image caption: -ਰਜਿੰਦਰ ਸਿੰਘ ਪੁਰੇਵਾਲ
ਪੰਜਾਬ ਦੇ ਕਿਸਾਨੋ ਜ਼ਮੀਨਾਂ ਨਾ ਵੇਚੋ, ਬਾਰਡਰ ਜ਼ਲਦੀ ਖੁਲਣਗੇ
ਬੀਤੇ ਦਿਨੀਂ ਪਾਕਿਸਤਾਨ ਦੇ ਨਵੇਂ ਨਿਯੁਕਤ ਕਾਰਜਕਾਰੀ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨੇ ਭਾਰਤ ਅਤੇ ਹੋਰ ਦੇਸ਼ਾਂ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਅਤੇ ਚੀਨ ਸਮੇਤ ਸਾਰੀਆਂ ਵੱਡੀਆਂ ਸ਼ਕਤੀਆਂ ਨਾਲ ਨਜ਼ਦੀਕੀ ਸਬੰਧ ਬਣਾਉਣਗੇ| ਇਸ ਦੇ ਨਾਲ ਹੀ ਅਸੀਂ ਭਾਰਤ ਨਾਲ ਸਬੰਧ ਸੁਧਾਰਾਂਗੇ ਅਤੇ ਖਾੜੀ ਖੇਤਰ ਨਾਲ ਸਹਿਯੋਗ ਵਧਾਵਾਂਗੇ| ਅਖਬਾਰ ਐਕਸਪ੍ਰੈਸ ਟ੍ਰਿਬਿਊਨ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਅਸੀਂ ਇਸ ਦਿਸ਼ਾ ਵਿੱਚ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਪਾਕਿਸਤਾਨ ਕਿਸੇ ਵੀ ਧੜੇ ਦੀ ਰਾਜਨੀਤੀ ਦਾ ਹਿੱਸਾ ਨਹੀਂ ਬਣੇਗਾ| ਅਮਰੀਕਾ-ਚੀਨ ਦੀ ਵਧਦੀ ਦੁਸ਼ਮਣੀ ਦੇ ਵਿਚਕਾਰ ਪਾਕਿਸਤਾਨ ਸਾਵਧਾਨੀ ਨਾਲ ਚੱਲ ਰਿਹਾ ਹੈ| ਪਾਕਿਸਤਾਨ ਨੇ ਦੋ ਵਾਰ ਅਮਰੀਕੀ ਰਾਸ਼ਟਰਪਤੀ ਦੇ ਲੋਕਤੰਤਰ ਸੰਮੇਲਨ ਵਿਚ ਹਿੱਸਾ ਨਹੀਂ ਲਿਆ| ਇਸ ਕਦਮ ਨੂੰ ਹਰ ਸਮੇਂ ਦੇ ਸਹਿਯੋਗੀ ਚੀਨ ਨੂੰ ਨਾਰਾਜ਼ ਨਾ ਕਰਨ ਦੀ ਸਪੱਸ਼ਟ ਕੋਸ਼ਿਸ਼ ਵਜੋਂ ਦੇਖਿਆ ਗਿਆ ਸੀ| ਇਸ ਦੇ ਨਾਲ ਹੀ ਪਾਕਿਸਤਾਨ ਅਮਰੀਕਾ ਨਾਲ ਕਰੀਬੀ ਸਬੰਧਾਂ ਤੇ ਵੀ ਜ਼ੋਰ ਦਿੰਦਾ ਹੈ| ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਨੂੰ ਸੰਭਾਵੀ ਡਿਫਾਲਟਰ ਹੋਣ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨਾਲ ਇੱਕ ਵਾਧੂ ਸਮਝੌਤੇ ਤੇ ਹਸਤਾਖਰ ਕਰਨ ਵਿੱਚ ਅਮਰੀਕਾ ਨੇ ਮੁੱਖ ਭੂਮਿਕਾ ਨਿਭਾਈ ਹੈ| ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ  ਹੁਣੇ ਜਿਹੇ ਪਾਕਿਸਤਾਨ ਦੀ ਆਰਥਿਕ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ ਕਰਨ ਦਾ ਭਰੋਸਾ ਦਿਵਾਇਆ ਸੀ|   ਇਸ ਸਾਲ ਚੋਣਾਂ ਨਾ ਹੋਣ ਦੇ ਮੱਦੇਨਜ਼ਰ ਜਿਲਾਨੀ ਨੂੰ ਵਿਦੇਸ਼ ਨੀਤੀ ਦੀਆਂ ਕਈ ਗੰਭੀਰ ਚੁਣੌਤੀਆਂ ਨਾਲ ਨਜਿੱਠਣਾ ਪੈ ਸਕਦਾ ਹੈ| 
ਯਾਦ ਰਹੇ ਕਿ 2016 ਵਿੱਚ ਪਠਾਨਕੋਟ ਵਿੱਚ ਭਾਰਤੀ ਹਵਾਈ ਸੈਨਾ ਦੇ ਅੱਡੇ ਅਤੇ ਫਿਰ 2019 ਵਿੱਚ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਤੋਂ ਹੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਤਣਾਅਪੂਰਨ ਬਣੇ ਹੋਏ ਹਨ| ਇਸ ਤੋਂ ਬਾਅਦ 5 ਅਗਸਤ 2019 ਨੂੰ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਤਾਂ ਰਿਸ਼ਤੇ ਹੋਰ ਵਿਗੜ ਗਏ ਸਨ| ਹੁਣ ਮਸਲਾ ਕਸ਼ਮੀਰ ਦੇ ਵਿਸ਼ੇਸ਼ ਦਰਜ਼ੇ ਉਪਰ ਅੜਿਆ ਹੋਇਆ ਹੈ| ਅਮਰੀਕਾ ਇਸ ਮੁਦੇ ਨੂੰ ਹੱਲ ਕਰਾਕੇ ਦੋਹਾਂ ਦੇ ਬਾਰਡਰ ਖੁਲਵਾਉਣਾ ਚਾਹੁੰਦਾ ਹੈ| ਵਿਸ਼ਵ ਅੰਨ ਸੰਕਟ ਦੀ ਸੰਭਾਵਨਾ ਕਾਰਣ ਦੋਹਾਂ ਦੇਸਾਂ ਨੂੰ ਲਾਜ਼ਮੀ ਬਾਰਡਰ ਖੋਲਣੇ ਪੈਣਗੇ| ਪਾਕਿਸਤਾਨੀ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਕਾਮਰਾਨ ਯੂਸਫ ਦਾ ਕਹਿਣਾ ਸੀ ਕਿ ਪਾਕਿਸਤਾਨ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਭਾਰਤ ਪ੍ਰਤੀ ਆਪਣੀ 76 ਸਾਲ ਪੁਰਾਣੀ ਅੜੀਅਲ ਨੀਤੀ ਛੱਡ ਸਕਦਾ ਹੈ| ਉਨ੍ਹਾਂ ਕਿਹਾ ਕਿ ਅਰਬ ਦੇਸ਼ ਪਾਕਿਸਤਾਨ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਸਕਦੇ ਹਨ, ਜੋ ਹੁਣ ਪਾਕਿਸਤਾਨ ਦੇ ਅੰਦਰ ਅਰਬਾਂ ਡਾਲਰ ਨਿਵੇਸ਼ ਕਰਨ ਦੀ ਤਿਆਰੀ ਕਰ ਰਹੇ ਹਨ| ਕਾਮਰਾਨ ਨੇ ਕਿਹਾ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੋਵਾਂ ਨਾਲ ਭਾਰਤ ਦੀ ਦੋਸਤੀ ਹਾਲ ਹੀ ਦੇ ਸਾਲਾਂ ਵਿੱਚ ਮਜ਼ਬੂਤ ? ਹੋਈ ਹੈ| ਪਹਿਲਾਂ ਇਹ ਦੋਵੇਂ ਦੇਸ਼ ਭਾਰਤ ਦੇ ਖਿਲਾਫ ਹਰ ਫਰੰਟ ਤੇ ਪਾਕਿਸਤਾਨ ਦੀ ਮਦਦ ਕਰਦੇ ਸਨ ਪਰ ਹੁਣ ਸਥਿਤੀ ਬਦਲ ਗਈ ਹੈ|
 ਯੂਏਈ ਅਤੇ ਸਾਊਦੀ ਅਰਬ ਚਾਹੁੰਦੇ ਹਨ ਕਿ ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ਆਮ ਵਾਂਗ ਰਹਿਣ|  ਪਾਕਿਸਤਾਨ ਦੇ ਮੌਜੂਦਾ ਆਰਮੀ ਚੀਫ ਜਨਰਲ ਮੁਨੀਰ ਨੇ ਵੀ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ, ਜਿਸ ਨਾਲ ਭਾਰਤ ਨਾਲ ਸਬੰਧ ਵਿਗੜਨ | ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਆ ਰਹੀ ਹੈ, ਜਿਸ ਨੂੰ ਫੌਜ ਨੇ ਮਨਜ਼ੂਰੀ ਦੇ ਦਿੱਤੀ ਹੈ| ਇਸ ਸਥਿਤੀ ਨੂੰ ਦੇਖਦਿਆਂ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀਆਂ| ਖੇਤੀ ਵਸਤਾਂ ਤੇ ਖੇਤੀ ਇੰਡਸਟਰੀ ਉਸਰਨ ਤੇ ਬਾਰਡਰ ਖੁਲਣਤੋਂ ਬਾਅਦ  ਪੰਜਾਬ ਦੀ ਖੇਤੀ ਆਰਥਿਕਤਾ ਮਜਬੂਤ ਹੋਵੇਗੀ| ਜ਼ਮੀਨਾਂ ਦੇ ਮੁੱਲ ਵਧ ਜਾਣਗੇ| ਸੋ ਪੰਜਾਬ ਦੇ ਕਿਸਾਨਾਂ ਨੂੰ ਵਿਦੇਸ਼ਾਂ ਵਲ ਜਾਣ ਦੀ ਥਾਂ ਪੰਜਾਬ ਸੰਭਾਲਣ ਦੀ ਲੋੜ ਹੈ| ਸਾਂਝੀ ਖੇਤੀ ਤੇ ਇੰਡਸਟਰੀ ਬਿਨਾਂ ਪੰਜਾਬ ਦੇ ਕਿਸਾਨਾਂ ਕੋਲ ਚਾਰਾ ਨਹੀਂ| ਪੰਜਾਬ ਸਰਕਾਰ ਤੇ ਸ੍ਰੋਮਣੀ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਬਾਰੇ ਮੋਰਚਾ ਸੰਭਾਲਣ ਦੀ ਲੋੜ ਹੈ| ਪੰਜਾਬ ਤੇ ਹਰਿਆਣਾ ਕਾਰਣ ਭਾਰਤ ਵਿਸ਼ਵ ਆਰਥਿਕ ਮਾਡਲ ਬਣੇਗਾ| ਤੇਜੀ ਨਾਲ ਪੰਜਾਬ ਵਿਚ ਬਣ ਰਹੇ ਹਾਈਵੇ ਇਸ ਵਿਚਾਰ ਦਾ ਆਧਾਰ ਹਨ| 
  ਅਸੀਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਪਿਆਰ ਤੇ ਸਦਭਾਵਨਾ ਨੂੰ ਹੋਰ ਅੱਗੇ ਵਧਾਉਣ ਅਤੇ ਇਸ ਮਾਧਿਅਮ ਰਾਹੀਂ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਬਿਹਤਰ ਬਣਾਉਣ ਲਈ ਕਰਤਾਰਪੁਰ ਦੇ ਲਾਂਘੇ ਰਾਹੀਂ ਯਾਤਰੂਆਂ ਦੀ ਗਿਣਤੀ ਵਧਾਉਣ ਲਈ ਯਾਤਰਾ ਦੇ ਨਿਯਮਾਂ ਨੂੰ ਹੋਰ ਵਧੇਰੇ ਸਰਲ ਬਣਾਉਣ| ਇਸ ਦਾ ਬਹੁਤ ਚੰਗਾ ਤੇ ਹਾਂ-ਪੱਖੀ ਪ੍ਰਭਾਵ ਇਸ ਖਿੱਤੇ ਵਿਚ ਪਵੇਗਾ| ਜੇਕਰ ਭਾਰਤ ਸਰਕਾਰ ਪਾਕਿਸਤਾਨ ਦੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੂੰ ਇਸ ਲਾਂਘੇ ਰਾਹੀਂ ਡੇਰਾ ਬਾਬਾ ਨਾਨਕ ਤਕ ਆਉਣ ਦੇਵੇ ਤਾਂ ਇਹ ਲਾਂਘਾ ਦੋ-ਪੱਖੀ ਹੋ ਜਾਏਗਾ ਤੇ ਇਸ ਨਾਲ ਸ਼ਰਧਾਲੂਆਂ ਦੀ ਯਾਤਰਾ ਨੂੰ ਹੋਰ ਵੀ ਵਧੇਰੇ ਹੁੰਗਾਰਾ ਮਿਲ ਸਕਦਾ ਹੈ| ਇਸ ਨਾਲ ਕਰਤਾਰਪੁਰ ਤੇ ਡੇਰਾ ਬਾਬਾ ਨਾਨਕ ਦਰਮਿਆਨ ਵਪਾਰਕ ਸਰਗਰਮੀਆਂ ਵੀ ਵਧ ਸਕਦੀਆਂ ਹਨ| ਸ਼ਰਧਾਲੂ ਆਪਣੀ ਪਸੰਦ ਦੀਆਂ ਚੀਜ਼ਾਂ-ਵਸਤਾਂ ਵੀ ਕਰਤਾਰਪੁਰ ਤੇ ਡੇਰਾ ਬਾਬਾ ਨਾਨਕ ਤੋਂ ਖਰੀਦ ਸਕਦੇ ਹਨ| ਭਾਰਤ ਤੇ ਪੰਜਾਬ ਸਰਕਾਰ ਖੇਤੀਬਾੜੀ ਦੇ ਮੁੜ ਨਿਰਮਾਣ ਲਈ ਅਗਲੇ ਪੰਜ ਸਾਲ ਦੇਵੇ| ਆਰਥਿਕ ਸੁਧਾਰਾਂ ਦੇ ਸਮੇਂ ਤੋਂ ਹੀ ਸਨਅਤ ਨੂੰ ਦਿੱਤੇ ਜਾਂਦੇ ਲਾਭਾਂ ਦੀ ਤਰਜ਼ ਤੇ ਖੇਤੀਬਾੜੀ ਨੂੰ ਓਨੇ ਸਾਧਨ, ਪ੍ਰੇਰਕ ਅਤੇ ਰਾਹਤ ਪੈਕੇਜ ਦਿੱਤੇ ਜਾਣ| ਸਾਡੀ ਤਵੱਕੋ ਸਿਰਫ਼ ਇੰਨੀ ਹੈ ਕਿ ਸਿਹਤਮੰਦ, ਦੌਲਤਮੰਦ ਅਤੇ ਮੁੜ ਪੈਦਾਵਾਰ ਦੇ ਸੁਧਾਰਾਂ ਦੇ ਨਵੇਂ ਦੌਰ ਵਿਚ ਵਧਣ ਫੁੱਲਣ ਲਈ ਛੋਟੀ ਕਿਸਾਨੀ ਅਤੇ ਵਾਤਾਵਰਨ ਦੇ ਲਿਹਾਜ਼ ਤੋਂ ਹੰਢਣਸਾਰ ਖੇਤੀਬਾੜੀ ਨੂੰ ਨਵੇਂ ਸਿਰਿਓਂ ਖੜ੍ਹਾ ਕੀਤਾ ਜਾਵੇ|          
   -ਰਜਿੰਦਰ ਸਿੰਘ ਪੁਰੇਵਾਲ