ਸਿੱਧਾਰਮਈਆ ਨੇ ਕਰਨਾਟਕ ਦੇ ਮੁੱਖ ਮੰਤਰੀ ਅਤੇ ਡੀਕੇ ਸ਼ਿਵਕੁਮਾਰ ਨੇ ਉਪ ਮੁੱਖ ਮੰਤਰੀ ਵਜੋਂ ਲਿਆ ਹਲਫ਼
 ਬੰਗਲੌਰ: ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਸ਼ਨਿਚਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ। ਉਨ੍ਹਾਂ ਦੇ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਵੀ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਥਾਵਰਚੰਦ ਗਹਿਲੋਤ ਨੇ ਸਥਾਨਕ ਸ੍ਰੀ ਕਾਂਤੀਰਵਾ ਸਟੇਡੀਅਮ ਵਿਚ ਹੋਏ ਸਹੁੰ ਚੁੱਕ ਸਮਾਗਮ ਵਿਚ ਸਿੱਧਰਮਈਆ ਅਤੇ ਸ਼ਿਵਕੁਮਾਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਇਸ ਦੇ ਨਾਲ ਹੀ ਡਾ.ਜੀ. ਪਰਮੇਸ਼ਵਰ, ਕੇ.ਐਚ. ਮੁਨੀਅੱਪਾ, ਕੇ.ਜੇ. ਜਾਰਜ ਅਤੇ ਐਮ.ਬੀ. ਪਾਟਿਲ, ਸਤੀਸ਼ ਜਾਰਕੀਹੋਲੀ, ਪ੍ਰਿਯਾਂਕ ਖੜਗੇ, ਰਾਮਲਿੰਗਾ ਰੈੱਡੀ ਅਤੇ ਬੀ.ਜ਼ੈੱਡ. ਜ਼ਮੀਰ ਅਹਿਮਦ ਖਾਨ ਨੇ ਵੀ ਨਵੀਂ ਚੁਣੀ ਕਰਨਾਟਕ ਸਰਕਾਰ ਵਿਚ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਪ੍ਰਮੁੱਖ ਵਿਰੋਧੀ ਨੇਤਾਵਾਂ ਦੀ ਮੌਜੂਦਗੀ 'ਚ ਹੋਇਆ। ਸਮਾਗਮ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ, ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਮਹਿਬੂਬਾ ਮੁਫ਼ਤੀ, ਤੇਜਸਵੀ ਯਾਦਵ ਅਤੇ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਸ਼ਾਮਲ ਹੋਏ।