image caption: ਕੁਲਵੰਤ ਸਿੰਘ ਢੇਸੀ

ਸਿਰ ਕੱਢ ਖਾਲਿਸਤਾਨੀ ਆਗੂਆਂ ਦੀਆਂ ਮੌਤਾਂ ਕਾਰਨ ਵਧ ਰਿਹਾ ਹੈ ਤੌਖਲਾ

 ਕਿੰਝ ਮਾਰੇਗਾ ਕੋਈ ਸਾਨੂੰ ? ਅਸੀਂ ਖੁਸ਼ਬੂ ਹਾਂ, ਹਵਾਵਾਂ ਵਿਚ ਖਿੱਲਰ ਜਾਵਾਂਗੇ

ਬਾਬਾ ਬੰਦਾ ਸਿੰਘ ਬਹਾਦਰ ਤੋਂ ਅਜ਼ਾਦ ਭਾਰਤ ਤਕ ਸਿੱਖਾਂ ਦਾ ਸਫਰ

ਸੁੱਤੇ ਸ਼ੇਰ ਦੀ ਮੜ੍ਹੀ ਵੰਗਾਰਾਂ ਪਉਂਦੀ ਹੈ!


ਹਾਲ ਹੀ ਵਿਚ ਇੰਗਲੈਂਡ ਵਿਚ ਹੋਈ ਭਾਈ ਅਵਤਾਰ ਸਿੰਘ ਖੰਡਾ ਦੀ ਅਚਾਨਕ ਮੌਤ ਅਤੇ ਉਸ ਤੋਂ ਬਾਅਦ ਕਨੇਡਾ ਵਿਚ ਭਾਈ ਹਰਦੀਪ ਸਿੰਘ ਨਿਝਰ ਦੇ ਕਤਲ ਮਗਰੋਂ ਸਿੱਖ ਭਾਈਚਾਰੇ ਵਿਚ ਅਨੇਕਾਂ ਕਿਸਮ ਦੀਆਂ ਕਿਆਸ ਅਰਾਈਆਂ ਹੋ ਰਹੀਆਂ ਹਨ। ਭਾਈ ਹਰਦੀਪ ਸਿੰਘ ਨਿੱਝਰ ਨੂੰ ਦਲ ਖਾਲਸਾ ਨਾਲ ਸਬੰਧਤ ਦੱਸਿਆ ਜਾਂਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਉਹ ਕਿਸੇ ਸਾਜਸ਼ ਦਾ ਸ਼ਿਕਾਰ ਹੋ ਸਕਦਾ ਹੈ ਜਾਂ ਉਸ ਤੇ ਜਾਨ ਲੇਵਾ ਹਮਲਾ ਵੀ ਹੋ ਸਕਦਾ ਹੈ। ਸਰੀ ਦੇ ਗੁਰਦੁਆਰਾ ਸਾਹਿਬ ਵਿਚ ਭਾਈ ਨਿੱਝਰ ਮੁਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ ਅਤੇ ਕਿਹਾ ਜਾਂਦਾ ਹੈ ਕਿ ਜਿਸ ਦਿਨ ਉਸ ਦਾ ਕਤਲ ਹੁੰਦਾ ਹੈ ਤਾਂ ਗੁਰਦੁਆਰੇ ਦੀ ਸਟੇਜ ਤੋਂ ਉਸ ਨੇ ਕੀਰਤਨ ਸੋਹਿਲੇ ਦੀਆਂ ਆਖਰੀ ਪੰਗਤੀਆਂ ਭਾਵ ਕਿ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਪੜ੍ਹ ਕੇ ਆਪਣੇ ਭਾਸ਼ਣ ਨੂੰ ਵਿਸ਼ਰਾਮ ਦਿੱਤਾ ਸੀ। ਭਾਈ ਨਿੱਝਰ ਭਾਰਤ ਸਰਕਾਰ ਦੀ ਕਾਲੀ ਸੂਚੀ ਵਿਚ ਸਨ ਅਤੇ ਉਸ ਦੀ ਹਵਾਲਗੀ ਭਾਰਤ ਸਰਕਾਰ ਕਨੇਡਾ ਸਰਕਾਰ ਤੋਂ ਲੰਬੇ ਸਮੇਂ ਤੋਂ ਕਰ ਰਹੀ ਸੀ। ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਤੋਂ ਬਾਅਦ ਭਾਈ ਨਿੱਝਰ ਦੇ ਕਤਲ ਨੂੰ ਕਥਿਤ ਤੌਰ ਤੇ ਭਾਰਤੀ ਏਜੰਸੀਆਂ ਨਾਲ ਜੋੜਿਆ ਜਾ ਰਿਹਾ ਹੈ। ਭਾਈ ਪੰਜਵੜ, ਭਾਈ ਖੰਡਾ ਅਤੇ ਭਾਈ ਨਿੱਝਰ ਨੂੰ ਖਾਲਿਸਤਾਨੀ ਸੰਘਰਸ਼ ਦੇ ਸ਼ਹੀਦ ਕਰਾਰ ਦਿੱਤਾ ਗਿਆ ਹੈ।

ਕਨੇਡਾ ਵਿਚ ਭਾਈ ਨਿੱਝਰ ਦੀ ਦੇਹ ਨੂੰ ਜਿਵੇਂ ਅੰਤਮ ਵਿਦਾਇਗੀ ਦਿੱਤੀ ਗਈ ਉਸ ਤੋਂ ਸਿੱਖ ਸੰਗਤਾਂ ਦੇ ਪ੍ਰਤੀਕਰਮ ਦਾ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਨੇ ਸਿੱਖਾਂ ਵਿਚ ਅਜ਼ਾਦੀ ਦੀ ਲੋਚਾ ਨੂੰ ਹੋਰ ਵੀ ਤਿੱਖਿਆਂ ਕੀਤਾ ਹੈ। ਇਸੇ ਤਰਾਂ ਦਾ ਪ੍ਰਤੀਕਰਮ ਯੂ ਕੇ ਵਿਚ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ &lsquoਤੇ ਹੋਇਆ ਹੈ। ਭਾਵੇਂ ਭਾਈ ਖੰਡਾ ਦੀ ਮੌਤ ਦਾ ਕਾਰਨ ਖੂਨ ਦਾ ਕੈਂਸਰ ਕਿਹਾ ਜਾਂਦਾ ਹੈ ਪਰ ਇਹਨਾ ਕੰਸੋਆਂ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਕਿ ਉਸ ਨੂੰ ਖਾਣੇ ਵਿਚ ਜ਼ਹਿਰ ਦਿੱਤੀ ਗਈ ਸੀ ਕਿਓਂਕਿ ਪਿਛਲੇ ਕੁਝ ਸਮੇਂ ਤੋਂ ਭਾਈ ਖੰਡਾ ਸਿੱਖ ਮੁਜ਼ਾਹਰਿਆਂ ਵਿਚ ਬੜੇ ਰੋਹ ਨਾਲ ਵਿਚਰ ਰਿਹਾ ਸੀ ।


ਇੱਕ ਗੱਲ ਪੱਕੀ ਹੈ ਕਿ ਸਿੱਖ ਆਗੂਆਂ ਦੇ ਕਤਲਾਂ ਨਾਲ ਸਿੱਖਾਂ ਦੀ ਅਜ਼ਾਦੀ ਦੇ ਸੰਘਰਸ਼ ਵਿਚ ਖੜੋਤ ਆਉਣ ਦੀ ਬਜਾਏ ਸਗੋਂ ਇਹ ਸੰਘਰਸ਼ ਕੌਮਾਂਤਰੀ ਤੌਰ ਤੇ ਹੋਰ ਤਿੱਖਾ ਹੋਵੇਗਾ। ਇਹਨੀ ਦਿਨੀ ਅਸੀਂ ਸੋਸ਼ਲ ਸਾਈਟਾਂ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਾਰਕ ਓਬਾਮਾ ਦੀ ਇੱਕ ਵੀਡੀਓ ਕਲਿਪ ਦੇਖ ਰਹੇ ਸਾਂ ਜਿਸ ਵਿਚ ਉਹ ਕਹਿੰਦਾ ਹੈ ਕਿ ਜੇਕਰ ਭਾਰਤ ਵਿਚ ਮੋਦੀ ਸਰਕਾਰ ਨੇ ਘੱਟ ਗਿਣਤੀਆਂ ਦਾ ਸੋਸ਼ਣ ਜਾਰੀ ਰੱਖਿਆ ਤਾਂ ਉਸ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਬੇਸ਼ਕ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੀ ਅਜ਼ਾਦੀ ਪ੍ਰਤੀ ਅਮਰੀਕਾ ਵਰਗੀਆਂ ਸ਼ਕਤੀਆਂ ਦਾ ਰਵੱਈਆ ਉਹੋ ਜਿਹਾ ਨਹੀਂ ਹੈ ਜਿਵੇਂ ਕਦੀ ਯਹੂਦੀਆਂ ਦੇ ਅਜ਼ਾਦ ਦੇਸ਼ ਇਜ਼ਰਾਈਲ ਲਈ ਸੀ ਪਰ ਜਿਸ ਹਿਸਾਬ ਨਾਲ ਖਾਲਿਸਤਾਨੀ ਸਿੱਖ ਇਹਨਾ ਦੇਸ਼ਾਂ ਵਿਚ ਆਪਣਾ ਸੰਘਰਸ਼ ਤੇਜ ਕਰ ਰਹੇ ਹਨ ਤਾਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਲਹਿਰ ਦਿਨੋ ਦਿਨ ਬੁਲੰਦ ਹੁੰਦੀ ਜਾਏਗੀ। ਉਹ ਵੀ ਸਮਾਂ ਸੀ ਜਦ ਕਦੀ ਮੁਗਲਾਂ ਨੇ ਸਿੱਖਾਂ ਦੇ ਖਾਤਮੇ ਲਈ ਆਪਣੀ ਸਾਰੀ ਰਾਜਨੀਤਕ ਸ਼ਕਤੀ ਝੋਕ ਦਿੱਤੀ ਸੀ ਪਰ ਸਿੱਖ ਕਿਸੇ ਵੀ ਜ਼ੁਲਮ ਅੱਗੇ ਨਾ ਝੁਕੇ ਸਗੋਂ ਸਮਾਂ ਪਾ ਕੇ ਉਹਨਾ ਨੇ ਮੁਗਲਾਂ ਦਾ ਭਾਰਤ ਵਿਚੋਂ ਬੋਰੀਆ ਬਿਸਤਰਾ ਗੋਲ ਕਰ ਦਿੱਤਾ ਸੀ। ਮੀਰ ਮੰਨੂੰ ਵਰਗੇ ਸਿੱਖ ਕਾਤਲਾਂ ਦੇ ਸਮੇਂ ਤਾਂ ਇਹ ਕਹਾਵਤ ਵੀ ਮਸ਼ਹੂਰ ਹੋ ਗਈ ਸੀ ਕਿ ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਓਂ ਜਿਓਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ

ਬਾਬਾ ਬੰਦਾ ਸਿੰਘ ਤੋਂ ਅਜ਼ਾਦ ਭਾਰਤ ਤਕ ਪਹੁੰਚਿਆ ਸਿੱਖ ਸੰਘਰਸ਼

ਸਿੱਖ ਪੰਥ ਵਿਚ ੨੫ ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਹ ਗੱਲ ਗੌਰ ਕਰਨ ਵਾਲੀ ਹੈ ਕਿ ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਨਾਂਦੇੜ ਤੋਂ ਤੁਰੇ ਤਾਂ ਉਹਨਾ ਨਾਲ ਸਿਰਫ ੨੫ ਸਿੱਖ ਸਨ ਪਰ ਪੰਜਾਬ ਤਕ ਪਹੁੰਚਦਿਆਂ ਇਹ ਗਿਣਤੀ ੪੦,੦੦੦ ਤਕ ਪਹੁੰਚ ਗਈ ਦੱਸੀ ਜਾਂਦੀ ਹੈ। ਇਸ ਦਾ ਕਾਰਨ ਇਹ ਸੀ ਕਿ ਦੇਸ਼ ਦੇ ਮਿਹਨਤਕਸ਼ ਲੋਕ ਮੁਗਲ ਰਾਜ ਦੀ ਬਰੁਛਾਗਰਦੀ ਤੋਂ ਤੰਗ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਾਨਵੀ ਛਵੀ ਵਿਚੋਂ ਉਸ ਨੂੰ ਅਜ਼ਾਦੀ ਦੀ ਝਲਕ ਦਿਸਦੀ ਸੀ। ਇਹ ਕੋਈ ਮਿਥਹਾਸਕ ਵਰਤਾਰਾ ਨਹੀਂ ਸੀ ਜਿਸ ਪ੍ਰਤੀ ਸਾਡੇ ਮਨ ਵਿਚ ਕੋਈ ਛੱਕ ਸੁਬ੍ਹਾ ਹੋਵੇ ਸਗੋਂ ਇਹ ਤਾਂ ਇੱਕ ਇਤਹਾਸਕ ਵਰਤਾਰਾ ਸੀ ਜਿਸ ਦੇ ਚਸ਼ਮਦੀਦ ਗਵਾਹਾਂ ਦੇ ਬਿਆਨ ਕਲਮਬੰਦ ਹੋ ਚੁੱਕੇ ਹਨ। ਸਰ ਜੋਹਨ ਮੇਲ੍ਕੋਮ ਦੀ ਲਿਖਤ ਮੁਤਾਬਕ ਜੇਕਰ ਇਸ ਵਕਤ ਬਹਾਦਰ ਸ਼ਾਹ ਦਖਣ ਛਡ ਕੇ ਪੰਜਾਬ ਵਲ ਮੂੰਹ ਨਾ ਕਰਦਾ ਤਾਂ  ਸਾਰਾ ਹਿੰਦੁਸਤਾਨ ਸਿਖਾਂ ਦੇ ਕਬਜ਼ੇ ਹੇਠ ਹੁੰਦਾ ਗ੍ਰਿਫਤਾਰ ਕੀਤੇ ਗਏ ਸਿੰਘਾਂ ਦੇ ਦਿੱਲੀ ਵਿਚ ਕਤਲੇਆਮ ਸਮੇਂ ਇਕ  ਅੰਗਰੇਜ਼ ਲ੍ਹਿਖਾਰੀ ਲਾਵਰੇਨ੍ਸ ਹੈਨਰੀ ਲਿਖਦਾ ਹੈ ਉਸ ਵਕਤ ਮੌਕੇ ਵਾਰਦਾਤ ਤੇ ਇੰਜ ਲਗ ਰਿਹਾ ਸੀ ਜਿਵੇਂ ਹਰ ਕਰਾਈਸਟ ਆਪਣੇ ਧਰਮ ਦੀ ਖਤਿਰ ਸੂਲੀ ਤੇ ਚੜ  ਰਿਹਾ ਹੋਵੇ&rdquo

ਬਾਬਾ ਬੰਦਾ ਸਿੰਘ ਬਹਾਦਰ ਦੇ ਮਾਸ ਨੂੰ ਜ਼ਾਲਮਾ ਨੇ ਜੰਬੂਰਾਂ ਨਾਲ ਨੋਚਿਆ ਅਤੇ ਫਿਰ ਉਸ ਦੇ ਮੂੰਹ ਵਿਚ ਉਸ ਦੇ ਚਾਰ ਸਾਲ ਦੇ ਭੁਚੰਗੀ ਅਜੈ ਸਿੰਘ ਦਾ ਦਿਲ ਕੱਢ ਕੇ ਤੁੰਨਿਆਂ ਗਿਆ ਪਰ ਬਾਬਾ ਜੀ ਨਾ ਡੋਲੇ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ੭੪੪ ਮਰਜੀਵੜਿਆਂ ਨੂੰ ਤਸੀਹੇ ਦੇਣ ਪਿਛੋਂ ਮੁਗਲਾਂ ਨੇ ਜਰੂਰ ਸੋਚਿਆ ਹੋਣਾ ਕਿ ਉਹਨਾ ਨੇ ਸਿੱਖਾਂ ਦੇ ਆਗੂ ਨੂੰ ਖਤਮ ਕਰਕੇ ਸਿੱਖਾਂ ਨੂੰ ਦਬਾ ਲਿਆ ਪਰ ਇਹਨਾ ਸ਼ਹੀਦੀਆਂ ਤੋਂ ਪ੍ਰੇਰਨਾ ਲੈ ਕੇ ਸਿੱਖ ਤਾਂ ਸਗੋ ਹੋਰ ਬੁਲੰਦ ਹੋ ਗਏ ਅਤੇ ਸਿੱਖ ਸ਼ਕਤੀ ਆਪਣੇ ਪੂਰੇ ਜਲੌ ਨਾਲ ਵਿਰੋਧੀਆਂ ਨਾਲ ਟਕਰਾਉਣ ਲੱਗ ਪਈ।


ਇਸੇ ਤਰਾਂ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਨ ੧੭੬੨ ਨੂੰ ਵੱਡੇ ਘੱਲੂਘਾਰੇ ਵਿਚ ਜਦੋਂ ਸਿੱਖ ਵਸੋਂ ਦਾ ਅੱਧਾ ਹਿੱਸਾ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਅਹਿਮਦ ਸਾਹ ਅਬਦਾਲੀ ਨੂੰ ਇਕ ਵਹਿਮ ਹੋ ਗਿਆ ਸੀ ਕਿ ਉਸ ਨੇ ਸਿੱਖਾਂ ਦਾ ਸਫਾਇਆ ਕਰ ਦਿੱਤਾ ਪਰ ਜਦੋਂ ਕੇਵਲ ਛੇ ਮਹੀਨੇ ਬਾਅਦ ਸਿੱਖ ਮਰਜੀਵੜਿਆਂ ਨੇ ਅਬਦਾਲੀ ਦਾ ਪੰਜਾਬ ਵਿਚ ਮੂੰਹ ਮੋੜ ਦਿੱਤਾ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਇਹ ਭਾਣਾ ਕਿਵੇਂ ਵਰਤ ਗਿਆ। ਸਿੱਖ ਸ਼ਕਤੀ ਦਾ ਜ਼ੁਲਮ ਅੱਗੇ ਨਾ ਝੁਕਣਾ ਸਗੋਂ ਹੋਰ ਪ੍ਰਚੰਡ ਹੁੰਦੇ ਜਾਣ ਦੇ ਸੁਭਾਅ ਤੋਂ ਅੰਗ੍ਰੇਜ਼ ਵੀ ਵਾਕਿਫ ਸੀ। ਇਹੀ ਕਾਰਨ ਹੈ ਕਿ ਜਦੋਂ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਨਾਲ ਅੰਗ੍ਰੇਜ਼ ਨੂੰ ਗੋਡਿਆਂ ਭਾਰ ਕਰ ਦਿੱਤਾ ਸੀ ਤਾਂ ਫਿਰੰਗੀ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਹੁਣ ਉਹਨਾ ਦੇ ਭਾਰਤ ਵਿਚ ਦਿਨ ਪੁੱਗ ਗਏ ਇਹੀ ਕਾਰਨ ਹੈ ਕਿ ਉਹ ਗਾਂਧੀ ਨਹਿਰੂ ਵਰਗੇ ਆਪਣੇ ਟੋਡੀਆਂ ਨੂੰ ਭਾਰਤ ਦੀ ਵਾਗਡੋਰ ਸੌਂਪ ਕੇ ਚੱਲਦੇ ਬਣੇ ਸਨ।

ਅਜ਼ਾਦ ਭਾਰਤ ਵਿਚ ਸਿੱਖਾਂ ਨਾਲ ਟਕਰਾਉਣ ਵਾਲੀ ਕਾਂਗਰਸ ਆਪ ਹੀ ਰਾਜਨੀਤਕ ਤੌਰ ਤੇ ਹਾਸ਼ੀਏ ਤੇ ਚਲੇ ਗਈ ਅਤੇ ਹੁਣ ਵਾਰੀ ਆਈ ਹੈ ਭਾਜਪਾ ਦੀ। ਭਾਜਪਾ ਭਾਵੇਂ ਜ਼ਬਾਨੀ ਕਲਾਮੀ ਸਿੱਖਾਂ ਨੂੰ ਹਿੰਦੂ ਧਰਮ ਦੀ ਸ਼ਾਖਾ ਮੰਨਦੀ ਹੈ ਪਰ ਭਾਜਪਾ ਨੂੰ ਇਹ ਚੰਗੀ ਤਰਾਂ ਇਲਮ ਹੈ ਕਿ ਜੇ ਭਾਰਤ ਵਿਚ ਉਸ ਨੇ ਆਪਣੇ ਰਾਜਨੀਤਕ ਪੈਰ ਪੱਕੇ ਕਰਨੇ ਹਨ ਤਾਂ ਸਿੱਖ ਦੀ ਰਾਜਨੀਤਕ ਸ਼ਕਤੀ ਅਤੇ ਵਿਲੱਖਣ ਹੋਂਦ ਨੂੰ ਖਤਮ ਕਰਨਾ ਜਰੂਰੀ ਹੈ। ਭਾਜਪਾ ਆਪਣੀ ਸਾਮ ਦਾਮ ਦੰਡ ਦੀ ਨੀਤੀ ਤੇ ਚੱਲ ਰਹੀ ਹੈ। ਭਾਰਤ ਵਿਚ ਇਸ ਵੇਲੇ ਭਾਜਪਾ ਜਿਥੇ ਵਿਕਾਊ ਸਿੱਖਾਂ ਨੂੰ ਰਾਜਨੀਤਕ ਬੁਰਕੀਆਂ ਨਾਲ ਭਰਮਾ ਰਹੀ ਹੈ ਉਥੇ ਬਾਹਰਲੇ ਦੇਸ਼ਾਂ ਵਿਚ ਵੀ ਉਹ ਸਿੱਖ ਵਿਰੋਧ ਨੂੰ ਖਤਮ ਕਰਨ ਲਈ ਵੱਖੋ ਵੱਖਰੇ ਤਰੀਕੇ ਅਪਣਾ ਰਹੀ ਹੈ। ਇਹ ਗੱਲ ਜੱਗ ਜਾਹਰ ਹੈ ਕਿ ਕਿਸੇ ਵੀ ਦੇਸ਼ ਦੀਆਂ ਏਜੰਸੀਆਂ ਜਦੋਂ ਕਿਸੇ ਕਤਲ ਨੂੰ ਅੰਜਾਮ ਦਿੰਦੀਆਂ ਹਨ ਤਾਂ ਉਸ ਦਾ ਖੁਰਾ ਖੋਜ ਅਕਸਰ ਹੱਥ ਨਹੀਂ ਲੱਗਦਾ ਅਤੇ ਇਹ ਵੀ ਸੰਭਾਵਨਾ ਹੈ ਕਿ ਦੇਸ ਪ੍ਰਦੇਸ ਦੇ ਸੰਪਾਦਰ ਤਰਸੇਮ ਸਿੰਘ ਪੁਰੇਵਾਲ ਜਾਂ ਕਨੇਡਾ ਵਿਚ ਇੰਡੋ ਕਨੇਡੀਅਨ ਦੇ ਸੰਪਾਦਕ ਤਾਰਾ ਸਿੰਘ ਹੇਅਰ ਦੇ ਕਤਲਾਂ ਵਾਂਗ ਭਾਈ ਨਿੱਝਰ ਦੇ ਕਤਲ ਦਾ ਖੁਰਾ ਖੋਜ ਛੇਤੀ ਕੀਤੇ ਹੱਥ ਨਹੀਂ ਲੱਗਣ ਵਾਲਾ ਪਰ ਇੱਕ ਗੱਲ ਪੱਕੀ ਹੈ ਕਿ ਖਾਲਿਸਤਾਨੀ ਆਗੂਆਂ ਦੇ ਕਤਲਾਂ ਨਾਲ ਖਾਲਿਸਤਾਨੀ ਲਹਿਰ ਰੁਕਣ ਦੀ ਬਜਾਏ ਸਗੋਂ ਹੋਰ ਪ੍ਰਚੰਡ ਹੁੰਦੀ ਜਾਏਗੀ।


ਸੁੱਤੇ ਸ਼ੇਰ ਦੀ ਮੜ੍ਹੀ ਵੰਗਾਰਾਂ ਪਉਂਦੀ ਹੈ


੨੯ ਜੂਨ ਨੂੰ ਮਹਾਂਰਾਜਾ ਰਣਜਿਤ ਸਿੰਘ ਦੀ ਬਰਸੀ ਨੂੰ ਦੁਨੀਆਂ ਭਰ ਦੇ ਸਿੱਖਾਂ ਵਿਚ ਮਨਾਇਆ ਜਾਵੇਗਾ। ਇਸ ਦਿਨ ਤੇ ਪੰਜਾਬ ਵਿਚੋਂ ਇੱਕ ਜਥਾ ਮਹਾਂਰਾਜਾ ਰਣਜੀਤ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਾਕਸਿਤਾਨ ਵੀ ਜਾਂਦਾ ਹੈ। ਸੰਨ ੧੭੮੦ ਨੂੰ ਜਨਮੇ ਮਹਾਂਰਾਜਾ ਰਣਜੀਤ ਸਿੰਘ ਜੂਨ ੧੮੩੯ ਨੂੰ ਇਸ ਫਾਨੀ ਸਰਕਾਰ ਨੂੰ ਅਲਵਿਦਾ ਕਹਿ ਗਏ। ਉਸ ਵੇਲੇ ਦੀ ਪੰਜਾਬ ਦੀ ਵਿਸ਼ਾਲ ਧਰਤੀ ਤੇ ਸਿੱਖ ਰਾਜ ਦੀ ਮਿਸਾਲ ਦੁਨੀਆਂ ਭਰ ਵਿਚ ਨਿਵੇਕਲੀ ਹੈ ਕਿ ਜਿਸ ਸਿੱਖ ਰਾਜ ਦੀਆਂ ਸਰਹੱਦਾਂ ਕਾਬਲ ਕੰਧਾਰ ਅਤੇ ਕਸ਼ਮੀਰ ਤੋਂ ਤਿੱਬਤ ਤਕ ਫੈਲੀਆਂ ਹੋਈਆਂ ਸਨ ਉਥੇ ਹਰ ਧਰਮ ਅਤੇ ਹਰ ਕੌਮ ਦੇ ਲੋਕਾਂ ਨੂੰ ਪੂਰੀ ਅਜ਼ਾਦੀ ਨਾਲ ਰਹਿਣ ਦੇ ਹੱਕ ਹਾਸਲ ਸਨ। ਅਫਸੋਸ ਦੀ ਗੱਲ ਹੈ ਕਿ ਜਿਥੇ ਸਿੱਖ ਵਿਰੋਧੀਆਂ ਨੇ ਇੱਕ ਮੁੱਦਤ ਤੋਂ ਮਹਾਂਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਤਾਰ ਤਾਰ ਕਰਨ ਲਈ ਸਾਜਸ਼ਾਂ ਕੀਤੀਆਂ ਉਥੇ ਵੱਖ ਵੱਖ ਇਜ਼ਮਾਂ ਅਤੇ ਵਾਦਾਂ ਤੋਂ ਪ੍ਰੇਰਤ ਸਿੱਖ ਵੀ ਇਸ ਸਾਜਸ਼ ਦਾ ਸ਼ਿਕਾਰ ਹੁੰਦੇ ਰਹੇ ਹਨ।

ਕੋਈ ਮਹਾਂਰਾਜਾ ਰਣਜੀਤ ਸਿੰਘ ਨੂੰ ਮੋਰੋਂ ਦਾ ਮਹਾਂਰਾਜਾ ਕਹਿ ਕੇ ਉਸ ਦੀ ਕਿਰਦਾਰ ਕੁਸ਼ੀ ਕਰ ਰਿਹਾ ਹੈ ਅਤੇ ਕੋਈ ਮਹਾਂਰਾਜੇ ਦੀਆਂ ਰਾਣੀਆਂ ਦੇ ਮੁੱਦੇ ਤੇ ਉਸ ਦੀ ਕੀਤੀ ਕਰਾਈ ਤੇ ਪਾਣੀ ਫੇਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸੱਚ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਦੀਆਂ ਇਖਲਾਕੀ ਕਮਜੋਰੀਆਂ ਕਾਰਨ ਅਕਾਲੀ ਫੂਲਾ ਸਿੰਘ ਵਰਗੇ ਸਿਰਦਾਰਾਂ ਨੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਇਮਲੀ ਦੇ ਬੂਟੇ ਨਾਲ ਬੱਝਣ ਲਈ ਮਜ਼ਬੂਰ ਕਰ ਦਿੱਤਾ ਸੀ ਪਰ ਜਿਸ ਤਰਾਂ ਮਹਾਂਰਾਜੇ ਨੇ ਦੱਰਾ--ਖੈਬਰ ਤੋਂ ਆਉਣ ਵਾਲੇ ਧਾੜਵੀਆਂ ਦਾ ਰਾਹ ਹਮੇਸ਼ਾਂ ਹਮੇਸ਼ਾਂ ਲਈ ਬੰਦ ਕਰਕੇ ਪੰਜਾਬ ਅਤੇ ਭਾਰਤ ਨੂੰ ਅਜ਼ਾਦੀ ਦਿਤੀ ਉਸ ਨੂੰ ਅਣਗੌਲਿਆਂ ਕਰਨਾ ਮਹਾਂਰਾਜੇ ਦੀ ਸ਼ਖਸੀਅਤ ਨਾਲ ਵੱਡਾ ਧਰੋਹ ਹੈ। ਇਹ ਸੱਚਾਈਆਂ ਤਾਂ ਹੁਣੇ ਹੁਣੇ ਲੋਕਾਂ ਸਾਹਮਣੇ ਆਉਣ ਲੱਗੀਆਂ ਹਨ ਕਿ ਸਿੱਖ ਰਾਜ ਵਿਚ ਸਾਖਰਤਾ ਅਤੇ ਆਰਥਿਕਤਾ ਕਿਸ ਬੁਲੰਦੀ ਤੇ ਸੀ। ਇੱਕ ਸਿੱਖ ਦਾਨਸ਼ਵਰ ਨੇ ਇਸ ਸੱਚਾਈ ਨੂੰ ਲੋਕਾਂ ਸਾਹਮਣੇ ਲਿਆ ਕੇ ਹੈਰਾਨ ਹੀ ਕਰ ਦਿੱਤਾ ਕਿ ਜਦੋਂ ਫਿਰੰਗੀ ਨੇ ਆਪਣੀਆਂ ਕਪਟੀ ਚਾਲਾਂ ਨਾਲ ਤੇਜਾ ਸਿੰਘ, ਲਾਲ ਸਿੰਘ ਅਤੇ ਗੁਲਾਬ ਸਿੰਘ ਵਰਗਿਆਂ ਨੂੰ ਖ੍ਰੀਦ ਕੇ ਸਿੱਖ ਰਾਜ ਹਥਿਆ ਲਿਆ ਤਾ ਉਸ ਸਮੇ ਪੰਜਾਬ ਵਿਚੋਂ ਸਿੱਖ ਸ਼ਕਤੀ ਨੂੰ ਖੋਰਾ ਲਉਣ ਲਈ ਡੌਂਡੀ ਪਿਟਵਾ ਕੇ ੩ ਆਨੇ ਹਥਿਆਰ ਦੇ ਅਤੇ ੬ ਆਨੇ ਪੰਜਾਬੀ ਕਾਇਦੇ ਦਾ ਲਾਲਚ ਦੇ ਕੇ ਕਿਸ ਤਰਾਂ ਪੰਜਾਬ ਨੂੰ ਸਾਖਰਤਾ ਅਤੇ ਆਰਥਿਕ ਤੌਰ ਤੇ ਨਿਰਬਲ ਕਰਨ ਦੀ ਕੋਸ਼ਿਸ਼ ਕੀਤੀ ਗਈ।

ਸਾਡੇ ਕੋਲ ਮਹਾਂਰਾਜਾ ਰਣਜੀਤ ਸਿੰਘ ਦੇ ਚੜ੍ਹਦੀ ਕਲਾ ਵਾਲੇ ਸਰਬ ਸਾਂਝੇ ਰਾਜ ਬਾਰੇ ਕਹਿਣ ਲਈ ਬੜਾ ਕੁਝ ਹੈ ਪਰ ਅਸੀਂ ਉਸਦੀ ਬਰਸੀ &lsquoਤੇ ਇੱਕ ਕਵਿਤਾ ਨਾਲ ਆਪਣੇ ਅਕੀਦਤ ਦੇ ਫੁੱਲ ਭੇਂਟ ਕਰਦੇ ਹਾਂ।


ਸਿੱਖ ਰਾਜ ਦੀ ਕੀਤੀ ਮਿਸਾਲ ਕਾਇਮ, ਝਈਆਂ ਮੁਗਲ ਫਿਰੰਗੀ ਸੀ ਬਹੁਤ ਲੈਂਦੇ

ਦਰਾ ਖੈਬਰ &lsquoਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ


ਜ਼ਾਤ ਧਰਮ ਦਾ ਫਰਕ ਨਾ ਕੋਈ ਕੀਤਾ, ਉਹ ਸੀ ਸਭ ਦਾ ਸਾਂਝਾ ਸਰਦਾਰ ਰਾਜਾ

ਲੋੜਵੰਦਾਂ ਦੇ ਘਰ ਤਕ ਪਹੁੰਚਦਾ ਸੀ, ਅਸੀਸਾਂ ਲੈਂਦਾ ਤੇ ਪਿਆਰ ਸਤਕਾਰ ਰਾਜਾ

ਹਿੰਦੂ ਮੁਸਲਿਮ ਤੇ ਸਾਰੀ ਲੋਕਾਈ ਜਾਣੋ, ਉਹਦੇ ਰਾਜ ਦਰਬਾਰ ਵਿਚ ਰਲ ਬਹਿੰਦੇ

ਦਰਾ ਖੈਬਰ &lsquoਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ


ਸਾਰੇ ਮਾਣਕਾਂ ਤੋਂ ਜਿਹੜਾ ਕੀਮਤੀ ਸੀ, ਡੌਲ੍ਹੇ ਬੰਨ੍ਹਦਾ ਸੀ ਕੋਹਿਨੂਰ ਹੀਰਾ

ਇੱਕੋ ਅੱਖ ਨਾਲ ਸਭ ਨੂੰ ਦੇਖਦਾ ਸੀ, ਉਹ ਸੀ ਗੁਣਾਂ ਦੇ ਨਾਲ ਭਰਪੂਰ ਹੀਰਾ

ਸ਼ਾਹ ਜਮਾਨ ਅਬਦਾਲੀ ਦੇ ਪੋਤਰੇ ਜਏ, ਉਹਦੀ ਸ਼ਰਣ ਵਿਚ ਆਣਕੇ ਸੀ ਢਹਿੰਦੇ

ਦਰਾ ਖੈਬਰ &lsquoਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ


ਜਦੋਂ ਵਿਚ ਪੰਜਾਬ ਦੇ ਕਾਲ ਆਇਆ, ਉਹਨੇ ਸ਼ਾਹੀ ਖਜ਼ਾਨਾ ਸੀ ਖੋਹਲ ਦਿੱਤਾ

ਸਿੱਖ ਰਾਜ ਵਿਚ ਭੁੱਖਾ ਨਾ ਕੋਈ ਸੌਂਵੇਂ, ਉਹਨੇ ਡੌਂਡੀ ਪਟਵਾ ਕੇ ਬੋਲ ਦਿੱਤਾ

ਉਹਦੇ ਲਈ ਤਾਂ ਸਾਰੇ ਈ ਆਪਣੇ ਸੀ , ਲੋੜਵੰਦ ਸੀ ਗੱਫੇ ਆਣ ਲੈਂਦੇ

ਦਰਾ ਖੈਬਰ &lsquoਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ


ਸਰਬ ਲੋਹ ਨੂੰ ਰੱਬ ਵਾਂਗ ਪੂਜਕੇ ਉਹ, ਖੰਡਾ ਵੈਰੀ ਦੇ ਨਾਲ ਖੜਕਾ ਦਿੰਦਾ

ਅੜੇ ਝੜੇ ਦਾ ਉਹਨੂੰ ਸੀ ਵਰ ਹਾਸਲ, ਵੈਰੀ ਜਨਤਾ ਦੇ ਸੀ ਫੜਕਾ ਦਿੰਦਾ

ਖੱਬੀਖਾਨਾ ਨੂੰ ਭਾਜੜ ਸੀ ਪੈ ਜਾਂਦੀ, ਨਲੂਏ ਜਏ ਸਰਦਾਰ ਜਦ ਰਣ ਡਹਿੰਦੇ

ਦਰਾ ਖੈਬਰ &lsquoਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ


ਰਣਜੀਤ ਸਿੰਘ ਮਹਾਂਰਾਜਾ ਆਊ ਚੇਤਾ, ਜਦੋਂ ਕਰੂਗਾ ਕੋਈ ਪੰਜਾਬ ਦੀ ਗੱਲ

ਉਹਦਾ ਰਹੂ ਜਲੌ ਨਿਵੇਕਲਾ ਹੀ , ਜਿਵੇਂ ਫੁੱਲਾਂ ਵਿਚ ਹੁੰਦੀ ਗੁਲਾਬ ਦੀ ਗੱਲ

ਕਿਹਦੀ ਹਸਤੀ ਹੈ ਸੱਚ ਨੂੰ ਮੇਟ ਦੇਵੇ, ਵੈਰੀ ਖਹਿੰਦੇ ਤਾਂ ਰਹਿਣ ਲੱਖ ਵਾਰ ਖਹਿੰਦੇ

ਦਰਾ ਖੈਬਰ &lsquoਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ


ਸਾਰੇ ਧਰਮਾਂ ਦਾ ਕਰੇ ਸਤਿਕਾਰ ਪੂਰਾ, ਮੰਦਰ ਮਸਜਿਦ ਤੇ ਗੁਰੂਦੁਆਰ ਉਹਦਾ

ਰਾਮ ਵਾਹਿਗੁਰੂ ਅਲਾਹੂ ਕਹਿਣ ਵਾਲੇ, ਸਾਰੇ ਰੱਜ ਕੇ ਮਾਣਦੇ ਪਿਆਰ ਉਹਦਾ

ਜਿਹੜੇ ਕੱਚ ਚੋਂ ਸੱਚ ਪਛਾਣਦੇ ਨੇ, ਉਹਦੀ ਸਿਫਤ ਸਲਾਹ ਦੀ ਦਾਦ ਦਿੰਦੇ

ਦਰਾ ਖੈਬਰ &lsquoਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ


ਇਜ਼ਮਾਂ ਵਾਦਾਂ ਵਿਚ ਪੈ ਕੇ ਖਾਲਸਾ ਜੀ, ਕਿਤੇ ਵਿਰਸੇ ਤੋਂ ਮੂੰਹ ਨਾ ਮੋੜ ਲੈਣਾ

ਬਿਪਰਵਾਦੀ ਤੇ ਸਾਕਤੀ ਧੂੰਏਂ ਕਰਕੇ, ਸਿੱਖੀ ਨਾਲੋਂ ਨਾ ਰਿਸ਼ਤਾ ਨਾ ਤੋੜ ਲੈਣਾ

ਕੌਮੀ ਹੀਰਿਆਂ ਦੀ ਸਹੀ ਪਛਾਣ ਹੋਵੇ , ਸਿਰ ਜੋੜ ਕੇ ਖਾਲਸੇ ਰਹਿਣ ਬਹਿੰਦੇ

ਦਰਾ ਖੈਬਰ &lsquoਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ


ਸਦਾ ਰਿਹਾ ਉਹ ਤਾਬਿਆ ਖਾਲਸੇ ਦੇ, ਭੁੱਲ ਹੋਣ ਤੇ ਸਜ਼ਾ ਕਬੂਲਦਾ ਸੀ

ਦਰਬਾਰ ਸਾਹਿਬ ਦੀ ਸੋਨੇ ਨਾਲ ਕਰੀ ਸੇਵਾ, ਨਿਸ਼ਾਨ ਸਿੱਖੀ ਦਾ ਅੰਬਰੀਂ ਝੂਲਦਾ ਸੀ

ਢੇਸੀ ਕੰਨਾ ਦਾ ਕੱਚਾ ਨਾ ਹੋ ਜਾਵੀਂ, ਨਿੰਦਕ ਖਾਲਸਾਈ ਛਵੀ ਨੂੰ ਨਹੀਂ ਸਹਿੰਦੇ

ਦਰਾ ਖੈਬਰ ਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ

ਸਿੱਖ ਰਾਜ ਦੀ ਕੀਤੀ ਮਿਸਾਲ ਕਾਇਮ, ਝਈਆਂ ਮੁਗਲ ਫਿਰੰਗੀ ਸੀ ਬਹੁਤ ਲੈਂਦੇ

ਦਰਾ ਖੈਬਰ ਤੇ ਤਾਣ ਕੇ ਹਿੱਕ ਖੜ੍ਹਿਆ, ਉਹਨੂੰ ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦੇ

ਲੇਖਕ: ਕੁਲਵੰਤ ਸਿੰਘ ਢੇਸੀ

----੦੦੦੦੦੦੦੦੦੦੦੦੦---