ਨਿਸ਼ਚੇ ਤੌਰ &lsquoਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ ਅਨੁਸਾਰ ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖ਼ਾਲਸਾ ਪੰਥ ਦੇ ਮਨ ਮੰਦਰ ਵਿੱਚ ਉਕਰਿਆ ਚੱਲਿਆ ਆ ਰਿਹਾ ਹੈ, ਜਿਸ ਦਾ ਮਕਸਦ ਖ਼ਾਲਸੇ ਜੀ ਦੇ ਬੋਲ ਬਾਲੇ ਹੈ, ਖ਼ਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਤੇ ਰਾਜਸੀ ਵਿਧਾਨ ਦੀ ਸਿਰਜਣਾ ਦੀ ਪ੍ਰਾਪਤੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਸਿਧਾਂਤਾਂ ਦੀ ਨੀਂਹ ਹੈ (ਨੋਟ : ਸ਼੍ਰੋਮਣੀ ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਦਾ ਮਤਾ ਜਿਹੜਾ ਸ੍ਰੀ ਅਨੰਦਪੁਰ ਦਾ ਮਤਾ ਕਰਕੇ ਪ੍ਰਸਿੱਧ ਹੈ ਦਾ ਵਿਸਥਾਰ ਜਾਣਨ ਲਈ ਪਿਛਲੇਰੇ ਪੰਜਾਬ ਟਾਈਮਜ਼ ਦੇ ਅੰਕ 2977 ਦੇ ਸਫ਼ਾ 30 ਉੱਤੇ ਦਾਸ ਦਾ ਲਿਖਿਆ ਅਨੰਦਪੁਰ ਸਾਹਿਬ ਦੇ ਮਤੇ ਦੀ ਅਸਲੀਅਤ ਲੇਖ ਪੜੋ੍ਹ) ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਅਣਖ ਦੀ ਨਿਸ਼ਾਨੀ ਹੈ ਨਿਰਸੰਦੇਹ ਅਨੰਦਪੁਰ ਦੇ ਮਤੇ ਦਾ ਏਜੰਡਾ ਲਾਗੂ ਕੀਤੇ ਤੋਂ ਬਿਨਾਂ ਇਸ ਦੀ ਹੋਂਦ ਨੂੰ ਬਚਾਉਣਾ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੈ । ਅੰਤ ਵਿੱਚ ਭਾਈ ਨਰਾਇਣ ਸਿੰਘ ਚੌੜਾ ਜੀ ਦੀਆਂ ਇਨ੍ਹਾਂ ਸਤਰ੍ਹਾਂ ਨਾਲ ਸਮਾਪਤੀ ਕਰਦਾ ਹਾਂ :
ਐ ਅਕਾਲੀਉ ਪੰਥ ਦੀ ਨੁਮਾਇੰਦਾ, ਤੇ ਸ਼ਹੀਦਾਂ ਦੀ ਜਥੇਬੰਦੀ ਅਖਵਾਉਣ ਵਾਲਿਉ । ਕੀ ਤੁਸੀਂ ਪੰਥ ਦੀ ਨੁਮਾਇੰਦਗੀ ਕਰ ਰਹੇ ਹੋ ? ਜਾਂ ਗੰਗੂਆਂ ਦਾ ਪਾਣੀ ਭਰ ਰਹੇ ਹੋ । ਕੀ ਅਕਾਲ ਤਖ਼ਤ ਤੋਂ, ਤਖ਼ਤ ਦਿਲੀ ਨਿਆਰਾ ? ਕੀ ਗੁਰੂ ਗ੍ਰੰਥ ਤੋਂ ਪੋਟੋ ਹੈ ਪਿਆਰਾ । ਕੀ ਪੰਥ ਦੀ ਅਖੰਡਤਾ ਤੋਂ, ਹਿੰਦ ਦੀ ਅਖੰਡਤਾ ਹੈ ਉੱਚੀ ? ਕੀ ਖ਼ਾਲਸੇ ਦੀ ਏਕਤਾ ਤੋਂ, ਗੈਰਾਂ ਨਾਲ ਏਕਤਾ ਹੈ ਸੁੱਚੀ । ਪੰਥ ਦੀ ਅਣਖ, ਕਿਉਂ ਤੁਸੀਂ ਵਿਸਾਰੀ  ! ਦਸ਼ਮੇਸ਼ ਦੀ ਬਖ਼ਸ਼ੀ ਕਿਉਂ ਭੁਲੀ ਸਰਦਾਰੀ ? ਆਉ ਇਕੱਠੇ ਹੋਈਏ, ਤੇ ਪੰਥ ਲਈ ਕੁਝ ਕਰੀਏ । ਦਸ਼ਮੇਸ਼ ਜੀ ਦਾ ਹੁਕਮ ਮੰਨੀਏ, ਤੇ ਅਜ਼ਾਦੀ ਲਈ ਲੜੀਏ । (ਲਲਕਾਰ ਵਿੱਚੋਂ ਧੰਨਵਾਦ ਸਹਿਤ)
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ