image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸ਼ੇਰ-ਏ-ਪੰਜਾਬ ਸਿਰਦਾਰ ਰਣਜੀਤ ਸਿੰਘ ਹਿੰਦੋਸਤਾਨੀ ਰੂਲਰ ਨਹੀਂ ਸੀ ਉਹ ਅੱਡਰੇ ਦੇਸ ਪੰਜਾਬ ਦਾ ਦੂਜਾ ਸਿੱਖ ਬਾਦਸ਼ਾਹ ਸੀ

1947 ਤੋਂ ਹੀ ਸਿੱਖ ਕੌਮ ਦਾ ਹਿੰਦੂਕਰਨ, ਕਰਨ ਅਤੇ ਇਸ ਨੂੰ ਵੱਖਵਾਦੀ ਆਖ ਕੇ ਯੋਜਨਾ-ਬੱਧ ਤਰੀਕੇ ਨਾਲ ਬਦਨਾਮ ਅਤੇ ਰੁਸਵਾ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਇਸੇ ਹੀ ਸਬੰਧ ਵਿੱਚ ਇੰਡੀਅਨ ਐਕਸਪ੍ਰੈੱਸ ਨੇ ਆਪਣੇ 12-13 ਅਤੇ 14 ਮਈ 1982 ਦੇ ਪਰਚਿਆਂ ਅਰੁਨ ਸ਼ੋਰੀ ਨਾਂ ਦੇ ਆਪਣੇ ਹੀ ਇਕ ਕਾਲਮ ਦੇ ਲੇਖ ਛਾਪੇ, ਜਿਸ ਵਿੱਚ ਉਸ ਨੇ ਸਿੱਖ ਕੌਮ ਦੇ ਪਰਮ ਪਵਿੱਤਰ ਸਿਧਾਂਤਾਂ ਅਤੇ ਰਵਾਇਤਾਂ ਦਾ ਮੂੰਹ ਮੁਹਾਂਦਰਾ ਹੀ ਨਹੀਂ ਸੀ ਵਿਗਾੜਿਆ ਸਗੋਂ ਉਨ੍ਹਾਂ ਦੀ ਖਿਲੀ ਉਡਾਉਣ ਦੀ ਅਤਿ ਨਿੰਦਾ ਜਨਕ ਕੋਸ਼ਿਸ਼ ਵੀ ਕੀਤੀ ਸੀ । (ਨੋਟ-ਸਿੱਖ ਇਤਿਹਾਸ ਰਿਸਰਚ ਬੋਰਡ ਦੇ ਇੰਚਾਰਜ ਸ: ਦਵਿੰਦਰ ਸਿੰਘ ਦੁੱਗਲ ਨੇ ਅਰੁਨ ਸ਼ੋਰੀ ਦੀ ਹਰ ਗੱਲ ਦਾ ਜੁਆਬ ਤੱਥਾਂ ਦੇ ਆਧਾਰ ਤੇ ਦੇ ਕੇ ਉਸ ਦੀ ਬੋਲਤੀ ਬੰਦ ਕਰਵਾਈ ਸੀ ਅਤੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਨੇ ਸ: ਦਵਿੰਦਰ ਸਿੰਘ ਦੀ ਜਵਾਬ ਰੂਪੀ ਸਮੱਗਰੀ ਨੂੰ, ਸਿੱਖ ਕੌਮ ਦਾ ਸ਼ਾਨਦਾਰ ਵਿਰਸਾ ਦੇ ਸਿਰਲੇਖ ਹੇਠ 40 ਪੰਨੇ ਦਾ ਕਿਤਾਬਚਾ ਛੱਪਵਾਇਆ ਸੀ ਜੋ ਅਜੇ ਵੀ ਉਪਲਬਧ ਹੈ) । ਅਸੀਂ ਅਰੁਨ ਸ਼ੋਰੀ ਦੀਆਂ ਕੇਵਲ ਉਨ੍ਹਾਂ ਦੋ ਮਦਾਂ ਦਾ ਜ਼ਿਕਰ ਕਰਾਂਗੇ ਜਿਨਾਂ ਸਬੰਧ ਹੱਥਲੇ ਲੇਖ ਨਾਲ ਹੈ । ਅਰੁਨ ਸ਼ੋਰੀ ਲਿਖਦਾ ਹੈ : (1) ਸਿੱਖ ਤਾਂ ਹਿੰਦੂ ਮੱਤ ਦਾ ਹਿੱਸਾ ਹਨ ਅਤੇ ਇਨ੍ਹਾਂ ਦੀ ਆਪਣੀ ਨਾ ਤਾਂ ਕੋਈ ਅੱਡਰੀ ਹਸਤੀ ਹੈ ਤੇ ਨਾ ਹੀ ਕੋਈ ਅੱਡਰਾ ਮਜ਼੍ਹਬ । (2) ਮਹਾਰਾਜਾ ਰਣਜੀਤ ਸਿੰਘ, ਬੰਦਾ ਸਿੰਘ ਬਹਾਦਰ ਅਤੇ ਭਾਈ ਮਤੀਦਾਸ ਆਦਿ ਹਿੰਦੂ ਸਨ ਅਤੇ ਉਹ ਹਿੰਦੂ ਮੱਤ ਦੀ ਸ਼ਾਨ ਹਿੱਤ ਹੀ ਲੜਦੇ ਮਰਦੇ ਰਹੇ । ਹੁਣ ਜਦ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਭਾਰਤ ਦੀ ਨਵੀਂ ਬਣੀ ਸੰਸਦ ਵਿੱਚ ਬ੍ਰਾਹਮਣੀ ਰਹੁ ਰੀਤਾਂ ਅਨੁਸਾਰ ਰਾਜ ਦੰਡ ਤੇ ਸੰਗੋਲ ਸਥਾਪਤ ਕਰਕੇ ਅਣ-ਐਲਾਨਿਆ ਮਨੂੰ-ਸਿਮਰਤੀ ਦਾ ਵਿਧਾਨ ਲਾਗੂ ਕਰਕੇ ਲੋਕਤੰਤਰ ਦਾ ਭੋਗ ਪਾ ਦਿੱਤਾ ਹੈ ਤਾਂ ਕੁਝ ਹਿੰਦੂ ਵਿਦਵਾਨਾਂ ਨੇ ਸਿੱਖ ਰਾਸ਼ਟਰ ਦੇ ਨਾਇਕ ਸ਼ੇਰੇ-ਪੰਜਾਬ ਰਣਜੀਤ ਸਿੰਘ ਨੂੰ ਹਿੰਦੋਸਤਾਨ ਦੇ ਹਿੰਦੂ ਰੂਲਰ ਵਜੋਂ ਸਿੱਧ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ, ਅਜਿਹੇ ਇਕ ਹਿੰਦੂ ਵਿਦਵਾਨ ਪ੍ਰੋ: ਕਪਲ ਕਪੂਰ ਦੀ ਇਕ ਵੀਡਿਉ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਖ ਰਿਹਾ ਹੈ : ਸਭਸੇ ਬੜੀ ਬਾਤ ਜਬ ਰਣਜੀਤ ਸਿੰਘ ਨੇ ਸ਼ਾਹ ਜਮਾਨ ਕੋ ਹਰਾਇਆ 800 ਸਾਲ ਬਾਅਦ ਹਿੰਦੋਸਤਾਨ ਕੇ ਏਕ ਰੂਲਰ ਨੇ ਇਤਿਹਾਸ ਕੀ ਧਾਰਾ ਪਲਟ ਦੀ ਉਧਰ ਸੇ ਹਮਲੇ ਹੋਤੇ ਥੇ, ਮਹਾਰਾਜਾ ਰਣਜੀਤ ਸਿੰਘ ਨੇ ਹਮਲਾ ਕੀਆ ਅਫਗਾਨਿਸਤਾਨ ਪਰ ਔਰ ਸ਼ਾਹ ਜਮਾਨ ਕੋ ਹਰਾਇਆ ਔਰ ਚਾਰ ਟਰਮ ਕੀ ਐਗਰੀਮੈਂਟ ਹੂਈ ਪਹਿਲੀ ਪਤਾ ਸ਼ਰਤ ਕਿਆ ਥੀ ਕਿ ਸੋਮਨਾਥ ਕੇ ਗੇਟ ਵਾਪਸ ਕਰੋ, ਔਰ ਸੋਮਨਾਥ ਕੇ ਗੇਟ ਗਜ਼ਨੀ 1024 ਮੇਂ ਲੇ ਕੇ ਗਿਆ ਥਾ, ਔਰ ਯਹ 1805 ਮੇਂ ਯਹ 20 ਸਾਲ ਕਾ ਲੜਕਾ ਰਣਜੀਤ ਸਿੰਘ ਆਖ ਰਿਹਾ ਹੈ ਕਿ ਸੋਮਨਾਥ ਕੇ ਗੇਟ ਵਾਪਿਸ ਕਰੋ, ਔਰ ਵੋਹ ਗੇਟ ਵਾਪਿਸ ਆਏ ਉਸ ਕੀ ਚਾਂਦੀ ਉੱਤਰੀ ਹੋਈ ਥੀ ਵੋਹ ਦਰਵਾਜ਼ੇ ਗਜ਼ਨੀ ਕੀ ਮੌਸਿਕ (ਮੂਸ਼ੌEੲ) ਮੇਂ ਲਗੇ ਥੇ, ਔਰ ਵੋਹ ਵਾਪਸ ਆਏ ਵੋਹ ਆਜ ਕਲ ਦਰਬਾਰ ਸਾਹਿਬ ਮੇਂ ਦਰਸ਼ਨੀ ਡਿਉੜੀ ਪੇ ਲਗੇ ਹੂਏ ਹੈਂ ਕਿਉਂਕਿ ਤਬ ਸੋਮਨਾਥ ਕਾ ਮੰਦਰ ਨਹੀਂ ਥਾ, ਯਹ ਹੈ ਪਰੰਪਰਾ, ਔਰ ਮਹਾਰਾਜਾ ਰਣਜੀਤ ਸਿੰਘ ਨੇ ਤੋ ਹਿਸਟਰੀ ਨਹੀਂ ਪੜ੍ਹੀ ਥੀ ਉਹ ਅਨਪੜ੍ਹ ਥੇ ਪਰ ਉਨ ਕੋ 800 ਸਾਲ ਪੁਰਾਣੀ ਬਾਤ ਯਾਦ ਥੀ, ਆਜ ਹਮੇਂ ਲੋਕ ਪੂਛਤੇ ਹੈਂ, ਇਜ਼ ਇੰਡੀਆ ਏ ਨੇਸ਼ਨ । ਪ੍ਰੋ: ਕਪਲ ਕਪੂਰ ਨੇ ਦੇਸ਼ ਪੰਜਾਬ ਦੇ ਸਿੱਖ ਬਾਦਸ਼ਾਹ ਸ਼ੇਰੇ-ਏ-ਪੰਜਾਬ ਨੂੰ ਹਿੰਦੋਸਤਾਨੀ ਰੂਲਰ ਸਿੱਧ ਕਰਨ ਦੇ ਚੱਕਰ ਵਿੱਚ ਇਤਿਹਾਸ ਨੂੰ ਮੁੱਢੋਂ ਹੀ ਪੁੱਠਾ ਗੇੜਾ ਦੇ ਦਿੱਤਾ । ਪ੍ਰੋ: ਕਪਲ ਕਪੂਰ ਵੱਲੋਂ ਬਿਆਨ ਕੀਤੇ ਪੂਰੇ ਘਟਨਾ ਕ੍ਰਮ ਦਾ ਵਿਸਥਾਰ ਨਾਲ ਜੁਆਬ ਲਿਖਣ ਤੋਂ ਸੰਖੇਪ ਕਰਕੇ ਇਹ ਦੱਸਣਾ ਜਰੂਰੀ ਹੈ ਕਿ ਸਿਰਦਾਰ ਰਣਜੀਤ ਸਿੰਘ ਨੇ ਸ਼ਾਹ ਜਮਾਨ ਤੇ ਅਫਗਾਨਿਸਤਾਨ ਜਾ ਕੇ ਹਮਲਾ ਨਹੀਂ ਸੀ ਕੀਤਾ, ਹਮਲਾ ਸ਼ਾਹ ਜਮਾਨ ਨੇ ਲਾਹੌਰ &lsquoਤੇ ਕਰਕੇ ਜਦੋਂ ਸੰਮਨ ਬੁਰਜ ਲਾਹੌਰ ਵਿੱਚ ਆਣ ਡੇਰਾ ਜਮਾਇਆ ਸੀ ਤਾਂ ਉਸ ਨੂੰ ਰਣਜੀਤ ਸਿੰਘ ਨੇ ਇਹ ਆਖ ਕੇ ਵੰਗਾਰਿਆ ਸੀ, ਐ ਅਬਦਾਲੀ ਦੇ ਪੋਤਰੇ ਬਾਹਰ ਨਿਕਲ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰ ਰਿਹਾ ਹੈ । ਸ਼ਾਹ ਜਮਾਨ ਦਾ ਇਹ ਚੌਥਾ ਤੇ ਆਖਰੀ ਹਮਲਾ ਸੀ, ਉਹ ਡਰਦਾ ਵਾਪਿਸ ਕਾਬਲ ਨੂੰ ਮੁੜ ਗਿਆ ਸੀ, ਉਥੇ ਜਾਂਦਿਆਂ ਉਸ ਦੇ ਵਿਰੋਧੀਆਂ ਨੇ ਇਸ ਨੂੰ ਅੰਨ੍ਹਾ ਕਰ ਦਿੱਤਾ ਸੀ, ਇਸ ਦਾ ਵਿਸਥਾਰ ਅੱਗੇ ਚੱਲਕੇ ਕਰਾਂਗੇ । (2) ਸੋਮਨਾਥ ਦੇ ਦਰਵਾਜ਼ੇ ਮੁੜਵਾਉਣ ਦੀ ਦੋਸਤਾਨਾ ਸੰਧੀ ਸ਼ਾਹ ਸ਼ੁਜਾਹ ਨਾਲ ਹੋਈ ਸੀ ਨਾ ਕਿ ਸ਼ਾਹ ਜਮਾਨ ਨਾਲ । (3) ਰਣਜੀਤ ਸਿੰਘ ਨੇ ਜਦੋਂ ਸੋਮਨਾਥ ਮੰਦਿਰ ਦੇ ਦਰਵਾਜੇ ਮੁੜਵਾ ਲਏ ਤਾਂ ਹਿੰਦੂ ਪੁਜਾਰੀਆਂ ਨੇ ਇਹ ਆਖ ਕੇ ਦਰਵਾਜ਼ੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਮਸੀਤ ਨੂੰ ਲੱਗਣ ਕਰਕੇ ਭਿਟੇ ਗਏ ਹਨ ਹੁਣ ਇਹ ਕਿਸੇ ਵੀ ਮੰਦਿਰ ਨੂੰ ਨਹੀਂ ਲੱਗ ਸਕਦੇ, ਰਣਜੀਤ ਸਿੰਘ ਨੇ ਉਹ ਦਰਵਾਜ਼ੇ ਲਾਹੌਰ ਲਿਆ ਕੇ ਸੰਭਾਲ ਲਏ ਸਨ ਪਰ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਨੂੰ ਨਹੀਂ ਸਨ ਲਾਏ । ਸੋਮਨਾਥ ਮੰਦਿਰ ਦੇ ਲੱਥੇ ਹੋਏ ਦਰਵਾਜ਼ੇ ਦਰਸ਼ਨੀ ਡਿਊੜੀ ਨੂੰ ਕਿਉਂ ਨਹੀਂ ਲਾਏ ਇਸ ਦਾ ਵਿਸਥਾਰ ਵੀ ਅੱਗੇ ਚੱਲਕੇ ਕਰਾਂਗੇ । (4) ਪ੍ਰੋ: ਕਪਲ ਕਪੂਰ ਨੇ ਵੀਡੀਉ ਵਿੱਚ ਕਿਹਾ : ਔਰ ਸੋਮਨਾਥ ਕੇ ਗੇਟ ਗਜ਼ਨੀ 1024 ਮੇਂ ਲੇ ਕੇ ਗਿਆ ਥਾ ਔਰ ਯਹ 1805 ਮੇਂ 20 ਸਾਲ ਕਾ ਲੜਕਾ ਰਣਜੀਤ ਸਿੰਘ ਆਖ ਰਿਹਾ ਹੈ ਕਿ ਸੋਮਨਾਥ ਕੇ ਗੇਟ ਵਾਪਿਸ ਕਰੋ । ਪ੍ਰੋ: ਕਪਲ ਕਪੂਰ ਨੇ ਆਪ ਹੀ ਸਿੱਧ ਕਰ ਦਿੱਤਾ ਕਿ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਹਿੰਦੁਸਤਾਨੀ ਰੂਲਰ ਨਹੀਂ ਸੀ ਕਿਉਂਕਿ 1805 ਤੱਕ ਦੇਸ਼ ਪੰਜਾਬ ਉੱਤੇ ਸਰਕਾਰ-ਏ-ਖ਼ਾਲਸਾ ਦੇ ਤਹਿਤ ਸਿੱਖ ਰਾਜ ਸਥਾਪਤ ਹੋ ਚੁੱਕਾ ਸੀ ਤੇ ਸਿੱਖ ਰਾਜ ਦਾ ਬਾਦਸ਼ਾਹ ਸਿਰਦਾਰ ਰਣਜੀਤ ਸਿੰਘ ਸੀ ਤੇ ਦੂਜੇ ਪਾਸੇ 1805 ਤੱਕ ਹਿੰਦ ਦੀਆਂ ਸਾਰੀਆਂ ਰਿਆਸਤਾਂ ਉੱੇਤੇ ਅੰਗ੍ਰੇਜ਼ੀ ਰਾਜ ਸਥਾਪਤ ਹੋ ਚੁੱਕਾ ਸੀ । ਮਿਸਾਲ ਦੇ ਤੌਰ &lsquoਤੇ 1805 ਈ: ਨੂੰ ਜਸਵੰਤ ਰਾਉ ਹੁਲਕਰ ਮਰਹਟਾ ਰਣਜੀਤ ਸਿੰਘ ਕੋਲੋਂ ਮਦਦ ਮੰਗਣ ਆਇਆ ਸੀ । ਰਣਜੀਤ ਸਿੰਘ ਨੇ ਸਰਬੱਤ ਖ਼ਾਲਸਾ ਦੇ ਰੂਪ ਵਿੱਚ ਬਾਕੀ ਸਰਦਾਰਾਂ ਨਾਲ ਸਲਾਹ ਕਰਕੇ ਜਸਵੰਤ ਰਾਉ ਹੁਲਕਰ ਦੀ ਸਰਕਾਰ ਅੰਗ੍ਰੇਜ਼ੀ ਨਾਲ ਸੁਲਾਹ ਕਰਵਾ ਦਿੱਤੀ ਸੀ । ਹੁਣ ਅਸੀਂ ਵਿਸਥਾਰ ਨਾਲ ਇਤਿਹਾਸ ਦੇ ਕੁਝ ਮਹੱਤਵਪੂਰਨ ਪੰਨਿਆਂ ਦਾ ਜ਼ਿਕਰ ਕਰਾਂਗੇ ਜਿਸ ਦਾ ਸਬੰਧ ਪ੍ਰੋ: ਕਪਲ ਕਪੂਰ ਦੀ ਇਤਿਹਾਸਕ ਟਿੱਪਣੀ ਨਾਲ ਹੈ । ਮਹਾਨ ਕੋਸ਼ ਦੇ ਚੌਥੇ ਸੰਸਕਰਣ (1974) ਦੇ ਪੰਨਾ 976 ਉੱਤੇ ਦਰਜ ਹੈ : ਮਹਿਮੂਦ ਗਜ਼ਨਵੀ ਆਦਿ ਨੇ ਉੱਤਰ ਪੱਛਮ ਵੱਲੋਂ ਕਈ ਹਮਲੇ ਕੀਤੇ ਤੇ ਦੇਸ਼ (ਹਿੰਦ) ਨੂੰ ਲੁੱਟਿਆ, ਪਰ ਭਾਰਤ ਵਿੱਚ ਮੁਸਲਮਾਨਾਂ ਦਾ ਰਾਜ ਸ਼ਹਾਬੂਦੀਨ ਮੁਹੰਮਦ ਗੌਰੀ ਨੇ ਥਾਪਿਆ, ਜਿਸ ਨੇ ਸੰਨ 1192 ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਜਿੱਤ ਕੇ ਹਿੰਦੋਸਤਾਨ ਦੀ ਗੱਦੀ ਸਾਂਭੀ । 1469 ਵਿੱਚ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ । 1469 ਤੋਂ 1708 ਤੱਕ ਦਾ ਗੁਰ-ਇਤਿਹਾਸ ਆਪਣੇ ਆਪ ਵਿੱਚ ਹੀ ਇਕ ਇਨਕਲਾਬੀ ਦੌਰ ਸੀ । ਗੁਰੂ ਨਾਨਕ ਸਾਹਿਬ ਨੇ ਨਾ ਕੇਵਲ ਇਕ ਰਾਜਸੀ ਕੌਮ ਦੀ ਹੀ ਸਿਰਜਨਾ ਕੀਤੀ ਸਗੋਂ ਇਸ ਤੋਂ ਅਜੋਕੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਬਦ ਪੰਜਾਬ ਇਕ ਅੱਡਰੇ ਰਾਜਸੀ ਖੇਤਰ ਦੇ ਨਾਂ ਨਾਲ ਉਭਰਿਆ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਕੀਤੇ ਖ਼ਾਲਸੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਸੌ ਕੁ ਸਾਲ ਮਗਰੋਂ ਇਸ ਪੰਜਾਬ ਦੀਆਂ ਸਿਆਸੀ ਹੱਦਾਂ ਪਿਸ਼ਾਵਰ ਤੋਂ ਪਾਨੀਪਤ ਅਤੇ ਗਿਲਗਤ ਤੋਂ ਸਪਿਤੀ ਤੱਕ ਫੈਲਾਅ ਦਿੱਤੀਆਂ । ਭਾਰਤ ਦੇ ਲਿਖਤੀ ਇਤਿਹਾਸ ਵਿੱਚ ਪਹਿਲੀ ਵਾਰ ਕੁਦਰਤੀ ਹਮਲਿਆਂ ਤੇ ਬਾਹਰੋਂ ਆਉਣ ਵਾਲਿਆਂ ਦਾ ਰੁੱਖ ਉੱਤਰ-ਪੱਛਮ ਤੋਂ ਦੱਖਣ ਪੂਰਬ ਦੀ ਥਾਂ ਦੱਖਣ ਪੂਰਬ ਤੋਂ ਉੱਤਰ-ਪੱਛਮ ਵੱਲ ਮੋੜ ਦਿੱਤਾ ਗਿਆ ਅਤੇ 19ਵੀਂ ਸਦੀ ਵਿੱਚ ਕਾਬਲ ਤੇ ਗਜ਼ਨੀ ਦੀਆਂ ਗਲੀਆਂ ਵਿੱਚ ਇਸ ਤਬਦੀਲੀ ਦੇ ਸਬੂਤ ਵਜੋਂ ਸਤਿ ਸ੍ਰੀ ਅਕਾਲ ਦੇ ਜੰਗੀ ਜੈਕਾਰੇ ਗੂੰਜਦੇ ਸੁਣੇ ਗਏ । ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਖ਼ਾਲਸਾ ਪੰਥ ਦੇ ਜਰਨੈਲ ਬੰਦਾ ਸਿੰਘ ਬਹਾਦਰ ਨੇ 518 ਸਾਲ (1192 ਤੋਂ 1710) ਦੀ ਮੁਗ਼ਲੀਆ ਹਕੂਮਤ ਦਾ ਤਖ਼ਤਾ ਉਲਟਾ ਦਿੱਤਾ । 27 ਮਈ 1710 ਨੂੰ ਦਰਬਾਰੇ-ਖ਼ਾਲਸਾ ਦੀ ਪਹਿਲੀ ਸੰਸਦ ਦੀ ਸਥਾਪਨਾ ਰਾਹੀਂ ਵਿਸ਼ਵ ਵਿੱਚ ਪਹਿਲੇ ਲੋਕਤੰਤਰੀ ਗਣਰਾਜ ਦਾ ਸੂਰਜ ਉਦੈ ਹੋਇਆ । 27 ਮਈ 1710 ਨੂੰ ਸਰਹਿੰਦ ਵਿਖੇ ਪੰਥ ਖ਼ਾਲਸੇ ਦੀ ਪਹਿਲੀ ਪ੍ਰਭੂਸਤਾਧਾਰੀ ਸੰਸਦ ਦਾ ਇਕੱਠ ਹੋਇਆ । ਇਹ ਭਾਰਤੀ ਉਪ ਮਹਾਂਦੀਪ ਵਿੱਚ ਨਹੀਂ ਸਗੋਂ ਸੰਪੂਰਨ ਏਸ਼ੀਆ ਤੋਂ ਵੀ ਅੱਗੇ ਲੰਘ ਕੇ ਸੰਸਾਰ ਭਰ ਵਿੱਚ ਅਕਾਲੀ ਨਸਲੀ ਮਨੁੱਖ ਹਿੱਤ ਪਹਿਲੇ ਲੋਕਤੰਤਰੀ ਗਣਰਾਜ ਦੇ ਵਾਸਤਵਿਕ ਪ੍ਰਗਾਅ ਦਾ ਹਕੀਕੀ ਅਰੰਭ ਸੀ । ਅਸਲ ਵਿੱਚ ਇਹ ਖ਼ਾਲਸਾ ਇਨਕਲਾਬ ਸੀ ਜਿਹੜਾ ਪੰਜਾਬ ਦੀ ਧਰਤੀ &lsquoਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਵਾਪਰਿਆ । ਬੰਦਾ ਸਿੰਘ ਬਹਾਦਰ ਨੇ ਮੋਹਰਾਂ ਤੇ ਸਿੱਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਂਅ &lsquoਤੇ ਚਲਾਇਆ । ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਰਬੰਸ ਨੂੰ ਖ਼ਾਲਸੇ ਤੋਂ ਵਾਰਦੇ ਹੋਏ ਖ਼ਾਲਸਾ ਜੀ ਨੂੰ ਨਾਨਕਸ਼ਾਹੀ ਗਣਰਾਜ ਦੀ ਪਾਤਸ਼ਾਹੀ ਦਾ ਮਾਲਕ ਬਣਾ ਦਿੱਤਾ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਦੀ ਇੱਛਾਵਾਂ ਦਾ ਰਾਜ-ਦੇਸ਼ ਅਤੇ ਸਰਕਾਰ ਹੋਂਦ ਵਿੱਚ ਲਿਆ ਦਿੱਤੀ, ਇੰਝ ਭਾਰਤ ਵਿੱਚ ਮੁਗ਼ਲ ਹਕੂਮਤ ਨੂੰ ਹਰਾ ਕੇ ਦੇਸ਼ ਪੰਜਾਬ ਅਜ਼ਾਦ ਹੋ ਗਿਆ । (ਹਵਾਲਾ ਪੁਸਤਕ ਨਾਨਕਸ਼ਾਹੀ ਨਜ਼ਰੀਆ-4, ਸਰਕਾਰ ਏ ਖ਼ਾਲਸਾ ਬਾਬਾ ਬੰਦਾ ਸਿੰਘ ਬਹਾਦਰ)
(ਚੱਲਦਾ-ਬਾਕੀ ਅਗਲੇ ਅੰਕ ਵਿੱਚ)
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ