image caption:

ਕਰਤਾਰਪੁਰ ਕਾਰੀਡੋਰ ਨੇ 75 ਸਾਲਾਂ ਬਾਅਦ ਫਿਰ ਮਿਲਾਇਆ ਭਾਰਤ ਤੇ ਪਾਕਿਸਤਾਨ ‘ਚ ਰਹਿੰਦੇ ਵਿਛੜੇ ਭੈਣ-ਭਰਾ ਨੂੰ

 ਭਾਰਤ-ਪਾਕਿਸਤਾਨ ਵੰਡ ਦੌਰਾਨ 75 ਸਾਲ ਪਹਿਲਾਂ ਇਕ-ਦੂਜੇ ਤੋਂ ਵਿਛੜੇ ਭਰਾ-ਭੈਣ ਇਤਿਹਾਸਕ ਕਰਤਾਰਪੁਰ ਕਾਰੀਡੋਰ ਵਿਚ ਫਿਰ ਤੋਂ ਮਿਲ ਗਏ। ਦੋਵਾਂ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਜ਼ਰੀਏ ਸੰਭਵ ਹੋਈ। 81 ਸਾਲਾ ਮਹਿੰਦਰ ਕੌਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਆਪਣੇ 78 ਸਾਲਾ ਭਰਾ ਸ਼ੇਖ ਅਬਦੁਲ ਅਜੀਜ ਨਾਲ ਕਰਤਾਰਪੁਰ ਕਾਰੀਡੋਰ ਵਿਚ ਫਿਰ ਤੋਂ ਮਿਲੀ। ਜਦੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਪੋਸਟ ਤੋਂ ਪਤਾ ਲੱਗਾ ਕਿ ਉਹ 1947 ਵਿਚ ਵੰਡ ਦੌਰਾਨ ਵੱਖ ਹੋਏ ਭਰਾ-ਭੈਣ ਸਨ।

ਵੰਡ ਦੌਰਾਨ ਪੰਜਾਬ ਦੇ ਭਾਰਤੀ ਹਿੱਸੇ ਤੋਂ ਸ. ਭਜਨ ਸਿੰਘ ਦਾ ਪਰਿਵਾਰ ਵੱਖ ਹੋ ਗਿਆ ਸੀ। ਅਜੀਜ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਚਲੇ ਗਏ ਸਨ ਜਦੋਂ ਕਿ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਭਾਰਤ ਵਿਚ ਹੀ ਰਹਿ ਗਏ ਸਨ। ਉਨ੍ਹਾਂ ਨੇ ਘੱਟ ਉਮਰ ਵਿਚ ਵਿਆਹ ਕਰ ਲਿਆ ਸੀ ਪਰ ਹਮੇਸ਼ਾ ਆਪਣੇ ਮਾਤਾ-ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਫਿਰ ਤੋਂ ਜੁੜਨ ਦੀ ਲਾਲਸਾ ਰੱਖਦੇ ਸਨ। ਵੰਡ ਸਮੇਂ ਇਕ ਵਿਅਕਤੀ ਤੇ ਉਸ ਦੀ ਭੈਣ ਦੇ ਵਿਛੜਨ ਦਾ ਵੇਰਵਾ ਦੇਣ ਵਾਲੀ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੋਵੇਂ ਪਰਿਵਾਰਾਂ ਨੂੰ ਪਤਾ ਲਗਾ ਕਿ ਮਹਿੰਦਰ ਤੇ ਅਜੀਜ਼ ਅਸਲ ਵਿਚ ਵਿਛੜੇ ਹੋਏ ਭਰਾ-ਭੈਣ ਸਨ।

ਮਹਿੰਦਰ ਕੌਰ ਨੇ ਵਾਰ-ਵਾਰ ਆਪਣੇ ਭਰਾ ਨੂੰ ਗਲੇ ਲਗਾਇਆ ਤੇ ਉਸ ਦੇ ਹੱਥਾਂ ਨੂੰ ਚੁੰਮਿਆ ਤੇ ਦੋਵੇਂ ਪਰਿਵਾਰਾਂ ਨਾਲ ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਵਿਚ ਮੱਥਾ ਵੀ ਟੇਕਿਆ। ਕਰਤਾਰਪੁਰ ਕਾਰੀਡੋਰ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਪੰਜਾਬ ਸੂਬੇ ਵਿਚ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। ਚਾਰ ਕਿਲੋਮੀਟਰ ਲੰਬਾ ਗਲਿਆਰਾ ਦਰਬਾਰ ਸਾਹਿਬ ਜਾਣ ਲਈ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਵੀਜ਼ਾ ਮੁਕਤ ਪਹੁੰਚ ਪ੍ਰਦਾਨ ਕਰਦਾ ਹੈ।