image caption:

ਆਪ ਸਰਕਾਰ ਦੋ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਬਰਖ਼ਾਸਤ ਇੰਸਪੈਕਟਰ ਨਵਦੀਪ ਸਿੰਘ ਨੂੰ ਜ਼ਮਾਨਤ ਹਾਸਲ ਕਰਨ ਤੇ ਸਬੂਤ ਤਬਾਹ ਕਰਨ ਵਾਸਤੇ ਸਮਾਂ ਦੇ ਰਹੀ ਹੈ: ਅਕਾਲੀ ਦਲ

 ਜਲੰਧਰ : ਸ਼੍ਰੋਮਣੀ ਅਕਾਲੀ ਦਲ ਨੇ ਦੋ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਬਰਖ਼ਾਸਤ ਇੰਸਪੈਕਟਰ ਨਵਦੀਪ ਸਿੰਘ ਨੂੰ ਜ਼ਮਾਨਤ ਹਾਸਲ ਕਰਨ ਤੇ ਸਬੂਤ ਮਿਟਾਉਣ ਦਾ ਸਮਾਂ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਨਵਦੀਪ ਸਿੰਘ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਕੇਸ ਵਿਚ ਸ਼ਾਮਲ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਜਾਵੇ।

ਅੱਜ ਇਥੇ ਦੋਵੇਂ ਭਰਾਵਾਂ ਮਾਨਵਜੀਤ ਸਿੰਘ ਢਿੱਲੋਂ ਤੇ ਜਸ਼ਨਜੀਤ ਸਿੰਘ ਢਿੱਲੋਂ ਦੇ ਪਿਤਾ ਨਾਲ ਮਿਲ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੋਵੇਂ ਭਰਾਵਾਂ ਵੱਲੋਂ ਇੰਸਪੈਕਟਰ ਨਵਦੀਪ ਸਿੰਘ, ਏ ਐਸ ਆਈ ਬਲਵਿੰਦਰ ਕੁਮਾਰ ਤੇ ਲੇਡੀ ਕਾਂਸਟੇਬਲ ਜਗਜੀਤ ਕੌਰ ਦੇ ਹੱਥੋਂ ਬੇਇੱਜ਼ਤ ਹੋਣ ਮਗਰੋਂ ਬਿਆਸ ਦਰਿਆ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ 24 ਦਿਨ ਬੀਤ ਗਏ ਹਨ। ਉਹਨਾਂ ਕਿਾ ਕਿ ਪਹਿਲਾਂ ਪੁਲਿਸ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਲੱਭਣ ਵਾਸਤੇ ਕੋਈ ਮਦਦ ਦੇਣ ਵਿਚ ਨਾਕਾਮ ਰਹੀ ਜਿਸਦਾ ਮਕਸਦ ਇਹ ਸੀ ਕਿ ਲਾਸ਼ਾਂ ਨਾ ਲੱਭਣ ਕਿਉਂਕਿ ਲਾਸ਼ਾਂ ਨਾ ਮਿਲਣ ਦੀ ਸੂਰਤ ਵਿਚ ਕਿਸੇ ਦੇ ਵੀ ਖਿਲਾਫ ਕੋਈ ਕਾਰਵਾਈ ਹੋ ਹੀ ਨਹੀਂ ਸਕਦੀ ਸੀ ਅਤੇ ਜਦੋਂ ਜਸ਼ਨਜੀਤ ਸਿੰਘ ਢਿੱਲੋਂ ਦੀ ਲਾਸ਼ ਲੱਭ ਗਈ ਤਾਂ ਇੰਸਪੈਕਟਰ ਨਵਦੀਪ ਸਿੰਘ ਤੇ ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਤਾਂ ਦਰਜ ਕਰ ਦਿੱਤਾ ਗਿਆ ਪਰ ਇਹਨਾਂ ਖਿਲਾਫ ਕਾਰਵਾਈ ਕੋਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਤਾਂ ਪਰਿਵਾਰ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਤੱਕ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਾ ਕਰਨ ਦੇ ਕੀਤੇ ਐਲਾਨ ਕਾਰਨ ਦਬਾਅ ਸੀ ਜਿਸਦੇ ਚਲਦੇ ਇੰਸਪੈਕਟਰ ਨਵਦੀਪ ਸਿੰਘ ਨੂੰ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਤਾਂ ਕਰ ਦਿੱਤੇ ਗਏ ਪਰ ਨਾ ਤਾਂ ਉਸਨੂੰ ਤੇ ਨਾ ਹੀ ਕੇਸ ਵਿਚ ਸ਼ਾਮਲ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਸਰਦਾਰ ਮਜੀਠੀਆ ਨੇ ਸਰਕਾਰ ਨੂੰ ਆਖਿਆ ਕਿ ਉਹ ਨਵਦੀਪ ਸਿੰਘ ਗ੍ਰਿਫਤਾਰ ਨਾ ਕਰ ਕੇ ਸਮਾਂ ਖਰਾਬ ਨਾ ਕਰੇ ਤੇ ਉਸਨੂੰ ਤੁਰੰਤ ਗ੍ਰਿਫਤਾਰ ਕਰੇ ਤੇ ਦੋ ਹੋਰ ਦੋਸ਼ੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਉਹਨਾਂ ਮੰਗ ਕੀਤੀ ਜਿਹਨਾਂ ਨੇ ਇੰਸਪੈਕਟਰ ਨਵਦੀਪ ਸਿੰਘ ਦੀ ਪੁਸ਼ਤਪਨਾਹੀ ਕੀਤੀ ਉਹਨਾਂ ਖਿਲਾਫ ਕੇਸ ਵਿਚ ਧਾਰਾ 120 ਬੀ ਤਹਿਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸਥਾਨਕ ਵਿਧਾਇਕ ਰਮਨ ਅਰੋੜਾ ਨੇ ਦਾਗੀ ਪੁਲਿਸ ਮੁਲਾਜ਼ਮਾਂ ਦੀ ਪੁਸ਼ਤ ਪਨਾਹੀ ਕੀਤੀ ਹੈ ਤੇ ਉਸਨੇ ਹੀ ਇਹ ਯਕੀਨੀ ਬਣਾਇਆ ਕਿ ਇੰਸਪੈਕਟਰ ਨਵਦੀਪ ਸਿੰਘ ਦੀ ਤਾਇਨਾਤੀ ਉਹਨਾਂ ਪੁਲਿਸ ਥਾਣਿਆਂ ਵਿਚ ਹੁੰਦੀ ਰਹੇ ਜੋ ਉਸਦੇ ਵਿਧਾਨ ਸਭਾ ਖੇਤਰ ਵਿਚ ਪੈਂਦੇ ਹਨ।

ਉਹਨਾਂ ਕਿਹਾ ਕਿ ਉਹ ਛੇਤੀ ਹੀ ਪੂਰੇ ਸਬੂਤਾਂ ਨਾਲ ਨਵਦੀਪ ਸਿੰਘ ਦੇ ਕੰਮਕਾਜ ਕਰਨ ਦੇ ਤਰੀਕੇ ਨੂੰ ਮੀਡੀਆ ਸਾਹਮਣੇ ਬੇਨਕਾਬ ਕਰਨਗੇ ਤੇ ਇਹ ਵੀ ਦੱਸਣਗੇ ਕਿ ਕਿਵੇਂ ਉਹ ਸੂਬੇ ਦੇ ਲੋਕਾਂ ਤੇ ਪੁਲਿਸ ਫੋਰਸ ਲਈ ਵੀ ਨੁਕਸਾਨਦੇਹ ਸਾਬਤ ਹੋਇਆ ਹੈ।

ਨਵਦੀਪ ਸਿੰਘ ਦੀ ਪਤਨੀ ਦੇ ਬਿਆਨ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਉਹਨਾਂ ਦੇ ਬਿਆਨ &rsquoਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਹਰ ਕੋਈ ਸਨਮਾਨਯੋਗ ਹੈ। ਉਹਨਾਂ ਕਿਹਾ ਕਿ ਉਹ ਇਹ ਕੇਸ ਕਿਸੇ ਖਿਲਾਫ ਨਿੱਜੀ ਤੌਰ &rsquoਤੇ ਨਹੀਂ ਲੜ ਰਹੇ ਸਗੋਂ ਦੋਵੇਂ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਨਿਆਂ ਲੈਣ ਲਈ ਲੜ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ &rsquoਤੇ ਇਕ ਮਹੀਨੇ ਤੱਕ ਕੋਈ ਕਾਰਵਾਈ ਨਾ ਕਰਨ ਲਈ ਵਰ੍ਹਦਿਆਂ ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਹ ਆਪਣੇ ਜਲੰਧਰ ਦੌਰੇ ਦੌਰਾਨ ਪਰਿਵਾਰ ਨੂੰ ਮਿਲ ਕੇ ਉਹਨਾਂ ਦਾ ਦੁੱਖ ਵੰਡਾਉਣਗੇ ਤੇ ਉਹਨਾਂ ਲਈ ਨਿਆਂ ਯਕੀਨੀ ਬਣਾਉਣਗੇ?

ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਨਵੇਂ ਭਰਤੀ ਕੀਤੇ ਸਬ ਇੰਸਪੈਕਟਰਾਂ ਤੋਂ ਮੁਆਫੀ ਮੰਗਣ ਕਿਉਂਕਿ ਉਹਨਾਂ ਦੀਆਂ ਨਿਯੁਕਤੀਆਂ ਛੇ ਮਹੀਨੇ ਤੱਕ ਇਸ ਕਰ ਕੇ ਲਟਕਾਈਆਂ ਗਈਆਂ ਕਿਉਂਕਿ ਮੌਜੂਦਾ ਮੰਤਰੀ ਬਲਕਾਰ ਸਿੰਘ ਆਪਣੇ ਪੁੱਤਰ ਸ਼ੁਸੋਭਿਤਵੀਰ ਸਿੰਘ ਨੂੰ ਅਤਿਵਾਦ ਵੇਲੇ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਕੋਟੇ ਵਿਚੋਂ ਭਰਤੀ ਕਰਵਾ ਸਕਣ ਜਿਸ ਵਾਸਤੇ ਇਕ ਜਾਅਲੀ ਤੇ ਗੈਰ ਕਾਨੂੰਨੀ ਸਰਟੀਫਿਕੇਟ ਵੀ ਬਣਾਇਆ ਗਿਆ। ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਨੇ ਸਾਰੀ ਸਾਜ਼ਿਸ਼ ਬੇਨਕਾਬ ਕੀਤੀ ਤਾਂ ਉਹਨਾਂ ਨੂੰ ਹਾਈ ਕੋਰਟ ਤੋਂ ਕੇਸ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਅਤੇ ਹੁਣ ਛੇ ਮਹੀਨੇ ਦੀ ਦੇਰੀ ਨਾਲ ਇਹ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।


ਅਕਾਲੀ ਆਗੂ ਨੇ ਮੁੜ ਦੁਹਰਾਇਆ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਉਹ ਦੋਵਾਂ ਭਰਾਵਾਂ ਦੇ ਪਰਿਵਾਰ ਵਾਸਤੇ ਨਿਆਂ ਮਿਲਣਾ ਯਕੀਨੀ ਬਣਾਉਣਗੇ।