image caption: ਕੁਲਵੰਤ ਸਿੰਘ ਢੇਸੀ

ਕੁਦਰਤੀ ਅਤੇ ਮਨੁੱਖੀ ਕਹਿਰ ਨੇ ਵਸਦੇ ਰਸਦੇ ਘਰਾਂ ਚ ਤਬਾਹੀ ਲਿਆ ਦਿੱਤੀ

 ਸਚ ਕਹ ਦੂੰ ਐ ਬਰਹਮਨ ਗਰ ਤੂ ਬੁਰਾ ਨਾ ਮਾਨੇ, ਤੇਰੇ ਸਨਮ ਕਦੋਂ ਕੇ ਬੁਤ ਹੋ ਗਏ ਪੁਰਾਨੇ

ਅਪਨੋਂ ਸੇ ਬੈਰ ਰਖਨਾ ਤੂਨੇ ਬੁਤੋਂ ਸੇ ਸੀਖਾ, ਜੰਗ ਓ ਜਦਲ ਸਿਖਾਯਾ ਵਾਈਜ਼ ਕੋ ਭੀ ਖੁਦਾ ਨੇ

ਭਾਰਤੀ ਘੱਟ ਗਿਣਤੀਆਂ ਖਿਲਾਫ ਵਧ ਰਹੀ ਬਿਪਰਵਾਦੀ ਗੁੰਡਾਗਰਦੀ

ਰਾਜਧਾਨੀ ਦਿੱਲੀ ਵਿਚ ਪੀੜਤ ਸਿੱਖਾਂ ਦੀ ਕੋਈ ਨਹੀਂ ਸੁਣਦਾ

ਹੜ੍ਹਾਂ ਕਾਰਨ ਪੰਜਾਬ ਦੇ ਪਿੰਡ ਅਤੇ ਸ਼ਹਿਰ ਉਜੱੜ ਰਹੇ ਹਨ

ਇਸ ਵੇਲੇ ਸਾਰੀ ਦੁਨੀਆਂ ਦੇ ਪੰਜਾਬੀਆਂ ਦੀਆਂ ਨਜ਼ਰਾਂ ਪੰਜਾਬ ਵਲ ਲੱਗੀਆਂ ਹੋਈਆਂ ਹਨ। ਬੇਸ਼ੱਕ ਹੜ੍ਹ ਪਹਿਲਾਂ ਵੀ ਅਨੇਕਾਂ ਵਾਰ ਆਏ ਹਨ ਪਰ ਹੜ੍ਹਾਂ ਕਾਰਨ ਲੋਕਾਂ ਦੀ ਜੋ ਦੁਰਗਤ ਹੁਣ ਹੋ ਰਹੀ ਹੈ ਏਨੀ ਪਹਿਲਾਂ ਸ਼ਾਇਦ ਕਦੀ ਨਹੀਂ ਸੀ ਹੋਈ। ਅਨੇਕਾਂ ਥਾਵਾਂ &lsquoਤੇ ਲੋਕ ਸੁੱਖ ਦੀ ਨੀਂਦਰ ਸੌਂ ਰਹੇ ਸਨ ਪਰ ਜਿਓਂ ਹੀ ਉਹਨਾ ਦੀ ਅੱਖ ਖੁਲ੍ਹੀ, ਉਹਨਾ ਦੇ ਘਰ ਪਾਣੀ ਵਿਚ ਡੁੱਬਦੇ ਜਾ ਰਹੇ ਸਨ। ਹੜ੍ਹ ਆਉਂਦਿਆਂ ਹੀ ਬਿਜਲੀ ਬੰਦ ਕਰ ਦਿਤੀ ਜਾਂਦੀ ਹੈ ਅਤੇ ਹਜ਼ਾਰਾਂ ਲੋਕ ਪੀਣ ਲਈ ਸਾਫ ਪਾਣੀ ਅਤੇ ਢਿੱਡ ਭਰਨ ਲਈ ਦੋ ਰੋਟੀਆਂ ਤੋਂ ਮਜ਼ਬੂਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਾਣੀ ਵਿਚ ਜੰਗਲੀ ਜੀਵ ਵੀ ਰੁੜ੍ਹਦੇ ਨਜ਼ਰ ਆਏ। ਮਾਮਲਾ ਸਿਰਫ ਕੋਕਰੋਚ ਜਾਂ ਸੱਪਾਂ ਵਰਗੇ ਜੀਵਾਂ ਦਾ ਹੀ ਨਹੀਂ ਹੈ ਸਗੋਂ ਇੱਕ ਸ਼ਹਿਰ ਵਿਚ ਤਾਂ ਪਾਣੀ ਦੇ ਵਹਾ ਵਿਚ ਮਗਰਮੱਛ ਵੀ ਨਜ਼ਰ ਆਇਆ। ਅਨੇਕਾਂ ਸੜਕਾਂ ਦੀ ਆਵਾਜਾਈ ਰੁਕ ਗਈ ਅਤੇ ਅਨੇਕਾਂ ਵਾਹਨ ਪਾਣੀ ਵਿਚ ਰੁੜ੍ਹਦੇ ਨਜ਼ਰ ਆਏ। ਹਾਲ ਦੀ ਘੜੀ ਇਹ ਕਿਆਸ ਕਰਨਾ ਮੁਸ਼ਕਲ ਹੈ ਕਿ ਮੌਜੂਦਾ ਹੜ੍ਹਾਂ ਕਾਰਨ ਜਾਨੀ ਅਤੇ ਮਾਲੀ ਤੌਰ &lsquoਤੇ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋਵੇਗਾ। ਤਿੰਨ ਦਿਨ ਲਗਾਤਾਰ ਮੀਂਹ ਤੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਸੂਬੇ ਪ੍ਰਭਾਵਿਤ ਹੋਏ ਜਦ ਕਿ ਦਿੱਲੀ ਵਿਚ ਸੋਮਵਾਰ ਬਾਅਦ ਦੁਪਹਿਰ ਵਰਖਾ ਸ਼ੁਰੂ ਹੋਈ। ਹਰ ਸਾਲ ਭਾਰਤ ਵਿਚ ਜੂਨ ਤੋਂ ਅਗਸਤ ਤਕ ਮੌਨਸੂਨ ਦਾ ਸਮਾਂ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਜੁਲਾਈ ਦੇ ਅਰੰਭ ਵਿਚ ਹੀ ਮੀਂਹ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਤਾਂ ਅਗਲਾ ਡੇਢ ਮਹੀਨਾ ਲੋਕਾ ਦੇ ਕੀ ਹਾਲਾਤ ਹੋਣਗੇ।


ਨੰਗਲ ਡੈਮ ਤੋਂ ਇਸ ਪਿਛਲੇ ਸਾਲ ਨਾਲੋਂ ਵੱਧ ਪਾਣੀ ਛੱਡਿਆ ਗਿਆ ਜਦ ਕਿ ਸਤਲੁਜ ਵਿਚ ਸਵਾ ਤਿੰਨ ਲੱਖ ਕਿਊਸਕ ਪਾਣੀ ਛੱਡਿਆ ਗਿਆ ਜਦ ਕਿ ਪਿਛਲੇ ਸਾਲ ਇਸ ਦੀ ਮਿਕਦਾਰ ੨.੫੦ ਕਿਊਸਕ ਪਾਣੀ ਛੱਡਿਆ ਗਿਆ ਸੀ। ਪਾਣੀ ਦੀ ਮਾਰ ਨੂੰ ਦੇਖਦਿਆਂ ਲੋਕਾਂ ਨੇ ਉੱਚੀਆਂ ਥਾਵਾਂ ਵਲ ਚਾਲੇ ਪਾ ਦਿੱਤੇ। ਇਸੇ ਤਰਾਂ ਰਾਵੀ ਵਿਚ ਪ੍ਰਸ਼ਾਸਨ ਵਲੋਂ ਛੱਡੇ ੨ ਲੱਖ ਕਿਊਸਕ ਪਾਣੀ ਕਾਰਨ ਗੁਰਦਾਸਪੁਰ ਦੇ ਇਲਾਕੇ ਬੁਰੀ ਤਰਾਂ ਪ੍ਰਭਾਵਿਤ ਹੋ ਗਏ। ਹੜਾਂ ਕਾਰਨ ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ,ਉੱਤਰਾ ਖੰਡ ਅਤੇ ਜੰਮੂ ਕਸ਼ਮੀਰ ਰਾਜਾਂ ਨੂੰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਹੜਾਂ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਵਿਦਿਆਰਥੀਆਂ ਦੇ ਹੋਣ ਵਾਲੇ ਇਮਤਿਹਾਨ ਰੱਦ ਕਰ ਦਿੱਤੇ ਗਏ ਹਨ।


ਸੋਮਵਾਰ ੧੦ ਜੁਲਾਈ ਨੂੰ ਮੁਖ ਮੰਤਰੀ ਪੰਜਾਬ ਸ: ਭਗਵੰਤ ਮਾਨ ਵਲੋਂ ਹੜ੍ਹ ਮਾਰੁ ਇਲਾਕਿਆਂ ਦਾ ਤੁਫਾਨੀ ਦੌਰਾ ਕਰਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਮੁਖ ਮੰਤਰੀ ਨੇ ਲੋਕਾਂ ਨਾਲ ਮਿਲਦੇ ਕਿਹਾ ਕਿ ਉਹ ਹੋਰਾਂ ਵਾਂਗ ਹੈਲੀਕਾਪਟਰ ਨਾਲ ਹਵਾ ਵਿਚ ਗੇੜੇ ਨਹੀਂ ਲਾ ਰਹੇ ਸਗੋਂ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਨੂੰ ਮਿਲ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲੈ ਰਿਹਾ ਹੈ।


ਹੜ ਪ੍ਰਭਾਵਤ ਸੂਬਿਆਂ ਵਿਚ ਸਰਕਾਰਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਐਨ ਡੀ ਆਰ ਐਫ (National disaster response force) ਟੀਮਾਂ ਲਾਈਆਂ ਹੋਈਆਂ ਹਨਪੰਜਾਬ ਵਿਚ ੧੫, ਉੱਤਰਾ ਖੰਡ ਵਿਚ ੧੨ ਅਤੇ ਹਿਮਾਚਲ ਪ੍ਰਦੇਸ਼ ਵਿਚ ੧੧ ਟੀਮਾ ਸਰਗਰਮ ਹਨ।ਪੰਜਾਬ ਵਿਚ ਸਰਕਾਰ ਨੇ ਹਾਲ ਦੀ ਘੜੀ ਫੌਜ ਨੂੰ ਨਹੀਂ ਬੁਲਾਇਆ ਕਿਓਂਕਿ ਨੰਗਲ ਅਤੇ ਸਤਲੁਜ ਦੇ ਡੈਮਾਂ ਦਾ ਪਾਣੀ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਪੰਜਾਬ ਵਿਚ ਰਾਜਪੁਰਾ ਦੇ ੩੦ ਪਿੰਡਾਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜਦ ਕਿ ਫਿਲੋਰ ਵਿਚ ਪਾਣੀ ਦੀ ਲਪੇਟ ਵਿਚ ਪੁਲਿਸ ਅਕੈਡਮੀ ਦੀਆਂ ਗੱਡੀਆਂ ਵੀ ਆ ਗਈਆਂ। ਪੰਜਾਬ ਦੇ ਪੰਜ ਜ਼ਿਲਿਆਂ ਵਿਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਮੁਹਾਲੀ ਵਿਚ ਰਾਹਤ ਕਾਰਜਾਂ ਲਈ ਫੌਜ ਦੀ ਮੱਦਤ ਮੰਗੀ ਗਈ ਹੈ। ਅਨੰਦਪੁਰ ਸਹਿਬ ਦੇ ਇਲਾਕੇ ਵੀ ਚਰਨ ਗੰਗਾ ਨਦੀ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਵਿਚ ਡੁੱਬ ਰਹੇ ਹਨ।


ਹੜਾਂ ਕਾਰਨ ਪ੍ਰਭਾਵਿਤ ਰਾਜਾਂ ਵਿਚ ਝੋਨੇ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਪੰਜਾਬ ਦੇ ਅਨੇਕਾਂ ਇਲਾਕਿਆਂ ਵਿਚ ਕਿਸਾਨ ਪਿਛਲੇ ਸਾਲ ਦੇ ਫਸਲੀ ਮੁਆਵਜੇ ਲਈ ਵਿਲਕ ਰਹੇ ਸਨ ਜਦ ਕਿ ਹੁਣ ਨਵੀਂ ਬਿਪਤਾ ਆਣ ਪਈ ਹੈ। ਨੀਵੇਂ ਇਲਾਕਿਆਂ ਵਿਚ ਖੜ੍ਹੇ ਪਾਣੀ ਕਾਰਨ ਬਿਮਾਰੀ ਫੈਲਣ ਦਾ ਅਲੱਗ ਖਤਰਾ ਪੈਦਾ ਹੋ ਗਿਆ ਹੈ। ਹੜਾਂ ਕਾਰਨ ਹੁਣ ਤਕ ਹਿਮਾਚਲ ਪ੍ਰਦੇਸ਼ ਵਿਚ ੧੪ ਮੌਤਾਂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਜਦ ਕਿ ਹੜਾਂ ਰਾਹੀਂ ਪੰਜਾਬ ਅਤੇ ਗਵਾਂਢੀ ਜ਼ਿਲਿਆਂ ਵਿਚ ਹੋਈ ਤਬਾਹੀ ਦੇ ਅਨੁਮਾਨ ਚਿੰਤਾਜਨਕ ਅਉਣ ਦੀ ਸੰਭਾਵਨਾ ਹੈ। ਜਮਨਾ ਨਦੀ ਵਿਚ ਪਾਣੀ ਦੇ ਵਹਾ ਵਿਚ ਲਗਾਤਾਰ ਵਾਧਾ ਹਹੋ ਰਿਹਾ ਹੈ। ਘੱਗਰ ਦਰਿਆ ਵਿਚ ਪਾਣੀ ਦੇ ਕਹਿਰ ਕਾਰਨ ਅੰਬਾਲਾ ਸ਼ਹਿਰ ਪਣੀ ਦੀ ਲਪੇਟ ਵਿਚ ਹੈ ਜਿਥੇ ਕਿ ਕਪੜਾ ਮਾਰਕਿਟ ਪਾਣੀ ਵਿਚ ਡੁੱਬ ਗਈ ਹੈ।ਰਾਜਧਾਨੀ ਦਿੱਲੀ, ਗੁਰੂ ਗ੍ਰਾਮ ਅਤੇ ਨੋਇਡਾ ਵਿਚ ਵੀ ਸਕੂਲ ਬੰਦ ਕਰ ਦਿੱਤੇ ਗਏ ਹਨ। ਬਚਾਅ ਕਾਰਜਾਂ ਦੀ ਸਾਰਥਿਕਤਾ ਲਈ ਸਰਕਾਰਾਂ ਵਲੋਂ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ੨੦,੦੦੦ ਕਰੋੜ ਦੀ ਲਾਗਤ ਵਾਲੀ ਦਿੱਲੀ ਦੀ ਬਹੁ ਚਰਚਿਤ ਸੈਂਟਰਲ ਵਿਸਟਾ ਪ੍ਰੌਜੈਕਟ ਦੇ ਇਲਾਕੇ ਵੀ ਪਾਣੀ ਵਿਚ ਡੁੱਬ ਗਏ ਹਨ। ਸੁੰਦਰੀ ਕਰਨ ਅਤੇ ਨਵੀਨੀ ਕਰਨ ਦੇ ਦਾਅਵਿਆਂ ਵਲੀ ਇਸ ਪ੍ਰੌਜੈਕਟ ਵਿਚ ਰਾਸ਼ਟਰਪਤੀ ਭਵਨ, ਲੋਕ ਸਭਾ, ਰਾਜ ਸਭਾ, ਨੋਰਥ ਅਤੇ ਸਾਊਥ ਬਲੌਕ ਤੋਂ ਇਲਾਵਾਂ ਅਨੇਕਾਂ ਅਹਿਮ ਸੰਸਥਾਵਾਂ ਹਨ।


ਇਹਨਾ ਹੜਾਂ ਕਾਰਨ ਇੱਹ ਮੁੱਦਾ ਹੁਣ ਫੇਰ ਭਖਿਆ ਹੈ ਕਿ ਹਿਮਾਚਲ ਤੋਂ ਆਉਣ ਵਾਲੇ ਪਾਣੀ ਨੂੰ ਹਿਮਾਚਲ ਤੋਂ ਹਰਿਆਣੇ ਅਤੇ ਦਿੱਲੀ ਵਲ ਭੇਜਣ ਦੀਆਂ ਪ੍ਰੌਜੈਕਟਾਂ ਤੇ ਕੰਮ ਕਰਕੇ ਪੰਜਾਬ ਨੂੰ ਬੰਜਰ ਕਰਨ ਦੇ ਮਨਸੂਬਿਆਂ ਨੂੰ ਸਰਕਾਰਾਂ ਅੰਜਾਮ ਤਾਂ ਦੇ ਰਹੀਆਂ ਹਨ ਪਰ ਜਦੋਂ ਉਪਰਲੇ ਇਲਾਕਿਆਂ ਵਿਚ ਮੌਨਸੂਨ ਦਾ ਜ਼ੋਰ ਹੁੰਦਾ ਹੈ ਤਾਂ ਉਸ ਕਾਰਨ ਹੜਾਂ ਦੀ ਮਾਰ ਪੰਜਾਬ ਨੂੰ ਝੱਲਣੀ ਪੈਂਦੀ ਹੈ। ਕੇਂਦਰ ਅਤੇ ਗਵਾਂਢੀ ਰਾਜਾਂ ਵਲੋਂ ਪੰਜਾਬ ਨਾਲ ਕੀਤੇ ਇਸ ਧੱਕੇ ਕਾਰਨ ਲੋਕਾਂ ਦੇ ਮਨਾ ਵਿਚ ਵੱਡਾ ਰੋਹ ਅਤੇ ਰੋਸ ਹੈ ਜੋ ਕਿਸੇ ਦਿਨ ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰ ਦੇਵੇਗਾ।

ਹੜ੍ਹਾਂ ਦੀ ਤਬਾਹੀ ਦੇ ਕੀ ਕਾਰਨ ਹਨ?

ਆਮ ਤੌਰ &lsquoਤੇ ਹਰ ਸਾਲ ਹੜ੍ਹਾਂ ਕਾਰਨ ਹੋ ਰਹੀ ਤਬਾਹੀ ਦਾ ਕਾਰਨ ਮੌਸਮੀ ਮੌਨਸੂਨ ਨੂੰ ਕਿਹਾ ਜਾਂਦਾ ਹੈ ਪਰ ਹੁਣ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਬਾਹੀ ਦਾ ਕਾਰਨ ਆਲਮੀ ਪੱਧਰ ਤੇ ਆ ਰਹੀਆਂ ਵਾਤਾਵਰਣ ਤਬਦੀਲੀਆਂ ਹਨ ਕਿਓਂਕਿ ਇਸ ਵਾਰ ਤਾਂ ਓਨੀ ਗਰਮੀ ਵੀ ਨਹੀਂ ਪਈ। ਇਸ ਵਾਰ ਦੀ ਵਾਤਾਵਰਣ ਦੀ ਤਬਦੀਲੀ ਨੂੰ ਮਾਹਰਾਂ ਨੇ ਪੱਛਮੀ ਗੜਬੜੀ (Western Disturbances) ਦਾ ਨਾਮ ਦਿੱਤਾ ਹੈ ਜਿਹਨਾ ਨੇ ਕਿ ਮੈਰੀਡੇਰੀਅਨ ਸਮੁੰਦਰ ਤੋਂ ਪਾਕਿਸਤਾਨ ਰਾਹੀਂ ਹੁੰਦੇ ਹੋਏ ਭਾਰਤ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ। ਜ਼ੀਰਕਪੁਰ, ਡੇਰਾ ਬਸੀ ਜਾਂ ਹੋਰ ਅਬਾਦੀਆਂ ਵਿਚ ਪਾਣੀ ਭਰਨ ਦਾ ਦੂਜਾ ਵੱਡਾ ਕਾਰਨ ਇਹ ਹੈ ਕਿ ਜਿਸ ਤੇਜ਼ੀ ਨਾਲ ਸ਼ਹਿਰਾਂ ਦਾ ਨਿਰਮਾਣ ਹੋ ਰਿਹਾ ਹੈ ਉਹ ਯੋਜਨਾ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਖਾਸ ਤੌਰ ਤੇ ਇਹਨਾ ਅਬਾਦੀਆਂ ਦਾ ਡਰੇਨੇਜ਼ ਸਿਸਟਮ ਨਿਰਮਾਣ ਦੇ ਹਿਸਾਬ ਨਾਲ ਬਹੁਤ ਸੀਮਤ ਹੈ। ਮੌਜੂਦਾ ਤਬਾਹੀ ਵਿਚ ਕੁਦਰਤੀ ਕਰੋਪ ਨਾਲੋਂ ਬੰਦੇ ਦੀ ਖੁਦਗਰਜ਼ੀ ਵਧੇਰੇ ਜ਼ਿੰਮੇਵਾਰ ਹੈ।

ਗੁੰਡਾ ਗਰਦੀ ਕਾਰਨ ਦਿੱਲੀ ਦੀਆਂ ਲੂੰ ਕੰਡੇ ਖੜ੍ਹੇ ਕਰਨ ਦੀਆਂ ਘਟਨਾਵਾਂ

ਉੱਤਮ ਨਗਰ ਦਿੱਲੀ ਦੀ ਘਟਨਾ &ndash ਭਾਰਤ ਵਿਚ ਘੱਟ ਗਿਣਤੀਆਂ ਖਿਲਾਫ ਗੁੰਡਾ ਰਾਜ ਨੇ ਅੱਤ ਚੁੱਕ ਲਈ

ਇਹ ਘਟਨਾ ਉੱਤਮ ਨਗਰ ਸਕੂਲ ਰੋਡ ਸ਼ੂ ਮਾਰਕਿਟ ਦੀ ਹੈ ਜਿਥੇ ਸ: ਸਤਵੰਤ ਸਿੰਘ ਦੇ ਹਮਲਾ ਕੀਤਾ ਜਾਂਦਾ ਹੈ ਜੋ ਕਿ ਹੁਣ ਚਲਣ ਫਿਰਨ ਦੀ ਹਾਲਤ ਵਿਚ ਨਹੀਂ ਹੈ। ਹਮਲਾਵਰਾਂ ਨੇ ੭੨ ਸਾਲ ਦੇ ਬਜ਼ੁਰਗ ਸ: ਸਤਵੰਤ ਸਿੰਘ ਦੀ ਕੁੱਟ ਕੁੱਟ ਕੇ ਕਰਕੇ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ। ਹੁਣ ਸਤਵੰਤ ਸਿੰਘ ਦਾ ਅਪ੍ਰੇਸ਼ਨ ਹੋਵੇਗਾ ਜਿਸ ਦਾ ਅੰਦਾਜ਼ਨ ਖਰਚਾ ੧੦ ਲੱਖ ਦੱਸਿਆ ਜਾ ਰਿਹਾ ਹੈ। ਇਸ ਬਜ਼ੁਰਗ ਦੇ ਗਵਾਂਢੀ ਰੌਸ਼ਨ ਲਾਲ ਦੇ ੪ ਮੁੰਡਿਆਂ ਨੇ ਪੀ ਸੀ ਆਰ ਦੇ ਸਾਹਮਣੇ ਇਸ ਬਜ਼ੁਰਗ &lsquoਤੇ ਹਮਲਾ ਕਰਕੇ ਕੁੱਟ ਮਾਰ ਕੀਤੀ ਸੀ। ਪੁਲਿਸ ਨੇ ਇਸ ਕੇਸ ਨੂੰ ਅਣਸੁਣਿਆਂ ਕਰਕੇ ਕੇਸ ਬੰਦ ਕਰ ਦਿੱਤਾ ਹੈ। ਪੀ ਸੀ ਆਰ ਦੇ ਸਾਹਮਣੇ ਬਦਮਾਸ਼ਾਂ ਨੇ ਸਤਵੰਤ ਸਿੰਘ ਦੀ ਬੇਟੀ ਅਤੇ ਪਤਨੀ ਦੀ ਵੀ ਕੁੱਟ ਮਾਰ ਕੀਤੀ ਜਿਸ ਦੀ ਕਿ ਵੀਡੀਓ ਜਨਤਕ ਹੋ ਚੁੱਕੀ ਹੈ ਅਤੇ ਇਸ ਦੀ ਕਵਰੇਜ ਪੀਟੀਸੀ ਤੇ ਵੀ ਹੋ ਚੁੱਕੀ ਹੈ। ਇਹ ਸਿੱਖ ਪਰਿਵਾਰ ੭੦ ਸਾਲ ਤੋਂ ਇਸ ਇਲਾਕੇ ਵਿਚ ਰਹਿ ਰਿਹਾ ਹੈ। ਰੌਸ਼ਨ ਲਾਲ ਅਤੇ ਉਸ ਦਾ ਪਰਿਵਾਰ ਪਿਛਲੇ ੪ ਸਾਲ ਤੋਂ ਇਥੇ ਆਇਆ ਅਤੇ ਉਹਨਾ ਨੇ ਸ: ਸਤਵੰਤ ਸਿੰਘ ਦੇ ਪਰਿਵਾਰ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹਨਾ ਦੇ ਮਕਾਨ &lsquoਤੇ ਕਬਜਾ ਕਰ ਸਕਣ। ਜਦੋਂ ਪਰਿਵਾਰ &lsquoਤੇ ਹਮਲਾ ਹੋਇਆ ਤਾਂ ਉਥੇ ੧੦੦ ਲੋਕਾਂ ਦੀ ਤਮਾਸ਼ਬੀਨ ਭੀੜ ਇਕੱਠੀ ਹੋ ਚੁੱਕੀ ਸੀ ਪਰ ਕੇਵਲ ਇੱਕ ਵਿਅਕਤੀ ਨੇ ਬੜੀ ਮੁਸ਼ਕਲ ਨਾਲ ਸਤਵੰਤ ਸਿੰਘ ਨੂੰ ਬਚਾਇਆ। ਜਿਸ ਵੇਲੇ ਸ: ਸਤਵੰਤ ਸਿੰਘ ਦੀ ਬੇਟੀ ਨੇ ਸਬੰਧਤ ਥਾਣੇ ਦੇ ਐਸ ਐਚ ਓ ਕੋਲ ਸ਼ਿਕਾਇਤ ਕੀਤੀ ਤਾਂ ਐਸ ਐਚ ਓ ਦਾ ਸਵਾਲ ਸੀ ਕਿ, ਆਪ ਨੇ ਪੀ ਸੀ ਆਰ (Police Control Room Officer) ਕਿਓਂ ਬੁਲਾਈ? ਡੀ ਸੀ ਪੀ (Deputy Commissioner of Police) ਹਰਸ਼ ਵਰਧਨ ਪਰਿਵਾਰ ਨੂੰ ਇਹ ਕਹਿੰਦਾ ਰਿਹਾ ਕਿ ਕੁਝ ਵੱਡਾ ਵਾਕਿਆ ਹੋਣ ਦਿਓ ਫੇਰ ਹੀ ਕੇਸ ਦਰਜ ਹੋਵੇਗਾ। ਜਦੋਂ ਹਮਲਾ ਹੋ ਗਿਆ ਅਤੇ ਸ: ਸਤਵੰਤ ਸਿੰਘ ਹਸਪਤਾਲ ਵਿਚ ਦਾਖਲ ਸਨ ਤਾਂ ਉਸ ਦੀ ਡਾਕਟਰੀ ਰਿਪੋਰਟ ਇੱਕ ਪੁਲਿਸ ਅਧਿਕਾਰੀ ਨੇ ਪਾੜ ਦਿੱਤੀ। ਬਦਮਾਸ਼ੀਆਂ ਕਰਨ ਵਾਲੇ ਲੋਕਾਂ ਦੇ ਖਿਲਾਫ ਇਸ ਇਲਾਕੇ ਵਿਚ ੧੪ ਕੇਸ ਹਨ। ਅਦਾਲਤ ਵਿਚ ਕੇਸ ਤੋਂ ਬਾਅਦ ਇਸ ਪਰਿਵਾਰ ਦੇ ਦੱਲੇ ਜਮਾਨਤ ਤੇ ਬਾਹਰ ਹਨ ਅਤੇ ਇਹ ਕੁਝ ਹੁੰਦੇ ਹੋਏ ਵੀ ਇਹਨਾ ਨੇ ਸਿੱਖ ਬਜ਼ੁਰਗ ਤੇ ਹਮਲਾ ਕੀਤਾ। ਅਜੈ ਜੈਨ ਨਾਮ ਦਾ ਲੜਕਾ ਧਮਕੀਆਂ ਦਿੰਦਾ ਕਹਿੰਦਾ ਹੈ ਕਿ ਤੁਸੀਂ ਭਾਵੇਂ ੧੦ ਕੇਸ ਹੋਰ ਕਰਵਾ ਦਿਓ ਤਾਂ ਕਿ ਸਾਡਾ ਨਾਮ ਗਿਨੀਜ਼ ਬੁੱਕ ਵਿਚ ਆਵੇ ਜਦ ਕਿ ਰਵੀ ਜੈਨ ਕਹਿੰਦਾ ਹੈ ਕਿ ਅਸੀਂ ਰੋਜਾਨਾ ਤੁਹਾਡਾ ਇਹ ਹੀ ਹਾਲ ਕਰਾਂਗੇ। ਪਰਵੀਨ ਅਤੇ ਰਿੰਕੂ ਧਮਕੀਆਂ ਦਿੰਦੇ ਹਨ ਕਿ ਅਸੀਂ ਤਾਂ ਤੁਹਾਨੂੰ ਜਾਨੋ ਮਾਰ ਦਿਆਂਗੇ। ਪਿਛਲੇ ੪ ਸਾਲ ਤੋਂ ਸਿੱਖ ਪਰਿਵਾਰ ਇਹਨਾ ਬਦਮਾਸ਼ਾਂ ਤੋਂ ਪੀੜਤ ਹੈ। ਬਦਮਾਸ਼ਾਂ ਨੇ ਆਪਣੇ ਪਰਿਵਾਰ ਦੀਆਂ ਕੁੜੀਆਂ ਨੂੰ ਵੀ ਤਿਆਰ ਕੀਤਾ ਹੋਇਆ ਹੈ ਤਾਂ ਕਿ ਸ: ਸਤਵੰਤ ਸਿੰਘ ਦੇ ਇੱਕੋ ਇੱਕ ਬੇਟੇ ਨੂੰ ਫਸਾਇਆ ਜਾਵੇ। ਇਹ ਹੀ ਕਾਰਨ ਹੈ ਕਿ ਸ: ਸਤਵੰਤ ਸਿੰਘ ਨੇ ਆਪਣੇ ਬੇਟੇ ਨੂੰ ਲਾਂਭੇ ਕੀਤਾ ਹੋਇਆ ਹੈ ਅਤੇ ਔਕੜ ਭਰੇ ਹਾਲਾਤਾਂ ਦਾ ਸਾਹਮਣਾ ਸ: ਸਤਵੰਤ ਸਿੰਘ ਦੀ ਬੇਟੀ ਹੀ ਕਰ ਰਹੀ ਹੈ। ਪਰਿਵਾਰ ਨੇ ਜਦੋਂ ਇਸ ਇਲਾਕੇ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੀਤਾ ਨਾਮ ਦੇ ਵਿਅਕਤੀ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਦਾ ਜਵਾਬ ਹੀ ਨਾ ਦਿੱਤਾ। ਪਰਿਵਾਰ ਨੇ ਮਨਜਿੰਦਰ ਸਿੰਘ ਸਿਰਸਾ ਨਾਲ ਵੀ ਤਾਲ ਮੇਲ ਕੀਤਾ ਪਰ ਉਸ ਵਲੋਂ ਵੀ ਕੋਈ ਸਹਿਯੋਗ ਨਾ ਦਿਤਾ ਗਿਆ। ਪਰਿਵਾਰ ਦੀ ਮੰਗ ਹੈ ਕਿ ਪੁਲਿਸ ਰੌਸ਼ਨ ਲਾਲ ਦੇ ਚਾਰ ਮੁੰਡਿਆਂ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾ ਨੂੰ ਗ੍ਰਿਫਤਾਰ ਕਰੇ ਅਤੇ ਇਸ ਮੁਸ਼ਕਲ ਦੀ ਘੜੀ ਵਿਚ ਸਿੱਖ ਭਾਈਚਾਰਾ ਇਸ ਪੀੜਤ ਪਰਿਵਾਰ ਦੇ ਨਾਲ ਖੜ੍ਹੇ। ਇਸ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵੀ ਪਰਿਵਾਰ ਨੇ ਪਹੁੰਚ ਕੀਤੀ ਪਰ ਗੁੰਡਿਆਂ ਖਿਲਾਫ ਸਭ ਧਿਰਾਂ ਖਾਮੋਸ਼ ਹਨ।

ਇਸੇ ਤਰਾਂ ਦੀ ਘਟਨਾ ਦਿੱਲੀ ਦੇ ਰਮੇਸ਼ ਨਗਰ ਇਲਾਕੇ ਦੀ ਹੈ। ਉਥੋਂ ਦੇ ਪਰਿਵਾਰ ਨੂੰ ਇਨਸਾਫ ਲਈ ਹਾਈਕੋਰਟ ਦਾ ਦਰ ਖੜਕਾਉਣਾ ਪਿਆ।

ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਚ ਕਿਸਾਨ ਪਰਿਵਾਰਾਂ ਨੂੰ ਇਨਸਾਫ ਦੀ ਉਡੀਕ


੩ ਅਕਤੂਬਰ ੨੦੨੧ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲਾ ਲਖੀਮਪੁਰ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੇਨੀ ਦੇ ਬੇਟੇ ਅਸ਼ੀਸ਼ ਮਿਸ਼ਰ ਨੇ ਜੀਪ ਕਿਸਾਨਾਂ ਤੇ ਚ੍ਹਾੜ ਦਿੱਤੀ ਸੀ ਜਿਥੇ ਕਿ ਚਾਰ ਕਿਸਾਨ ਅਤੇ ਇੱਕ ਪਤਰਕਾਰ ਅਤੇ ੪ ਹੋਰ ਮੌਤਾਂ ਹੋਈਆਂ ਅਤੇ ੧੦ ਲੋਕ ਜ਼ਖਮੀ ਹੋਏ ਸਨ। ਸ਼ੁਰੂਆਤੀ ਜਾਂਚ ਵਿਚ ਐਸ ਆਈ ਟੀ ਦੀ ਪੜਤਾਲ ਨੇ ਕਿਹਾ ਸੀ ਕਿ ਇਹ ਹਮਲਾ ਯੋਜਨਾਬੱਧ ਤਰੀਕੇ ਨਾਲ ਹੋਇਆ ਸੀ। ਇਸ ਮਾਮਲੇ ਦੇ ੨੦੮ ਗਵਾਹ ਸਨ ਪਰ ਸੈਸ਼ਨ ਜੱਜ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਇਸ ਕੇਸ ਦੀ ਜਾਂਛ ਵਿਚ ੫ ਸਾਲ ਲੱਗ ਸਕਦੇ ਹਨ। ਇਸ ਕੇਸ ਦੇ ਕੁਝ ਗਵਾਹਾਂ ਨੂੰ ਇਹਨਾ ਰਾਜਸੀ ਦੱਲਿਆਂ ਦੇ ਬਦਮਾਸ਼ਾਂ ਨੇ ਜਨਤਾ ਵਿਚ ਕੁੱਟ ਕੁੱਟ ਕੇ ਮਾਰ ਦੇਣ ਦੀਆਂ ਖਬਰਾਂ ਵੀ ਸੁਰਖੀਆਂ ਬਣੀਆਂ ਸਨ।

ਮੱਧ ਪ੍ਰਦੇਸ਼ ਵਿਚ ਕਬਾਇਲੀ ਨੌਵਾਨ ਤੇ ਪਿਸ਼ਾਬ ਕਰਨ ਦੀ ਘਟਨਾ

ਮੱਧ ਪ੍ਰਦੇਸ਼ ਦੇ ਸਿਧੀ ਇਲਾਕੇ ਦਾ ਕਿਦਾਰ ਨਾਥ ਨਾਮ ਦਾ ਐਮ ਐਲ ਏ ਦੇ ਪ੍ਰਤੀਨਿਧੀ ਵਲੋਂ ਇੱਕ ਦਿਮਾਗੀ ਤੌਰ ਤੇ ਅਪਾਹਜ ਵਿਅਕਤੀ ਦੇ ਮੂੰਹ ਤੇ ਪਿਸ਼ਾਬ ਕਰਨ ਦੀਆਂ ਤਸਵੀਰਾਂ ਦੇ ਵਾਇਰਲ ਹੁੰਦਿਆਂ ਹੀ ਦੇਸ ਭਰ ਵਿਚ ਤਹਿਲਕਾ ਮਚ ਗਿਆ ਹੈ। ਮੁਜ਼ਰਮ ਦਾ ਨਾਮ ਪ੍ਰਵੇਸ਼ ਸ਼ੁਕਲਾ ਹੈ। ਜਦੋਂ ਇਹ ਗੱਲ ਭਾਰਤ ਵਿਚ ਫੈਲ ਗਈ ਅਤੇ ਮੱਧ ਪ੍ਰਦੇਸ ਦੇ ਮੁਖ ਮੰਤਰੀ ਸ਼ਿਵਰਾਜ ਚੌਹਾਨ ਨੇ ਜਨਤਾ ਨੂੰ ਵਿਸ਼ਵਾਸ ਦਿਵਾਇਆ ਕਿ ਮੱਧ ਪ੍ਰਦੇਸ਼ ਮੁਜਰਮ ਪ੍ਰਵੇਸ਼ ਸ਼ੁਕਲਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ। ਇਸ ਸਿਰ ਫਿਰੇ ਦੇ ਖਿਲਾਫ ਐਸ ਸੀ/ ਐਸ ਟੀ ਐਕਟ ਦੇ ਹਵਾਲੇ ਨਾਲ ਇੰਡੀਅਨ ਪੀਨਲ ਕੋਡ ਦੀ ਧਾਰਾ ੨੯੪ ਅਤੇ ੨੯੫ ਲਗਾਈਆਂ ਗਈਆਂ ਹਨ ਅਤੇ ਇਹਨਾ ਦੇ ਨਾਲ ਨਾਲ ਐਨ ਐਸ ਏ ਭਾਵ ਕਿ ਨੈਸ਼ਨਲ ਸਕਿਓਰਿਟੀ ਐਕਟ ਵੀ ਲਾਇਆ ਗਿਆ ਹੈ। ਸਰਕਾਰ ਨੇ ਸਖਤ ਕਦਮ ਲੈਂਦਿਆਂ ਮੁਜ਼ਰਮ ਦੇ ਨਜਾਇਜ਼ ਥਾਂ ਤੇ ਬਣੇ ਘਰ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ। ਜਿਸ ਕਿਦਾਰ ਨਾਥ ਨਾਮ ਦੇ ਐਮ ਐਲ ਏ ਦਾ ਇਹ ਦੋਸ਼ੀ ਪ੍ਰਤੀਨਿਧੀ ਹੈ ਉਸ ਦੇ ਸਬੰਧ ਵਿਚ ਭਾਜਪਾ ਦੇ ਇਸ ਐਮ ਐਲ ਏ ਨੇ ਮੁਕਰਨ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਕਾਂਗਰਸ ਨੇ ਤਤਕਾਲ ਤਸਵੀਰਾਂ ਸਹਿਤ ਉਹ ਸਾਰੇ ਸਬੂਤ ਛਾਇਆ ਕਰ ਦਿੱਤੇ ਜਿਹਨਾ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਮੁਜ਼ਰਮ ਵਾਕਿਆ ਹੀ ਭਾਜਪਾ ਦਾ ਪ੍ਰਤੀਨਿਧੀ ਹੈ।

ਇਸ ਦੇ ਨਾਲ ਹੀ ਉਸ ਕਬਾਇਲੀ ਨੌਜਵਾਨ ਤੋਂ ਦੋਸ਼ੀ ਧਿਰ ਵਲੋਂ ਇੱਕ ਹਲਫਨਾਮਾ ਲਿਖਾ ਲਿਆ ਜਾਂਦਾ ਹੈ ਕਿ ਪ੍ਰਵੇਸ਼ ਸ਼ੁਕਲਾ ਸਮਾਜ ਵਿਚ ਬਹੁਤ ਹੀ ਸਤਕਾਰ ਯੋਗ ਅਤੇ ਕੱਦਾਵਰ ਵਿਅਕਤੀ ਹਨ ਜਿਹਨਾ ਨੇ ਮੇਰੇ ਨਾਲ ਕੋਈ ਵੀ ਬਦਸਲੂਕੀ ਨਹੀਂ ਕੀਤੀ। ਜੋ ਗੱਲਾਂ ਸੋਸ਼ਲ ਮੀਡੀਏ ਵਿਚ ਫੈਲਾਈਆਂ ਜਾ ਰਹੀਆਂ ਹਨ ਇਹ ਤਾਂ ਉਸ ਦੇ ਸਿਆਸੀ ਵੱਕਾਰ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ। ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਪ੍ਰਵੇਸ਼ ਸ਼ੁਕਲਾ ਦੇ ਖਿਲਾਫ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਾ ਕੀਤਾ ਜਾਵੇ ਕਿਓਂਕਿ ਉਸ ਨੇ ਮੇਰੇ ਨਾਲ ਕੋਈ ਵੀ ਬਦਸਲੂਕੀ ਨਹੀਂ ਕੀਤੀ। ਪੀੜਤ ਨੌਜਵਾਨ ਦੀ ਦਿਮਾਗੀ ਹਾਲਤ ਵੀ ਹਲਕੀ ਦੱਸੀ ਜਾ ਰਹੀ ਹੈ।

ਇਥੇ ਇਹ ਦੱਸਣਾ ਜਰੂਰੀ ਹੈ ਕਿ ਮੰਨੂ ਸਿਮਰਤੀ ਦੰਡਾਵਲੀ ਵਿਚ ਸਜ਼ਾ ਯਾਫਤਾ ਲੋਕਾਂ ਦੇ ਸਿਰ ਪਿਸ਼ਾਬ ਨਾਲ ਮੁੰਨਣ ਦੀਆਂ ਧਾਰਾਵਾਂ ਬਕਾਇਦਾ ਅੰਕਤ ਹਨ। ਮੰਨੂ ਸਿਮਰਤੀ ਦੇ ਅਧਿਆਇ ੮ ਦੇ ਸ਼ਲੋਕ ੩੭੫ ਅਤੇ ੩੮੪ ਵਿਚ ਗਧੇ ਦੇ ਪਿਸ਼ਾਬ ਨਾਲ ਸਿਰ ਮੁੰਨਣ ਦੀਆਂ ਸਜ਼ਾਵਾਂ ਦਾ ਜਿਕਰ ਹੈ। ਹੁਣੇ ਹੁਣੇ ਅਮਰੀਕਾ ਦੇ ਕੈਲੇਫੋਰਨੀਆਂ ਸੂਬੇ ਵਿਚ ਜਾਤ ਪਾਤ ਦੇ ਅਧਾਰ ਤੇ ਹੋ ਰਹੇ ਪੱਖਪਾਤ ਖਿਲਾਫ ਜੋ ਬਿੱਲ ਪਾਸ ਹੋ ਰਿਹਾ ਹੈ ਉਸ ਦਾ ਕੱਟੜ ਵਿਰੋਧ ਮੰਨੂੰਵਾਦੀ ਇਸ ਅਧਾਰ ਤੇ ਕਰ ਰਹੇ ਹਨ ਕਿ ਜਾਤ ਪਾਤ ਦੇ ਅਧਾਰ ਤੇ ਪੱਖਪਾਤ ਦੇ ਵਿਰੋਧ ਵਿਚ ਜੋ ਬਿੱਲ ਪਾਸ ਹੋ ਰਿਹਾ ਹੈ ਉਹ ਉਹਨਾ ਦੇ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਹੈ। ਇਸ ਦਾ ਸਿੱਧਾ ਸਿੱਧਾ ਅਰਥ ਹੈ ਕਿ ਮੰਨੂੰਵਾਦੀ ਗ੍ਰੰਥਾਂ ਦੇ ਅਧਾਰ &lsquoਤੇ ਮੰਨੂੰਵਾਦੀਆਂ ਨੂੰ ਦਲਿਤ ਆਖੇ ਜਾਂਦੇ ਲੋਕਾਂ ਨਾਲ ਛੂਤ ਛਾਤ ਤੇ ਪੱਖਪਾਤ ਕਰਨ ਦਾ ਕਾਨੂੰਨੀ ਅਧਿਕਾਰ ਹੋਣਾ ਚਾਹੀਦਾ ਹੈ।

ਕੈਲੇਫੋਰਨੀਆ ਵਿਚ ੨੨ ਮਾਰਚ ੨੦੨੩ ਨੂੰ ਇੱਕ ਅਫਗਾਨੀ ਮੂਲ ਦੀ ਆਇਸ਼ਾ ਵਾਹਾਬ ਨਾਮ ਦੀ ਸੈਨਟਰ ਵਲੋਂ ਬਿੱਲ ਨੰਬਰ SB 403 ਲਿਆਂਦਾ ਗਿਆ ਜੋ ਕਿ ਜਾਤ ਪਾਤ ਤੇ ਅਧਾਰਤ ਪੱਖਪਾਤ ਦੇ ਵਿਰੋਧ ਵਿਚ ਹੈ। ਹੁਣ ਤਕ ਪੱਖਪਾਤ ਸਬੰਧੀ ਅਮਰੀਕੀ ਕਾਨੂੰਨਾਂ ਵਿਚ ਰੰਗ, ਨਸਲ, ਲਿੰਗ, ਐਥਨੇਸਿਟੀ ਜਾਂ ਕੌਮ ਤੇ ਅਧਾਰਤ ਪੱਖਪਾਤ ਨੂੰ ਕਾਨੂੰਨੀ ਜੁਰਮ ਮੰਨਿਆ ਗਿਆ ਹੈ ਪਰ ਇਸ ਵਿਚ ਜਾਤ ਪਾਤ ਦੇ ਅਧਾਰ ਤੇ ਕੀਤਾ ਗਿਆ ਪੱਖਪਾਤ ਸ਼ਾਮਲ ਨਹੀਂ ਹੈ। ਆਇਸ਼ਾ ਵਾਹਾਬ ਨੇ ਇਹ ਬਿੱਲ ਭਾਵੇਂ ਅਸਲਾਮੋਫੋਬੀਆ ਦੇ ਮੁੱਦੇ ਨੂੰ ਮੁੱਖ ਰੱਖ ਕੇ ਲਿਆਂਦਾ ਗਿਆ ਸੀ ਪਰ ਇਹ ਭਾਰਤ ਦੇ ਜਾਤ ਪਾਤ ਅਧਾਰਤ ਪੱਖਪਾਤੀ ਰਵੱਈਏ ਤੇ ਵੀ ਕਰਾਰੀ ਸੱਟ ਸਾਬਤ ਹੋਵੇਗਾ ਕਿਓਂਕਿ ਅਮਰੀਕਾ ਵਿਚ ੪ ਵਿਚੋਂ ੧ ਦਲਿਤ ਨੂੰ ਆਪਣੇ ਜੀਵਨ ਵਿਚ ਕਿਤੇ ਨਾ ਕਿਤੇ ਜਾਤੀ ਅਧਾਰ ਤੇ ਬੋਲ ਚਾਲ ਜਾਂ ਜਿਸਮਾਨੀ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਕਿ ਕੰਮਾਂ ਕਾਰਾਂ ਵਿਚ ਤਾਂ ੩ ਵਿਚੋਂ ੧ ਦਲਿਤ ਨੂੰ ਜਾਤੀ ਅਧਾਰ ਤੇ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਿਆਟਲ ਅਮਰੀਕਾ ਦਾ ਪਹਿਲਾ ਸ਼ਹਿਰ ਹੋਵੇਗਾ ਜਿਥੇ ਇਹ ਮੱਦ ਐਂਟੀ-ਡਿਸਕਰਿਮੀਨੇਸ਼ਨ ਕਾਨੂੰਨ ਵਿਚ ਸ਼ਾਮਲ ਹੋਵੇਗੀ।

ਮੱਧ ਪ੍ਰਦੇਸ਼ ਦਾ ਸਿਧੀ ਜ਼ਿਲੇ ਵਿਚ ਸਭ ਤੋਂ ਵੱਧ ਆਦੀ ਵਾਸੀ ਰਹਿੰਦੇ ਹਨ। ਇਥੇ ੨੧% ਵੋਟ ਐਸ ਟੀ ਭਾਵ ਕਿ ਆਦਿ ਵਾਸੀਆਂ ਦੀ ਹੈ। ਮੱਧ ਪ੍ਰਦੇਸ਼ ਵਿਚ ਐਸ ਈ ਦੀ ਵੋਟ ਵੀ ਜਨਰਲ ਕੈਟੇਗਰੀ ਤੋਂ ਵੱਧ ਹੈ। ਯੂਨੀਫਾਈਡ ਸਿਵਲ ਕੋਡ (ਯੂ ਸੀ ਸੀ) ਇਹਨਾ ਦੱਬੀਆਂ ਕੁਚਲੀਆਂ ਜਮਾਤਾ ਤੇ ਅਸਰ ਅੰਦਾਜ਼ ਹੋਣ ਵਾਲਾ ਹੈ। ਮੱਧ ਪ੍ਰਦੇਸ਼ ਵਿਚ ਐਸ ਸੀ , ਬੀ ਸੀ ਅਤੇ ਐਸ ਟੀ ਸਮਾਜ ਬਹੁਗਿਣਤੀ ਵਿਚ ਹੈ। ਜੇਕਰ ਮੱਧ ਪ੍ਰਦੇਸ਼ ਦੇ ਦਬਲੇ ਕੁਚਲੇ ਸਮਾਜ ਇੱਕ ਮੁੱਠ ਹੋ ਕੇ ਆਪਣੇ ਪ੍ਰਤੀਨਿਧੀਆਂ ਨੂੰ ਚੋਣਾਂ ਵਿਚ ਕਾਮਯਾਬ ਕਰ ਦਿੰਦੇ ਹਨ ਤਾਂ ਉਹ ਇਹਨਾ ਸਿਰ ਫਿਰੇ ਲੋਕਾਂ ਨੂੰ ਰਾਜਨੀਤੀ ਵਿਚੋਂ ਪਛਾੜ ਸਕਦੇ ਹਨ।

ਪਿਸ਼ਾਬ ਵਾਲੀ ਘਟਨਾ ਤੋਂ ਦੋ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਛਤਰਪੁਰ ਇਲਾਕੇ ਵਿਚ ਇੱਕ ਘਟਨਾ ਵਾਪਰਦੀ ਹੈ। ਇਹ ਬੁੰਧੇਲ ਖੰਡ ਦਾ ਇਲਾਕਾ ਹੈ। ਇਥੇ ਜੁਝਾਰ ਨਗਰ ਥਾਣੇ ਦੇ ਪਿੰਡ ਭਰਤ ਪੁਰ ਵਿਚ ਇੱਕ ਐਸ ਸੀ ਸਮਾਜ ਦਾ ਨੌਜਵਾਨ ਮੋਟਰਸਾਈਕਲ &lsquoਤੇ ਆਪਣੀ ਪਤਨੀ ਅਤੇ ਇੱਕ ਸਾਲ ਦੀ ਬੇਟੀ ਨਾਲ ਕਿਸੇ ਸਮਾਗਮ ਵਿਚ ਜਾ ਰਿਹਾ ਸੀ। ਜਿਓਂ ਹੀ ਉਹ ਸਵਰਨ ਜਾਤੀ ਦੇ ਘਰ ਅੱਗਿਓ ਗੁਜਰਦਾ ਹੈ। ਇਥੇ ਸਵਰਨ ਜਾਤੀ ਦੇ ਭੂਤਰੇ ਹੋਏ ਬੰਦੇ ਊਸ ਨੌਜਵਾਨ ਦਾ ਪਿੱਛਾ ਕਰਕੇ ਤੀਵੀਂ ਆਦਮੀ ਨੂੰ ਘੇਰ ਕੇ ਕੁੱਟਦੇ ਹਨ ਅਤੇ ਇੱਕ ਸਾਲ ਦੀ ਬੱਚੀ ਨੂੰ ਉਹਨਾ ਤੋਂ ਖੋਹ ਕੇ ਪਰ੍ਹੇ ਸੁੱਟ ਦਿੰਦੇ ਹਨ। ਕੁੱਟ ਮਾਰ ਕਰਦੇ ਹੋਏ ਇਹ ਸਿਰ ਫਿਰੇ ਇਹ ਚਿਤਾਵਨੀ ਦਿੰਦੇ ਹਨ ਕਿ ਉਸ ਨੌਜਵਾਨ ਦੀ ਹਿੰਮਤ ਕਿਵੇਂ ਹੋਈ ਕਿ ਉਹ ਉਹਨਾ ਦੇ ਘਰ ਅੱਗੋਂ ਨਵੇਂ ਕੱਪੜੇ ਪਾ ਕੇ ਆਪਣੀ ਘਰ ਵਾਲੀ ਨਾਲ ਮੋਟ ਸਾਈਕਲ ਤੇ ਗੁਜ਼ਰੇ। ਉਹ ਉਸ ਨੌਜਵਾਨ ਨੂੰ ਉਸ ਦੀ ਅਛੂਤ ਔਕਾਤ ਦਾ ਅਹਿਸਾਸ ਕਰਵਾਉਂਦੇ ਹੋਏ ਕਹਿੰਦੇ ਹਨ ਕਿ ਤੈਨੂੰ ਤਾਂ ਸਾਡੇ ਘਰਾਂ ਅੱਗੋਂ ਨੰਗੇ ਪੈਰੀਂ ਨਿਕਲਣਾ ਚਾਹੀਦਾ ਸੀ। ਇਹਨਾ ਸਿਰ ਫਿਰਿਆਂ ਖਿਲਾਫ ਇਹ ਸਤਰਾਂ ਲਿਖਣ ਤਕ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ। ਕਿਹਾ ਜਾਂਦਾ ਹੈ ਕਿ ਚਾਲੂ ਸਾਲ ਵਿਚ ਦਲਿਤ ਸਮਾਜ ਦੇ ਸ਼ੋਸ਼ਣ ਦੇ ੩੩,੦੦੦ ਕੇਸ ਮੱਧ ਪ੍ਰਦੇਸ਼ ਵਿਚ ਦਰਜ ਕੀਤੇ ਗਏ ਹਨ।

ਲੇਖਕ: ਕੁਲਵੰਤ ਸਿੰਘ ਢੇਸੀ