image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਕੋਹਿਨੂਰ ਹੀਰੇ ਤੇ ਕੇਵਲ ਸਿੱਖ ਕੌਮ ਦਾ ਹੀ ਅਧਿਕਾਰ ਹੈ

 (ਲੜੀ ਜੋੜਨ ਲਈ ਵੇਖੋ ਪਿਛਲੇ ਹਫ਼ਤੇ ਦਾ ਪੰਜਾਬ ਟਾਈਮਜ਼ ਅੰਕ 2987)

ਪਿਛਲੇ ਹਫ਼ਤੇ ਸਿੱਕੇ ਦੀ ਸ਼ਬਦਾਵਲੀ, ਜ਼ਦ ਬਰ ਹਰ ਦੋ ਆਲਮ ਫਜ਼ਲਿ ਸੱਚਾ ਸਾਹਿਬ ਅਸਤ ਦੀ ਪੂਰੀ ਸਤਰ, ਸਿਕਾ ਜ਼ਦ ਬਰ ਹਰ ਦੋ ਆਲਮ ਫਜ਼ਲਿ ਸਚਾ ਸਾਹਿਬ ਅਸਤ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ । ਸੋਮਨਾਥ ਮੰਦਰ ਦੇ ਦਰਵਾਜ਼ੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਨੂੰ ਨਹੀਂ ਸਨ ਲਾਏ ਗਏ, ਅਪ੍ਰੈਲ 1762 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਵੱਡੇ ਘੱਲੂਘਾਰੇ ਤੋਂ ਬਾਅਦ ਵਾਪਿਸ ਮੁੜਦਿਆਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਭਰਕੇ ਪਵਿੱਤਰ ਇਤਿਹਾਸਕ ਇਮਾਰਤ ਨੂੰ ਉਡਾ ਦਿੱਤਾ, ਅੰਮ੍ਰਿਤਸਰ ਸਰੋਵਰ ਨੂੰ ਪੂਰ ਦਿੱਤਾ । ਸਿੱਖ ਸਰਦਾਰਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਹੋਇਆਂ ਅਕਤੂਬਰ 1764 ਨੂੰ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਵ-ਉਸਾਰੀ ਅਰੰਭ ਕੀਤੀ । ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਬਣ ਕੇ ਤਿਆਰ ਹੋ ਗਈ ਤਾਂ ਪੁਲ ਅਤੇ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਸਾਦਾ ਪਰ ਮਜ਼ਬੂਤ ਬਣਾਏ ਗਏ, ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਦੀ ਇਮਾਰਤ &lsquoਤੇ ਸੋਨਾ ਲਗਾਉਣ ਸਮੇਂ ਰਣਜੀਤ ਸਿੰਘ ਨੇ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਨਵੇਂ ਬਣਵਾਏ । ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਵਾਸਤੇ ਹਾਥੀ ਦੰਦ ਦੀ ਨਕਾਸ਼ੀ ਵਾਲੀ ਜੋੜੀ ਚਾਉ-ਮਲ੍ਹਾਰ ਤੇ ਰੀਝ ਨਾਲ ਰਣਜੀਤ ਸਿੰਘ ਨੇ ਬੜੇ ਮੁੱਲ ਵਿੱਚ ਤਿਆਰ ਕਰਵਾਈ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਹਰਿ ਕੀ ਪੌੜੀ, ਪਰਿਕਰਮਾ, ਪੁਲ, ਦਰਸ਼ਨੀ ਡਿਉੜੀ ਤੇ ਸਰੋਵਰ ਦੀ ਪਰਿਕਰਮਾ ਵਿੱਚ ਸੰਗਮਰਮਰ, ਸੋਨੇ ਚਾਂਦੀ, ਗੱਚ, ਮੀਨਾਕਾਰੀ ਤੇ ਜੜ੍ਹਤ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ 1803 ਈ: ਨੂੰ ਅਰੰਭ ਕਰਵਾਇਆ । ਸੱਚਖੰਡ ਸ੍ਰੀ ਹਰਿਮੰਦਰ ਦੇ ਚਾਰੇ ਦਰਵਾਜ਼ਿਆਂ ਲਈ ਸੁਨਹਿਰੀ ਜੋੜੀਆਂ ਤਿਆਰ ਕਰਵਾਈਆਂ । ਇਕ ਮਹਾਰਾਜਾ ਰਣਜੀਤ ਸਿੰਘ ਨੇ, ਦੋ ਸੁਨਹਿਰੀ ਜੋੜੀਆਂ ਮਹਾਰਾਜਾ ਖੜਕ ਸਿੰਘ ਤੇ ਉਨ੍ਹਾਂ ਦੀ ਮਾਤਾ ਵੱਲੋਂ ਤੇ ਚੌਥੀ ਮਹਾਰਾਣੀ ਚੰਦ ਕੌਰ ਵੱਲੋਂ ਤਿਆਰ ਕਰਵਾਈ ਗਈ । ਇਹ ਸਾਰੇ ਦਰਵਾਜ਼ੇ ਗਿਆਨੀ ਸੰਤ ਜੀ ਰਾਹੀਂ ਮਿਸਤਰੀ ਮੁਹੰਮਦ ਯਾਰ ਖਾਂ ਦੀ ਦੇਖ-ਰੇਖ ਵਿੱਚ ਤਿਆਰ ਹੋਏ । ਚਾਰ ਜੋੜੀਆਂ ਚਾਂਦੀ ਦੀਆਂ ਵੀ ਬਣਵਾਈਆਂ ਗਈਆਂ । 1803 ਈ: ਨੂੰ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਦੇ ਸੁਨਹਿਰੀਕਰਨ ਦਾ ਕਾਰਜ ਆਰੰਭਿਆ ਸੀ, ਜੋ 1806 ਈ: ਦੇ ਕਰੀਬ ਸੰਪੂਰਨ ਹੋਇਆ (ਹਵਾਲਾ, ਗੁਰਮਤਿ ਪ੍ਰਕਾਸ਼ ਅੰਕ ਸਤੰਬਰ 2010) ਉਕਤ ਹਵਾਲਾ ਇਹ ਸਿੱਧ ਕਰਦਾ ਹੈ ਕਿ ਸੋਮਨਾਥ ਮੰਦਿਰ ਦੇ ਦਰਵਾਜ਼ੇ ਦਰਸ਼ਨੀ ਡਿਉੜੀ ਨੂੰ ਨਹੀਂ ਸੀ ਲਾਏ ਗਏ । ਇਸਦਾ ਇਕ ਹੋਰ ਇਤਿਹਾਸਕ ਕਾਰਣ ਇਹ ਵੀ ਹੈ ਕਿ ਸਿੱਖ ਇਤਿਹਾਸ ਨੂੰ ਜਾਨਣ ਵਾਲੇ ਇਸ ਇਤਿਹਾਸਕ ਤੱਥ ਤੋਂ ਵੀ ਜਾਣੂ ਹਨ : ਕਿ ਹੈਦਰਾਬਾਦ ਦੇ ਨਵਾਬ ਨੇ ਨਿਹਾਇਤ ਸੁੰਦਰ ਚਾਨਣੀ ਮਿੱਤਰਤਾ ਦੀ ਨਿਸ਼ਾਨੀ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤੀ ਤਾਂ ਰਣਜੀਤ ਸਿੰਘ ਨੇ ਚਾਨਣੀ ਦੀ ਸੁੰਦਰਤਾ ਤੇ ਸ਼ਾਨ ਦੇਖ ਕੇ ਕਿਹਾ ਸੀ ਇਹ ਬਹੁਮੁੱਲੀ ਸੁਗਾਤ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਚਾਹੀਦੀ ਹੈ ਤਾਂ ਉਨ੍ਹਾਂ ਨੇ ਉਹ ਸੁੰਦਰ ਚਾਨਣੀ ਸ੍ਰੀ ਦਰਬਾਰ ਸਾਹਿਬ ਵਾਸਤੇ ਭੇਂਟ ਕਰ ਦਿੱਤੀ ਸੀ । ਜਿਸ ਮਹਾਰਾਜਾ ਰਣਜੀਤ ਸਿੰਘ ਦੀ ਸ੍ਰੀ ਦਰਬਾਰ ਸਾਹਿਬ ਪ੍ਰਤੀ ਅਜਿਹੀ ਸ਼ਰਧਾ ਭਾਵਨਾ ਸੀ ਉਹ ਕਿਸੇ ਧਾੜਵੀ ਵੱਲੋਂ ਹਿੰਦੂ ਮੰਦਿਰ ਦੇ ਉਤਾਰੇ ਹੋਏ ਦਰਵਾਜ਼ੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਨੂੰ ਕਿਵੇਂ ਲੱਗਵਾ ਦਿੰਦਾ ?
ਪ੍ਰੋ: ਕਪਿਲ ਕਪੂਰ ਨੇ ਆਪਣੀ ਵੀਡੀਉ ਵਿੱਚ ਇਹ ਵੀ ਕਿਹਾ ਕਿ : ਵਿਸ਼ਵਨਾਥ ਮੰਦਿਰ ਕੇ ਊਪਰ ਜੋ ਸੋਨਾ ਚੜ੍ਹਾ ਹੂਆ ਹੈ, ਉਹ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਵਾਇਆ ਹੈ, ਔਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਵਿੱਲ (ੈਣਟਟ) ਮੇਂ ਕੋਹਿਨੂਰ ਹੀਰਾ ਜਗਨਨਾਥ ਮੰਦਿਰ ਕੇ ਲੀਏ ਛੋੜਾ ਕਿਉਂਕਿ ਪਹਿਲਾ ਜੋ ਫੌਲੋਅਰ (ਪਿਆਰਾ) ਥਾ ਗੁਰੂ ਗੋਬਿੰਦ ਸਿੰਘ ਕਾ ਉਹ ਜਗਨਨਾਥ ਪੁਰੀ ਕਾ ਥਾ, ਹੁਣ ਅਸੀਂ ਪ੍ਰੋ: ਕਪਿਲ ਕਪੂਰ ਦੀ ਉਕਤ ਟਿੱਪਣੀ ਤੇ ਵਿਚਾਰ ਕਰਾਂਗੇ । ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਸਰਕਾਰ-ਏ-ਖ਼ਾਲਸਾ ਦੇ ਵਿਧਾਨ ਤਹਿਤ ਮਸੀਤਾਂ ਤੇ ਮੰਦਿਰਾਂ ਨੂੰ ਬਰਾਬਰ ਦੀਆਂ ਗਰਾਂਟਾਂ ਦਿੱਤੀਆਂ । ਅਹਿਮਦ ਸ਼ਾਹ ਅਬਦਾਲੀ ਦੇ ਤਾਬੜ ਤੋੜ ਹਮਲਿਆਂ ਕਰਕੇ ਲਾਹੌਰ ਦੀਆਂ ਕੁਝ ਮਸੀਤਾਂ ਬੰਦ ਪਈਆਂ ਸਨ, ਰਣਜੀਤ ਸਿੰਘ ਨੇ ਜਿਥੇ ਬੰਦ ਪਈਆਂ ਮਸੀਤਾਂ ਖੁੱਲ੍ਹਵਾਈਆਂ, ਉਥੇ ਸਮੂਹ ਮਸੀਤਾਂ ਦੀ ਬਿਹਤਰੀ ਵਾਸਤੇ ਵੀ ਗਰਾਂਟਾਂ ਦਿੱਤੀਆਂ । ਇਸ ਤਰ੍ਹਾਂ ਜਦੋਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਤੇ ਸੋਨਾ ਚੜ੍ਹਵਾਇਆ ਤਾਂ ਉਦੋਂ ਹਿੰਦੂਆਂ ਦੀ ਬੇਨਤੀ ਪ੍ਰਵਾਨ ਕਰਕੇ ਵਿਸ਼ਵਾਨਾਥ ਮੰਦਿਰ ਉੱਪਰ ਵੀ ਸੋਨਾ ਚੜ੍ਹਵਾਇਆ । ਸ਼ੇਰੇ-ਪੰਜਾਬ ਰਣਜੀਤ ਸਿੰਘ ਨੇ ਮਸੀਤਾਂ, ਮੰਦਿਰਾਂ ਤੇ ਗੁਰਦੁਆਰਿਆਂ ਦਾ ਬਰਾਬਰ ਦਾ ਸਨਮਾਨ ਕੀਤਾ । ਦੂਸਰੀ ਗੱਲ ਜੋ ਪ੍ਰੋ: ਕਪਿਲ ਕਪੂਰ ਨੇ ਕਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਵਿੱਲ (ੈਣਟਟ) ਮੇਂ ਕੋਹਿਨੂਰ ਕਾ ਹੀਰਾ ਜਗਨਨਾਥ ਮੰਦਿਰ ਕੇ ਲੀਏ ਛੋੜਾ, ਇਹ ਕੋਰੀ ਗੱਪ ਹੈ । ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਜਰੂਰੀ ਹੈ ਕਿ ਕੋਹਿਨੂਰ ਹੀਰੇ ਦਾ ਇਤਿਹਾਸ ਕੀ ਹੈ ਅਤੇ ਇਹ ਬਹੁ-ਮੁੱਲਾ ਹੀਰਾ ਰਣਜੀਤ ਸਿੰਘ ਪਾਸ ਆਇਆ ਕਿਵੇਂ ? ਕੋਹਿਨੂਰ ਦਾ ਹੀਰਾ 1739 ਈ: ਵਿੱਚ ਨਾਦਰ ਸ਼ਾਹ ਦਿੱਲੀ ਦੇ ਬਾਦਸ਼ਾਹ ਕੋਲੋਂ ਖੋਹ ਕੇ ਅਫ਼ਗਾਨਿਸਤਾਨ ਲੈ ਗਿਆ ਸੀ । 1747 ਈ: ਵਿੱਚ ਨਾਦਰ ਸ਼ਾਹ ਨੂੰ ਉਸ ਦੇ ਨੌਕਰਾਂ ਨੇ ਕਤਲ ਕਰ ਦਿੱਤਾ । ਉਸ ਦੇ ਕਤਲ ਪਿੱਛੋਂ ਜਦੋਂ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਿਆ ਤਾਂ ਕੋਹਿਨੂਰ ਦਾ ਹੀਰਾ ਉਸ ਪਾਸ ਆ ਗਿਆ । 1772 ਈ: ਨੂੰ ਅਹਿਮਦ ਸ਼ਾਹ ਦੀ ਮੌਤ ਹੋ ਗਈ, ਉਸ ਦੀ ਮੌਤ ਦੇ ਮਗਰੋਂ ਉਸ ਦਾ ਪੁੱਤਰ ਤੈਮੂਰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਿਆ ਤਾਂ ਕੋਹਿਨੂਰ ਦਾ ਹੀਰਾ ਤੈਮੂਰ ਪਾਸ ਆ ਗਿਆ । 1793 ਵਿੱਚ ਤੈਮੂਰ ਦੀ ਮੌਤ ਹੋਈ ਤਾਂ ਕੋਹਿਨੂਰ ਦਾ ਹੀਰਾ ਉਸ ਦੇ ਪੁੱਤਰ ਸ਼ਾਹ ਸੁਜਾਹ ਕੋਲ ਆ ਗਿਆ । ਸ਼ਾਹ ਸੁਜਾਹ ਨੂੰ ਜਹਾਨਦਾਦ ਖਾਨ ਗਵਰਨਰ ਅਟਕ ਨੇ ਕੈਦ ਕਰਕੇ ਪਹਿਲਾਂ ਅਟਕ ਦੇ ਕਿਲੇ੍ਹ ਵਿੱਚ ਰੱਖਿਆ ਅਤੇ ਫਿਰ ਆਪਣੇ ਭਾਈ ਅਤਾ ਮੁਹੰਮਦ ਖਾਨ ਗਵਰਨਰ ਕਸ਼ਮੀਰ ਦੇ ਹਵਾਲੇ ਕਰ ਦਿੱਤਾ ਅਤੇ ਫਿਰ ਅਤਾ ਮੁਹੰਮਦ ਨੇ ਸ਼ਾਹ ਸੁਜਾਹ ਨੂੰ ਕਸ਼ਮੀਰ ਦੇ ਕਿਲੇ੍ਹ ਵਿੱਚ ਕੈਦ ਕਰ ਲਿਆ । ਸ਼ਾਹ ਸੁਜਾਹ ਦੀ ਪ੍ਰਸਿੱਧ ਬੇਗਮ, ਵਫਾ ਬੇਗਮ ਨੇ ਲਾਹੌਰ ਆ ਕੇ ਫਕੀਰ ਅਜ਼ੀਜੁਦੀਨ ਰਾਹੀਂ ਰਣਜੀਤ ਸਿੰਘ ਪਾਸ ਬੇਨਤੀ ਕੀਤੀ ਕਿ ਜੇ ਤੁਸੀਂ ਆਪਣੀ ਫੌਜ ਭੇਜ ਕੇ ਸ਼ਾਹ ਸੁਜਾਹ ਨੂੰ ਅਤਾ ਮੁਹੰਮਦ ਖਾਨ ਗਵਰਨਰ ਕਸ਼ਮੀਰ ਦੀ ਕੈਦ ਵਿੱਚੋਂ ਛੁਡਵਾ ਲਿਆਵੋਂ ਤਾਂ ਮੈਂ ਇਸ ਦੇ ਬਦਲੇ ਵਿੱਚ ਇਤਿਹਾਸਕ ਤੇ ਬਹੁਮੁੱਲ੍ਹਾ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਭੇਟ ਕਰ ਦਿਆਂਗੀ । ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਭੇਜ ਕੇ ਸ਼ਾਹ ਸੁਜਾਹ ਨੂੰ ਕਿਵੇਂ ਛੁਡਵਾਇਆ ਇਸ ਬਾਰੇ ਵਿਸਥਾਰ ਨਾਲ ਲਿਖਿਆ ਜਾਵੇ । ਅਸੀਂ ਕੇਵਲ ਇਨਾਂ ਕੁ ਹੀ ਜ਼ਿਕਰ ਕਰਾਂਗੇ ਕਿ ਕੋਹਿਨੂਰ ਦਾ ਹੀਰਾ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੇ ਅਧਿਕਾਰ ਵਿੱਚ ਕਿਵੇਂ ਆਇਆ ? ਜਦੋਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਕਸ਼ਮੀਰ ਦੇ ਗਵਰਨਰ ਅਤਾ ਮੁਹੰਮਦ ਖਾਨ ਨੂੰ ਹਰਾ ਕੇ ਸ਼ਾਹ ਸੁਜਾਹ ਨੂੰ ਵਾਪਿਸ ਲਾਹੌਰ ਲਿਆਂਦਾ ਤਾਂ ਉਸ ਦੀ ਹਾਲਤ ਬਹੁਤ ਹੀ ਤਰਸਯੋਗ ਸੀ । ਉਸ ਦੀਆਂ ਲੱਤਾਂ ਭਾਰੀ ਜੰਜੀਰਾਂ ਕਾਰਨ ਲਹੂ ਲੁਹਾਨ ਸਨ ਅਤੇ ਉਸ ਦੇ ਕੱਪੜੇ ਮੈਲੇ-ਕੁਚੈਲੇ ਤੇ ਪਾਟੇ ਹੋਏ ਸਨ । ਫ਼ਕੀਰ ਅਜੀਜੁਦੀਨ ਨੇ ਸ਼ਾਹ ਸੁਜਾਹ ਤੇ ਉਸ ਦੀ ਬੇਗਮ ਵੱਫਾ ਬੇਗਮ ਨੂੰ ਲਖਪਤ ਰਾਏ ਦੀ ਹਵੇਲੀ ਜਿਹੜੀ ਮੁਬਾਰਕ ਹਵੇਲੀ ਦੇ ਨਾਂ ਨਾਲ ਪ੍ਰਸਿੱਧ ਸੀ ਉਥੇ ਠਹਿਰਾਇਆ ਅਤੇ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਕੀਤੀ । ਥੋੜ੍ਹੇ ਦਿਨਾਂ ਬਾਅਦ ਜਦੋਂ ਫ਼ਕੀਰ ਅਜੀਜੁਦੀਨ ਨੇ ਉਨ੍ਹਾਂ ਨੂੰ ਕੋਹਿਨੂਰ ਦਾ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਣ ਦਾ ਵਾਅਦਾ ਯਾਦ ਕਰਾਇਆ ਉਨ੍ਹਾਂ ਨੇ ਪਹਿਲਾਂ ਤਾਂ ਆਨਾ ਕਾਨੀ ਕੀਤੀ, ਪਰ ਜਦੋਂ ਫ਼ਕੀਰ ਅਜੀਜੁਦੀਨ ਨੇ ਉਨ੍ਹਾਂ ਨੂੰ ਸਮਝਾਇਆ ਕਿ ਸ਼ਾਹ ਸੁਜਾਹ ਨੂੰ ਛਡੌਣ ਲਈ ਜੋ ਫੌਜਾਂ ਕਸ਼ਮੀਰ ਗਈਆਂ ਸਨ ਇਸ ਮੁਹਿੰਮ ਉੱਪਰ ਸ਼ੇਰੇ-ਪੰਜਾਬ ਰਣਜੀਤ ਸਿੰਘ ਦਾ ਕਈ ਲੱਖ ਰੁਪਿਆ ਖਰਚ ਆਇਆ ਤੇ ਕਈ ਜਾਨਾਂ ਦੀ ਕੁਰਬਾਨੀ ਵੀ ਇਸ ਤੋਂ ਵੱਖ ਸੀ, ਜਿਨ੍ਹਾਂ ਦੀ ਕੀਮਤ ਕੋਹਿਨੂਰ ਦੇ ਹੀਰੇ ਤੋਂ ਕਿਤੇ ਜ਼ਿਆਦਾ ਹੈ । ਫ਼ਕੀਰ ਅਜੀਜੁਦੀਨ ਨੇ ਕਿਹਾ ਫਿਰ ਵੀ ਸ਼ੇਰੇ ਪੰਜਾਬ ਰਣਜੀਤ ਸਿੰਘ ਕੋਹਿਨੂਰ ਹੀਰਾ ਬਿਨਾਂ ਮੁੱਲ ਦਿੱਤਿਆਂ ਨਹੀਂ ਲੈਣਾ ਚਾਹੁੰਦਾ । ਰਣਜੀਤ ਸਿੰਘ ਨੇ ਕਿਹਾ ਕਿ ਤਿੰਨ ਲੱਖ ਰੁਪਿਆ ਨਗਦ ਅਤੇ 50,000 ਰੁਪਏ ਸਲਾਨਾ ਪੱਕੀ ਜਗੀਰ ਦਿੱਤੀ ਜਾਏਗੀ । ਆਪਣੀ ਸਾਫ਼ ਦਿਲੀ ਦਾ ਸਬੂਤ ਦਿੰਦਿਆਂ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਪੰਜਾਹ ਪੰਜਾਹ ਹਜ਼ਾਰ ਰੁਪਏ ਦੀਆਂ 6 ਥੈਲੀਆਂ (ਤਿੰਨ ਲੱਖ ਰੁਪਏ) ਸ਼ਾਹ ਸੁਜਾਹ ਦੇ ਮੂਹਰੇ ਰੱਖ ਦਿੱਤੀਆਂ । ਸ਼ਾਜ ਸੁਜਾਹ ਨੇ ਸ਼ੇਰੇ-ਪੰਜਾਬ ਦਾ ਚੰਗਾ ਵਰਤਾਉ ਵੇਖ ਕੇ ਸ਼ਰਤਾਂ ਪ੍ਰਵਾਨ ਕਰ ਲਈਆਂ ਅਤੇ ਕੋਹਿਨੂਰ ਦਾ ਹੀਰਾ ਸ਼ੇਰੇ-ਪੰਜਾਬ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ । ਇਤਿਹਾਸਕ ਤੱਥਾਂ ਅਨੁਸਾਰ ਕੋਹਿਨੂਰ ਦਾ ਹੀਰਾ ਸਿੱਖ ਕੌਮ ਦੀ ਵਿਰਾਸਤ ਹੈ । ਹਵਾਲਾ: ਜੀਵਨੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲੇਖਕ ਬਾਬਾ ਪ੍ਰੇਮ ਸਿੰਘ ਹੋਤੀ। ਦੂਸਰਾ ਜਿਹੜੀ ਪ੍ਰੋ: ਕਪਿਲ ਕਪੂਰ ਨੇ ਗੱਪ ਮਾਰੀ ਹੈ ਕਿ ਰਣਜੀਤ ਸਿੰਘ ਨੇ ਆਪਣੀ ਵਿੱਲ ਮੇਂ ਕੋਹਿਨੂਰ ਕਾ ਹੀਰਾ ਜਗਨਨਾਥ ਮੰਦਿਰ ਕੇ ਲੀਏ ਛੋੜਾ ਥਾ, ਇਹ ਕੋਰਾ ਝੂਠ ਹੈ । ਸਗੋਂ ਇਤਿਹਾਸਕ ਸੱਚਾਈ ਇਸ ਦੇ ਬਿਲਕੱੁਲ ਉਲਟ ਹੈ, ਸ਼ੇਰੇ ਪੰਜਾਬ ਨੇ ਤਾਂ ਆਪਣੇ ਅੰਤਿਮ ਸਮੇਂ ਧਿਆਨ ਸਿੰਘ ਨੂੰ ਕਿਹਾ ਸੀ ਕਿ ਕੋਹਿਨੂਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਸ਼ੇਖਾਨੇ ਵਿੱਚ ਜਮ੍ਹਾਂ ਕਰਵਾ ਦੇਣਾ, ਪਰ ਬੇਈਮਾਨ ਧਿਆਨ ਸਿੰਘ ਨੇ ਸ਼ੇਰੇ-ਪੰਜਾਬ ਦੀ ਮੌਤ ਤੋਂ ਬਾਅਦ ਉਸ ਦੇ ਹੁਕਮ ਦੀ ਤਮੀਲ ਨਹੀਂ ਸੀ ਕੀਤੀ । 
ਅੰਤ ਵਿੱਚ ਅਸੀਂ ਸਪੱਸ਼ਟ ਕਰਦੇ ਹਾਂ ਕਿ ਸ਼ੇਰ-ਏ-ਪੰਜਾਬ ਸਿਰਦਾਰ ਰਣਜੀਤ ਸਿੰਘ ਹਿੰਦੋਸਤਾਨੀ ਰੂਲਰ ਨਹੀਂ ਸੀ ਉਹ ਅੱਡਰੇ ਦੇਸ਼ ਪੰਜਾਬ ਦਾ ਦੂਸਰਾ ਸਿੱਖ ਬਾਦਸ਼ਾਹ ਸੀ, ਕਿਉਂਕਿ ਜਦੋਂ ਉਦੋਂ ਵਾਲੇ ਇੰਡੀਆ ਵਿੱਚ ਅੰਗੇ੍ਰਜ਼ ਸਰਕਾਰ ਦਾ ਯੂਨੀਅਨ ਜੈਕ ਝੰਡਾ ਲਹਿਰਾ ਰਿਹਾ ਸੀ ਤਾਂ ਉਦੋਂ ਇਕ ਸਿਰਫ਼ ਪੰਜਾਬ ਹੀ ਸੀ ਜੋ ਅਜ਼ਾਦ ਸੀ । ਪੰਜਾਬ ਨਾ ਤਾਂ ਸਟੇਟ ਕਹਾਉਂਦਾ ਸੀ ਤੇ ਨਾ ਹੀ ਰਿਆਸਤ, ਇਹ ਪੰਜਾਬ ਦੇਸ਼ ਕਹਾਉਂਦਾ ਸੀ, ਜਿਸ ਦੀ ਆਪਣੀ ਰਾਜਧਾਨੀ ਲਾਹੌਰ ਸੀ, ਆਪਣੀ ਫੌਜ ਸੀ, ਆਪਣਾ ਖ਼ਾਲਸਈ ਕੌਮੀ ਝੰਡਾ ਸੀ ਤੇ ਆਪਣਾ ਨਾਨਕ ਸ਼ਾਹੀ ਸਿੱਕਾ ਸੀ, ਤੇ ਸਰਕਾਰ-ਏ-ਖ਼ਾਲਸਾ ਦੇ ਸੰਵਿਧਾਨ ਤਹਿਤ ਪੰਜਾਬ ਦੇਸ਼ ਦਾ ਰਾਜ ਪ੍ਰਬੰਧ ਚੱਲਦਾ ਸੀ । ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਮੋਹਰ ਜੋ ਸ਼ਾਹੀ ਚਿੱਠੀ ਪੱਤਰ ਜਾਂ ਫੁਰਮਾਨਾਂ ਉੱਪਰ ਲਗਾਈ ਜਾਂਦੀ ਸੀ ਉਸ ਉੱਤੇ ਹੇਠ ਲਿਖੀ ਲਿਖਤ ਲਿਖੀ ਜਾਂਦੀ ਸੀ, Å ਸਤਿਗੁਰ ਪ੍ਰਸਾਦਿ ॥ ਦੇਗ਼ ਤੇਗ ਫ਼ਤਹ, E ਨੁਸਰਤ ਬੇਦਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ ॥ ਸ੍ਰੀ ਅਕਾਲ ਪੁਰਖ ਜੀ ਸਹਾਇ ॥ ਇਕ ਨਿੱਕੀ ਮੋਹਰ ਸੀ, ਜਿਸ ਦੀ ਲਿਖਤ ਸੀ, ਸ੍ਰੀ ਅਕਾਲ ਸਹਾਇ ਰਣਜੀਤ ਸਿੰਘ । 
ਉਕਤ ਇਤਿਹਾਸਕ ਹਵਾਲੇ ਮੂੰਹੋਂ ਬੋਲਦੇ ਹਨ ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਹਿੰਦੋਸਤਨਾੀ ਰੂਲਰ ਨਹੀਂ ਸੀ, ਸਗੋਂ ਅੱਡਰੇ ਦੇਸ਼ ਪੰਜਾਬ ਦਾ ਦੂਜਾ ਸਿੱਖ ਬਾਦਸ਼ਾਹ ਸੀ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
(ਸਮਾਪਤ)