image caption:

ਲੀਬੀਆ 'ਚ ਡੇਨੀਅਲ ਤੂਫਾਨ ਨੇ ਮਚਾਈ ਤਬਾਹੀ, ਤੱਟਵਰਤੀ ਸ਼ਹਿਰ 'ਚ ਹੜ੍ਹ ਕਾਰਨ 2000 ਤੋਂ ਵੱਧ ਮੌਤਾਂ ਦਾ ਖਦਸ਼ਾ

 ਮੈਡੀਟੇਰੀਅਨ ਸਾਗਰ ਵਿੱਚ ਉੱਠੇ ਤੂਫ਼ਾਨ ਡੈਨੀਅਲ ਦੇ ਕਰਕੇ ਆਏ ਹੜ੍ਹ ਨੇ ਲੀਬੀਆ ਵਿੱਚ ਬਹੁਤ ਤਬਾਹੀ ਮਚਾਈ ਹੋਈ ਹੈ। ਦੇਸ਼ ਦੇ ਪੂਰਬੀ ਤੱਟ 'ਤੇ ਸਥਿਤ ਸ਼ਹਿਰ ਡਰਨਾ 'ਚ 2000 ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਨਿਊਜ਼ ਏਜੰਸੀ ਏਪੀ ਨੇ ਇਹ ਜਾਣਕਾਰੀ ਪੂਰਬੀ ਲੀਬੀਆ ਵਿੱਚ ਬਣੀ ਸਰਕਾਰ ਦੇ ਪ੍ਰਧਾਨ ਮੰਤਰੀ ਓਸਾਮਾ ਦੇ ਹਵਾਲੇ ਤੋਂ ਦਿੱਤੀ ਹੈ।

ਸੋਮਵਾਰ ਨੂੰ ਅਲ-ਮਸਰ ਟੈਲੀਵਿਜ਼ਨ ਸਟੇਸ਼ਨ ਨਾਲ ਫੋਨ 'ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਓਸਾਮਾ ਹਮਦ ਨੇ ਕਿਹਾ ਕਿ ਪੂਰਬੀ ਸ਼ਹਿਰ ਡਰਨਾ 'ਚ 2,000 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦਕਿ ਹਜ਼ਾਰਾਂ ਹੋਰ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਰਨਾ ਵਿੱਚ ਹੜ੍ਹ ਕਰਕੇ ਸਾਰਾ ਇਲਾਕਾ ਰੁੜ੍ਹ ਗਿਆ ਹੈ। ਸਰਕਾਰ ਨੇ ਡਰਨਾ ਨੂੰ ਆਫ਼ਤ ਵਾਲਾ ਇਲਾਕਾ ਐਲਾਨਿਆ ਹੋਇਆ ਹੈ।

ਇਸ ਤੋਂ ਪਹਿਲਾਂ ਪੂਰਬੀ ਲੀਬੀਆ ਸਰਕਾਰ ਦੇ ਸਿਹਤ ਮੰਤਰੀ ਓਥਮਾਨ ਅਬਦੁਲਜਲੀਲ ਨੇ ਸੋਮਵਾਰ ਨੂੰ ਸਾਊਦੀ ਸੈਟੇਲਾਈਟ ਚੈਨਲ ਅਲ-ਅਰਬੀਆ ਨਾਲ ਫੋਨ 'ਤੇ ਇੰਟਰਵਿਊ 'ਚ 27 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਅਬਦੁਲਜਲੀਲ ਨੇ ਕਿਹਾ ਕਿ ਡਰਨਾ ਸ਼ਹਿਰ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ, ਕਿਉਂਕਿ ਦੁਪਹਿਰ ਤੱਕ ਉਥੇ ਸਥਿਤੀ ਸਪੱਸ਼ਟ ਨਹੀਂ ਹੋਈ ਸੀ।