image caption: ਕੁਲਵੰਤ ਸਿੰਘ ਢੇਸੀ

ਭਾਰਤ ਦੀ ਨਵੀਂ ਸਾਂਸਦ ਵਿਚ ਜੰਗਾਲੀ ਸੋਚ ਦਾ ਬੋਲ ਬਾਲਾ, ਆਗਾਜ਼ ਤੋ ਬੁਰਾ ਹੈ ਅੰਜਾਮ ਖੁਦਾ ਜਾਨੇ

 ਲਬੋਂ ਪੇ ਫੂ਼ਲ ਦਿਲੋਂ ਮੇਂ ਆਗ ਰੱਖਤੇ ਹੈਂ।

ਯਹਾਂ ਸਭੀ ਅਪਨੇ ਚਿਹਰੋਂ ਪੇ ਨਕਾਬ ਰੱਖਤੇ ਹੈਂ।

ਭਾਰਤ ਵਿਚ ਸਾਂਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਨੂੰ ਲੈ ਕੇ ਸਿਆਸੀ ਦਲਾਂ ਵਿਚ ਵੱਡੀ ਖਿੱਚੋਤਾਣ ਰਹੀ ਹੈ। ਕਾਂਗਰਸ ਸਮੇਤ ੧੯ ਵਿਰੋਧੀ ਦਲਾਂ ਨੇ ਇਸ ਨਵੀਂ ਇਮਾਰਤ ਦੇ ਉਦਘਾਟਨ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸੁਖਬੀਰ ਸਿੰਘ ਬਾਦਲ ਅੁਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸੇ ਹੀ ਦਿਨ ਸਾਂਸਦ ਤੋਂ ਡੇੜ ਕਿਲੋਮੀਟਰ ਦੂਰ ਜੰਤਰ ਮੰਤਰ ਤੇ ਧਰਨਾ ਦੇ ਰਹੀਆਂ ਪਹਿਲਵਾਨ ਬੀਬੀਆਂ ਨੇ ਵੀ ਸਾਂਸਦ ਵਲ ਸ਼ਾਂਤਮਈ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਇਸ ਸਬੰਧ ਵਿਚ ਜਿਥੇ ਇਹਨਾ ਬੀਬੀਆਂ ਨੂੰ ਬੁਰੀ ਤਰਾਂ ਸੜਕਾਂ ਤੇ ਘੜੀਸਿਆ ਗਿਆ ਅਤੇ ਇਹਨਾ ਦੇ ਤੰਬੂ ਪੱਟ ਦਿੱਤੇ ਗਏ ੳੇਥੇ ਦੇਸ਼ ਦੇ ਮਸ਼ਹੂਰ ਪਹਿਲਵਾਨਾਂ ਸਾਕਸ਼ੀ ਮਲਿਕ, ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਦੇ ਨਾਲ ਹੋਰ ਪਹਿਲਵਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਨਾਲ ਵੱਡੀ ਬਦਸ਼ਗਨੀ ਵੀ ਹੋ ਗਈ। ਇਹਨਾ ਗ੍ਰਿਫਤਾਰੀਆਂ ਦੌਰਾਨ ਹੋਈ ਧੱਕਾ ਮੁੱਕੀ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਹਿਲਵਾਨਾਂ ਵਲੋਂ ਇਸੇ ਦਿਨ ਮਹਾਂਪੰਚਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ ਪਰ ਜਦੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਦਿੱਲੀ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੁਲਿਸ ਨਾਲ ਟਕਰਾ ਹੋ ਗਿਆ। ਧਰਨਾ ਦੇ ਰਹੇ ਪਹਿਲਵਾਨਾਂ ਵਲੋਂ ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਗੰਭੀਰ ਜਿਨਸੀ ਸੋਸ਼ਣ ਦੇ ਇਲਜ਼ਾਮ ਲਾਏ ਗਏ ਸਨ ਜਦ ਕਿ ਬ੍ਰਿਜ ਭੂਸ਼ਣ ਇਹ ਪ੍ਰਧਾਨ ਰਾਜ ਕਰ ਰਹੀ ਭਾਜਪਾ ਦਾ ਸਾਂਸਦ ਵੀ ਹੈ। ਆਪਣੀਆਂ ਧੀਆਂ ਗੀਤਾ, ਬਬੀਤਾ, ਸੰਗਿਤਾ ਤੇ ਰਿਤੂ ਨੂੰ ਕੌਮਾਂਤਰੀ ਪੱਧਰ ਦੀਆਂ ਪੇਸ਼ੇਵਰ ਪਹਿਲਵਾਨਾ ਬਨਾਉਣ ਵਾਲੇ ਸ੍ਰੀ ਮਹਾਂਵੀਰ ਫੋਗਾਟ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਤਾਨਾਸ਼ਾਹੀ ਕਿਹਾ ਹੈ। ਉਹਨਾ ਕਿਹਾ ਕਿ ਪਹਿਲਵਾਨ ਮਹਿਲਾਵਾਂ ਤਾਂ ਆਪਣੀਆਂ ਮੰਗਾਂ ਲਈ ਸ਼ਾਂਤਮਈ ਧਰਨਾ ਦੇ ਰਹੀਆਂ ਸਨ ਜਿਸ ਦਾ ਕਿ ਦੇਸ਼ ਦੇ ਹਰ ਸ਼ਹਿਰੀ ਨੂੰ ਸੰਵਿਧਾਨਕ ਹੱਕ ਹੈ ਪਰ ਪੁਲਿਸ ਨੇ ਉਹਨਾ ਨਾਲ ਬੇਹੱਦ ਜ਼ਿਆਦਤੀ ਕੀਤੀ ਹੈ


ਜਿਥੋਂ ਤਕ ਨਵੀਂ ਸਾਂਸਦ ਦੇ ਉਦਘਾਟਨ ਦਾ ਸਬੰਧ ਹੈ ਉਸ ਬਾਬਤ ਵਿਰੋਧੀ ਪਾਰਟੀਆਂ ਦਾ ਇਤਰਾਜ਼ ਸੀ ਕਿ ਨਵੀਂ ਸਾਂਸਦ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਕਰਨਾ ਚਾਹੀਦਾ ਹੈ ਕਿਓਂਕਿ ਦੇਸ਼ ਦਾ ਰਾਸ਼ਟਰਪਤੀ ਸੰਵਿਧਾਨ ਦਾ ਮੁਖੀ ਹੁੰਦਾ ਹੈ ਜਦ ਕਿ ਪ੍ਰਧਾਨ ਮੰਤਰੀ ਤਾਂ ਰਾਜ ਕਰ ਰਹੇ ਸਿਆਸੀ ਦਲ ਦਾ ਮੁਖੀ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਉਸ ਦੇ ਡਿਗਰੀ ਦੇ ਸਰਟੀਫਿਕੇਟ ਤੋਂ ਲਾ ਕੇ ਹੋਰ ਅਨੇਕਾਂ ਚਰਚੇ ਹਮੇਸ਼ਾਂ ਹੀ ਸੁਰਖੀਆਂ ਵਿਚ ਰਹੇ ਹਨ ਪਰ ਕੁਝ ਸਿਆਸੀ ਪੰਡਤਾਂ ਦਾ ਇਹ ਖਦਸ਼ਾ ਹੈ ਕਿ ਨਰਿੰਦਰ ਮੋਦੀ ਦੀਆਂ ਕਾਰਵਾਈਆਂ ਤੋਂ ਇਹ ਜਾਪਦਾ ਹੈ ਕਿ ਉਹ ਵੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਵਾਂਗੂ ਮੋਦੀ ਇਜ਼ ਇੰਡੀਆ ਐਂਡ ਇੰਡੀਆ ਇਜ਼ ਮੋਦੀ ਸਿੱਧ ਕਰਨ ਦੇ ਰਾਹ ਤੇ ਤੁਰ ਪਿਆ ਹੈ। ਅੱਜ ਜਿਧਰ ਦੇਖੋ ਨਰਿੰਦਰ ਮੋਦੀ ਦੇ ਚਿਹਰੇ ਨੂੰ ਹੀ ਦਿਖਾਇਆ ਜਾ ਰਿਹਾ ਹੈ। ਭਾਰਤ ਵਿਚ ਰਾਜ ਕਰ ਰਹੀ ਭਾਜਪਾ ਨਵੀਂ ਸਾਂਸਦ ਨੂੰ ਅਜ਼ਾਦ ਭਾਰਤ ਦੇ ਅਜ਼ਾਦ ਪ੍ਰਤੀਕ ਵਜੋਂ ਵੀ ਲੈ ਰਹੀ ਹੈ ਕਿਓਂਕਿ ਪੁਰਾਣੀ ਸਾਂਸਦ ਦੀ ਇਮਾਰਤ ਤਾਂ ਅੰਗ੍ਰੇਜ਼ ਰਾਜ ਸਮੇਂ ਅੰਗ੍ਰੇਜ਼ ਆਰਕੀਟੈਕਟ ਸਰ ਐਡਵਿਨ ਅਤੇ ਹਰਬਰਟ ਬੇਕਰ ਨੇ ਡਿਜ਼ਾਇਨ ਕੀਤੀ ਸੀ। ਇਥੇ ਅੰਗ੍ਰੇਜ਼ ਸਰਕਾਰ ਦੀ ਲੈਜਿਸਲੇਟਿਵ ਕੌਂਸਲ ਦੀ ਬੈਠਕ ਹੁੰਦੀ ਸੀ ਇਸ ਕਾਰਨ ਇਸ ਨੂੰ ਕੌਂਸਲ ਹਾਊਸ ਕਿਹਾ ਜਾਂਦਾ ਸੀ। ਸੰਨ ੧੯੨੧ ਤੋਂ ਸੰਨ ੧੯੨੭ ਤਕ ਇਸ ਇਮਾਰਤ ਨੂੰ ਬਨਾਉਣ ਲਈ ਛੇ ਸਾਲ ਲੱਗੇ ਸਨ ਅਤੇ ਇਸ ਤੇ ਉਸ ਸਮੇਂ ੮੨ ਲੱਖ ਰੁਪਏ ਖਰਚ ਕੀਤੇ ਗਏ ਸਨ ਜਦ ਕਿ ਨਵੀਂ ਇਮਾਰਤ &lsquoਤੇ ੮੬੧.੯੦ ਕਰੋੜ ਰੁਪਏ ਖਰਚ ਕੀਤੇ ਗਏ ਹਨਕਿਹਾ ਜਾਂਦਾ ਹੈ ਕਿ ਪੁਰਾਣੀ ਸੰਸਦ ਦੀ ਵਰਤੋਂ ਸੰਸਦੀ ਸਮਾਗਮਾਂ ਲਈ ਕੀਤੀ ਜਾਵੇਗੀ।


ਜੇਕਰ ਸੰਜੀਦਗੀ ਨਾਲ ਦੇਖਿਆ ਜਾਵੇ ਤਾਂ ਭਾਜਪਾ ਦੀਆਂ ਕਾਰਵਾਈਆਂ ਭਾਰਤ ਦਾ ਮੁਹਾਂਦਰਾ ਇੱਕ ਅਜ਼ਾਦ ਦੇਸ਼ ਵਜੋਂ ਸਥਾਪਤ ਕਰਨ ਨਾਲੋਂ ਦੇਸ਼ ਨੂੰ ਇੱਕ ਹਿੰਦੂ ਰਾਜ ਸਥਾਪਤ ਕਰਨ ਵਲ ਜ਼ਿਆਦਾ ਹੈ ਇਹੀ ਕਾਰਨ ਹੈ ਕਿ ਇਹ ਪਾਰਟੀ ਗੁਲਾਮ ਭਾਰਤ ਦੇ ਸਾਰੇ ਇਤਹਾਸ ਨੂੰ ਮੇਟ ਕੇ ਨਵੇਂ ਸਿਰਿਓਂ ਲਿਖਵਾਉਣ ਵਲ ਰੁਚਿਤ ਹੈ। ਪਿਛਲੇ ਦਿਨੀ ਅਸੀਂ ਵਿਦਿਆਰਥੀਆਂ ਦੀਆਂ ਉਹਨਾ ਪਾਠ ਪੁਸਤਕਾਂ ਦਾ ਜ਼ਿਕਰ ਕਰ ਚੁੱਕੇ ਹਾਂ ਜਿਹਨਾ ਵਿਚ ਨੱਥੂ ਰਾਮ ਗੌਡਸੇ ਜਾਂ ਸਾਵਰਕਰ ਵਰਗੇ ਹਿੰਦੂ ਮਹਾਂਸਭਾ ਦੇ ਮੈਂਬਰਾਂ ਦੀ ਛਵੀ ਨੂੰ ਜਿਥੇ ਲੁਕਵੇਂ ਰੂਪ ਵਿਚ ਉਭਾਰਨ ਦੇ ਯਤਨ ਹੋ ਰਹੇ ਹਨ ਉਥੇ ਮੁਗਲ ਰਾਜ ਨੂੰ ਨਿਕਾਰਨ ਦੇ ਯਤਨ ਵੀ ਹੋ ਰਹੇ ਹਨ ਪਰ ਕੀ ਅਜੇਹਾ ਕਰਕੇ ਭਾਜਪਾ ਸਦੀਆਂ ਬੱਧੀ ਭਾਰਤ ਦੀ ਗੁਲਾਮੀ ਦੇ ਇਤਹਾਸ ਨੂੰ ਲੁਕਾ ਸਕੇਗੀ? ਹਰਗਿਜ਼ ਨਹੀਂ। ਭਾਰਤ ਵਿਚ ਗੁਲਾਮਾਂ ਦੇ ਗੁਲਾਮ ਧਾੜਵੀ ਆ ਕੇ ਲੁੱਟ ਖੋਹ ਕਰਦੇ ਰਹੇ ਅਤੇ ਇਥੋਂ ਦਾ ਜਰ ਜੋਰੂ ਲੁੱਟਦੇ ਅਤੇ ਦੇਸ਼ ਦੀ ਆਬਰੂ ਨੂੰ ਗਜ਼ਨੀ ਦੇ ਬਜ਼ਾਰਾਂ ਵਿਚ ਟਕੇ ਟਕੇ ਲਈ ਵੇਚਦੇ ਰਹੇ ਸਨ। ਮਹਿਮੂਦ ਗਜ਼ਨਵੀ ਵਰਗੇ ਧਾੜਵੀਆਂ ਦੇ ਸਤਾਰਾਂ ਸਤਾਰਾਂ ਹਮਲਿਆਂ ਅਤੇ ਅਬਦਾਲੀ ਵਰਗਿਆਂ ਦੇ ਬਾਰਾਂ ਬਾਰਾਂ ਹਮਲਿਆਂ ਦੇ ਇਤਹਾਸ ਤੇ ਭਾਜਪਾ ਕਿਵੇਂ ਮਿੱਟੀ ਪਾ ਸਕਦੀ ਹੈ? ਹਾਂ ਇਹ ਹਰ ਹਾਲ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸੇ ਨਾ ਕਿਸੇ ਤਰਾਂ ਜਿਥੇ ਇਸ ਗੁਲਾਮੀ ਦੇ ਇਤਹਾਸ &lsquoਤੇ ਮਿੱਟੀ ਪਾਈ ਜਾਵੇ ਉਥੇ ਸਿੱਖਾਂ ਦੇ ਉਸ ਇਤਹਾਸ ਨੂੰ ਵੀ ਜਿਥੋਂ ਤਕ ਹੋ ਸਕੇ ਲੁਕਾਇਆ ਜਾਵੇ ਜਿਹਨਾ ਨੇ ਕਿ ਇਹਨਾ ਧਾੜਵੀਆਂ ਦੇ ਰਾਹ ਰੋਕ ਕੇ ਇਹਨਾ ਨੂੰ ਨਾ ਕੇਵਲ ਸ਼ਿਕੱਸਤ ਦੇ ਕੇ ਕਾਬਲ ਤਕ ਸਿੱਖ ਰਾਜ ਹੀ ਕਾਇਮ ਕਰ ਦਿੱਤਾ ਸਗੋਂ ਅੱਜ ਦੇ ਅਜ਼ਾਦ ਭਾਰਤ ਵਿਚ ਸਿੱਖ ਫੌਜਾਂ ਨੇ ਆਪਣੇ ਸਿਰ ਦੇ ਕੇ ਦੇਸ਼ ਦੀ ਅਜ਼ਾਦੀ ਨੂੰ ਬਰਕਰਾਰ ਵੀ ਰੱਖਿਆ। ਇਹ ਇੱਕ ਬੜੀ ਸ਼ਰਮਾਨਕ ਇਹਤਾਸਕ ਸੱਚਾਈ ਹੈ ਕਿ ਸੰਨ ੧੯੬੫ ਦੀ ਪਾਕਿਸਤਾਨ ਨਾਲ ਹੋਈ ਜੰਗ ਦੌਰਾਨ ਦੇਸ਼ ਦੇ ਫੌਜੀ ਕਮਾਂਡਰ ਅਤੇ ਪ੍ਰਧਾਨ ਮੰਤਰੀ ਵਲੋਂ ਪਾਕਿਸਤਾਨ ਤੋਂ ਹਾਰ ਖਾ ਕੇ ਭਾਰਤੀ ਫੌਜ ਨੂੰ ਬਿਆਸ ਤਕ ਪਿੱਛੇ ਹਟਣ ਦੇ ਉਦੇਸ਼ ਦਿੱਤੇ ਗਏ ਸਨ ਪਰ ਉਸ ਵੇਲੇ ਭਾਰਤੀ ਫੌਜ ਦੀ ਪਾਕਿਸਤਾਨੀ ਸਰਹੱਦ &lsquoਤੇ ਅਗਵਾਈ ਕਰ ਰਹੇ ਜਨਰਲ ਹਰਬਖਸ਼ ਸਿੰਘ ਨੇ ਭਾਰਤੀ ਆਗੂਆਂ ਦੀ ਹੁਕਮ ਅਦੂਲੀ ਕਰਦਿਆਂ ਆਪਣੀ ਫੌਜ ਨੂੰ ਡੱਟਣ ਦੇ ਉਦੇਸ਼ ਦੇ ਕੇ ਮੁੜ ਦੇਸ਼ ਦੀ ਅਸਮਤ ਅਤੇ ਅਜ਼ਾਦੀ ਨੂੰ ਬਰਕਰਾਰ ਰੱਖਿਆ

ਨਵੀਂ ਸਾਂਸਦ ਦੀ ਲੋੜ

ਭਾਰਤ ਦੀ ਲੋਕ ਸਭਾ ਅਤੇ ਰਾਜ ਸਭਾ ਦੀਆਂ ਇਮਾਰਤਾਂ ਪ੍ਰਤੀ ਵੱਡਾ ਇਤਰਾਜ਼ ਇਹ ਸੀ ਕਿ ਇਹਨਾ ਵਿਚ ਸੀਟਾਂ ਦੀ ਕਮੀ ਸੀ। ਪਹਿਲੀ ਲੋਕ ਸਭਾ ਵਿਚ ਕੁਲ ੫੫੨ ਵਿਅਕਤੀ ਬੈਠ ਸਕਦੇ ਸਨ ਜਦ ਕਿ ਨਵੀਂ ਲੋਕ ਸਭਾ ਵਿਚ ੮੮੮ ਸੀਟਾਂ ਹਨ। ਇਸੇ ਤਰਾਂ ਪੁਰਾਣੀ ਰਾਜ ਸਭਾ ਵਿਚ ਕੁਲ ੨੫੦ ਵਿਅਕਤੀ ਬੈਠ ਸਕਦੇ ਹਨ ਜਦ ਕਿ ਨਵੀਂ ਰਾਜ ਸਭਾ ਵਿਚ ਇਹ ਗਿਣਤੀ ੩੮੪ ਕਰ ਦਿੱਤੀ ਗਈ ਹੈ। ਨਵੇਂ ਸੰਸਦ ਵਿਚ ਦੋਵੇਂ ਸਦਨਾ ਦੀ ਸਾਂਝੀ ਮੀਟਿੰਗ ਦੌਰਾਨ ੧੨੭੨ ਮੈਂਬਰ ਬੈਠ ਸਕਣਗੇ। ਜੇਕਰ ਖੇਤਰਫਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਨਵੀ ਇਮਾਰਤ ਪੁਰਾਣੀ ਨਾਲੋਂ ੧੭,੦੦੦ ਵਰਗ ਮੀਟਰ ਵੱਡੀ ਹੈਇਸ ਦਾ ਕੁਲ ਖੇਤਰਫਲ ੬੪,੫੦੦ ਵਰਗ ਮੀਟਰ ਹੈ। ਜਿਸ ਹਿਸਾਬ ਨਾਲ ਇਸ ਨਵੀਂ ਇਮਾਰਤ ਦੀ ਬਣਤਰ ਹੈ ਉਹ ਨਿਰਸੰਦੇਹ ਆਪਣੇ ਆਪ ਵਿਚ ਮਹੱਤਵਪੂਰਨ ਹੈ। ਇਸ ਨਵੀਂ ਇਮਾਰਤ ਵਿਚ ਵਿਸ਼ਾਲ ਸੰਵਿਧਾਨਕ ਗੈਲਰੀ (ਜਿਸ ਵਿਚ ਦੇਸ਼ ਦੀ ਰਾਜਸੀ ਵਿਰਾਸਤ ਦੇ ਦਰਸ਼ਨ ਹੋਣਗੇ), ਵਿਸ਼ਾਲ ਪਾਰਲਿਮਾਨੀ ਬੈਠਕ ਹਾਲ, ਸਾਂਸਦਾਂ ਦੇ ਦਫਤਰ, ਕਮੇਟੀਆ ਲਈ ਕਮਰੇ, ਲਾਇਬ੍ਰੇਰੀ, ਭੋਜਨ ਸ਼ਾਲਾ ਅਤੇ ਗੱਡੀਆਂ ਖੜ੍ਹੀਆਂ ਕਰਨ ਲਈ ਪਾਰਕਿੰਗ ਦੀ ਵੀ ਸੁਵਿਧਾ ਹੋਵੇਗੀ। ਨਵੇਂ ਸਾਂਸਦ ਦੀ ਇਮਾਰਤ ਦੇ ਨਿਰਮਾਣ ਦਾ ਕੰਮ ਜਿਸ ਸੈਂਟਰਲ ਵਿਸਟਾ ਨੂੰ ਸੌਂਪਿਆ ਗਿਆ ਹੈ ਉਸ ਦੇ ਕਾਰਜ ਖੇਤਰ ਵਿਚ ਰਾਸ਼ਟਰਪਤੀ ਭਵਨ ਦੇ ਨਾਲ ਨਾਲ ਉਪ ਰਾਸ਼ਟਰਪਤੀ ਦੀ ਰਿਹਾਇਸ਼ ਦੀ ਇਮਾਰਤ ਵੀ ਆਉਂਦੀ ਹੈ। ਇਹ ਪ੍ਰੌਜੈਕਟ ਕੁਲ ੨੦,੦੦੦ ਕਰੋੜ ਰੁਪਏ ਦੇ ਬਜਟ ਵਾਲੀ ਹੈ ਜਿਸ ਵਿਚ ਰਾਸ਼ਟਰਪਤੀ ਭਵਨਾ ਦੇ ਨਾਲ ਨਾਲ ਨੌਰਥ ਬਲੌਕ, ਸਾਊਥ ਬਲੌਕ ਅਤੇ ਸਾਂਸਦ ਦੇ ਵਿਸ਼ਾਲ ਪ੍ਰੌਜੈਕਟ ਹਨ।

ਨਵੀਂ ਸਾਂਸਦ ਦੀ ਦਿੱਖ

ਲੋਕ ਸਭਾ ਦੀ ਦਿੱਖ ਨੂੰ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੀ ਥੀਮ &lsquoਤੇ ਸਥਾਪਤ ਕੀਤਾ ਗਿਆ ਹੈ ਜਦ ਕਿ ਰਾਜ ਸਭਾ ਦੀ ਇਮਾਰਤ ਨੂੰ ਭਾਰਤ ਦੇ ਕੌਮੀ ਫੁੱਲ ਕੰਵਲ ਦੇ ਥੀਮ &rsquoਤੇ ਸਥਾਪਤ ਕੀਤਾ ਗਿਆ ਹੈ। ਭਾਰਤੀ ਸਨਾਤਨ ਧਰਮ ਵਿਚ ਕੰਵਲ ਫੁੱਲ ਦੀ ਅਹਿਮੀਅਤ ਇਸ ਕਰਕੇ ਹੈ ਕਿ ਇਹ ਫੁੱਲ ਚਿੱਕੜ ਵਿਚ ਪਲਦਾ ਹੈ ਪਰ ਚਿੱਕੜ ਵਿਚ ਖਿੜ ਕੇ ਵੀ ਆਪਣੀ ਮਹਿਕ ਅਤੇ ਸੁੰਦਰਤਾ ਬਿਖੇਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਕੰਵਲ ਫੁੱਲ ਜਾਂ ਮੁਰਗਾਬੀ ਦੇ ਪ੍ਰਤੀਕ ਇਸੇ ਸੇਧ ਵਿਚ ਵਰਤੇ ਗਏ ਹਨ ਕਿ ਇਹ ਜੀਵਨ ਦੀ ਮੈਲ ਵਿਚ ਰਹਿ ਕੇ ਮੈਲ ਤੋਂ ਨਿਰਲੇਪ ਰਹਿੰਦੇ ਹਨ। ਸਾਰੀ ਦੁਨੀਆ ਵਿਚ ਜਿਹਨਾ ਲੋਕਰਾਜੀ ਕੀਮਤਾਂ ਦਾ ਬੋਲਬਾਲਾ ਹੈ ਉਸ ਦੀ ਮੁਖ ਧਰੋਹਰ ਧਰਮ ਨਿਰਲੇਪਤਾ ਹੈਲੋਕ ਰਾਜੀ ਰਾਜ ਪ੍ਰਬੰਧ ਆਪਣੇ ਸ਼ਹਿਰੀਆਂ ਨੂੰ ਰੰਗ, ਨਸਲ, ਕੌਮੀਅਤ ਜਾਂ ਜ਼ਾਤ ਧਰਮ ਤੋਂ ਉਪਰ ਉੱਠ ਕੇ ਜਿਊਣ ਦੇ ਬਰਾਬਰ ਦੇ ਮੌਕੇ ਦਿੰਦਾ ਹੈ ਜੋ ਕਿ ਆਪਣੇ ਆਪ ਵਿਚ ਇੱਕ ਬਹੁਤ ਵੱਡਾ ਧਰਮ ਹੈ। ਪਰ ਭਾਰਤੀ ਭਾਜਪਾ ਦਾ ਨਾਅਰਾ ਸਾਰੇ ਦੇਸ਼ ਨੂੰ ਇੱਕ ਕੌਮ ਵਜੋਂ ਸਥਾਪਤ ਕਰਨ ਦਾ ਹੈ ਅਤੇ ਇਹ ਨਾਅਰਾ ਭਗਵੇਂ ਕਰਨ ਦਾ ਹੈ। ਪਾਰਲੀਮੈਂਟ ਦੀ ਆਤਮਾ ਤਾਂ ਨਿਰਪੱਖ ਸੰਵਾਦ ਹੁੰਦੀ ਹੈ ਪਰ ਭਾਰਤ ਵਿਚ ਇੱਕ ਪਾਰਟੀ ਰਾਜ ਵਲ ਵਧ ਰਹੀ ਭਾਜਪਾ ਸੱਜੇ ਪੱਖੀ, ਫਿਰਕੂ ਅਤੇ ਨਫਰਤ ਵਾਲੀ ਰਾਜਨੀਤੀ ਨਾਲ ਪਾਰਲੀਮਾਨੀ ਮੁੱਲਾਂ ਨੂੰ ਮਲੀਆਮੇਟ ਕਰਨ ਵਲ ਤੁਰੀ ਹੋਈ ਹੈ। ਅਨੇਕਾਂ ਭਾਜਪਾਈ ਆਗੂ ਦੇਸ਼ ਦੀਆਂ ਘੱਟਗਿਣਤੀਆਂ ਦਾ ਮਲੀਆਮੇਟ ਕਰਨ ਲਈ ਸ਼ਰੇਆਮ ਲਲਕਾਰੇ ਮਾਰ ਰਹੇ ਹਨ। ਜ਼ਾਹਿਰ ਹੈ ਕਿ ਇਹ ਲਲਕਾਰਾਂ ਦੁਨੀਆਂ ਦੀ ਸਭ ਤੋਂ ਵੱਡੇ ਲੋਕ ਰਾਜ ਦਾ ਭਾਂਡਾ ਛੇਤੀ ਹੀ ਸਾਰੀ ਦੁਨੀਆਂ ਸਾਹਮਣੇ ਸ਼ਰੇਆਮ ਭੰਨ ਦੇਣਗੀਆਂ। ਭਾਰਤ ਵੱਖ ਵੱਖ ਕੌਮਾਂ ਦਾ ਰਿਪਬਲਿਕ ਸੀ ਜੋ ਕਿ ਹੁਣ ਨਹੀਂ ਰਿਹਾ। ਦੇਸ਼ ਦੇ ਨਾਗੇ, ਕਸ਼ਮੀਰੀ, ਤਾਮਿਲ, ਸਿੱਖ ਅਤੇ ਅਨੇਕਾਂ ਹੋਰ ਕੌਮਾਂ ਆਪਣੇ ਗਲ੍ਹ ਪਾਈ ਜਾ ਰਹੀ ਇਸ ਗੁਲਾਮੀ ਦੇ ਖਿਲਾਫ ਚਿਰਾਂ ਤੋਂ ਗੁਹਾਰ ਲਾਈ ਜਾ ਰਹੇ ਹਨ ਜਿਹਨਾ ਦੀ ਸੁਣਵਾਈ ਕੌਮਾਂਤਰੀ ਪੱਧਰ &lsquoਤੇ ਹੋਣੀ ਜ਼ਰੂਰੀ ਹੈ। ਭਾਰਤ ਵਿਚ ਜੇਕਰ ਕੋਈ ਕੌਮ ਅਜ਼ਾਦੀ ਦਾ ਨਾਅਰਾ ਲਉਂਦੀ ਹੈ ਤਾਂ ਉਸ &lsquoਤੇ ਜਿਥੇ ਦੇਸ਼ ਧ੍ਰੋਹ ਦਾ ਇਲਜ਼ਾਮ ਲਾ ਕੇ ਉਸ ਨੂੰ ਦੇਸ਼ ਭਰ ਵਿਚ ਵੱਖਵਾਦੀ ਅਤੇ ਅਤੰਕਵਾਦੀ ਵਜੋਂ ਬਦਨਾਮ ਕੀਤਾ ਜਾਂਦਾ ਹੈ ਉਥੇ ਅਜ਼ਾਦੀ ਮੰਗਦੇ ਆਗੂਆਂ ਨੂੰ ਯੂ ਏ ਪੀ ਏ ( Unlawful activities Prevention act) ਦੇ ਦੋਸ਼ ਤਹਿਤ ਜਿਹਲਾਂ ਵਿਚ ਤਾੜ ਦਿੱਤਾ ਜਾਂਦ ਹੈ। ਡਿਬਰੂਗੜ੍ਹ ਇਸ ਦੀ ਤਾਜ਼ਾ ਮਿਸਾਲ ਹੈ। ਦੂਸਰਾ ਵੱਡਾ ਹਥਿਆਰ ਈ ਡੀ (Directorate of Enforcement) ਵਲੋਂ ਪੀ ਐਮ ਐਲ ਏ (Prevention of money laundering act) ਦੇ ਦੋਸ਼ ਤਹਿਤ ਕਿਸੇ ਵੀ ਆਗੂ ਨੂੰ ਖੁਆਰ ਕੀਤਾ ਜਾ ਸਕਦਾ ਹੈ।


ਭਾਰਤ ਦੀ ਨਵੀਂ ਸਾਂਸਦ ਦੀ ਇਮਾਰਤ ਦੀ ਦਿੱਖ ਭਾਵੇਂ ਕਿੰਨੀ ਵੀ ਵਧੀਆ ਕਿਓ ਨਾ ਹੋਵੇ ਪਰ ਇਸ ਤੇ ਹਾਵੀ ਪ੍ਰਮੁਖ ਰਾਜਸੀ ਧਿਰ ਭਾਜਪਾ ਦੇ ਨਾਪਾਕ ਇਰਾਦੇ ਭਾਰਤ ਨੂੰ ਮੁੜ ਤੋਂ ਖੰਡ ਖੰਡ ਕਰਕੇ ਗੁਲਾਮ ਕਰਨ ਦੇ ਹਨ ਜਦ ਕਿ ਇਸ ਦੀ ਸ਼ੁਰੂਆਤ ਭਾਜਪਾ ਨੇ ਸਮੂਹ ਵਿਰੋਧੀ ਧਿਰਾਂ ਨੂੰ ਨਰਾਜ਼ ਕਰਕੇ ਅਤੇ ਸਾਂਤਮਈ ਅੰਦੋਲਨ ਕ ਰਹੀਆਂ ਪਹਿਲਵਾਨ ਬੀਬੀਆਂ ਦੇ ਹੱਡ ਤੋੜ ਕੇ ਕੀਤੀ ਹੈ। ਇਹੀ ਕਾਰਨ ਹੈ ਕਿ ਇਸ ਦਿਨ ਤੇ ਬੀਬੀਸੀ ਨੇ ਇਹ ਸੁਰਖੀ ਲਾ ਕੇ ਭਾਜਪਾ ਦੇ ਇਰਾਦੇ ਦਾ ਭਾਂਡਾ ਭੰਨਿਆ ਹੈ ਖਿਡਾਰੀਆਂ ਦੀ ਛਾਤੀ &rsquoਤੇ ਲੱਗੇ ਤਗਮੇ ਦੇਸ਼ ਦੀ ਸ਼ਾਨ ਹੁੰਦੇ ਹਨ, ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਆਪਣੇ ਬੂਟਾਂ ਹੇਠ ਦਬਾ ਰਹੀ ਹੈ

ਨਵੀਂ ਸਾਂਸਦ ਵਿਚ ਭਗਵੇਂ ਅਖੌਤੀ ਸਾਧੂਆਂ ਦਾ ਬੋਲ ਬਾਲਾ

ਜਦੋਂ ਕਿਸੇ ਦੇਸ਼ ਦੇ ਖਿਡਾਰੀ ਵੀ ਰਾਜ ਕਰ ਰਹੀ ਪਾਰਟੀ ਖਿਲਾਫ ਵਿਦਰੋਹ ਨਾਲ ਭਰ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਹਾਲਾਤ ਬਹੁਤ ਨਿਰਾਸ਼ਾਜਨਕ ਹਨ। ਸਾਂਸਦ ਦੇ ਉਦਘਾਟਨ &lsquoਤੇ ਜੋ ਕੁਝ ਪੁਲਸ ਪ੍ਰਸ਼ਾਸਨ ਨੇ ਪਹਿਲਵਾਨਾ ਨਾਲ ਕੀਤਾ ਅਤੇ ਜਿਸ ਤਰਾਂ ਦਾ ਵਿਖਾਵਾ ਨਰਿੰਦਰ ਮੋਦੀ ਨੇ ਸਾਂਸਦ ਵਿਚ ਕੀਤਾ ਹੈ ਉਸ ਸਬੰਧੀ ਅਦਾਕਾਰਾ ਪੂਜਾ ਭੱਟ ਦੀ ਟਵੀਟ ਪੜ੍ਹਨ ਕਰਨ ਵਾਲੀ ਹੈ-

ਪੂਜਾ ਭੱਟ ਨੇ ਆਪਣੀ ਟਵੀਟ ਵਿਚ ਲਿਖਿਆ ਹੈ, &lsquo Male priests respectfully escorted through Parliament. Female Athletes man handed on the streets. Joy? Sorrow? Pride?Shame? What are we meant to stay with or feel?

ਇਸ ਟਵੀਟ ਵਿਚ ਪੂਜਾ ਨੇ ਕਿਹਾ ਹੈ ਕਿ &lsquoਦੇਸ਼ ਦੀ ਨਵੀਂ ਸਾਂਸਦ ਵਿਚ ਭਗਵੇਂ ਪੁਜਾਰੀਆਂ ਨੂੰ ਤਾਂ ਬੜੇ ਮਾਣ ਨਾਲ ਅੰਦਰ ਲਿਜਾਇਆ ਜਾ ਰਿਹਾ ਸੀ ਜਦ ਕਿ ਮਹਿਲਾ ਖਿਡਰਨਾਂ ਨੂੰ ਸੜਕਾਂ &lsquoਤੇ ਘੜੀਸ ਕੇ ਉਹਨਾ ਦੀ ਹੱਤਕ ਕੀਤੀ ਜਾ ਰਹੀ ਸੀ। ਹੁਣ ਦੱਸੋ ਕਿ ਅਸੀਂ ਇਹ ਸਭ ਕੁਝ ਦੇਖ ਕੇ ਕੀ ਖੁਸ਼ੀ ਮਨਾਈਏ? ਦੁੱਖ ਪ੍ਰਗਟ ਕਰੀਏ? ਮਾਣ ਮਹਿਸੂਸ ਕਰੀਏ ਜਾਂ ਕਿ ਸ਼ਰਮ ਮਹਿਸੂਸ ਕਰੀਏ?&rsquo

ਇਸੇ ਸਬੰਧ ਵਿਚ ਦੇਸ਼ ਦੇ ਹੋਰ ਅਹਿਮ ਲੋਕਾਂ ਨੇ ਵੀ ਟਵੀਟ ਕੀਤੇ ਹਨ ਪਰ ਪੂਜਾ ਭੱਟ ਦਾ ਇਹ ਟਵੀਟ ਭਾਜਪਾ ਦੇ ਇਰਾਦੇ ਅਤੇ ਕਰਤੂਤ ਦਾ ਭਾਂਡਾ ਭੰਨਦੇ ਹਨ।

ਸੋਸ਼ਲ ਮੀਡੀਏ ਤੇ ਕਿਸੇ ਨੇ ਅਜ਼ਾਦ ਭਾਰਤ ਦੇ ਆਗੂਆਂ ਦੀ ੧੯੪੭ ਦੀ ਤਸਵੀਰ ਦਿਖਾਈ ਹੈ ਜਿਸ ਵਿਚ ਦੋ ਦਰਜਨ ਦੇ ਕਰੀਬ ਸਿੱਖ, ਹਿੰਦੂ, ਮੁਸਲਮਾਨਾ, ਦਲਿਤਾਂ ਅਤੇ ਦੇਸ਼ ਦੇ ਹੋਰ ਆਗੂਆਂ ਦੇ ਚਿਹਰੇ ਨਜ਼ਰ ਆਉਂਦੇ ਹਨ ਅਤੇ ਦੂਜੇ ਪਾਸੇ ਨਵੀਂ ਸਾਂਸਦ ਦੇ ਉਦਘਾਟਨ ਸਬੰਧੀ ਮੋਦੀ ਦੇ ਆਲੇ ਦੁਆਲੇ ਦੋ ਦਰਜਨ ਤੋਂ ਵੱਧ ਭਗਵੇਂ ਅਤੇ ਨਾਂਗੇ ਪੁਜਾਰੀ ਖੜ੍ਹੇ ਹਨ। ਇਹ ਕਾਰਵਾਈ ਵੀ ਦਸਦੀ ਹੈ ਕਿ ਇਹ ਸਾਂਸਦ ਕੇਵਲ ਹਿੰਦੂ ਧਰਮ ਦੇ ਬੋਲਬਾਲੇ ਲਈ ਹੈ ਜਿਥੇ ਕਿ ਪਹਿਲਵਾਨ ਬੀਬੀਆਂ ਦਾ ਸ਼ਰੀਰਕ ਕਰਨ ਵਾਲੇ ਬ੍ਰਿਜ ਭੂਸ਼ਣ ਵਰਗੇ ਭਾਜਪਾਈ ਵੀ ਬੈਠਣਗੇ ਜਿਸ ਦੇ ਕੁਕਰਮ &lsquoਤੇ ਭਾਜਪਾ ਪਰਦਾਪੋਸ਼ੀ ਕਰ ਰਹੀ ਹੈ।

ਇਹਨਾ ਭਗਵਿਆਂ ਦੀ ਤਸਵੀਰ ਅਤੇ ਪੁਲਿਸ ਦੀ ਧੱਕਾਸ਼ਾਹੀ ਦੌਰਾਨ ਸੜਕ &lsquoਤੇ ਡਿਗੀਆਂ ਪਹਿਲਵਾਨ ਔਰਤਾਂ ਦੀਆਂ ਤਸਵੀਰਾਂ ਨਾਲ ਅਦਾਕਾਰਾ ਸਵਾਰਾ ਭਾਸਕਰ ਨੇ ਟਵੀਟ ਕੀਤੀ ਹੈ,&rsquo Here you go India. Here is what we voted for!&rsquo ਇਹ ਟਵੀਟ ਵੀ ਭਾਜਪਾ ਦੇ ਇਰਾਦਿਆਂ ਨੂੰ ਸਾਖਸ਼ਾਤ ਕਰਦੀ ਹੈ ਕਿ ਕੀ ਵਾਕਈ ਦੇਸ਼ ਦੇ ਸ਼ਹਿਰੀਆਂ ਨੇ ਅਜੇਹੇ ਰਾਜ ਪ੍ਰਬੰਧ ਲਈ ਭਾਜਪਾ ਨੂੰ ਵੋਟਾਂ ਪਾਈਆਂ ਸਨ ਜਿਥੇ ਕਿ ਦੇਸ਼ ਦੀਆਂ ਖਿਡਾਰਨਾ ਨੂੰ ਸੜਕਾਂ ਤੇ ਦਰੜਿਆ ਜਾ ਰਿਹਾ ਹੈ ਅਤੇ ਨਾਂਗੇ ਸਾਧੂਆਂ ਨੂੰ ਸਾਂਸਦ ਵਿਚ ਸਤਿਕਾਰਿਆ ਜਾ ਰਿਹਾ ਹੈ।

ਅੱਜ ਪੰਜਾਬ ਵਿਚ ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ ਜਦੋਂ ਕਿਸੇ ਨਾ ਕਿਸੇ ਗੁਰਦੁਆਰੇ ਵਿਚ ਬੇਅਦਬੀ ਨਾ ਕੀਤੀ ਜਾਂਦੀ ਹੋਵੇ। ਦੁਨੀਆਂ ਦੇ ਸਭ ਤੋਂ ਵੱਡੇ ਲੋਕ ਰਾਜ ਦੀ ਪੁਲਿਸ ਅਤੇ ਪ੍ਰਸ਼ਾਸਨ ਇਸ ਕੁਕਰਮ ਪ੍ਰਤੀ ਮਹਿਜ਼ ਦਰਸ਼ਕ ਬਣੀ ਹੋਈ ਹੈ। ਜਿਹਨਾ ਸਿੱਖਾਂ ਨੇ ਭਾਰਤ ਨੂੰ ਮੁਗਲਾਂ ਅਤੇ ਫਿਰੰਗੀਆਂ ਦੀ ਗੁਲਾਮੀ ਤੋਂ ਮੁਕਤ ਕੀਤਾ ਅੱਜ ਹਰ ਪੱਧਰ &lsquoਤੇ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਹਨਾ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਬੰਦੀ ਸਿੱਖਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਜਾਣ &lsquoਤੇ ਵੀ ਉਹਨਾ ਨੂੰ ਛੱਡਿਆ ਨਹੀਂ ਜਾ ਰਿਹਾ। ਸਿੱਖੀ ਦਾ ਪ੍ਰਚਾਰ ਕਰਨ ਵਾਲੇ ਅਤੇ ਅਜ਼ਾਦੀ ਮੰਗ ਰਹੇ ਨੌਜਵਾਨਾ ਤੇ ਦੇਸ਼ ਧ੍ਰੋਹੀ ਦੇ ਕੇਸ ਬਣਾ ਕੇ ਉਹਨਾ ਨੂੰ ਡਿਬਰੂਗੜ੍ਹ ਦੀ ਜਿਹਲ ਵਿਚ ਜਲਾਵਤਨ ਕੀਤਾ ਗਿਆ ਹੈ। ਪੰਜਾਬ ਦੇ ਪਾਣੀ ਕੇਂਦਰ ਨੇ ਜ਼ਬਰਦਸਤੀ ਖੋਹ ਕੇ ਪੰਜਾਬ ਨੂੰ ਰੇਗਿਸਤਾਨ ਬਣਨ ਦੇ ਰਾਹ ਪਾ ਦਿੱਤਾ ਹੈ। ਸਿੱਖ ਕੌਮ ਵਿਚ ਅੰਦਰ ਹੀ ਅੰਦਰ ਜਿਥੇ ਗੁਲਾਮੀ ਦਾ ਅਹਿਸਾਸ ਵੱਧਦਾ ਜਾ ਰਿਹਾ ਹੈ ਉਥੇ ਅਜ਼ਾਦੀ ਦੀ ਉਮੰਗ ਵੀ ਬੁਲੰਦ ਹੁੰਦੀ ਜਾ ਰਹੀ ਹੈ। ਜਿਵੇਂ ਸਿੱਖਾਂ ਦੀ ਅਗਵਾਈ ਨੇ ਕਿਸਾਨੀ ਮੋਰਚਾ ਫਤਹਿ ਕੀਤਾ ਹੈ ਜਾਪਦੈ ਕਿ ਘਟਗਿਣਤੀਆਂ ਦੀ ਅਜ਼ਾਦੀ ਲਈ ਵੀ ਇਹਨਾ ਭਗਵਿਆਂ ਖਿਲਾਫ ਸ਼ਾਇਦ ਸਿੱਖ ਸ਼ਕਤੀ ਨੂੰ ਹੀ ਅਗਵਾਈ ਕਰਨੀ ਪਵੇਗੀ।

ਲੇਖਕ: ਕੁਲਵੰਤ ਸਿੰਘ ਢੇਸੀ