image caption: -ਰਜਿੰਦਰ ਸਿੰਘ ਪੁਰੇਵਾਲ

ਖਾਲਸਾ ਏਡ ਤੇ ਹੋਰ ਸਿਖ ਜਥੇਬੰਦੀਆਂ ਉਪਰ ਐਨ ਆਈ ਏ ਦੇ ਛਾਪੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਬੀਤੇ ਦਿਨੀਂ ਕੌਮੀ ਜਾਂਚ ਏਜੰਸੀ ਵੱਲੋਂ 15 ਥਾਵਾਂ ਤੇ ਰੇਡ ਮਾਰੀ ਗਈ| ਇਸ ਦੌਰਾਨ ਕੌਮਾਂਤਰੀ ਪਧਰ ਦੀ ਸਮਾਜਸੇਵੀ ਸੰਸਥਾ ਖ਼ਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ ਅਤੇ ਸੰਸਥਾ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਦੇ ਘਰ ਤੇ ਗੌਦਾਮ ਦੀ ਜਾਂਚ ਕੀਤੀ| ਜਾਂਚ ਲਈ ਏਜੰਸੀ ਦੀਆਂ ਟੀਮਾਂ  ਨੇ ਤੜਕੇ ਅਮਰਪ੍ਰੀਤ ਸਿੰਘ ਦੇ ਘਰ ਪਹੁੰਚ ਕੇ ਸਵੇਰੇ 5.30 ਵਜੇ ਤੋਂ 10:30 ਵਜੇ ਤਕ ਜਾਂਚ ਕੀਤੀ| ਇਸ ਮਗਰੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਮਰਪ੍ਰੀਤ ਸਿੰਘ ਨੇ ਦਸਿਆ ਕਿ ਐਨ.ਆਈ.ਏ. ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਸੀ| ਪੰਜ ਘੰਟੇ ਦੀ ਜਾਂਚ ਮਗਰੋਂ ਐਨ.ਆਈ.ਏ. ਨੇ ਅਮਰਪ੍ਰੀਤ ਸਿੰਘ ਦਾ ਮੋਬਾਈਲ ਫ਼ੋਨ ਜ਼ਬਤ ਕੀਤਾ, ਇਸ ਤੋਂ ਇਲਾਵਾ ਪਟਿਆਲਾ ਦਫ਼ਤਰ ਤੋਂ ਸੰਸਥਾ ਦੇ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ| ਉਨ੍ਹਾਂ ਅਨੁਸਾਰ ਜਾਂਚ ਦੌਰਾਨ ਉਨ੍ਹਾਂ ਕੋਲੋਂ ਖ਼ਾਲਸਾ ਏਡ ਨੂੰ ਲੈ ਕੇ ਕਈ ਸਵਾਲ ਪੁਛੇ ਗਏ, ਜਿਨ੍ਹਾਂ ਵਿਚ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਫੰਡਿੰਗ ਦੇ ਸਰੋਤਾਂ ਆਦਿ ਦੀ ਜਾਣਕਾਰੀ ਸ਼ਾਮਲ ਸੀ| ਜਾਂਚ ਏਜੰਸੀ ਨੇ ਅਮਰਪ੍ਰੀਤ ਸਿੰਘ ਨੂੰ 3 ਅਗਸਤ ਨੂੰ ਦਿੱਲੀ ਸਥਿਤ ਦਫ਼ਤਰ ਵਿਚ ਸਦਿਆ ਗਿਆ ਹੈ| ਅਮਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਹਰ ਸਵਾਲ ਦਾ ਜਵਾਬ ਦਿਤਾ| ਉਨ੍ਹਾਂ ਦਾ ਕਹਿਣਾ ਹੈ ਕਿ ਖ਼ਾਲਸਾ ਏਡ ਵਲੋਂ ਕਈ ਵਾਰ ਆਪਣੇ ਹਿਸਾਬ-ਕਿਤਾਬ ਦੇ ਵੇਰਵੇ ਜਨਤਕ ਕੀਤੇ ਜਾ ਚੁੱਕੇ ਹਨ, ਸੰਸਥਾ ਦਾ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ| ਉਨ੍ਹਾਂ ਦਾ ਕਹਿਣਾ ਹੈ ਕਿ 2014 ਤੋਂ ਲੈ ਕੇ ਉਹ ਹੁਣ ਤਕ ਮੈਂ ਕਈ ਏਜੰਸੀਆਂ ਵਲੋਂ ਪੱੁਛਗਿਛ ਦਾ ਸਾਹਮਣਾ ਕਰ ਚੁੱਕੇ ਹਨ| ਉਨ੍ਹਾਂ ਕਿਹਾ ਕਿ ਜੇ ਅਸੀਂ ਕੋਈ ਦੇਸ਼ ਵਿਰੋਧੀ ਕੰਮ ਕੀਤਾ ਤਾਂ ਅਸੀਂ ਜਵਾਬਦੇਹ ਹਾਂ| ਪਰ ਐਨ.ਆਈ.ਏ ਸਾਨੂੰ ਜਾਣ ਬੁਝਕੇ ਪਰੇਸ਼ਾਨ ਕਰ ਰਹੀ ਹੈ| ਸਾਨੂੰ ਮਨੁੱਖਤਾ ਦੀ ਸੇਵਾ ਤੋਂ ਰੋਕ ਰਹੀ ਹੈ| ਮੌਜੂਦਾ ਸਮੇਂ ਵਿਚ ਖ਼ਾਲਸਾ ਏਡ ਵਲੋਂ ਕਈ ਵੱਡੇ ਪ੍ਰਾਜੈਕਟ ਚਲਾਏ ਜਾ ਰਹੇ ਨੇ, ਅਜਿਹੇ ਸਮੇਂ ਇਹ ਕਾਰਵਾਈ ਸਾਡੇ ਵਲੰਟੀਅਰਜ਼ ਦਾ ਹੌਸਲਾ ਘਟਾਉਣ ਵਾਲੀ ਗੱਲ਼ ਹੈ| ਖ਼ਾਲਸਾ ਏਡ ਦੀ ਵਿਚਾਰਧਾਰਾ ਸਪੱਸ਼ਟ ਹੈ, ਇਹ ਕਿਸੇ ਧਰਮ, ਜਾਤ ਅਤੇ ਸਿਆਸੀ ਪਾਰਟੀ ਤਕ ਸੀਮਤ ਨਹੀਂ ਹੈ| ਅਸੀਂ ਸਿੱਖੀ ਸਿਧਾਤਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂUਸਭ ਦਾ ਭਲਾ ਕਰ ਰਹੇ ਹਾਂ|
ਇਸ ਤੋਂ ਇਲਾਵਾ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ  ਲੰਬੀ ਹਲਕੇ ਦੇ ਪਿੰਡ ਸਰਾਵਾਂ ਬੋਦਲਾ ਵਿਖੇ ਇੱਕ ਢਾਣੀ ਵਿਚ ਵਸਦੇ ਕਿਸਾਨ ਪਰਿਵਾਰ ਸਤਨਾਮ ਸਿੰਘ ਦੀ ਕੋਠੀ ਵਿਚ ਛਾਪਾ ਮਾਰਿਆ ਗਿਆ| ਸਤਨਾਮ ਸਿੰਘ ਦਾ ਭਰਾ ਅਰਵਿੰਦਰ ਸਿੰਘ ਇੰਗਲੈਂਡ ਵਿਖੇ ਰਹਿੰਦਾ ਹੈ| ਆਈ.ਐਨ.ਏ ਵਲੋਂ ਪੁੱਛਗਿੱਛ ਤੇ ਪੜਤਾਲ ਕਰੀਬ ਢਾਈ ਘੰਟੇ ਤੱਕ ਚੱਲੀ| ਜ਼ਿਕਰਯੋਗ ਹੈ ਕਿ ਅਰਵਿੰਦਰ ਸਿੰਘ ਪਿਛਲੇ ਕਰੀਬ 12 ਸਾਲਾਂ ਤੋਂ ਇੰਗਲੈਂਡ ਵਿਖੇ ਰਹਿੰਦਾ ਹੈ| ਪਿਛਲੇ ਮਹੀਨੇ ਇੰਡੀਆ ਆਇਆ ਸੀ ਅਤੇ ਬੀਤੇ ਦਿਨੀਂ ਵਾਪਸ ਇੰਗਲੈਂਡ ਗਿਆ ਹੈ| ਆਈ.ਐਨ.ਆਈ. ਵਿਦੇਸ਼ ਵਿਚ ਫੋਨ ਕਾਲ ਤੇ ਪਰਿਵਾਰ ਦੀ ਹੋਈ ਗੱਲਬਾਤ ਦੀ ਜਾਂਚ ਪੜਤਾਲ ਲਈ ਪੁੱਜੀ ਸੀ| ਰਾਸ਼ਟਰੀ ਜਾਂਚ ਏਜੰਸੀ ਪਿੱਛੇ ਜਿਹੇ ਇੰਗਲੈਂਡ ਵਿਚ ਭਾਰਤੀ ਸਫ਼ਾਰਤੀਖਾਨੇ ਮੂਹਰੇ ਖਾਲਿਸਤਾਨੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਮਾਮਲੇ ਵਿਚ ਪੜਤਾਲ ਕਰ ਰਹੀ ਸੀ| ਕਿਸਾਨ ਸਤਨਾਮ ਸਿੰਘ ਅਨੁਸਾਰ ਉਸਤੋਂ ਇੰਗਲੈਂਡ ਅਤੇ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ| ਉਸਨੇ ਕਿਹਾ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਉਸਦਾ ਕਿਸੇ ਜਥੇਬੰਦੀ ਨਾਲ ਸਬੰਧ ਨਹੀਂ| ਉਸਦਾ ਭਰਾ ਪਿਛਲੇ 12 ਸਾਲਾਂ ਤੋਂ ਯੂ.ਕੇ. ਵਿੱਚ ਰਹਿੰਦਾ ਹੈ| ਉਸਨੇ ਦੱਸਿਆ ਕਿ ਟੀਮ ਨੂੰ ਪੜਤਾਲ ਦੌਰਾਨ ਘਰ ਵਿੱਚੋਂ ਕੁੱਝ ਨਹੀਂ ਮਿਲਿਆ| ਆਈ.ਐਨ.ਆਈ. ਅਧਿਕਾਰੀ ਸਤਨਾਮ ਸਿੰਘ ਦਾ ਮੋਬਾਇਲ ਫੋਨ ਆਗਾਮੀ ਜਾਂਚ ਲਈ ਨਾਲ ਲੈ ਗਏ| ਸਤਨਾਮ ਸਿੰਘ ਨੂੰ ਨੋਟਿਸ ਜਾਰੀ ਕਰਕੇ 7 ਅਗਸਤ ਨੂੰ ਰਾਸ਼ਟਰੀ ਜਾਂਚ ਏਜੰਸੀ ਦੇ ਮੁੱਖ ਦਫ਼ਤਰ ਦਿੱਲੀ ਪੇਸ਼ ਹੋਣ ਲਈ ਆਖਿਆ ਹੈ| 
ਇਸੇ ਸੰਬੰਧ ਵਿੱਚ ਐਨ ਆਈ ਏ ਦੀ ਟੀਮ ਵਲੋਂ ਮਾਨਸਾ-ਬਰਨਾਲਾ ਜ਼ਿਲ੍ਹੇ ਦੀ ਹੱਦ ਤੇ ਪੈਂਦੇ ਬਰਨਾਲਾ ਦੇ ਆਖ਼ਰੀ ਪਿੰਡ ਪੰਧੇਰ ਵਿਖੇ ਭੋਲਾ ਸਿੰਘ ਦੇ ਪਰਿਵਾਰ ਤੋਂ ਲਗਭਗ ਪੰਜ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ| ਭੋਲਾ ਸਿੰਘ ਦਾ ਲੜਕਾ ਸੁਰਿੰਦਰ ਸਿੰਘ ਹੈਪੀ ਬੀਤੇ ਕਰੀਬ 12 ਸਾਲ ਤੋਂ ਇੰਗਲੈਂਡ ਵਿਖੇ ਰਹਿ ਰਿਹਾ ਹੈ ਅਤੇ ਉਹ ਇੰਗਲੈਂਡ ਦਾ ਪੱਕਾ ਵਸਨੀਕ ਹੈ ਅਤੇ 19 ਮਾਰਚ ਨੂੰ ਲੰਡਨ ਵਿਖੇ ਹੋਏ ਰੋਸ ਪ੍ਰਦਰਸਨ ਦੌਰਾਨ ਸੁਰਿੰਦਰ ਸਿੰਘ ਹੈਪੀ ਦੇ ਇਸ ਰੋਸ ਪ੍ਰਦਰਸਨ ਵਿੱਚ ਹੋਣ ਬਾਰੇ ਕਿਹਾ ਜਾ ਰਿਹਾ ਹੈ| ਭਾਰਤੀ ਜਾਂਚ ਏਜੰਸੀ ਐਨ ਆਈ ਏ ਵਲੋਂ ਸਵੇਰੇ ਪਿੰਡ ਪੰਧੇਰ ਵਿਖੇ ਪਹੁੰਚ ਕੇ  ਸੁਰਿੰਦਰ ਸਿੰਘ ਹੈਪੀ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਉੱਥੇ ਹੀ ਉਹਨਾ ਪਰਿਵਾਰ ਜਰੀਏ ਇੰਗਲੈਂਡ ਰਹਿੰਦੇ ਸੁਰਿੰਦਰ ਸਿੰਘ ਹੈਪੀ ਨਾਲ ਵੀ ਫੋਨ ਤੇ ਗੱਲਬਾਤ ਕੀਤੀ| 
ਏਜੰਸੀ ਨੇ ਹੁਸ਼ਿਆਰਪੁਰ ਸਥਿਤ ਕਸਬਾ ਹਰਿਆਣਾ ਭੂੰਗਾ ਵਿੱਚ ਸਵੇਰੇ ਮੁਹੱਲਾ ਰਾਮਗੜ੍ਹੀਆਂ ਦੇ ਅਧਿਆਪਕ ਸਰਬਜੋਤ ਸਿੰਘ ਦੇ ਘਰ ਵਿੱਚ ਸਰਚ ਆਪ੍ਰੇਸ਼ਨ ਕੀਤਾ| 2 ਘੰਟੇ ਤੱਕ ਪਰਿਵਾਰ ਤੋਂ ਪੁੱਛ-ਗਿੱਛ ਦੇ ਬਾਅਦ ਸਰਬਜੋਤ ਦਾ ਮੋਬਾਈਲ ਨਾਲ ਲੈ ਗਈ| ਉਨ੍ਹਾਂ ਨੂੰ 3 ਅਗਸਤ ਨੂੰ ਦਿੱਲੀ ਦਫ਼ਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ| ਉਨ੍ਹਾਂ ਨੇ ਕਿਹਾ ਇਸ ਸਾਲ ਵਿਸਾਖੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਜਥੇ ਨਾਲ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ ਸੀ| ਇਸ ਕਾਰਣ ਪੁਛਗਿਛ ਕੀਤੀ ਗਈ|
ਉਨ੍ਹਾਂ ਕਿਹਾ  ਏਜੰਸੀ ਦੀ ਟੀਮ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਸਹਿਯੋਗ ਕਰੇਗਾ| ਆਉਣ ਵਾਲੇ ਦਿਨਾਂ ਵਿੱਚ ਦਿੱਲੀ ਆਫ਼ਿਸ ਵਿੱਚ ਉਨ੍ਹਾਂ ਦਾ ਪੁੱਤਰ ਜਾਵੇਗਾ ਅਤੇ ਜਾਂਚ ਵਿੱਚ ਸ਼ਾਮਲ ਹੋਵੇਗਾ| ਪਿਤਾ ਨੇ ਦੱਸਿਆ ਕਿ ਪੁੱਤਰ ਸਰਬਜੋਤ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਦਿੱਤੀ ਹੈ| ਪਰਿਵਾਰ ਨੂੰ ਇਹ ਨਹੀਂ ਪਤਾ ਕਿ ਟੀਮ ਇੱਥੇ ਕਿਉਂ ਆਈ ਹੈ?
ਜਲੰਧਰ ਦੇ ਕਿਸ਼ਨਗੜ੍ਹ ਦੇ ਨਾਲ ਲੱਗਦੇ ਪਿੰਡ ਦੌਲਤਪੁਰ ਵਿੱਚ ਸਾਬਕਾ ਸਰਪੰਚਤੇ ਅਕਾਲੀ ਆਗੂ ਮਲਕੀਤ ਸਿੰਘ ਦੇ ਘਰ ਵਿੱਚ ਐਨਆਈਏ ਦੀ ਟੀਮ ਪਹੁੰਚੀ| ਐਨਆਈਏ ਦੀ ਟੀਮ ਸਵੇਰ 3 ਵਜੇ ਮਲਕੀਤ ਸਿੰਘ ਦੌਲਤਪੁਰ ਦੇ ਘਰ ਪਹੁੰਚੀ ਉਸ ਵਕਤ ਸਾਰਾ ਪਰਿਵਾਰ ਸੁੱਤਾ ਹੋਇਆ ਸੀ| ਐਨਆਈਏ  ਨੇ ਸਾਰਿਆਂ ਨੂੰ ਵੱਖ-ਵੱਖ ਕਮਰਿਆਂ ਵਿੱਚ ਬਿਠਾਇਆ ਅਤੇ ਵੱਖ-ਵੱਖ ਪੁੱਛ ਗਿੱਛ ਕੀਤੀ| ਇਸ ਤੋਂ ਇਲਾਵਾ ਗੈਂਗਸਟਰ ਸਿੰਡੀਕੇਟ ਨੂੰ ਲੈ ਕੇ ਐਨਆਈਏ ਦੀ ਟੀਮ ਨੇ ਮੋਗਾ ਜ਼ਿਲ੍ਹੇ ਦੇ ਤਹਿਤ ਆਉਂਦੇ ਪਿੰਡ ਧੂਰਕੋਟ ਨਿਹਾਲ ਸਿੰਘ ਵਾਲਾ ਦੇ ਜਸਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ| ਐਨਆਈਏ ਦੇ ਅਧਿਕਾਰੀਆਂ ਨੇ ਜਸਵਿੰਦਰ ਤੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਬਾਰੇ ਪੁੱਛ-ਗਿੱਛ ਕੀਤੀ|
ਇਸ ਤੋਂ ਇਲਾਵਾ ਐਨਆਈਏ ਦੀ ਟੀਮ ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਦੇ ਲਵਸ਼ਿੰਦਰ ਸਿੰਘ ਦੇ ਘਰ ਵੀ ਪਹੁੰਚੀ| ਲਵਸ਼ਿੰਦਰ ਸਿੰਘ ਸਾਬਕਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਗੂ ਹੈ| ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਹਮਾਇਤੀਆਂ ਦੇ ਨਾਲ ਲਿੰਕ ਨੂੰ ਲੈ ਕੇ ਉਸ ਦੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਗਈ|
ਇਸ ਦੇ ਵਿਰੋਧ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਜਲਦ ਹੀ ਹੰਗਾਮੀ ਮੀਟਿੰਗ ਸੱਦਣ ਜਾ ਰਹੇ ਹਨ| ਇਸ ਮੀਟਿੰਗ ਵਿੱਚ ਐਨਆਈਏ ਦੀ ਛਾਪੇਮਾਰੀ ਖ਼ਿਲਾਫ਼ ਵੱਡੇ ਸੰਘਰਸ਼ ਲਈ ਰਣਨੀਤੀ ਉਲੀਕੀ ਜਾਵੇਗੀ|
ਖਾਲਸਾ ਏਡ ਦੇ ਰਵੀ ਸਿੰਘ ਨੇ ਕਿਹਾ ਕਿ ਇਹ ਸਾਰਾ ਵਰਤਾਰਾ ਸਿਖਾਂ ਨੂੰ ਬਦਨਾਮ ਕਰਨ ਵਾਲਾ ਹੈ| ਜਦ ਅਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ ਤਾਂ ਮੋਦੀ ਸਰਕਾਰ ਨੂੰ ਇਤਰਾਜ਼ ਕਿਉਂ ਹੈ? ਸਾਡਾ ਮੰਨਣਾ ਹੈ ਕਿ ਐਨਆਈਏ ਛਾਪੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਸਿਖ ਕੌਮ ਨੂੰ ਦਬਾਉਣ ਦੀ ਕਾਰਵਾਈ ਹੈ| ਇਕ ਪਾਸੇ ਚੀਨ ਦਾ ਖਤਰਾ ਭਾਰਤ ਉਪਰ ਮੰਡਰਾ ਰਿਹਾ ਹੈ ਦੂਜੇ ਪਾਸੇ ਕੇਂਦਰ ਸਰਕਾਰ ਘਟ ਗਿਣਤੀਆਂ ਨੂੰ ਦਬਾਕੇ ਆਪਣੇ ਦੇਸ ਦੀ ਹੋਂਦ ਲਈ ਖਤਰੇ ਖੜੇ ਕਰ ਰਹੀ ਹੈ| ਇਕ ਪਾਸੇ ਮੋਦੀ ਸਰਕਾਰ ਦਾ ਦਾਅਵਾ ਕਿ ਉਹ ਸਿਖਾਂ ਦਾ ਮਾਣ ਰਖਦੀ ਹੈ, ਦੂਜੇ ਪਾਸੇ ਸਿਖਾਂ ਦੀ ਮਨੁੱਖਤਾ ਪਖੀ ਸੰਸਥਾਵਾਂ ਨੂੰ ਡਰਾਕੇ ਗੁਲਾਮੀ ਦਾ ਅਹਿਸਾਸ ਕਰਾ ਰਹੀ ਹੈ| ਪੰਜਾਬ ਵਿਚ ਕੁਝ ਵਡੇ ਪੁਲਿਸ ਅਫਸਰ ਤੇ ਭ੍ਰਿਸ਼ਟ ਸਿਆਸਤਦਾਨ ਨਸ਼ੇ ਸਮਗਲਿੰਗ ਕਰਵਾ ਰਹੇ ਹਨ, ਉਹਨਾਂ ਬਾਰੇ ਐਨਆਈਏ ਕਾਰਵਾਈ ਕਿਉਂ ਨਹੀਂ ਕਰ ਰਹੀ? ਸਿੱਖਾਂ ਦੇ ਮਨਾਂ ਵਿਚ ਗਲ ਜਾ ਰਹੀ ਹੈ ਕਿ ਮੋਦੀ ਸਰਕਾਰ ਹੜ੍ਹਾਂ ਦੀ ਮੁਸੀਬਤ ਦੌਰਾਨ ਸੇਵਾ ਕਰ ਰਹੇ ਸਿਖਾਂ ਨੂੰ ਡਰਾ ਰਹੀ ਹੈ ਤਾਂ ਜੋ ਉਹ ਸੇਵਾ ਨਾ ਕਰਨ ਤੇ ਦੂਸਰਾ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਵੀ ਡਰਾਵੇ ਦਿੱਤੇ ਜਾ ਰਹੇ ਹਨ ਕਿ ਉਹ ਗੁਰਧਾਮ ਯਾਤਰਾ ਉਪਰ ਨਾ ਜਾਣ| ਹੜ੍ਹਾਂ ਦੌਰਾਨ ਸਭ ਤੋਂ ਵਧੀਆ ਸੇਵਾ ਖਾਲਸਾ ਏਡ ਨੇ ਨਿਭਾਈ ਹੈ ਜਦ ਕਿ ਪੰਜਾਬ ਸਰਕਾਰ ਫੋਟਵਾਂ ਖਿਚਵਾਉਣ ਤਕ ਸੀਮਤ ਰਹੀ ਹੈ| ਸਮੁੱਚੀ ਕੌਮ ਨੂੰ ਤੇ ਪੰਜਾਬੀ ਭਾਈਚਾਰੇ ਨੂੰ ਐਨਆਈਏ ਛਾਪਿਆਂ ਵਿਰੁੱਧ ਵਿਸ਼ਵ ਪਧਰ ਉਪਰ ਅਵਾਜ਼ ਉਠਾਉਣੀ ਚਾਹੀਦੀ ਹੈ| ਸ: ਬਲਵਿੰਦਰ ਸਿੰਘ ਢਿੱਲੋਂ, ਸ: ਲਵਸ਼ਿੰਦਰ ਸਿੰਘ ਢਿੱਲੋਂ, ਸ: ਕੁਲਦੀਪ ਸਿੰਘ ਚਹੇੜੂ, ਪ੍ਰਮਜੀਤ ਸਿੰਘ ਪੰਮਾ, ਭਾਈ ਅਮਰੀਕ ਸਿੰਘ ਤੋਂ ਇਲਾਵਾ ਬਹੁਤ ਥਾਈਂ ਐਨ ਆਈ ਏ ਏਜੰਸੀ ਵੱਲੋਂ ਪੰਜਾਬ ਵਿੱਚ ਛਾਪੇ ਮਾਰੇ ਗਏ | ਬਹੁਤਿਆਂ ਪ੍ਰਵਾਰਿਕ ਮੈਂਬਰਾਂ ਦੇ ਟੈਲੀਫੋਨ ਵੀ ਲੈ ਗਏ | ਕੁਝ ਪਰਿਵਾਰਕ ਮੈਂਬਰਾਂ ਨੂੰ ਐਨ ਆਈ ਏ ਦੇ ਦਫ਼ਤਰ ਪਹੁੰਚਣ ਦੀ ਤਰੀਕ ਦਿੱਤੀ ਗਈ ਹੈ |
-ਰਜਿੰਦਰ ਸਿੰਘ ਪੁਰੇਵਾਲ