image caption:

ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕਈ ਦਲਾਂ ਵਲੋਂ ਵਿਰੋਧ, ਸ਼ਾਮਲ ਹੋਣਗੀਆਂ 25 ਸਿਆਸੀ ਪਾਰਟੀਆਂ

 ਨਵੀਂ ਦਿੱਲੀ : ਵਿਰੋਧੀ ਧਿਰ ਦੇ ਬਾਈਕਾਟ ਦੇ ਸੱਦੇ ਦੇ ਵਿਚਕਾਰ 28 ਮਈ ਨੂੰ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿੱਚ 25 ਸਿਆਸੀ ਪਾਰਟੀਆਂ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚੋਂ ਕਰੀਬ ਸੱਤ ਪਾਰਟੀਆਂ ਕੌਮੀ ਜਮਹੂਰੀ ਗਠਜੋੜ (ਐਨਡੀਏ) ਦਾ ਹਿੱਸਾ ਨਹੀਂ ਹਨ। ਬੀਜੇਪੀ ਤੋਂ ਇਲਾਵਾ ਐਨਡੀਏ ਦੀਆਂ ਕਈ ਪਾਰਟੀਆਂ, ਜਿਨ੍ਹਾਂ ਵਿੱਚ ਅੰਨਾਡੀਐਮਕੇ, ਅਪਨਾ ਦਲ, ਰਿਪਬਲਿਕਨ ਪਾਰਟੀ ਆਫ ਇੰਡੀਆ, ਸ਼ਿਵ ਸੈਨਾ ਦੇ ਸ਼ਿੰਦੇ ਧੜੇ, ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਅਤੇ ਨਾਗਾ ਪੀਪਲਜ਼ ਫਰੰਟ (ਐਨਪੀਐਫ) ਨੇ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਬੀਜੂ ਜਨਤਾ ਦਲ, ਤੇਲਗੂ ਦੇਸ਼ਮ ਪਾਰਟੀ ਅਤੇ ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ ਸਮੇਤ ਕਈ ਨਿਰਪੱਖ ਪਾਰਟੀਆਂ ਉਦਘਾਟਨ ਲਈ ਮੌਜੂਦ ਰਹਿਣਗੀਆਂ। ਐਤਵਾਰ ਦੇ ਸਮਾਗਮ ਵਿੱਚ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜਵਾਦੀ ਪਾਰਟੀ ਅਤੇ ਜੇਡੀਐਸ ਵੀ ਹਿੱਸਾ ਲੈਣਗੀਆਂ। ਇਹ ਐਲਾਨ ਕਾਂਗਰਸ ਸਮੇਤ 19 ਵਿਰੋਧੀ ਪਾਰਟੀਆਂ ਵੱਲੋਂ ਸੰਸਦ ਭਵਨ ਦੇ ਉਦਘਾਟਨ ਦੇ ਬਾਈਕਾਟ ਦੇ ਐਲਾਨ ਤੋਂ ਬਾਅਦ ਆਇਆ ਹੈ।

ਸੂਤਰਾਂ ਅਨੁਸਾਰ 28 ਮਈ ਨੂੰ ਸਵੇਰੇ ਇਕ ਵਿਸ਼ਾਲ ਸਮਾਗਮ ਹੋਵੇਗਾ, ਜਿਸ ਵਿਚ ਸਵੇਰੇ 7:30 ਵਜੇ ਤੋਂ ਵੈਦਿਕ ਰਸਮ ਸ਼ੁਰੂ ਹੋਵੇਗੀ। ਕਰੀਬ 9 ਵਜੇ ਤੱਕ ਪੂਜਾ ਜਾਰੀ ਰਹੇਗੀ। ਇਸ ਤੋਂ ਬਾਅਦ ਦੁਪਹਿਰ ਨੂੰ ਉਦਘਾਟਨੀ ਸਮਾਰੋਹ ਸ਼ੁਰੂ ਹੋਣ ਦੀ ਉਮੀਦ ਹੈ। ਇਸ ਦੌਰਾਨ ਪੀਐਮ ਮੋਦੀ ਤੋਂ ਇਲਾਵਾ ਲੋਕ ਸਭਾ ਸਪੀਕਰ ਉਮ ਬਿਰਲਾ, ਰਾਜ ਸਭਾ ਦੇ ਉਪ ਚੇਅਰਮੈਨ ਅਤੇ ਸਰਕਾਰ ਦੇ ਮੰਤਰੀ ਮੌਜੂਦ ਰਹਿਣਗੇ। ਸੂਤਰਾਂ ਦੀ ਮੰਨੀਏ ਤਾਂ ਦੇਸ਼ ਭਰ ਤੋਂ ਵਿਸ਼ੇਸ਼ ਪੁਜਾਰੀ ਆ ਕੇ ਪੂਜਾ ਕਰਨਗੇ।