image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ
ਭਾਜਪਾ ਅਣਖੀਲੇ ਸ਼ੇਰਾਂ ਨੂੰ ਭੰਬਲ ਭੂਸਾ ਪਾ ਕੇ ਕਾਗਜ਼ੀ ਸ਼ੇਰ ਬਣਾਉਣਾ ਚਾਹੁੰਦੀ ਹੈ, ਤਾਂ ਕਿ ਉਨ੍ਹਾਂ ਦੀ ਚੇਤਨਾ ਵਿੱਚੋਂ ਅੱਡਰੀ ਹੋਂਦ ਹਸਤੀ ਦੀ ਸਿੱਖੀ ਸਪਿਰਟ ਖ਼ਤਮ ਕੀਤੀ ਜਾ ਸਕੇ
ਪਿਛਲੇ ਹਫ਼ਤੇ 3-8-2023 ਪੰਜਾਬ ਟਾਈਮਜ਼ ਦੇ ਅੰਕ 2989 ਦੇ ਪੰਨਾ 28 ਉੱਤੇ ਘੱਟ ਗਿਣਤੀਆਂ ਕਮਿਸ਼ਨ, ਭਾਰਤ ਸਰਕਾਰ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਦਾ ਲੇਖ ਛਪਿਆ ਹੈ : ਭੰਬਲ ਭੂਸੇ ਪਏ ਅਣਖੀਲੇ ਸ਼ੇਰ । ਹੈਰਾਨੀ ਦੀ ਗੱਲ ਹੈ ਕਿ ਭਾਰਤ ਦੀਆਂ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੂੰ ਮਨੀਪੁਰ ਵਿੱਚ ਘੱਟ ਗਿਣਤੀ ਤੇ ਸਰਕਾਰੀ ਸ਼ਹਿ ਨਾਲ ਹੋ ਰਹੇ ਅਤਿਆਚਾਰ ਬਾਰੇ ਬੋਲਣ ਦੀ ਬਜਾਏ ਪੰਥ ਖ਼ਾਲਸਾ ਦੇ ਅਣਖੀਲੇ ਸ਼ੇਰਾਂ ਨੂੰ ਭੰਬਲ ਭੂਸਾ ਪਾ ਕੇ ਭਾਜਪਾ ਦੇ ਨਾਲ ਰਲਾਉਣ ਦੀ ਜ਼ਿਆਦਾ ਕਾਹਲੀ ਹੈ । ਸ: ਇਕਬਾਲ ਸਿੰਘ ਲਾਲਪੁਰਾ ਅਣਖੀਲੇ ਸ਼ੇਰਾਂ (ਸਿੱਖੀ ਸਪਿਰਟ ਨੂੰ ਪਰਨਾਏ ਹੋਏ ਸਿੱਖ) ਨੂੰ ਬੜੀ ਪ੍ਰਭਾਵਸ਼ਾਲੀ ਸ਼ਬਦਾਵਲੀ ਨਾਲ ਭੰਬਲ ਭੂਸਾ ਪਾਉਂਦੇ ਹੋਏ ਲਿਖਦੇ ਹਨ : ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਉਨ੍ਹਾਂ ਦੇ ਨਾ ਨਾਲ ਜੀਊਂਦੀ ਹੈ, ਭਾਵ ਗੁੁਰੂਆਂ ਦੇ ਉਪਦੇਸ਼ ਤੇ ਆਦੇਸ਼ ਪੰਜਾਬੀ ਜੀਵਨ ਕੇ ਸਭਿਆਚਾਰ ਦਾ ਅਨਿਖੜਵਾਂ ਅੰਗ ਹਨ । ਗੁਰੂ ਸਾਹਿਬਾਨ ਨੇ ਜੇ ਜੀਵੇ ਪਤਿ ਲਥੀ ਜਾਏ ਸਭ ਹਰਾਮ ਜੇਤਾ ਕਿਛੁ ਖਾਇ ॥ ਜਉ ਤਉ ਪੇ੍ਰਮ ਖੇਲਣ ਕਾ ਚਾਉ ਸਿਰੁ ਧਰਿ ਗਲੀ ਮੇਰੀ ਆਉ ॥ ਜਾਣੋਹੁ ਜੋਤਿ ਨ ਪੂਛੋ ਜਾਤੀ ਆਗੇ ਜਾਤ ਨਾ ਹੇ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਨ ਤੇ ਏਕ ਪਿਤਾ ਏਕਸ ਹਮ ਬਾਰਿਕ ਦੇ ਹੁਕਮਾਂ ਨਾਲ ਸੰਤ ਸਿਪਾਹੀ ਦਾ ਸੁਮੇਲ ਮਨੱੁਖ ਅਣਖੀਲੇ ਸ਼ੇਰ ਭਾਵ ਸਿੰਘ ਤੋਂ ਦੇਵਤੇ ਬਣਾ ਦਿੱਤੇ ਜੋ ਦੁਨੀਆਂ ਭਰ ਵਿੱਚ ਲੰਗਰ ਲਈ ਬੈਠੇ ਤੇ ਹਰ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਵੇਖੇ ਜਾਂਦੇ ਹਨ । ਦੇਸ਼, ਕੌਮ ਦੀ ਅਣਖ ਤੇ ਅਜ਼ਾਦੀ ਲਈ ਇਹ ਸਵਾ ਲੱਖ ਨਾਲ ਵੀ ਲੜ ਜਾਂਦਾ ਹੈ, ਇਸ ਗੱਲ ਦੀ ਵੀ ਇਤਿਹਾਸ ਗਵਾਹੀ ਭਰਦਾ ਹੈ । ਰਾਜ ਸੰਕਲਪ ਵੀ ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਲ ਸਪੱਸ਼ਟ ਹੈ । ਹੁਣ ਇਥੇ ਵਿਚਾਰਨ ਯੋਗ ਤੱਥ ਇਹ ਵੀ ਹੈ ਕਿ ਜਿਥੇ ਸ: ਇਕਬਾਲ ਸਿੰਘ ਲਾਲਪੁਰਾ ਸਿੱਖੀ ਸਰੂਪ ਵਿੱਚ ਹਨ ਉਥੇ ਉਹ ਉਸ ਹਿੰਦੂਤਵੀ ਰਾਜਨੀਤਕ ਪਾਰਟੀ ਭਾਜਪਾ ਦੇ ਮੈਂਬਰ ਵੀ ਹਨ, ਜਿਹੜੀ ਭਾਜਪਾ ਉਨ੍ਹਾਂ ਸਾਰੇ ਸਿੱਖੀ ਸਿਧਾਂਤਾਂ, ਸਿੱਖੀ ਸੰਕਲਪਾਂ ਦੀ ਕੱਟੜ ਵਿਰੋਧੀ ਹੈ ਜਿਨ੍ਹਾਂ ਦਾ ਜ਼ਿਕਰ ਸ: ਇਕਬਾਲ ਸਿੰਘ ਲਾਲਪੁਰੇ ਨੇ ਆਪਣੇ ਲੇਖ ਭੰਬਲ ਭੂਸੇ ਪਏ ਅਣਖੀਲੇ ਸ਼ੇਰ ਵਿੱਚ ਕੀਤਾ ਹੈ । ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਦਾ ਸੰਕਲਪ ਤਾਂ ਬਹੁਤ ਦੂਰ ਦੀ ਗੱਲ ਹੈ । ਭਾਜਪਾ ਨੇ ਤਾਂ ਅਨੰਦਪੁਰ ਦੇ ਮਤੇ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਅਨੰਦਪੁਰ ਦੇ ਮਤੇ ਵਿੱਚ ਸੂਬੇ ਦੇ ਵੱਧ ਅਧਿਕਾਰਾਂ ਦੇ ਨਾਲ ਨਾਲ ਇਹ ਪ੍ਰਮੁੱਖ ਮਦ ਵੀ ਸ਼ਾਮਿਲ ਸੀ ਕਿ : ਸਿੰਘਾਂ ਵਿੱਚ ਪੰਥਕ ਅਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼-ਕਾਲ ਘੜਨਾ, ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਉ ਪੂਰਨ ਤੌਰ &lsquoਤੇ ਮੂਰਤੀਮਾਨ ਤੇ ਪ੍ਰਜਵਲਤ ਹੋ ਸਕੇ । ਸ: ਪ੍ਰਕਾਸ਼ ਸਿੰਘ ਬਾਦਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਸ ਨੇ ਅਨੰਦਪੁਰ ਦੇ ਮਤੇ ਬਾਰੇ ਬੋਲਦਿਆਂ ਕਿਹਾ ਸੀ ਕਿ ਕਾਂਗਰਸ, ਕਾਮਰੇਡ ਤੇ ਹੋਰ ਪਾਰਟੀਆਂ ਸਿਰਫ਼ ਵਿਰੋਧ ਵਜੋਂ ਹੀ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਮਤੇ (ਅਨੰਦਪੁਰ ਦਾ ਮਤਾ) ਦਾ ਵਿਰੋਧ ਕਰ ਰਹੀਆਂ ਹਨ । ਉਨ੍ਹਾਂ ਨੇ ਆਖਿਆ ਸੀ ਕਿ ਸਰਕਾਰ ਵਿੱਚ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਗੱਲ ਕਰਕੇ ਇਸ ਪ੍ਰਸਤਾਵ ਨੂੰ ਉਹ ਅਗਲੀਆਂ ਪਾਰਲੀਮੈਂਟ ਚੋਣਾਂ ਵਿੱਚ ਕੌਮੀ ਗੱਠਜੋੜ ਦੇ ਮੈਨੀਫੈਸਟੋ ਵਿੱਚ ਸ਼ਾਮਿਲ ਕਰਵਾਉਣ ਦਾ ਯਤਨ ਕਰਨਗੇ । ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਹ ਗਲਤ ਫਹਿਮੀ ਉਦੋਂ ਦੂਰ ਹੋ ਗਈ ਸੀ ਜਦੋਂ ਪੰਜਾਬ ਭਾਜਪਾ ਦੇ ਤਤਕਾਲੀ ਸੀਨੀਅਰ ਨੇਤਾ ਬਲਰਾਜ ਜੀ ਦਾਸ ਟੰਡਨ ਨੇ ਦੋ-ਟੁੱਕ ਜਵਾਬ ਦਿੰਦਿਆਂ ਕਿਹਾ ਸੀ ਕਿ ਅਨੰਦਪੁਰ ਦੇ ਮਤੇ ਨੂੰ ਸਾਂਝੇ ਗੱਠਜੋੜ ਜਾਂ ਅਕਾਲੀ ਦਲ-ਭਾਜਪਾ ਦੇ ਆਪਸੀ ਸਹਿਯੋਗ ਦਾ ਹਿੱਸਾ ਬਣਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਕਿਉਂਕਿ ਇਸ ਮਤੇ (ਅਨੰਦਪੁਰ ਦੇ ਮਤੇ) ਦੀ ਪਛਾਣ ਵੱਖਵਾਦ ਨਾਲ ਜੁੜੀ ਹੋਈ ਹੈ । ਗੁਰੂ ਖ਼ਾਲਸਾ ਪੰਥ ਸਿੱਖ ਕੌਮ ਦੀ ਗੁਰੂ ਸਾਹਿਬੀ ਵੱਲੋਂ ਸਥਾਪਤ ਅਤੇ ਵਰੋਸਾਈ ਜਥੇਬੰਦੀ ਹੈ ਖ਼ਾਲਸਾ ਪੰਥ । ਇਹ ਜਥੇਬੰਦੀ ਅਭਿੰਨ ਅਤੇ ਅਟੁੱਟ ਹੈ । ਸ: ਇਕਬਾਲ ਸਿੰਘ ਲਾਲਪੁਰੇ ਨੂੰ ਇਸ ਗੱਲ ਦਾ ਵੀ ਭਲੀ ਭਾਂਤ ਗਿਆਨ ਹੈ ਕਿ ਸਿੱਖ ਕੌਮ (ਭੰਬਲ ਭੂਸੇ ਪਏ ਅਣਖੀਲੇ ਸ਼ੇਰ) ਦੀ ਕੋਈ ਵੀ ਇਕ ਸੰਸਥਾ, ਜਮਾਤ, ਦਲ ਜਾਂ ਵੋਟ ਪ੍ਰਣਾਲੀ ਨਾਲ ਚੁਣੀ ਹੋਈ ਜਥੇਬੰਦੀ ਆਪਣੇ ਆਪ ਨੂੰ ਜਾਂ ਆਪਣੇ ਵੱਲੋਂ ਸੱਦੇ ਧੜੇਬੰਦਕ ਇਕੱਠ ਨੂੰ ਪੰਥ ਨਹੀਂ ਆਖ ਸਕਦੀ । ਫਿਰ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਇੰਜ ਦੀ ਹੀ ਕੋਈ ਹੋਰ ਕਮੇਟੀ, ਪੰਥ ਖ਼ਾਲਸਾ ਜੀ ਦੀ ਸਮੁੱਚੀ ਮਰਜੀ ਦਾ ਪ੍ਰਤੀਨਿੱਧ ਇਕੱਠ ਹੀ ਹੁੰਦਾ ਹੈ । ਪੰਥ ਸਿੱਖਾਂ ਵਿੱਚ ਕੰਮ ਕਰ ਰਹੀ ਸਿੱਖੀ ਸਪਿਰਟ ਨੂੰ ਕਹਿੰਦੇ ਹਨ ਜੋ ਦਸਾਂ ਸਤਿਗੁਰੂਆਂ ਨੇ ਸਿੱਖਾਂ ਵਿੱਚ ਭਰੀ । ਕਈ ਵਾਰ ਇਹ ਸਿੱਖੀ ਸਪਿਰਟ ਥੋੜੇ੍ਹ ਜਿਹੇ ਸਿੱਖਾਂ ਵਿੱਚ ਰਹਿ ਜਾਂਦੀ ਹੈ ਤੇ ਬਹੁਤਿਆਂ ਵਿੱਚੋਂ ਮਰ ਜਾਂਦੀ ਹੈ (ਜਿਵੇਂ ਅੱਜ ਕੱਲ੍ਹ ਮਰ ਚੁੱਕੀ ਹੈ) ਥੋੜ੍ਹੇ ਜਿਹੇ ਸਿੱਖਾਂ ਵਿੱਚ ਬਚੀ ਸਿੱਖੀ ਸਪਿਰਟ ਵੀ ਪੰਥ ਨੂੰ ਪੁਨਰ ਸੁਰਜੀਤ ਕਰਨ ਦੇ ਸਮਰੱਥ ਹੈ । ਖ਼ਾਲਸਾ ਪੰਥ ਹੀ ਇਕ ਅਜਿਹੀ ਦੈਵੀ ਸੰਸਥਾ ਹੈ ਜਿਸ ਨੇ ਹਿੰਦੂ ਰਾਸ਼ਟਰ ਦੇ ਰੱਥ ਦੀਆਂ ਲਗਾਮਾਂ ਫੜਨੀਆਂ ਹਨ । ਖ਼ਾਲਸਾ ਪੰਥ ਦੇ ਅਣਖੀਲੇ ਸ਼ੇਰ ਕਿਸੇ ਦੇ ਵੀ ਪਾਏ ਭੰਬਲ ਭੂਸਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਦਸ਼ਮੇਸ਼ ਪਿਤਾ ਦੇ ਨਿਸ਼ਚਿਤ ਕੀਤੇ ਰਾਜਸੀ ਨਿਸ਼ਾਨੇ ਰਾਜ ਕਰੇਗਾ ਖ਼ਾਲਸਾ ਦੀ ਮੰਜ਼ਿਲ ਵੱਲ ਵੱਧਦੇ ਰਹਿਣਗੇ, ਕਿਉਂਕਿ ਖ਼ਾਲਸੇ ਦਾ ਨਿਸ਼ਾਨਾ ਹੀ ਆਜ਼ਾਦੀ ਜਾਂ ਮੌਤ ਹੈ । ਸਿੱਖ ਬਣਕੇ ਦਸਮ ਪਾਤਸ਼ਾਹ ਦਾ ਜਿਹੜਾ ਪ੍ਰਥਾ ਨੀ ਖ਼ਾਲਸਾ ਪੰਥ ਹੈ ਜੇ ਉਸ ਰੂਪ ਵਿੱਚ ਜਿਊਂਦੇ ਨਾ ਰਹੇ ਤਾਂ ਉਦੇ ਨਾਲੋਂ ਮਾਰ ਜਾਣਾ ਚੰਗਾ । ਜਦੋਂ ਉੱਤਰੀ ਭਾਰਤ ਦੇ ਮੱਧ ਵਿੱਚ ਸਿੱਖ ਗਣਤੰਤਰ ਰਾਜ, ਜਿਸ ਵਿੱਚ ਸਿੱਖਾਂ ਨੇ ਸਿੱਖ ਗੁਰੂਆਂ ਰਾਹੀਂ ਘੋਸ਼ਣਾ ਕੀਤੇ (ਰਾਜ ਕਰੇਗਾ ਖ਼ਾਲਸਾ) ਰਾਜਨੀਤੀ ਅਤੇ ਨੈਤਿਕਤਾ ਦੇ ਮਹਾਨ ਸਿਧਾਂਤਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਤੋਂ ਮਗਰੋਂ ਲਗਪਗ ਅੱਧੀ ਸਦੀ (1716 ਤੋਂ 1765) ਦਾ ਸਮਾਂ ਸਿੱਖਾਂ ਉੱਪਰ ਬੇ-ਰਹਿਮ ਜੁਲਮ ਕੁਲਨਾਸ਼ ਕਤਲੇਆਮ ਦਾ ਸਮਾਂ ਹੈ । ਸਿੱਖਾਂ ਉੱਤੇ ਮੁਸਲਮਾਨੀ ਰਾਜ ਦੇ ਹਿੰਦੂ ਅਹਿਲਕਾਰਾਂ ਰਾਹੀਂ ਇਹ ਜ਼ੁਲਮ ਅਤੇ ਕਤਲੇਆਮ ਉਸ ਸਮੇਂ ਏਸ਼ੀਆ ਦੀਆਂ ਦੋ ਮਹਾਨ ਆਪਾ ਪਸਾਰ ਵਿੱਚ ਲੱਗੀਆਂ ਸਲਤਨਤਾਂ ਨੇ ਕੀਤਾ, ਇਹ ਸਲਤਨਤਾਂ ਸਨ ਮੁਗ਼ਲ ਅਤੇ ਪਠਾਣ । ਪਰ ਖ਼ਾਲਸੇ ਨੇ ਦੋਹਾਂ ਹੀ ਸਲਤਨਤਾਂ ਦੀਆਂ ਗੋਡਣੀਆਂ ਲੁਆ ਕੇ 1765 ਈ: ਨੂੰ ਪੰਜਾਬ ਉੱਤੇ ਖ਼ਾਲਸਾ ਰਾਜ ਸਥਾਪਤ ਕਰ ਲਿਆ । ਘੱਟ ਗਿਣਤੀਆਂ ਕਮਿਸ਼ਨ, ਭਾਰਤ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਦੇ ਧਿਆਨ ਵਿੱਚ ਅਸੀਂ ਸੰਭਾਵੀ ਹਿੰਦੂ ਰਾਸ਼ਟਰ ਦੇ ਹਿੰਦੂ ਰਾਸ਼ਟਰਵਾਦੀਆਂ ਦੀਆਂ ਗਤੀਵਿਧੀਆਂ ਵੱਲ ਵੀ ਧਿਆਨ ਦਿਵਾਉਣਾ ਚਾਹੁੰਦੇ ਹਾਂ, ਹਿੰਦੂਆਂ ਨੂੰ ਇਕ ਜੁੱਟ ਕਰਨ ਦਾ ਦਾਅਵਾ ਕਰਨ ਵਾਲੀ ਭਾਜਪਾ ਯੂ।ਪੀ। ਵਿੱਚ ਦਲਿਤਾਂ ਨੂੰ ਜਾਟਵਾਂ ਅਤੇ ਗੈਰ-ਜਾਟਵਾਂ ਵਿੱਚ ਵੰਡਦੀ ਹੈ । ਪਛੜੀਆਂ ਸ਼੍ਰੇਣੀਆਂ ਨੂੰ ਯਾਦਵ ਅਤੇ ਗੈਰ ਯਾਦਵ ਵਿੱਚ ਵੰਡਦੀ ਹੈ । ਹਰਿਆਣਾ ਵਿੱਚ ਜਾਟ ਬਨਾਮ ਗੈਰ ਜਾਟ ਰਾਜਨੀਤੀ ਚੱਲ ਰਹੀ ਹੈ । ਜਿਵੇਂ ਝਾਰਖੰਡ ਵਿੱਚ ਕਬਾਇਲੀ ਬਨਾਮ ਗੈਰ ਕਬਾਇਲੀ ਦਾ ਖੇਡ ਚੱਲਦਾ ਹੈ । ਮਨੀਪੁਰ ਵਿੱਚ ਕੁਕੀ ਅਤੇ ਮੈਤਈ ਦਰਮਿਆਨ ਹੋ ਰਹੀਆਂ ਹਿੰਸਕ ਘਟਨਾਵਾਂ ਅਤੇ ਘੱਟ ਗਿਣਤੀ ਦੀਆਂ ਔਰਤਾਂ ਨੂੰ ਨਗਨ ਕਰਕੇ ਸੜਕਾਂ ਉੱਤੇ ਘੁਮਾਉਣ ਦੀਆਂ ਘਟਨਾਵਾਂ ਨੇ ਭਾਜਪਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ । ਭਾਜਪਾ ਨਫਰਤ ਨੂੰ ਹਥਿਆਰ ਬਣਾ ਕੇ ਅਨੈਤਿਕ ਤਰੀਕੇ ਨਾਲ ਮੁਲਕ ਵਿੱਚ ਜ਼ਹਿਰ ਫੈਲਾ ਰਹੀ ਹੈ । ਨਫਰਤ ਭਰਪੂਰ ਮਾਹੌਲ ਵਿੱਚ ਭਾਰਤ ਦੀ ਨਵੀਂ ਪਾਰਲੀਮੈਂਟ ਦੇ ਉਦਘਾਟਨ ਵਾਲੇ ਦਿਨ ਅਧਨੰਗੇ ਬ੍ਰਾਹਮਣਾਂ ਨੇ ਨਰਿੰਦਰ ਮੋਦੀ ਦੇ ਰੂਪ ਵਿੱਚ ਹਿੰਦੂ ਰਾਸ਼ਟਰ ਦੇ ਨਵੇਂ ਪੇਸ਼ਵਾ ਦੀ ਤਾਜਪੋਸ਼ੀ ਕੀਤੀ ਅਤੇ ਭਾਰਤੀ ਲੋਕਤੰਤਰ ਨੂੰ ਰਾਜਾ ਸ਼ਾਹੀ ਵਿੱਚ ਬਦਲਣ ਲਈ ਬ੍ਰਾਹਮਣਾਂ ਨੇ ਰਾਜ ਦੰਡ ਦੀ ਸੇਂਗੋਲ ਭਾਰਤ ਦੇ ਨਵੇਂ ਬਣੇ ਬਾਦਸ਼ਾਹ ਨਰਿੰਦਰ ਮੋਦੀ ਨੂੰ ਭੇਟ ਕੀਤੀ ਤੇ ਨਰਿੰਦਰ ਮੋਦੀ ਨੇ ਰਾਜ ਦੰਡ ਦੀ ਸੇਂਗੋਲ ਨੂੰ ਪਹਿਲਾਂ ਲੰਮੇ ਪੈ ਕੇ ਡੰਡਾਉਤ ਕੀਤੀ ਤੇ ਫਿਰ ਉਸ ਨੂੰ ਨਵੀਂ ਬਣੀ ਪਾਰਲੀਮੈਂਟ ਵਿੱਚ ਸਥਾਪਤ ਕਰ ਦਿੱਤਾ । ਭਾਰਤ ਵਾਸੀਆਂ ਨੂੰ ਹੁਣ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਹੁਣ ਭਾਰਤ ਵਿੱਚ ਲੋਕਤੰਤਰੀ ਸੰਵਿਧਾਨ ਨਹੀਂ ਸਗੋਂ ਮਨੂੰ ਸਿਮਰਤੀ ਦਾ ਵਿਧਾਨ ਲਾਗੂ ਹੈ, ਜਿਸ ਤਹਿਤ ਉੱਚ ਜਾਤੀਏ ਘੱਟ ਗਿਣਤੀਆਂ &lsquoਤੇ ਜਿੰਨਾ ਮਰਜੀ ਅਤਿਆਚਾਰ ਕਰਨ ਉਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ । ਇਸ ਕਰਕੇ ਹੀ ਘੱਟ ਗਿਣਤੀਆਂ ਕਮਿਸ਼ਨ ਦਾ ਚੇਅਰਮੈਨ ਬੇ-ਵੱਸ ਹੋਇਆ ਜਾਪਦਾ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਰਾਜ ਦੰਡ ਕਿਸੇ ਵੀ ਦੌਰ ਵਿੱਚ ਰਾਜਾ ਸ਼ਾਹੀ ਦਾ ਪ੍ਰਤੀਕ ਹੋ ਸਕਦਾ ਹੈ, ਕਿਸੇ ਲੋਕਤੰਤਰੀ ਪ੍ਰਣਾਲੀ ਦਾ ਹਰਗਿਜ਼ ਨਹੀਂ । ਅੰਤ ਵਿੱਚ ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਨਾਲ ਸਮਾਪਤੀ ਕਰਦਾ ਹਾਂ : ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜ੍ਹਿਆ ਨਾਉ ॥ ਫਾਂਸੀ ਲਗੀ ਜਾਤਿ ਫਹਾਇਨ ਅਗੈ ਨਾਹੀ ਥਾਉ ॥ (ਗੁ: ਗ੍ਰੰ: ਸਾ: ਪੰਨਾ 1288)
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ