image caption:

ਆਪ ਸਰਕਾਰ ਨੇ ਝੋਨੇ ਦੇ ਨੁਕਸਾਨ ਲਈ ਮੁਆਵਜ਼ਾ ਕੇਂਦਰੀ ਨਿਯਮਾਂ ਅਨੁਸਾਰ 6800 ਰੁਪਏ ਪ੍ਰਤੀ ਏਕੜ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ: ਸੁਖਬੀਰ ਸਿੰਘ ਬਾਦਲ

ਸ਼ਾਹਕੋਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਦੇ ਝੋਨੇ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਕੇਂਦਰੀ ਨਿਯਮਾਂ ਅਨੁਸਾਰ 6800 ਰੁਪਏ ਪ੍ਰਤੀ ਏਕੜ &rsquoਤੇ ਸੀਮਤ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।


ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ &rsquoਚ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਵਿਚ ਅੱਜ ਗਿੱਦੜਪਿੰਡੀ ਦਾਣਾ ਮੰਡੀ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਨੇ ਸੂਬੇ ਦੇ ਫੰਡਾਂ ਨੂੰ ਗਹਿਣੇ ਰੱਖ ਕੇ ਸਰੋਤ ਜੁਟਾਂ ਕੇ ਵੱਧ ਮੁਆਵਜ਼ਾ ਦੇਣ ਵਾਸਤੇ ਕੰਮ ਨਹੀਂ ਕੀਤਾ।


ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਸ਼ਕ ਮੁਆਵਜ਼ਾ ਵੀ ਹਾਲੇ ਤੱਕ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਗਿਰਦਾਵਰੀ ਦਾ ਕੰਮ ਹਾਲੇ ਵੀ ਪੂਰਾ ਨਹੀਂ ਹੋਇਆ।
ਸਰਦਾਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਇਕ ਕੀਤਾ ਦੋਂ ਕਿ ਦੂਜਾ ਕੁਝ ਹੋਰ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ 2022 ਦੀਆਂ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਸਰਕਾਰ ਬਿਨਾਂ ਗਿਰਦਾਵਰੀਆਂ ਕੀਤਿਆਂ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇਗੀ। ਉਹਨਾਂ ਕਿਹਾ ਕਿ ਨਾ ਤਾਂ ਅਜਿਹਾ ਕੀਤਾ ਗਿਆ ਤੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਬਣਦਾ ਢੁਕਵਾਂ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਖੇਤ ਮਜ਼ਦੂਰਾਂ ਨੂੰ 20000 ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਜਿਹਨਾਂ ਦੇ ਘਰ ਤਬਾਹ ਹੋਏ ਉਹਨਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।


ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਹੜ੍ਹ ਮਨੁੱਖ ਵੱਲੋਂ ਸਹੇੜੀ ਤ੍ਰਾਸਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਲਈ ਇਕੱਲਿਆਂ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਹੜ੍ਹਾਂ ਦੀ ਰੋਕਥਾਮ ਵਾਸਤੇ ਕੋਈ ਮੀਟਿੰਗ ਨਹੀਂ ਕੀਤੀ ਤੇ ਬਾਅਦ ਵਿਚ ਭਾਖੜਾ ਤੇ ਪੌਂਗ ਡੈਮਾਂ ਤੋਂ ਪਾਣੀ ਛੱਡਣ ਮਗਰੋਂ ਇਸਦੀ ਨਿਕਾਸੀ ਦਾ ਸੁਚੱਜਾ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਗਈ। ਉਹਨਾਂ ਕਿਹਾ ਕਿ ਫਿਰੋਜ਼ਪੁਰ ਦੇ ਪਿੰਡਾਂ ਵਿਚ ਹੜ੍ਹ ਆਏ ਕਿਉਂਕਿ ਹਰੀਕੇ ਹੈਡਵਰਕਸ ਦੇ ਸਾਰੇ ਗੇਟ ਇਕੋ ਸਮੇਂ ਖੋਲ੍ਹ ਦਿੱਤੇਗਏ ਤੇ ਪਾਣੀ ਰਾਜਸਥਾਨ ਨਹਿਰ ਵਿਚ ਛੱਡਣ ਦੀ ਥਾਂ &rsquoਤੇ ਪਿੰਡਾਂ ਵਿਚ ਛੱਡ ਦਿੱਤਾ ਗਿਆ।


ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਲੈਣ ਵਾਸਤੇ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਣ। ਉਹਨਾਂ ਨੇ ਸਰਕਸਾਰ ਵੱਲੋਂ ਮਦਦ ਵਿਚ ਨਾ ਨਿਤਰਣ ਮਗਰੋਂ ਖੁਦ ਹੀ ਬੰਨ ਪੂਰਨ ਦੀ ਸ਼ਲਾਘਾ ਕੀਤੀ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀਪਾਰਟੀ ਤੇ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਇਕਜੁੱਟ ਹੋ ਗਏ ਹਨ ਜਿਸ ਕਾਰਨ ਸਰਕਾਰ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦਾ ਸਮਝੌਤਾ ਹੋ ਗਿਆ ਹੈ ਤੇ ਉਹਨਾਂ ਨੇ ਆਉਂਦੀਆਂ ਸੰਸਦੀ ਚੋਣਾਂ ਲੜਨ ਵਾਸਤੇ ਪੰਜਾਬ ਦੀਆਂ ਸੀਟਾਂ ਤੇ ਚੰਡੀਗੜ੍ਹ ਦੀ ਸੀਟ ਨੂੰ ਆਪਸ ਵਿਚ ਅੱਧੋ ਅੱਧ ਵੰਡ ਲਿਆ ਹੈ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਵਿਚ ਅਕਾਲੀ ਦਲ ਇਕਲੌਤੀ ਪਾਰਟੀ ਹੈ ਜੋ ਲੋਕਾਂ ਦੀਆਂ ਆਸਾਂ ਦੀ ਪ੍ਰਤੀਨਿਧਤਾ ਕਰੇਗੀ ਤੇ ਉਹਨਾਂ ਨੇ ਲੋਕਾਂ ਤੋਂ ਡਟਵੀਂ ਹਮਾਇਤ ਕਰਨ ਦੀ ਅਪੀਲ ਕੀਤੀ।


ਸੀਨੀਅਰ ਆਗੂ ਤੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਵੱਖ-ਵੱਖ ਕਾਰਨਾਂ ਕਰ ਕੇ ਖਿੱਤੇ ਵਿਚ ਹੜ੍ਹ ਬਹੁਤ ਜ਼ਿਆਦਾ ਆਏ ਤੇ ਇਹਨਾਂ ਕਾਰਨਾਂ ਵਿਚ ਰੋਪੜ ਹੈਡ ਵਰਕਸ ਤੋਂ ਪਾਣੀ ਛੱਡਿਆ ਜਾਣਾ ਅਤੇ ਦਿੱਲੀ-ਕੱਟੜਾ ਐਕਸਪ੍ਰੈਸਵੇਅ ਕਾਰਨ ਰੁਕਾਵਟ ਬਣਨਾ ਵੀ ਸ਼ਾਮਲ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਇਲਾਕੇ ਦੇ ਲੋਕਾਂ ਨੂੰ ਸਰਦਾਰ ਪ੍ਰਕਾਸ਼ ਸਿੰਘਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਢੁਕਵਾਂ ਮੁਆਵਜ਼ਾ ਦਿੱਤਾ ਗਿਆ ਸੀ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮੰਨਣ, ਬੱਚਿਤਰ ਸਿੰਘ ਕੋਹਾੜ, ਬਲਦੇਵ ਸਿੰਘ ਖਹਿਰਾ ਤੇ ਪਰਮਜੀਤ ਸਿੰਘ ਰੇੜੂ ਵੀ ਹਾਜ਼ਰ ਸਨ।