image caption: -ਰਜਿੰਦਰ ਸਿੰਘ ਪੁਰੇਵਾਲ

-ਮਨੂਵਾਦ ਹਾਲੇ ਵੀ ਜਿਉਂਦਾ ਏ- ਭਾਜਪਾ ਆਗੂ ਦਾ ਆਦਿਵਾਸੀ ਗਭਰੂ ਉਪਰ ਅਤਿਆਚਾਰ ਬਨਾਮ ਸਿਖ ਪੰਥ

4-5 ਜੁਲਾਈ ਦੀ ਰਾਤ ਨੂੰ ਇੱਕ ਆਦਿਵਾਸੀ ਨੌਜਵਾਨ ਤੇ ਪਿਸ਼ਾਬ ਕਰਨ ਵਾਲੇ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ  ਨੇ ਸ਼ਰਾਬੀ ਹਾਲਤ ਵਿੱਚ ਪੌੜੀਆਂ ਤੇ ਬੈਠੇ ਇੱਕ ਆਦਿਵਾਸੀ ਨੌਜਵਾਨ ਤੇ ਪਿਸ਼ਾਬ ਕਰ ਦਿੱਤਾ ਸੀ| ਇਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ| ਘਟਨਾ ਸਿੱਧੀ ਜ਼ਿਲ੍ਹੇ ਦੇ ਕੁਬਰੀ ਪਿੰਡ ਦੇ ਬਾਹਰੀ ਬਾਜ਼ਾਰ ਦੀ ਹੈ| ਪੁਲਿਸ ਨੇ ਭਾਜਪਾ ਆਗੂ ਖ਼ਿਲਾਫ਼ ਧਾਰਾ 323, 123, 294, 506 ਆਈਪੀਸੀ ਅਤੇ ਐਨਐਸਏ ਤਹਿਤ ਕੇਸ ਦਰਜ ਕਰ ਲਿਆ ਹੈ| ਵਧੀਕ ਪੁਲਿਸ ਸੁਪਰਡੈਂਟ ਅੰਜੁਲਤਾ ਪਾਟਲੇ ਅਨੁਸਾਰ  ਮੁਲਜ਼ਮ ਆਪਣਾ ਮੂੰਹ ਲੁਕਾ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ| ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ| ਪੁਲਿਸ ਹੁਣ ਉਸ ਤੋਂ ਪੂਰੀ ਘਟਨਾ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ| ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ਦੀ ਜਾਂਚ ਕਰਕੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ| ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਸਿੱਧੀ ਜ਼ਿਲ੍ਹੇ ਦਾ ਇੱਕ ਵਾਇਰਲ ਵੀਡੀਓ ਮੇਰੇ ਧਿਆਨ ਵਿੱਚ ਆਇਆ ਹੈ| ਮੈਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਐਨ.ਐਸ.ਏ. ਵੀ ਲਗਾਈ ਜਾਵੇ|
ਮੱਧ ਪ੍ਰਦੇਸ਼ ਅਤੇ ਬਿਹਾਰ ਸਮੇਤ ਅੱਠ-ਨੌਂ ਰਾਜਾਂ (ਉੱਤਰ ਪ੍ਰਦੇਸ਼, ਹਰਿਆਣਾ, ਮਹਾਂਰਾਸ਼ਟਰ, ਗੁਜਰਾਤ, ਛਤੀਸਗੜ੍ਹ, ਰਾਜਸਥਾਨ, ਆਂਧਰਾ ਪ੍ਰਦੇਸ਼ ਤੇ ਝਾਰਖੰਡ) ਵਿੱਚ ਦਲਿਤ ਤੇ ਆਦਿਵਾਸੀ ਵਧੇਰੇ ਪੀੜਤ ਹਨ, ਕਿਉਂਕਿ ਇਥੇ ਮਨੂਵਾਦ ਜਿਉਂਦਾ ਹੈ| ਮਨੂਵਾਦ ਦਾ ਨਸਲਵਾਦ ਗੋਰਿਆਂ ਦੇ ਨਸਲਵਾਦ ਨਾਲੋਂ ਕਿਤੇ ਜ਼ਿਆਦਾ ਬਦਤਰ ਤੇ ਖਤਰਨਾਕ ਹੈ| ਪੁਲੀਸ ਤਾਂ ਅਖੌਤੀ ਉੱਚ ਜਾਤੀਆਂ ਦੀ ਰਖਵਾਲੀ ਲਈ ਹੈ| ਆਦਿਵਾਸੀਆਂ ਤੇ ਦਲਿਤਾਂ &lsquoਤੇ ਹੋਏ ਅਤਿਆਚਾਰਾਂ ਦੇ ਕੇਸ ਅਦਾਲਤਾਂ ਵਿੱਚ ਬਹੁਤ ਘੱਟ ਜਾਂਦੇ ਹਨ, ਜਿਹੜੇ ਜਾਂਦੇ ਹਨ ਉਨ੍ਹਾਂ ਵਿਚੋਂ 80 ਫ਼ੀਸਦੀ ਦਲਿਤਾਂ ਤੇ ਜ਼ੁਲਮ ਕਰਨ ਵਾਲੇ ਅਪਰਾਧੀ ਧਨ-ਬਲ, ਬਾਹੂ-ਬਲ ਅਤੇ ਰਾਜਨੀਤਕ-ਬਲ ਨਾਲ ਬਰੀ ਹੋ ਜਾਂਦੇ ਹਨ| ਇਸ ਪ੍ਰਕਾਰ ਸਾਡੇ ਕੋਲ ਕਾਨੂੰਨ ਤਾਂ ਬਹੁਤ ਹਨ, ਸੰਵਿਧਾਨਕ ਢਾਂਚਾ ਵੀ ਹੈ ਪਰ ਫਿਰ ਵੀ ਦਲਿਤਾਂ ਤੇ ਅਤਿਆਚਾਰ ਨਾ ਖ਼ਤਮ ਹੋਏ ਹਨ, ਨਾ ਹੋਣੇ ਹਨ|
ਭਾਰਤ ਵਿੱਚ ਸਮੇਂ-ਸਮੇਂ ਦਲਿਤ ਅੰਦੋਲਨ ਪੈਦਾ ਹੁੰਦੇ ਰਹੇ ਹਨ| ਗੁਰੂ ਸਾਹਿਬਾਨ ਦਾ ਅੰਦੋਲਨ ਹੁਣ ਤਕ ਦੇ ਅੰਦੋਲਨਾਂ ਵਿਚ ਸਭ ਤੋਂ ਵਿਸ਼ਾਲ, ਮੌਲਿਕ ਤੇ ਮਨੁੱਖਤਾ ਦੇ ਹਕ ਵਿਚ ਸੀ ਜੋ ਅੱਜ ਤਕ ਚਲ ਰਿਹਾ ਹੈ| ਕੁਦਰਤੀ ਬਿਪਤਾਵਾਂ ਆਉਣ ਉਪਰ ਸਿਖ ਕੇਰਲਾ, ਪੰਜਾਬ, ਗੁਜਰਾਤ ਤੇ ਤ੍ਰਿਪੁਰਾ ਵਿਚ ਲੰਗਰ, ਕੱਪੜਿਆਂ, ਲੌੜੀਦੀਆਂ ਵਸਤਾਂ ਤੇ ਦਵਾਈਆਂ ਨਾਲ ਦਲਿਤਾਂ ਤੇ ਆਦਿਵਾਸੀਆਂ ਦੀ ਸਹਾਇਤਾ ਕਰਦੇ ਰਹੇ ਹਨ|  ਇਹ ਗਲ ਜਰੂਰ ਹੈ ਕਿ ਪੰਜਾਬ ਵਿੱਚ ਸਿੱਖ ਗੁਰੂ ਸਾਹਿਬਾਨਾਂ ਕਾਰਨ ਦਲਿਤਾਂ ਵਿੱਚ ਬੇਸ਼ੱਕ ਚੇਤਨਾ ਆਈ ਪਰ ਸਿੱਖ ਧਰਮ (ਸਿੱਖੀ ਜਾਤਪਾਤ, ਛੂਆ-ਛਾਤ, ਰੰਗ ਅਤੇ ਨਸਲੀ ਭੇਦ-ਭਾਵ ਨੂੰ ਨਹੀਂ ਮੰਨਦੀ) ਵਿੱਚ ਜਾਤਾਂ ਬਾਕੀ ਦੇਸ਼ ਦੇ ਸੂਬਿਆਂ ਵਾਂਗ ਹੀ ਹਨ| ਇੱਥੇ ਵੀ ਦਲਿਤਾਂ ਨਾਲ ਵਿਤਕਰੇ ਦੀਆਂ ਕੁਝ ਘਟਨਾਵਾਂ ਸਾਹਮਣੇ ਆਉਂਦੀਆਂ ਹਨ| ਇਸ ਦਾ ਵੀ ਡਟਕੇ ਸਿਖ ਧਰਮ ਦੇ ਉਪਾਸ਼ਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ| 
ਕੈਲੇਫੋਰਨੀਆ ਦੇ ਸਿਖ ਵਧਾਈ ਦੇ ਪਾਤਰ ਹਨ ਜਿਹਨਾਂ ਜਾਤਪਾਤ ਵਿਰੋਧੀ ਅੰਦੋਲਨ ਖੜਾ ਕੀਤਾ| ਕੈਲੇਫੋਰਨੀਆ ਦੇ ਸਿੱਖਾਂ ਵਲੋਂ ਜਾਤ ਵਿਰੋਧੀ ਬਿੱਲ ਦੀ ਹਮਾਇਤ ਦਾ ਫੈਸਲਾ ਕੀਤਾ ਹੈ, ਜਿਸ ਵਿਚ ਜਾਤ ਨੂੰ ਲੈ ਕੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦਾ| ਇਥੋਂ ਦੀਆਂ ਕੰਪਿਊਟਰ ਅਤੇ ਆਈ.ਟੀ. ਕੰਪਨੀਆਂ ਵਿਚ ਭਾਰਤ ਦੀਆਂ ਉੱਚ ਜਾਤੀਆਂ ਖ਼ਾਸ ਕਰ ਬ੍ਰਾਹਮਣਾਂ ਵਲੋਂ ਨੀਂਵੀਆਂ ਸਮਝੀਆਂ ਜਾਤੀਆਂ ਖ਼ਾਸ ਕਰ ਦਲਿਤ ਭਾਈਚਾਰੇ ਨਾਲ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ| ਇਸ ਮਸਲੇ ਨੂੰ ਲੈ ਕੇ ਰਾਜ ਦੀ ਸੈਨੇਟਰ ਆਈਸ਼ਾ ਵਹਾਬ ਨੇ ਇਕ ਬਿੱਲ ਪੇਸ਼ ਕੀਤਾ ਸੀ, ਜਿਸ ਨਾਲ ਨੌਕਰੀ ਤੇ ਕੰਮ ਵਾਲੀਆਂ ਥਾਵਾਂ ਤੇ ਉਕਤ ਵਿਤਕਰਾ ਕਰਨ ਵਾਲੇ ਨੂੰ ਸਜ਼ਾ ਮਿਲ ਸਕੇਗੀਪ ਸੈਨੇਟ ਵਿਚ ਇਹ ਬਿੱਲ 34-1 ਵੋਟਾਂ ਨਾਲ ਪਾਸ ਹੋ ਗਿਆ ਸੀ ਅਤੇ ਹੁਣ ਇਸ ਬਿੱਲ ਨੇ ਅਸੈਂਬਲੀ ਵਿਚ ਜਾਣਾ ਹੈ| 
ਜੈਕਾਰਾ ਦੇ ਭਾਈ ਨੈਣਦੀਪ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਨੇ ਯੂਬਾ ਸਿਟੀ ਦੇ ਕੁਝ ਗੁਰਦੁਆਰਿਆਂ ਨੂੰ ਗੁੰਮਰਾਹ ਕਰਕੇ ਇਸ ਬਿੱਲ ਦੀ ਵਿਰੋਧਤਾ ਕਰਵਾ ਦਿੱਤੀ ਸੀ ਪਰ ਅੱਜ ਸਾਰੇ ਗੁਰਦੁਆਰਿਆਂ ਨੇ ਇਕੱਠੇ ਹੋ ਕੇ ਇਸ ਬਿੱਲ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਹੈ| ਇਹ ਸਮੁਚੇ ਵਿਸ਼ਵ ਨੂੰ ਸੁਨੇਹਾ ਹੈ ਕਿ ਸਿਖ ਸਾਂਝੀਵਾਲਤਾ ਦਾ ਸਮਾਜ ਚਾਹੁੰਦੇ ਹਨ| ਜਾਤੀ ਤੇ ਨਸਲੀ ਵਿਤਕਰੇ ਦੇ ਵਿਰੋਧੀ ਹਨ| ਸਿਖ ਧਰਮ ਵਾਲਿਆਂ ਨੂੰ ਹਮੇਸ਼ਾ ਦਲਿਤ ਵਿਤਕਰੇ ਤੇ ਨਸਲੀ ਵਿਤਕਰੇ ਵਿਰੁਧ ਡਟਕੇ ਖਲੌਣਾ ਚਾਹੀਦਾ ਹੈ ਤਾਂ ਜੋ ਗੁਰੂ ਸਾਹਿਬਾਨ ਦਾ ਹਲੇਮੀ ਰਾਜ ਦਾ ਸੁਨੇਹਾ ਪੂਰੇ ਵਿਸ਼ਵ ਵਿਚ ਫੈਲ ਸਕੇ|
-ਰਜਿੰਦਰ ਸਿੰਘ ਪੁਰੇਵਾਲ