image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਾ ਰੰਘਰੇਟਾ ਸੀ, ਨਾ ਮਜ਼੍ਹਬੀ ਸੀ ਤੇ ਨਾ ਹੀ ਜੱਟ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਦਾ ਨਾਦੀ ਪੁੱਤਰ ਖ਼ਾਲਸਾ ਸੀ

 (ਲੜੀ ਜੋੜਨ ਲਈ ਵੇਖੋ ਪਿਛਲੇ ਹਫ਼ਤੇ ਦਾ ਪੰਜਾਬ ਟਾਈਮਜ਼, ਤੀਸਰੀ ਤੇ ਆਖਰੀ ਕਿਸ਼ਤ)

ਏਸੇ ਤਰ੍ਹਾਂ ਬੰਦੂਕ ਦਾ ਨਿਸ਼ਾਨਾ ਪਰਖਣ ਵਾਲੇ ਪ੍ਰਸੰਗ ਵਿੱਚ ਹੀ ਸੋਹਣ ਸਿੰਘ ਜੀ ਸੀਤਲ ਲਿਖਦੇ ਹਨ : ਗੁਰੂ ਜੀ ਨੇ ਮੁਸਕਰਾ ਕੇ ਕਿਹਾ ਡੱਲਿਆ ਮਰਦਾਂ ਦੀ ਪਰਖ ਕਰਨ ਲਈ ਪਸ਼ੂ ਪੰਛੀ ਨਹੀਂ ਮਾਰੀਦੇ । ਤੇਰੇ ਸਿਪਾਹੀ ਡੋਲ ਗਏ ਹਨ ਤਾਂ ਅਸੀਂ ਆਪਣੇ ਸਿੱਖਾਂ ਵਿੱਚੋਂ ਕਿਸੇ ਨੂੰ ਯਾਦ ਕਰ ਲੈਂਦੇ ਹਾਂ । ਫਿਰ ਹਜ਼ੂਰ ਨੇ ਕੋਲ ਖੜ੍ਹੇ ਟਹਿਲੀਏ ਨੂੰ ਕਿਹਾ, ਜਾਉ ਛਾਉਣੀ ਵਿੱਚੋਂ ਕਿਸੇ ਸਿੱਖ ਸਿਪਾਹੀ ਨੂੰ ਵਾਜ ਮਾਰ ਲਿਆਉ । ਥੋੜ੍ਹੀ ਦੂਰ ਇਕ ਦਰਖ਼ਤ ਥੱਲੇ ਦੋ ਸਿੱਖ ਬੈਠੇ ਸਨ (ਬੀਰ ਸਿੰਘ, ਧੀਰ ਸਿੰਘ) ਟਹਿਲੀਏ ਨੇ ਜਾ ਕੇ ਕਿਹਾ, ਖ਼ਾਲਸਾ ਜੀ ਗੁਰੂ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ, ਕਿਸੇ ਇਕ ਸਿੱਖ ਦੀ ਲੋੜ ਹੈ ਜੋ ਪ੍ਰਾਣ ਭੇਟ ਕਰ ਸਕਦਾ ਹੋਵੇ । ਗੁਰੂ ਜੀ ਦਾ ਹੁਕਮ ਸੁਣਕੇ ਦੋ ਸਿੰਘ ਗੁਰੂ ਦੀ ਬੰਦੂਕ ਦੇ ਸਾਹਮਣੇ ਖਲੋ ਗਏ । ਇਹ ਕੌਤਕ ਵੇਖ ਕੇ ਸਾਰੀ ਸੰਗਤ ਹੈਰਾਨ ਹੋ ਰਹੀ ਸੀ । ਅੰਤ ਗੁਰੂ ਮਹਾਰਾਜ ਨੇ ਨਾਲੀ ਉੱਚੀ ਕਰਕੇ ਤੋੜਾ ਦਾਗ ਦਿੱਤਾ ਤੇ ਗੋਲੀ ਦੋਹਾਂ ਸਿੰਘਾਂ ਦੇ ਸਿਰਾਂ ਦੇ ਉੱਪਰ ਦੀ ਲੰਘ ਗਈ । ਹਜ਼ੂਰ ਨੇ ਫੁਰਮਾਇਆ ਭਾਈ ਡਲਾ ਇਹ ਹੈ ਸਿੱਖੀ । ਏਹੋ ਜੇਹੇ ਗਿਣਤੀ ਦੇ (40) ਅੰਮ੍ਰਿਤਧਾਰੀ ਸਿੰਘ ਸਾਡੇ ਨਾਲ ਚਮਕੌਰ ਦੀ ਗੜ੍ਹੀ ਵਿੱਚ ਸਨ, ਜਿਨ੍ਹਾਂ ਨੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੀ ਲੱਖਾਂ ਦੀ ਮਿਲਵੀਂ ਫੌਜ ਦੇ ਛਕੇ ਛੁਡਾ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ । ਉਕਤ ਹਵਾਲਾ ਦੇਣ ਤੋਂ ਸਾਡਾ ਭਾਵ ਹੈ ਕਿ ਬੀਰ ਸਿੰਘ, ਧੀਰ ਸਿੰਘ ਅੰਮ੍ਰਿਤਧਾਰੀ ਸਿੰਘਾਂ ਨੂੰ ਵੀ ਰੰਘਰੇਟੇ ਗੁਰੂ ਕੇ ਬੇਟੇ ਦੀ ਸੰਗਿਆ ਦਿੱਤੀ ਜਾ ਰਹੀ ਹੈ । ਦਰਅਸਲ ਆਰ। ਐੱਸ। ਐੱਸ। ਦਾ ਖੁਫੀਆ ਏਜੰਡਾ ਹੈ ਕਿ ਸਿੱਖਾਂ ਨੂੰ ਜਾਤ-ਪਾਤ ਰਹਿਤ ਖ਼ਾਲਸਾ ਵਿਚਾਰਧਾਰਾ ਨਾਲੋਂ ਤੋੜ ਕੇ ਜੱਟ, ਸੈਣੀ, ਦਲਿਤ ਆਦਿ ਵਰਗਾਂ ਵਿੱਚ ਵੰਡ ਦਿਉ ਤਾਂ ਕਿ ਇਹ ਕਦੇ ਵੀ ਇਕ ਨਾ ਹੋ ਸਕਣ ਤੇ ਨਾ ਹੀ ਬਾਹਮਣੀ ਵਿਚਾਰਧਾਰਾ ਦੀ ਗੁਲਾਮੀ ਤੋਂ ਮੁਕਤ ਹੋ ਸਕਣ ਅਤੇ ਉਨ੍ਹਾਂ ਦਾ ਹਿੰਦੂ ਰਾਸ਼ਟਰ ਦਾ ਰਾਹ ਪੱਧਰ ਹੋ ਸਕੇ । ਅੰਮ੍ਰਿਤਧਾਰੀ ਸਿੰਘਾਂ ਦੇ ਨਾਂਅ ਨਾਲ ਜਾਤਾਂ ਲਾਉਣ ਦਾ ਚਲਨ ਸਿੱਖ ਰਾਜ ਦੇ ਅੰਤਲੇ ਦਿਨਾਂ ਤੋਂ ਹੀ ਸ਼ੁਰੂ ਹੋ ਗਿਆ ਸੀ । ਜਿਨ੍ਹਾਂ ਬ੍ਰਾਹਮਣਾਂ ਨੇ ਸਿੱਖ ਰਾਜ ਵਿੱਚ ਅਹੁਦੇ ਲੈਣ ਲਈ ਹੀ ਅੰਮ੍ਰਿਤ ਛਕਿਆ ਸੀ, ਉਨ੍ਹਾਂ ਨੇ ਸਿੱਖ ਰਾਜ ਦਾ ਡੁੱਬਦਾ ਸੂਰਜ ਵੇਖ ਕੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ (ਬ੍ਰਾਹਮਣ) ਉੱਚ ਜਾਤੀ ਦੇ ਸਿੱਖ ਹਾਂ । ਉੱਚੇ ਅਹੁਦਿਆਂ ਤੇ ਬਿਰਾਜਨ ਇਨ੍ਹਾਂ ਬ੍ਰਾਹਮਣਾਂ ਨੇ ਅੰਮ੍ਰਿਤਧਾਰੀ ਸਿੰਘਾਂ ਦੇ ਨਾਂਅ ਨਾਲ ਜਾਤਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ, ਮਿਸਾਲ ਵਜੋਂ ਰਵਿਦਾਸੀਏ ਸਿੱਖ, ਮਜ਼੍ਹਬੀ ਸਿੱਖ, ਰੰਘਰੇਟੇ ਸਿੱਖ ਆਦਿ, ਜਦਕਿ ਅੰਮ੍ਰਿਤ ਛਕਣ ਤੋਂ ਬਾਅਦ ਪਿਛਲੀ ਕੁੱਲ, ਕਿਰਤ, ਕਰਮ, ਧਰਮ ਦਾ ਤਿਆਗ ਕਰਕੇ ਹਰ ਪ੍ਰਾਣੀ ਖ਼ਾਲਸਾ ਪੰਥ ਵਿੱਚ ਸ਼ਾਮਿਲ ਹੁੰਦਾ ਹੈ, ਜਿਸ ਨੂੰ ਨਾਸ਼ ਸਿਧਾਂਤ ਕਹਿੰਦੇ ਹਨ । ਸ: ਸ਼ਮਸ਼ੇਰ ਸਿੰਘ ਅਸ਼ੋਕ ਮਜ਼੍ਹਬੀ ਸਿੱਖਾਂ ਦਾ ਇਤਿਹਾਸ ਦੇ ਪੰਨਾ 12 ਅਤੇ 128 ਉੱਤੇ ਲਿਖਦੇ ਹਨ : ਸਿੱਖ ਰਾਜ ਸਮੇਂ ਮਜ਼੍ਹਬੀ ਸਿੱਖ ਰੰਘਰੇਟੇ ਨਾਂਅ ਨਾਲ ਪ੍ਰਸਿੱਧ ਹੋਏ । ਇਸ ਲਈ ਸਰਕਾਰ ਅੰਗ੍ਰੇਜ਼ੀ ਨੇ ਮਜ਼੍ਹਬੀ ਸਿੱਖਾਂ ਦੀਆਂ ਜੋ ਅਲੱਗ ਰਜਮੈਂਟਾਂ ਬਣਾਈਆਂ ਉਹ ਇਸੇ ਨਾਂਅ ਨਾਲ ਪ੍ਰਸਿੱਧ ਹੋਈਆਂ । ਅੰਗ੍ਰੇਜ਼ੀ ਰਾਜ ਸਮੇਂ ਜਦ ਨਵੀਆਂ ਸਿੱਖ ਰਜਮੈਂਟਾਂ,(Sikhlight infantry Sikh regiment) ਬਣੀਆਂ ਤਾਂ ਰੰਘਰੇਟੇ ਤੇ ਇਸੇ ਜਾਤੀ ਦੇ ਹੋਰ ਹਰੀਜਨ ਅੰਮ੍ਰਿਤ ਛਕਾ ਕੇ ਸਿੰਘ ਸਜਾਏ ਗਏ ਤਾਂ ਉਹ ਪੱਕੇ ਸਿੱਖ ਹੋਣ ਕਰਕੇ ਸਰਬ ਸਾਂਝੇ ਮਜ਼੍ਹਬੀ ਸਿੱਖ ਨਾਂ ਨਾਲ ਮਸ਼ਹੂਰ ਹੋਏ । ਇਹੋ ਇਨ੍ਹਾਂ ਦੇ ਮਜ਼੍ਹਬੀ ਸਿੱਖ ਹੋਣ ਦਾ ਰਹੱਸ ਹੈ । ਉਕਤ ਪੈਰੇ੍ਹ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਅੰਮ੍ਰਿਤਧਾਰੀ ਸਿੰਘਾਂ ਵਿੱਚ ਵੰਡੀਆਂ ਪਾਉਣ ਲਈ ਅੰਗ੍ਰੇਜ਼ਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ । ਜਦੋਂ ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ ਕਿ ਜਦ ਨਵੀਆਂ ਸਿੱਖ ਰਜਮੈਂਟਾਂ ਬਣੀਆਂ ਤਾਂ ਰੰਘਰੇਟੇ ਤੇ ਇਸੇ ਜਾਤੀ ਦੇ ਹੋਰ ਹਰੀਜਨ ਅੰਮ੍ਰਿਤ ਛਕਾ ਕੇ ਸਿੰਘ ਸਜਾਏ ਤਾਂ ਉਹ ਪੱਕੇ ਸਿੱਖ ਹੋਣ ਕਰਕੇ ਸਰਬ ਸਾਂਝੇ ਮਜ਼੍ਹਬ ਸਿੱਖ ਨਾਲ ਮਸ਼ਹੂਰ ਹੋਏ । ਸਰਕਾਰ ਅੰਗ੍ਰੇਜ਼ੀ ਨੇ ਸਵਰਨ ਜਾਤੀ ਦੇ ਹਿੰਦੂਆਂ ਦੀ ਮਿਲੀਭੁਗਤ ਨਾਲ ਇਕ ਸਾਜਿਸ਼ ਦੇ ਤਹਿਤ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਿਰਧਾਰਤ ਕੀਤੇ ਜਾਤ-ਪਾਤ ਰਹਿਤ ਖ਼ਾਲਸਾਈ ਸਿੱਖ ਸਿਧਾਂਤਾਂ ਦੇ ਵਿਰੁੱਧ ਮਜ਼੍ਹਬੀ ਸਿੱਖਾਂ ਦੀ ਅਲੱਗ ਰਜਮੈਂਟ ਬਣਾਈ । ਸ: ਸ਼ਮਸ਼ੇਰ ਸਿੰਘ ਅਸ਼ੋਕ ਜੀ ਦੇ ਲਿਖਣ ਮੁਤਾਬਕ ਜਿਹੜੇ ਰੰਘਰੇਟੇ ਤੇ ਇਸੇ ਜਾਤੀ ਦੇ ਹੋਰ ਹਰੀਜਨ ਅੰਮ੍ਰਿਤ ਛਕਾ ਕੇ ਸਿੰਘ ਸਜਾਏ ਉਹ ਸਿੱਖ ਪੱਕੇ ਹੋ ਗਏ ਤਾਂ ਫਿਰ ਅਸ਼ੋਕ ਜੀ ਦੀਆਂ ਇਨ੍ਹਾਂ ਸਤਰਾਂ ਦਾ ਇਹ ਅਰਥ ਲਿਆ ਜਾਵੇ ਕਿ ਜਿਹੜੇ ਰੰਘਰੇਟੇ ਤੇ ਰਹੀਜਨਾਂ ਨੇ ਅੰਮ੍ਰਿਤ ਛਕਿਆ ਉਹ ਸਿੱਖ ਪੱਕੇ ਹੋ ਗਏ ਅਤੇ ਬਾਕੀ ਜੱਟ, ਨਾਈ, ਛੀਂਬੇ, ਘੁਮਿਆਰ, ਦਲਿਤ ਆਦਿ ਵਰਗਾਂ ਵਿੱਚੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਸਿੱਖ ਕੱਚੇ ਰਹਿ ਗਏ, ਕੈਸਾ ਹਾਸੋਹੀਣਾ ਤਰਕ ਹੈ । ਅੰਮ੍ਰਿਤਧਾਰੀ ਸਿੰਘਾਂ ਦੀ ਸੰਗਿਆ ਖ਼ਾਲਸਾ ਪੰਥ ਹੈ ਤੇ ਖ਼ਾਲਸਾ ਪੰਥ ਨੂੰ ਕਿਸੇ ਵੀ ਵਿਸ਼ੇਸ਼ ਵਰਗ ਜਾਂ ਵਿਸ਼ੇਸ਼ ਜਾਤ ਨੂੰ ਅਧਾਰ ਬਣਾ ਕੇ ਦੋ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ । ਕਿਸੇ ਵੀ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਦੀ ਪਛਾਣ ਨੂੰ ਉਸ ਦੇ ਅੰਮ੍ਰਿਤ ਛਕਣ ਤੋਂ ਬਾਅਦ ਉਸ ਦੀ ਪਿਛਲੀ ਕੁੱਲ (ਨਸਲ) ਜਾਤ-ਪਾਤ, ਜਨਮ, ਦੇਸ਼ ਅਤੇ ਮਜ਼੍ਹਬ ਨਾਲ ਜੋੜ ਕੇ ਉਜਾਗਰ ਕਰਨਾ ਗੁਰਮਤਿ ਅਨੁਸਾਰ ਬਹੁਤ ਵੱਡਾ ਗੁਨਾਹ ਹੈ ਅਤੇ ਮੁੜ ਬ੍ਰਾਹਮਣੀ ਵਿਚਾਰਧਾਰਾ ਦੇ ਜਾਤ-ਪਾਤੀ ਸਿਸਟਮ ਦੇ ਗੁਲਾਮ ਹੋ ਜਾਣਾ ਹੈ । ਦੱਸ ਗੁਰੂ ਸਾਹਿਬਾਨ ਨੇ 200 ਸਾਲ ਤੋਂ ਉੱਤੇ ਸਖਤ ਘਾਲਣਾ ਘਾਲ ਕੇ ਮਨੁੱਖਤਾ ਨੂੰ ਚਹੁੰ ਹਿੱਸਿਆਂ ਵਿੱਚ ਵੰਡਣ ਵਾਲੀ ਵਰਣ-ਵੰਡ (ਮਨੂੰ ਸਿਮਰਤੀ) ਨੂੰ ਰੱਦ ਕਰਕੇ ਮਨੁੱਖ ਜਾਤੀ ਦੀ ਮੁਕੰਮਲ ਅਜ਼ਾਦੀ ਤੇ ਹਲੇਮੀ ਰਾਜ ਦੀ ਸਥਾਪਨਾ ਲਈ ਜਾਤ-ਪਾਤ ਰਹਿਤ ਤੀਸਰਾ ਪੰਥ (ਖ਼ਾਲਸਾ ਪੰਥ) ਉਸਾਰਿਆ ਅਤੇ ਖ਼ਾਲਸਾ ਪੰਥ ਨੂੰ ਦੁਨੀਆਂ ਦੇ ਤਖ਼ਤੇ ਤੇ ਪ੍ਰਗਟ ਕਰਨ ਲਈ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਤੀਸਰੇ ਪੰਥ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਸ਼ਹਾਦਤਾਂ ਦਿੱਤੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਿਆ । ਤੇ ਹੁਣ ਇਸ ਖ਼ਾਲਸਾ ਪੰਥ ਵਿੱਚ ਵੰਡੀਆਂ ਪਾਉਣ ਲਈ ਰੰਘਰੇਟੇ ਅਤੇ ਮਜ਼੍ਹਬੀ ਸਿੱਖਾਂ ਦੀ ਗੈਰ-ਸਿਧਾਂਤਕ ਸਰਵ-ਉੱਚਤਾ ਵਿਖਾਉਣ ਲਈ ਵੱਡੀ ਪੱਧਰ ਤੇ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ । ਇਸ ਬੇ-ਲੋੜੇ ਵਾਦ-ਵਿਵਾਦ ਨੂੰ ਨਜਿੱਠਣ ਲਈ ਖ਼ਾਲਸਾ ਪੰਥ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ । ਜਿਸ ਤਰ੍ਹਾਂ  ਭਾਈ ਜੈਤਾ (ਜੀਵਨ ਸਿੰਘ) ਨਾ ਰੰਘਰੇਟਾ ਤੇ ਨਾ ਹੀ ਮਜ਼੍ਹਬੀ ਸਿੱਖ ਸੀ, ਉਹ ਕੇਵਲ ਖ਼ਾਲਸਾ ਹੈ ਅਤੇ ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਹੈ । ਇਸੇ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਵੀ ਨਾ ਰੰਘਰੇਟਾ ਨਾ ਜੱਟ ਤੇ ਨਾ ਹੀ ਮਜ਼੍ਹਬੀ ਸਿੱਖ ਸੀ, ਉਹ ਕੇਵਲ ਖ਼ਾਲਸਾ ਹੈ ਤੇ ਦਸ਼ਮੇਸ਼ ਪਿਤਾ ਦੀ ਨਾਦੀ ਸੰਤਾਨ ਹੈ ਕਿਉਂਕਿ ਭਾਈ ਜੈਤਾ (ਜੀਵਨ ਸਿੰਘ) ਦਾ ਪਿਤਾ ਵੀ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਹੈ, ਤੇ ਸ਼ਹੀਦ ਬਾਬਾ ਦੀਪ ਸਿੰਘ ਦਾ ਪਿਤਾ ਵੀ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਹੈ ਅਰਥਾਤ ਦੋਵੇਂ ਹੀ ਦਸ਼ਮੇਸ਼ ਪਿਤਾ ਦੀ ਨਾਦੀ ਸੰਤਾਨ ਹਨ । ਜਦੋਂ ਗੁਰਦੁਆਰਿਆਂ ਨੂੰ ਹਿੰਦੂ ਮਹੰਤਾਂ ਅਤੇ ਪੁਜਾਰੀਆਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਲਹਿਰ ਚੱਲੀ ਤਾਂ ਉਸ ਸਮੇਂ ਫੜੇ ਹੋਏ ਅਕਾਲੀਆਂ ਨੂੰ ਪੁਲਸ ਪੁੱਛਦੀ ਕਿ ਤੁਹਾਡੇ ਪਿਤਾ ਦਾ ਨਾਉਂ ਕੀ ਹੈ ? ਤਾਂ ਜਵਾਬ ਵਿੱਚ ਸਾਰੇ ਹੀ ਅਕਾਲੀ ਕਹਿੰਦੇ ਸਨ ਕਿ ਸਾਡੇ ਪਿਤਾ ਦਾ ਨਾਉਂ ਗੁਰੂ ਗੋਬਿੰਦ ਸਿੰਘ ਹੈ, ਮਾਤਾ ਦਾ ਨਾਉਂ ਮਾਤਾ ਸਾਹਿਬ ਕੌਰ ਹੈ ਤੇ ਅਸੀਂ ਰਹਿਣ ਵਾਲੇ ਸ੍ਰੀ ਕੇਸਗੜ੍ਹ ਸਾਹਿਬ ਦੇ ਹਾਂ । ਗਿਆਨੀ ਦਿੱਤ ਸਿੰਘ ਜੀ ਦਲਿਤ ਵਰਗ ਵਿੱਚੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ, ਉਹ ਸਿੰਘ ਸਭਾ ਲਹਿਰ ਦੇ ਮੋਢੀ ਮਹਾਨ ਸਿੱਖ ਵਿਦਵਾਨ ਸਨ ਅਤੇ ਸਿੱਖ ਇਤਿਹਾਸ ਵਿੱਚ ਉਨ੍ਹਾਂ ਦਾ ਨਾਂਅ ਧਰੂ ਤਾਰੇ ਵਾਂਗ ਚਮਕਦਾ ਹੈ । ਜਿਹੜੇ ਅਖੌਤੀ ਸਿੱਖ ਵਿਦਵਾਨ ਅੰਮ੍ਰਿਤ ਛਕਣ ਤੋਂ ਬਾਅਦ ਵੀ ਰੰਘਰੇਟੇ ਅਤੇ ਮਜ਼੍ਹਬੀ ਸਿੱਖਾਂ ਦੇ ਪਿਛੋਕੜ ਦਾ ਛੱਜ ਆਪਣੇ ਨਾਲ ਚੁੱਕੀ ਫਿਰਦੇ ਹਨ, ਉਨ੍ਹਾਂ ਵੀਰਾਂ ਲਈ ਗਿਆਨੀ ਦਿੱਤ ਸਿੰਘ ਜੀ ਦੇ ਸ਼ਬਦ ਹੂ-ਬ-ਹੂ ਹੇਠਾਂ ਲਿਖ ਰਿਹਾ ਹਾਂ ਤਾਂ ਕਿ ਉਨ੍ਹਾਂ ਨੂੰ ਸਿੱਖੀ ਸਿਧਾਂਤਾਂ ਦੀ ਸਮਝ ਆ ਜਾਵੇ । ਅੰਮ੍ਰਿਤ ਛਕਾਉਣ ਸਮੇਂ ਅੰਮ੍ਰਿਤ ਵਾਲੇ ਪੰਜੇ ਸਿੰਘ, ਪੰਜ ਪਿਆਰਿਆਂ ਦੀ ਜਗ੍ਹਾ ਹੁੰਦੇ ਹਨ, ਉਸ ਵੇਲੇ ਜੋ ਉਪਦੇਸ਼ ਹੁੰਦਾ ਹੈ ਸੋ ਉਹੋ ਹੈ ਜੋ ਸ੍ਰੀ ਦਸਮ ਗੁਰੂ ਜੀ ਦਾ ਸੀ । ਜਦੋਂ ਸਨਮੁੱਖ ਖੜ੍ਹੇ ਕਰਕੇ ਅੰਮ੍ਰਿਤ ਛਕਾਇਆ ਜਾਂਦਾ ਹੈ ਕਿ ਤੁਹਾਡਾ ਜਨਮ ਕੇਸਗੜ੍ਹ ਦਾ, ਵਾਸੀ ਅਨੰਦਪੁਰ, ਜਾਤ ਖ਼ਾਲਸਾ, ਮਾਤਾ ਤੁਹਾਡੀ ਸਾਹਿਬ ਕੌਰ ਅਤੇ ਪਿਤਾ ਤੁਹਾਡਾ ਸ੍ਰੀ ਗੁਰੂ ਗੋਬਿੰਦ ਸਿੰਘ ਹੈ । ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ । ਇਸ ਸਾਰੇ ਉਪਦੇਸ਼ ਦਾ ਤਾਤਪਰਜ਼ ਇਹ ਹੈ ਕਿ ਅੱਜ ਤੋਂ ਤੁਹਾਡਾ ਜਨਮ ਨੂਰਪੁਰੇ ਜਾਂ ਤੇਲੂ ਮਾਜਰੇ ਦਾ ਨਹੀਂ ਰਿਹਾ, ਅੱਜ ਤੋਂ ਕੇਸਗੜ੍ਹ ਸਾਹਿਬ ਦਾ ਜਨਮ ਹੋਇਆ । ਦੂਸਰਾ ਅੱਜ ਤੋਂ ਤੁਸੀਂ ਝਿੰਗੜਾਂ ਅਤੇ ਭੁਗੂਪੁਰੇ ਦੇ ਰਹਿਣ ਵਾਲੇ ਨਹੀਂ ਰਹੇ ਤੁਹਾਡਾ ਵੱਸਣ ਦਾ ਨਗਰ ਅਨੰਦਪੁਰ ਸਾਹਿਬ ਹੈ । ਤੀਸਰਾ ਅੱਜ ਤੋਂ ਤੁਹਾਡੀ ਮਾਈ ਕਰਮੋ, ਨਰੈਣੀ ਜਾਂ ਲੱਛਮੀ ਨਹੀਂ ਹੈ ਕਿੰਤੂ ਤੁਸੀਂ ਮਾਤਾ ਸਾਹਿਬ ਕੌਰ ਦੇ ਪੁੱਤਰ ਹੋਏ । ਚੌਥਾ ਅੱਜ ਤੋਂ ਤੁਹਾਡਾ ਪਿਤਾ ਘਸੀਟਾ, ਸੇਢੂ ਅਤੇ ਧੂਮਾਂ ਨਹੀਂ ਹੈ, ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਪੁੱਤਰ ਹੋਏ ਹੋ । ਪੰਜਵਾਂ ਤੁਹਾਡੀ ਜਾਤ ਅੱਜ ਤੋਂ ਪਿਛਲੀ ਬ੍ਰਾਹਮਣ, ਖੱਤਰੀ, ਜੱਟ, ਕਲਾਲ, ਲੁਹਾਰ, ਤਰਖਾਣ, ਨਾਈ, ਛੀਂਬੇ, ਮਹਿਰੇ, ਲੁਬਾਣੇ, ਚੂਹੜੇ, ਚਮਾਰ ਨਹੀਂ ਰਹੀ ਪ੍ਰੰਤੂ ਅੱਜ ਤੁਸੀਂ ਖ਼ਾਲਸਾ ਪੰਥ ਵਿੱਚ ਆਏ ਹੋ । ਦਲਿਤਾਂ ਅਤੇ ਸਿੱਖਾਂ ਵਿੱਚਕਾਰ ਕੜੀ ਗੁਰੂ ਗ੍ਰੰਥ ਸਾਹਿਬ ਜੀ ਹਨ । ਭਾਈ, ਖ਼ਾਲਸਾ ਤੀਸਰਾ ਪੰਥ ਹੈ, ਇਹ ਹਿੰਦੂ-ਮੁਸਲਮਾਨਾਂ ਤੋਂ ਜੁਦਾ ਹੈ ਅਤੇ ਸਭ ਨੂੰ ਆਪਣੇ ਵਿੱਚ ਮਿਲਾਉਣ ਵਾਲਾ ਹੈ ਅਤੇ ਸਾਰੀ ਦੁਨੀਆਂ ਲਈ ਸਾਂਝਾ ਹੈ ਜੋ ਅੰਮ੍ਰਿਤ ਛਕੇ ਸੋ ਪੰਥ ਵਿੱਚ ਸ਼ਾਮਿਲ ਹੋਵੇ । ਗੁਰੂ ਗ੍ਰੰਥ, ਗੁਰੂ ਪੰਥ ਦਾ ਸਿੱਖੀ ਸਿਧਾਂਤ ਵੀ ਸਾਰੀ ਦੁਨੀਆਂ ਲਈ ਸਾਂਝਾ ਹੈ, ਕਿਸੇ ਵੀ ਜਾਤ-ਦੇਸ਼, ਮਜ਼੍ਹਬ ਰੰਗ, ਨਸਲ ਦਾ ਪ੍ਰਾਣੀ ਅੰਮ੍ਰਿਤ ਛੱਕ ਕੇ ਖ਼ਾਲਸਾ ਪੰਥ ਵਿੱਚ ਸ਼ਾਮਿਲ ਹੋ ਸਕਦਾ ਹੈ, ਕਿਉਂਕਿ ਗੁਰੁੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਦਸ਼ਮੇਸ਼ ਪਿਤਾ ਦੀ ਨਿਰਧਾਰਤ ਕੀਤੀ ਖੰਡੇ ਦੀ ਪਾਹੁਲ ਦੀ ਮਰਿਯਾਦਾ ਦੁਆਰਾ ਹੀ ਅੰਮ੍ਰਿਤਪਾਨ ਕਰਕੇ ਹੀ ਤੁਹਾਡੀ ਪਿਛਲੀ ਕੁੱਲ, ਕਿਰਤ, ਕਰਮ, ਧਰਮ, ਜਾਤ-ਪਾਤ ਦਾ ਭਿੰਨ-ਭੇਦ ਨਾਸ਼ ਹੋ ਜਾਂਦਾ ਹੈ ਅਤੇ ਤੁਸੀਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਅਖਵਾਉਂਦੇ ਹੋ । (ਗਿਆਨੀ ਦਿੱਤ ਸਿੰਘ ਜੀ) ਸ਼ੁਰੂ ਵਿੱਚ ਦਾਸ ਨੇ ਜੇ।ਐੱਸ। ਗਰੇਵਾਲ ਦੀ ਕਿਤਾਬ, ਤੋੲ The Sikhs of the Punjab ਦਾ ਜ਼ਿਕਰ ਕੀਤਾ ਸੀ । ਜਿਸ ਦੇ ਪੰਨਾ 89 ਉੱਤੇ ਜੇ।ਐੱਸ। ਗਰੇਵਾਲ ਨੇ ਕਿਸੇ ਖਾਸ ਮੰਤਵ ਦੀ ਪੂਰਤੀ ਲਈ ਨਵਾਬ ਕਪੂਰ ਸਿੰਘ ਦੇ ਸਮੇਂ ਤੋਂ ਹੀ ਜਾਤ ਆਧਾਰਿਤ ਡੇਰਿਆਂ ਦੇ ਨਾਂਅ ਲਿਖੇ ਹਨ :Amritsar became a converging centre for the scattered Singhs, and it became necessary for Nawab Kapur Singh to organize the increasing numbers into large units (deras) under different leaders from amongst the Khatris, Jats and the outcaste Ranghretas. He entrusted the work of the common kitchen, the treasury, the stores, the arsenal and the granary for horses to experienced or competent Singhs. But he failed to contain the inceasing numbers, and many of them became restive. Some of them took to plunder and adopted an attitude of confrontation with the officials. Zakariya Khan resumed the jagir and adopted repressive measures with greater vigour. 
ਉਪਰੋਕਤ ਅੰਗ੍ਰੇਜ਼ੀ ਦੇ ਪੈਰੇ੍ਹ ਦਾ ਪੰਜਾਬੀ ਵਿੱਚ ਭਾਵ ਤਾਂ ਇਹ ਹੀ ਨਿਕਲਦਾ ਹੈ ਕਿ ਜ਼ਕਰੀਆ ਖਾਨ ਨੇ ਆਪਣੇ ਵੱਲੋਂ ਸਿੱਖਾਂ ਨੂੰ ਸ਼ਾਂਤੀ ਨਾਲ ਰਹਿਣ ਦਾ ਮੌਕਾ ਦਿੰਦੇ ਹੋਏ ਜਗੀਰ ਦਿੱਤੀ ਸੀ ਪਰ ਸਿੱਖਾਂ ਦੇ ਨੇਤਾ (ਨਵਾਬ ਕਪੂਰ ਸਿੰਘ) ਕੋਲੋਂ ਇਹ ਸਭ ਕੁਝ ਸੰਭਾਲਿਆ ਨਹੀਂ ਗਿਆ । ਸਿੱਖ ਬੇ-ਮੁਹਾਰੇ ਹੋ ਕੇ ਲੁੱਟਾਂ ਕਰਨ ਲੱਗ ਪਏ ਅਤੇ ਜ਼ਕਰੀਆ ਖਾਨ ਨੇ ਅੱਕ ਕੇ ਜਗੀਰ ਜ਼ਬਤ ਕਰ ਲਈ ਅਤੇ ਸਿਖਾਂ ਨੂੰ ਦਬਾਉਣ ਲਈ ਵਧੇਰੇ ਸਖ਼ਤ ਤਰੀਕੇ ਅਪਨਾਉਣੇ ਸ਼ੁਰੂ ਕਰ ਦਿੱਤੇ ਸਨ, ਭਾਵ ਕਿ ਸਿੱਖ ਖੁਦ ਹੀ ਸ਼ਾਂਤੀ ਵਾਲਾ ਜੀਵਨ ਨਹੀਂ ਜੀਂਦੇ ਸਨ । ਜੇ।ਐੱਸ। ਗਰੇਵਾਲ ਦਾ ਇਹ ਸਿੱਧ ਕਰਨਾ ਕਿ ਜ਼ਕਰੀਆ ਖਾਨ ਤਾਂ ਇਨਸਾਫ ਕਰ ਰਿਹਾ ਸੀ ਪਰ ਸਿੱਖਾਂ ਨੇ ਫਿਰ ਵੀ ਲੁੱਟਣਾ ਸ਼ੁਰੂ ਕਰ ਦਿੱਤਾ, ਇਤਿਹਾਸਕ ਸੱਚਾਈ ਦੇ ਬਿਲਕੁੱਲ ਉਲਟ ਹੈ । ਨਵਾਬ ਕਪੂਰ ਸਿੰਘ ਨੇ ਰੰਘਰੇਟਿਆਂ, ਜੱਟਾਂ ਅਤੇ ਖੱਤਰੀਆਂ ਦੇ ਵੱਖ-ਵੱਖ ਡੇਰੇ ਨਹੀਂ ਸੀ ਬਣਾਏ, ਉਨ੍ਹਾਂ ਨੇ ਤਾਂ ਸਗੋਂ ਖ਼ਾਲਸੇ ਦੀ ਗਿਣਤੀ ਵੱਧਦੀ ਵੇਖ ਕੇ ਜਾਤ-ਪਾਤ ਰਹਿਤ ਖ਼ਾਲਸੇ ਨੂੰ ਬੁੱਢਾ ਦਲ ਤੇ ਤਰਨਾ ਦਲ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ । ਖ਼ਾਲਸੇ ਨੂੰ ਜਗੀਰ ਦੇਣੀ ਜ਼ਕਰੀਆ ਖਾਨ ਦੀ ਮਜ਼ਬੂਰੀ ਸੀ ਤੇ ਜਗੀਰ ਵਾਪਸ ਲੈਣਾ ਉਸ ਦੀ ਲੋੜ ਬਣ ਗਈ ਸੀ, ਕਿਉਂਕਿ ਉਹ ਦ-ਬ-ਦਿਨ ਖ਼ਾਲਸੇ ਦੀ ਗਿਣਤੀ ਵੱਧਦੀ ਦੇਖ ਕੇ ਭੈਭੀਤ ਹੋ ਰਿਹਾ ਸੀ । ਜਦੋਂ ਜ਼ਕਰੀਆ ਖਾਨ ਨੇ ਸਿੰਘਾਂ ਪੁਰ ਅਤਿ ਦੀ ਕਰੜਾਈ ਵਰਤੀ ਸੀ ਤਦੋਂ ਖ਼ਾਲਸਾ ਪੰਜਾਬ ਵਿੱਚੋਂ ਖੇਰੂੰ-ਖੇਰੂੰ ਹੋ ਗਿਆ ਸੀ, ਸਰਦਾਰ ਕਪੂਰ ਸਿੰਘ ਨੇ ਨਵਾਬੀ ਮਿਲਣ ਦੇ ਉਪਰੰਤ ਸਭ ਤੋਂ ਪਹਿਲਾ ਕੰਮ ਜੋ ਆਪਣੇ ਹੱਥ ਵਿੱਚ ਲਿਆ ਉਹ ਇਹ ਸੀ ਕਿ ਖਿੰਡੇ ਹੋਏ ਖ਼ਾਲਸੇ ਨੂੰ ਜੰਗਲਾਂ, ਝਾੜਾਂ, ਪਹਾੜਾਂ ਅਤੇ ਰੇਤ ਥਲਾਂ ਵਿੱਚੋਂ ਜਿਥੇ ਜਿਥੇ ਖ਼ਾਲਸੇ ਦਾ ਪਤਾ ਲੱਗਾ ਉਥੋਂ ਆਪਣੇ ਆਦਮੀ ਭੇਜ ਕੇ ਸਭ ਨੂੰ ਅੰਮ੍ਰਿਤਸਰ ਮੰਗਵਾ ਲਿਆ । ਸਾਵਨ ਸੰਮਤ 1791 (1734 ਈ:) ਨੂੰ ਦੀਵਾਨ ਦਰਬਾਰਾ ਸਿੰਘ ਅਕਾਲੀ ਚਲਾਣਾ ਕਰ ਗਏ । ਹੁਣ ਜਦੋਂ ਲਗਪਗ ਸਾਰੇ ਸਿੰਘ ਅੰਮ੍ਰਿਤਸਰ ਪਹੁੰਚ ਗਏ ਤਾਂ ਨਵਾਬ ਕਪੂਰ ਸਿੰਘ ਨੇ ਸਰਬੱਤ ਖ਼ਾਲਸੇ ਨੂੰ ਜਥੇਬੰਦੀ ਵਿੱਚ ਲਿਆਵਣ ਲਈ, ਖ਼ਾਲਸੇ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ । ਜਿਹੜੇ ਕੁਝ ਵਡੇਰੀ ਉਮਰ ਦੇ ਸਨ, ਉਨ੍ਹਾਂ ਦਾ ਨਾਂ ਬੁੱਢਾ ਦਲ ਅਤੇ ਜਿਹੜੇ ਨੌਜੁਆਨ 40 ਸਾਲ ਦੀ ਆਯੂ ਤੋਂ ਹੇਠ ਸਨ ਉਨ੍ਹਾਂ ਦਾ ਨਾਂਅ ਤਰਨਾ ਦਲ ਰਖਿਆ । ਇਨ੍ਹਾਂ ਦੋਵਾਂ ਦਲਾਂ ਦੀ ਸਮਿਲਤ ਦੇਖ ਰੇਖ ਦੀ ਸੇਵਾ ਖ਼ਾਲਸੇ ਨੇ ਸਰਬ ਸੰਮਤੀ ਨਾਲ ਨਵਾਬ ਕਪੂਰ ਸਿੰਘ ਨੂੰ ਸੌਂਪੀ ਗਈ । ਆਪ ਦੇ ਹੱਥੋਂ ਅੰਮ੍ਰਿਤਪਾਨ ਕਰਨ ਵਿੱਚ ਸਿੰਘ ਬਹੁਤ ਮਾਣ ਮਹਿਸੂਸ ਕਰਦੇ ਸਨ । ਨਵਾਬ ਕਪੂਰ ਸਿੰਘ ਦੀ ਆਪਣੀ ਕਰਨੀ ਤੇ ਬੇ-ਦਾਗ ਰਹਿਣੀ ਦੇ ਕਾਰਨ ਸਤਿਗੁਰਾਂ ਨੇ ਆਪ ਨੂੰ ਵਾਕ ਸਿੱਧੀ ਦੀ ਐਸੀ ਬਰਕਤ ਬਖ਼ਸ਼ੀ ਸੀ ਜੋ ਬਚਨ ਆਪਦੇ ਮੁੱਖ ਤੋਂ ਨਿਕਲਦਾ ਸੀ ਉਹ ਸਫਲ ਹੁੰਦਾ ਸੀ । ਦੋਵਾਂ ਦਲਾਂ ਦੇ ਨਿਯਮ ਨੀਯਤ ਕਰ ਦਿੱਤੇ । ਇਉਂ ਦੋਵੇਂ ਦਲ ਇਕ ਸਾਂਝੀ ਜਥੇਬੰਦੀ ਵਿੱਚ ਆ ਗਏ (ਨਵਾਬ ਕਪੂਰ ਸਿੰਘ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਸਰਬੱਤ ਖ਼ਾਲਸੇ ਦੀ ਸਰਬ ਸੰਮਤੀ ਨਾਲ ਦੋਵੇਂ ਦਲ ਭੰਗ ਕਰਕੇ ਇਕ ਸਾਂਝਾ ਦਲ ਖ਼ਾਲਸਾ ਬਣਾ ਦਿੱਤਾ ਸੀ ਅਤੇ ਦਲ ਖ਼ਾਲਸੇ ਦਾ ਮੁਖੀ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਬਣਾਇਆ ਗਿਆ ਸੀ) ਜਦੋਂ ਦੋਵੇਂ ਦਲ ਬੁੱਢਾ ਦਲ ਤੇ ਤਰਨਾ ਦਲ ਇਕ ਸਾਂਝੀ ਜਥੇਬੰਦੀ ਵਿੱਚ ਆ ਗਏ ਤਾਂ ਇਹ ਸਾਂਝ ਇਥੋਂ ਤੱਕ ਵਧੀ ਕਿ ਜਿਥੇ ਖ਼ਾਲਸੇ ਦਾ ਭੰਡਾਰਾ ਸਾਂਝਾ ਸੀ ਉਥੇ ਨਾਲ ਹੀ ਦੁੱਖ ਅਤੇ ਸੁੱਖ ਵੀ ਸਭ ਦਾ ਸਾਂਝਾ ਹੋ ਗਿਆ । ਇਕ ਦੀ ਖੁਸ਼ੀ ਸਭ ਦੀ ਖੁਸ਼ੀ ਸੀ, ਇਕ ਨੂੰ ਕੰਡਾ ਚੁੱਭਦਾ ਤਾਂ ਸਾਰੀ ਖ਼ਾਲਸਾ ਕੌਮ ਦਾ ਮਨ ਪੀੜ ਨਾਲ ਤੜਪ ਪੈਂਦਾ ਅਤੇ ਉਹ ਤਦ ਤੱਕ ਸ਼ਾਂਤ ਹੋ ਕੇ ਨਾ ਬਹਿੰਦੇ ਜਦ ਤੱਕ ਉਹਦੇ ਦੁੱਖ ਦੀ ਨਵਿਰਤੀ ਦਾ ਉਪਾਅ ਨਾ ਸਨ ਕਰ ਲੈਂਦੇ । ਇਉਂ ਇਹ ਦੋਵੇਂ ਦਲ ਇਕ ਸਾਂਝੇ ਭਾਈਚਾਰੇ ਅਤੇ ਇਕੋ ਪਰਿਵਾਰ ਵਾਂਗ ਜੀਵਨ ਬਿਤਾਣ ਲੱਗੇ । (ਹਵਾਲਾ ਪੁਸਤਕ ਜੀਵਨੀ ਨਵਾਬ ਕਪੂਰ ਸਿੰਘ, ਲੇਖਕ-ਬਾਬਾ ਪ੍ਰੇਮ ਸਿੰਘ ਹੋਤੀ) 
ਅੰਤ ਵਿੱਚ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦੇ ਉਸ ਕਬਿਤ ਨਾਲ ਸਮਾਪਤੀ ਕਰਦਾ ਹਾਂ ਜਿਸ ਵਿੱਚ ਉਸਨੇ ਅਠਾਰਵੀਂ ਸਦੀ ਦੇ ਖ਼ਾਲਸਾ ਪੰਥ ਦਾ ਸਰੂਪ ਵਰਨਣ ਕੀਤਾ ਹੈ । ਉਹ ਲਿਖਦੇ ਹਨ - ਕਬਿਤ - ਕਪੂਰ ਸਿੰਘ, ਜੱਸਾ ਸਿੰਘ (ਆਹਲੂਵਾਲੀਆ), ਸ਼ਿਆਮ ਸਿੰਘ, ਸੁੱਖਾ ਸਿੰਘ, ਚੜਤ ਸਿੰਘ, ਹਰੀ ਸਿੰਘ ਸੂਰਮੇ ਅਪਾਰ ਥੇ । ਜੈ ਸਿੰਘ, ਜੱਸਾ ਸਿੰਘ (ਰਾਮਗੜ੍ਹੀਆ), ਦੀਪ ਸਿੰਘ, ਨੱਥਾ ਸਿਘ, ਗੁਜਰ ਸਿੰਘ, ਹੀਰਾ ਸਿੰਘ ਆਦਿ ਜਥੇਦਾਰ ਥੇ । ਸੰਗਤ, ਗੁਲਾਬ ਸਿੰਘ ਹੋਰ ਸੀ ਬਥੇਰੇ ਆਹੇ ਏਕਾ ਇਤਫਾਕ ਬੜਾ ਰੱਖਦੇ ਪਿਆਰ ਥੇ । ਜਾਤ-ਪਾਤ, ਦੇਸ਼ ਵਿੱਚ ਵਿਥ ਦਰਯਾਵਾਂ ਦੀ ਕਰਤਾਰ ਸਿੰਘਾਂ ਇਹ ਐਬ ਨਾ ਪੰਥ ਵਿੱਚਕਾਰ ਥੇ । ਕ: 11 - ਜਾਤ ਇਕਾ ਪਾਤ ਇਕਾ ਪਿਤਾ ਅਰ ਮਾਤ ਇਕਾ ਇਕੋ ਪਰਵਾਰ ਸਿੰਘ ਦੂਈ ਨ ਸੀ ਧਾਰਤੇ । ਦੇਸ ਇਕੋ ਭੇਸ ਇਕੋ ਸੁੱਖ ਤੇ ਕਲੇਸ਼ ਇਕੋ ਲਜਲੀਹ ਇਕੋ ਇਕ ਪਤਸੀ ਉਚਾਰਤੇ । ਨਾਤਾ ਗੁਰਸਿੱਖੀ ਦਾ ਸੀ ਜਾਤਾ ਇਕੋ ਖ਼ਾਲਸੇ ਨੇ ਸਕਿਆਂ ਭਰਾਵਾਂ ਵਾਂਗੂ ਮਿਲਦੇ ਪਿਆਰ ਸੇ । ਇਕ ਦੂਜੇ ਤਾਈਂ ਬਾਈ ਭਾਈ ਕਹਿ ਪੁਕਾਰਦੇ ਸੀ ਭਾਈ ਬਣ ਠੀਕ ਜਾਨ ਦੂਏ &lsquoਤੇ ਸੀ ਵਾਰਤੇ । ਇਕ ਦੇ ਪਸੀਨੇ ਦੀ ਥਾਂ ਖੂਨ ਦੂਆ ਡੋਲਦਾ ਸੀ ਦੁੱਖ ਸੁੱਖ ਬਣੇ ਤਾਈਂ ਕਠੇ ਹੋ ਸਹਾਰਤੇ । ਸਿੱਖ ਤਾਈਂ ਸਿੱਖ ਰੂਪ ਗੁਰੂ ਦਾ ਹੀ ਜਾਣਦਾ ਸੀ ਮੰਦੀ ਗੱਲ ਦੂਸਰੇ ਨੂੰ ਕਦੇ ਨਾ ਉਚਾਰਤੇ । ਦਗਾ ਤੇ ਫਰੇਬ ਫੁੱਟ ਈਰਖਾ ਕਰਤਾਰ ਸਿੰਘਾਂ ਉਹਨੀ ਦਿਨੀਂ ਐਬ ਇਹ ਨਾ ਪੰਥ ਵਿੱਚਕਾਰ ਥੇ । 
ਖਾਲਸਾ ਪੰਥ ਦੀ ਜਾਤ ਕੇਵਲ ਖਾਲਸਾ ਹੈ । ਖ਼ਾਲਸਾ ਕੌਮ ਜਿਸ ਹਿੰਦੂਤਵੀ ਚੱਕਰਵਿਊ ਵਿੱਚ ਫੱਸ ਚੁੱਕੀ ਹੈ, ਉਸ ਵਿੱਚੋਂ ਖ਼ਾਲਸਾ ਕੌਮ (ਸਿੱਖ ਕੌਮ) ਨੂੰ ਅੱਜ ਕੇਵਲ ਗੁਰੂ ਹੀ ਕੱਢ ਸਕਦਾ ਹੈ । ਗੁਰੂ ਗ੍ਰੰਥ, ਗੁਰੂ ਪੰਥ ਦੇ ਸੰਵਿਧਾਨ ਦੇ ਤਹਿਤ ਤੇ ਅਠਾਂਰਵੀਂ ਸਦੀ ਦੀ ਪੰਥ ਭਾਵਨਾ ਵਾਲਾ ਕਿਰਦਾਰ ਅਪਣਾ ਕੇ ਹੀ ਖ਼ਾਲਸਾ ਕੌਮ ਆਪਣਾ ਕੌਮੀ ਘਰ ਬਣਾ ਸਕਦੀ ਹੈ । ਅੱਜ ਖਾਲਸਾ ਪੰਥ ਨੂੰ ਦਸਮੇਸ਼ ਪਿਤਾ ਦੇ ਇਨ੍ਹਾਂ ਬਚਨਾਂ ਤੇ ਅਟੱਲ ਭਰੋਸਾ ਕਰਕੇ ਅਰਦਾਸ ਕਰਨੀ ਚਾਹੀਦੀ ਹੈ : 
ਪੰੰਥ ਖਾਲਸਾ ਖੇਤੀ ਮੇਰੀ ਸਦਾ ਸੰਭਾਲ ਕਰਉਂ ਤਿਸ ਕੇਰੀ 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
(ਸਮਾਪਤ)