image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਿੱਖ ਵਿਚਾਰਧਾਰਾ ਨੂੰ ਨੇਸਤੋਨਾਬੂਦ ਕਰਨ ਲਈ ਅੰਦਰੋਂ ਬਾਹਰੋਂ ਹੋ ਰਹੇ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਗਿਆਨੀ ਦਿੱਤ ਸਿੰਘ ਦੀਆਂ ਰਚਨਾਵਾਂ ਦੀ ਪੁਨਰ ਸੁਰਜੀਤੀ ਕਰਨ ਦੀ ਲੋੜ ਹੈ

ਗਿਆਨੀ ਦਿੱਤ ਸਿੰਘ ਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਅਸੀਂ ਉਨ੍ਹਾਂ ਦੀਆਂ ਕਿਤਾਬਾਂ ਦਾ ਜ਼ਿਕਰ ਕਰਾਂਗੇ, ਜਿਹੜੀਆਂ ਮੋਦੀ ਤੇ ਉਸ ਦੇ ਹਮਾਇਤੀ ਸਿੱਖਾਂ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਲਈ ਲਿਖਵਾਈਆਂ, ਵੰਡੀਆਂ ਤੇ ਪ੍ਰਚਾਰੀਆਂ ਅਤੇ ਸਿੱਖ ਵਿਰੋਧੀ ਸੰਗੋਲਵਾਦੀ ਮੋਦੀ ਦੀਆਂ ਤਰੀਫਾਂ ਦੇ ਪੁੱਲ ਬੰਨੇ੍ਹ ।
ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਨਵੰਬਰ 2019 ਨੂੰ : ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ ਦੇ ਸਿਰਲੇਖ ਹੇਠ ਕਿਤਾਬਚਾ ਛੱਪਵਾ ਕੇ ਕਰੋੜਾਂ ਦੀ ਗਿਣਤੀ ਵਿੱਚ ਵੰਡਿਆ ਗਿਆ । ਇਸ ਕਿਤਾਬਚੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਜੋ ਅਕਾਲੀ ਦਲ ਬਾਦਲ ਦੇ ਹੁਕਮਾਂ ਅਨੁਸਾਰ ਚੱਲਦੀ ਹੈ, ਨੇ ਨਰਿੰਦਰ ਮੋਦੀ ਨੂੰ ਕੌਮੀ ਸੇਵਾ ਐਵਾਰਡ ਨਾਲ ਸਨਮਾਨਿਤ ਇਨ੍ਹਾਂ ਸ਼ਬਦਾਂ ਰਾਹੀਂ ਕੀਤਾ : 2014 ਤੋਂ ਅੱਜ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਪੰਥ ਮਹਾਰਾਜ ਦੇ ਪਾਵਨ ਨਿਸ਼ਾਨ ਜੁੱਗੋ ਜੁੱਗ ਝੂਲਦੇ ਰੱਖਣ ਹਿੱਤ ਕੀਤੀਆਂ ਗਈਆਂ ਇਤਿਹਾਸਕ ਅਤੇ ਜਰੂਰਤਮੰਦਾਨਾ ਪਹਿਲ ਕਦਮੀਆਂ ਅਤੇ ਕੌਮ ਪ੍ਰਤੀ ਉਨ੍ਹਾਂ ਦੀ ਉਸਾਰੂ ਅਤੇ ਨਿੱਘੀ ਦੋਸਤਾਨਾ ਸੋਚ ਤੇ ਭਾਵਨਾ ਅਤੇ ਸਿੱਖ ਕੌਮ ਦੀ ਆਨ ਸ਼ਾਨ ਅਤੇ ਸਨਮਾਨ ਲਈ ਉਨ੍ਹਾਂ ਵੱਲੋਂ ਮਾਰੇ ਗਏ ਹੋਰ ਬੇ-ਹੱਦ ਅਹਿਮ ਹੰਭਲਿਆਂ ਨੂੰ ਮੁੱਖ ਰੱਖਦਿਆਂ ਖ਼ਾਲਸਾ ਪੰਥ ਦੀ ਸਿਰਮੌਰ, ਨੁਮਾਇੰਦਾ, ਧਾਰਮਿਕ, ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕੌਮੀ ਸੇਵਾ ਐਵਾਰਡ ਨਾਲ ਸਨਮਾਨਿਤ ਕਰਨ ਵਿੱਚ ਮਾਣ ਤੇ ਖੁਸ਼ੀ ਮਹਿਸੂਸ ਕਰਦੀ ਹੈ । (ਨੋਟ-ਅਕਾਲੀ ਦਲ ਬਾਦਲ ਦੀ ਸਰਪ੍ਰਸਤੀ ਹੇਠ ਚੱਲਣ ਵਾਲੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਸਿੱਖ ਵਿਰੋਧੀ ਨਰਿੰਦਰ ਮੋਦੀ ਨੂੰ ਕੌਮੀ ਸੇਵਾ ਐਵਾਰਡ ਦੇ ਕੇ ਸਿੱਖ ਕੌਮ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਕਿਉਂਕਿ ਜਦ ਨਰਿੰਦਰ ਮੋਦੀ ਖ਼ਾਲਸਾ ਪੰਥ ਨੂੰ ਸਿੱਖ ਇਕ ਵੱਖਰੀ ਕੌਮ ਵਜੋਂ ਮਾਨਤਾ ਹੀ ਨਹੀਂ ਦਿੰਦਾ ਤਾਂ ਫਿਰ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਰਹਿ ਜਾਂਦਾ ਹੈ ਕਿ : ਕੌਮ ਪ੍ਰਤੀ ਉਨ੍ਹਾਂ (ਨਰਿੰਦਰ ਮੋਦੀ) ਦੀ ਉਸਾਰੂ ਤੇ ਨਿੱਘੀ ਦੋਸਤਾਨਾ ਸੋਚ ਤੇ ਭਾਵਨਾ ਅਤੇ ਸਿੱਖ ਕੌਮ ਦੀ ਆਨ ਸ਼ਾਨ ਲਈ ਮਾਰੇ ਹੰਭਲਿਆਂ ਨੂੰ ਮੁੱਖ ਰੱਖ ਕੇ ਖ਼ਾਲਸਾ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੇ ਨਰਿੰਦਰ ਮੋਦੀ ਨੂੰ ਕੌਮੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਹੈ) ਇਸੇ ਤਰ੍ਹਾਂ ਪਿਛਲੇ ਹਫ਼ਤੌ ਐਨ ਡੀ ਐਮ ਸੀ ਕਨਵੈਨਸ਼ਨ ਸੈਂਟਰ ਵਿਖੇ ਬੀ।ਜੇ।ਪੀ। ਦੇ ਨੈਸ਼ਨਲ ਪ੍ਰਧਾਨ ਡਾ: ਜੇ।ਪੀ। ਨੱਡੇ ਦੀ ਸਰਪ੍ਰਸਤੀ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮਨਜਿੰਦਰ ਸਿੰਘ ਸਿਰਸਾ ਅਤੇ ਸਿੱਖ ਕੌਮ ਦੀ ਵੱਖਰੀ ਪਛਾਣ ਦੇ ਕੱਟੜ ਵਿਰੋਧੀ ਤਰਲੋਚਨ ਸਿੰਘ ਦੀ ਹਾਜ਼ਰੀ ਵਿੱਚ ਸਿੱਖਸ ਐਂਡ ਮੋਦੀ ਇਕ ਕਿਤਾਬ ਲਾਂਚ ਕੀਤੀ ਗਈ ਹੈ, ਲਾਂਚ ਸਮਾਰੋਹ ਵਿੱਚ ਅੰਮ੍ਰਿਤਸਰ ਕਮੇਟੀ ਨਾਲੋਂ ਵੀ ਵੱਧ ਪੂਰੀ ਢੀਠਤਾਈ ਨਾਲ ਸੰਗੋਲਵਾਦੀ ਨਰਿੰਦਰ ਮੋਦੀ ਦੇ ਸੋਹਲੇ ਗਾਏ ਗਏ ਹਨ । ਉਕਤ ਦੋਵਾਂ ਕਿਤਾਬਾਂ ਤੋਂ ਇਹ ਸਥਿਤੀ ਸਪੱਸ਼ਟ ਹੋ ਚੁੱਕੀ ਹੈ ਕਿ : ਅਕਾਲੀ ਦਲ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਦੀ ਵਿਲੱਖਣ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਦਾ ਦਾਅਵਾ ਛੱਡ ਕੇ ਸੰਗੋਲਵਾਦੀ ਨਰਿੰਦਰ ਮੋਦੀ ਦੀਆਂ ਗੁਲਾਮ ਬਣ ਚੁੱਕੀਆਂ ਹਨ, ਜਦਕਿ ਖ਼ਾਲਸਾ ਪੰਥ ਦੀ ਮੁੱਢ ਤੋਂ ਹੀ ਰਵਾਇਤ ਰਹੀ ਹੈ ਕਿ ਸੁਤੰਤਰਤਾ ਜਾਂ ਮੌਤ, ਨਿਆਰੀ ਹੋਂਦ ਹੀ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ । ਗੈਰਤਮੰਦ ਸਿੱਖ ਨਿਆਰੀ ਹੋਂਦ ਛੱਡ ਕੇ ਸੰਗੋਲਵਾਦੀ ਦਾ ਗੁਲਾਮ ਬਣਨ ਲਈ ਗੁਰੂ ਨੂੰ ਕਦੇ ਪਿੱਠ ਨਹੀਂ ਦਿੰਦਾ । ਗਿਆਨੀ ਦਿੱਤ ਸਿੰਘ ਦੇ ਸਮੇਂ ਸ਼ੇਰ-ਏ-ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰ ਕੇ ਕੇਸਾਧਾਰੀ ਬ੍ਰਾਹਮਣਾਂ ਤੇ ਡੋਗਰਿਆਂ ਦੀ ਕੀਤੀ ਗ਼ਦਾਰੀ ਕਾਰਨ ਸਿੱਖ ਰਾਜ ਖੁਸ ਜਾਣ ਦਾ ਮਾਰੂ ਅਹਿਸਾਸ ਖ਼ਾਲਸਾ ਪੰਥ ਨੂੰ ਅੰਦਰੋਂ-ਬਾਹਰੋਂ ਪੁਰਜ਼ਾ ਪੁਰਜ਼ਾ ਕਰ ਰਿਹਾ ਸੀ । ਰੂਹਾਨੀ ਦ੍ਰਿਸ਼ਟੀ ਤੋਂ ਆਈਆਂ ਅਨੇਕ ਕਮਜ਼ੋਰੀਆਂ ਨੇ ਪੰਥ ਦੀ ਚੇਤਨਾ ਅਤੇ ਅਮਲ ਨੂੰ ਵੀ ਗ੍ਰੱਸਣਾ ਸ਼ੁਰੂ ਕਰ ਦਿੱਤਾ । ਮਿਸਾਲ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ-ਪੂਜ ਹੋਣ ਦਾ ਬ੍ਰਾਹਮਣਵਾਦ ਵੱਲੋਂ ਫੈਲਾਇਆ ਰੋਗੀ ਭਰਮ ਕੋਇਰ ਸਿੰਘ ਅਤੇ ਸੁੱਖਾ ਸਿੰਘ ਦੇ ਗੁਰ-ਬਿਲਾਸਾਂ ਤੋਂ ਹੁੰਦਾ ਹੋਇਆ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਤੱਕ ਪੱਕੇ ਯਕੀਨ ਵਰਗੀ ਮਜ਼ਬੂਤੀ ਪਕੜ ਗਿਆ ਸੀ, ਪਰ ਉਦੋਂ ਪੰਥ ਦੇ ਅੰਦਰੂਨੀ ਤੇ ਬਾਹਰੀ ਅਮਨ ਵਿੱਚ ਇਸ ਦੇ ਅਰੰਭਕ ਖੇੜੇ ਵਾਲੇ ਸਿਹਤਮੰਦ ਅੰਸ਼ ਵੀ ਮੌਜੂਦ ਸਨ, ਗਿਆਨੀ ਦਿੱਤ ਸਿੰਘ ਜੀ ਵੀ ਏਸੇ ਅੰਸ਼ ਦਾ ਹਿੱਸਾ ਸਨ । ਗਿਆਨੀ ਦਿੱਤ ਸਿੰਘ ਜੀ ਨੇ ਪੰਥ ਦੀ ਮੌਲਿਕ ਚੇਤਨਾ ਨੂੰ ਪੁਨਰ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ । ਇਹ ਗਿਆਨੀ ਦਿੱਤ ਸਿੰਘ ਹੀ ਸੀ ਜਿਸ ਨੇ ਸਿੱਖ ਧਰਮ ਦੇ ਥੱਕੇ ਟੁੱਟੇ ਤੇ ਗੁੰਮਰਾਹ ਹੋ ਰਹੇ ਲੋਕਾਂ ਨੂੰ ਹਲੂਣਿਆ ਅਤੇ ਸਿਦਕ ਤੇ ਦ੍ਰਿੜਤਾ ਨਾਲ ਸਿੱਖ ਧਰਮ &lsquoਤੇ ਪਹਿਰਾ ਦੇਣ ਲਈ ਮੁੜ ਖੜਾ ਕੀਤਾ । ਇਹ ਕਹਿਣ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਿੱਖ ਧਰਮ ਦੇ ਨਿਆਰੇਪਣ ਅਤੇ ਖ਼ਾਲਸਾ ਕੌਮ ਦੀ ਸੁਤੰਤਰ ਹਸਤੀ ਦੀ ਪਛਾਣ ਸਥਾਪਤ ਕਰਨ ਵਾਲਾ ਗਿਆਨੀ ਦਿੱਤ ਸਿੰਘ ਹੀ ਸੀ । ਸੰਨ 1886 ਵਿੱਚ ਗਿਆਨੀ ਦਿੱਤ ਸਿੰਘ ਜੀ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਰੀਐਂਟਲ ਕਾਲਜ ਵਿੱਚ ਅਧਿਆਪਕ ਲੱਗ ਗਏ । ਗਿਆਨੀ ਦਿੱਤ ਸਿੰਘ ਵੱਲੋਂ ਚਲਾਇਆ ਜਾ ਰਿਹਾ ਸਪਤਾਹਿਤਕ ਖ਼ਾਲਸਾ ਅਖ਼ਬਾਰ ਸਿੰਘ ਸਭਾ ਦੀ ਵਿਚਾਰਧਾਰਾ/ਸਿਧਾਂਤਾਂ ਨੂੰ ਉਸ ਸਮੇਂ ਦੇ ਲੋਕਾਂ ਵਿੱਚ ਫੈਲਾਉਣ ਦਾ ਇਕ ਵੱਡਾ ਸਾਧਨ ਬਣ ਗਿਆ । ਜਦੋਂ ਸੁਆਮੀ ਦਇਆਨੰਦ ਆਰੀਆ ਸਮਾਜੀ ਨੇ ਆਪਣੇ ਗ੍ਰੰਥ ਸਤਿਆਰਥ ਗ੍ਰੰਥ ਵਿੱਚ ਲਿਖਿਆ ਕਿ : (1) ਨਾਨਕ ਜੀ ਬੇਦੋਂ ਕਾ ਮਾਨ ਕਰਤੇ ਤੋ ਉਨਕਾ ਸੰਪ੍ਰਦਾਇ ਨਾ ਚੱਲਤਾ ਨਾ ਵੋਹ ਗੁਰੂ ਬਨ ਸਕਤੇ ਥੇ॥॥(ਨਾਨਕ ਜੀ) ਵੇਦਾਇ ਸ਼ਾਸ਼ਤਰ ਔਰ ਸੰਸਕ੍ਰਿਤ ਕੁਛ ਭੀ ਨਹੀਂ ਜਾਨਤੇ ਥੇ (ਇਹ ਉਹੀ ਦਇਆਨੰਦ ਹੈ ਜਿਸ ਨੂੰ ਗਿਆਨੀ ਦਿੱਤ ਸਿੰਘ ਨੇ ਸ਼ਾਸਤਰਥ ਦੀ ਬਹਿਸ ਵਿੱਚ ਹਰਾਇਆ ਸੀ ਅਤੇ ਦਇਆਨੰਦ ਨੇ ਆਪਣੀ ਹਾਰ ਭਰੀ ਸਭਾ ਵਿੱਚ ਕਬੂਲ ਵੀ ਕੀਤੀ ਸੀ) (2) ਸਤਿਆਰਥ ਪ੍ਰਕਾਸ਼ ਗ੍ਰੰਥ ਵਿੱਚ ਦਇਆਨੰਦ ਨੇ ਇਹ ਵੀ ਲਿਖਿਆ ਕਿ : ਇਨ ਮੇਂ ਗੋਬਿੰਦ ਸਿੰਘ ਜੀ ਸੂਰਬੀਰ ਹੋਏ । ਮੁਸਲਮਾਨੋਂ ਨੇ ਉਨ ਕੇ ਪੁਰਸ਼ਾਉ ਕੋ ਬਹੁਤ ਸਾ ਦੁੱਖ ਦਿਯਾ ਥਾ, ਵੋਹ ਉਨਸੇ ਵੈਰ ਲੇਨਾ ਚਾਹਤੇ ਥੇ॥॥ਪ੍ਰਸਿੱਧ ਕੀਆ ਕਿ ਮੁਝ ਕੋ ਦੇਵੀ ਨੇ ਵਰ ਔਰ ਖੜਗ ਦੀਆ ਤੋ ਕਹਾ ਤੁਮ ਮੁਸਲਮਾਨੋ ਸੇ ਲੜੋ । ਬਹੁਤ ਸੇ ਲੋਗ ਉਨਕੇ ਸਾਥੀ ਹੋ ਗਏ (ਨੋਟ-ਆਰ।ਐੱਸ।ਐੱਸ। ਤੇ ਸੰਗੋਲਵਾਦੀ ਨਰਿੰਦਰ ਮੋਦੀ ਵੀ ਗੁਰ-ਇਤਿਹਾਸ, ਸਿੱਖ ਇਤਿਹਾਸ ਨੂੰ ਤ੍ਰੋੜ ਮ੍ਰੋੜ ਕੇ ਪੂਰੀ ਢੀਠਤਾਈ ਨਾਲ ਸਤਿਆਰਥ ਪ੍ਰਕਾਸ਼ ਅਨੁਸਾਰ ਹੀ ਪ੍ਰਚਾਰ ਰਹੇ ਹਨ, ਇਥੇ ਹੀ ਬੱਸ ਨਹੀਂ ਆਰ।ਐੱਸ।ਐੱਸ। ਤੇ ਨਰਿੰਦਰ ਮੋਦੀ ਨੇ ਤਾਂ ਤਰਲੋਚਨ ਸਿੰਘ ਵਰਗੇ ਅਣਗਿਣਤ ਸਿੱਖੀ ਸਰੂਪ ਵਾਲੇ ਲੇਖਕ ਤਿਆਰ ਕਰ ਲਏ ਹਨ ਜਿਹੜੇ ਸਿੱਖ ਧਰਮ ਦੇ ਵਿਰੁੱਧ ਸਨਾਤਨੀ ਧਰਮ ਦੇ ਹੱਕ ਵਿੱਚ ਭੁਗਤ ਰਹੇ ਹਨ ਅਤੇ ਉਹ ਸਿੱਖ ਧਰਮ ਦੇ ਸਿਧਾਂਤਾਂ ਦਾ ਭਗਵਾਂਕਰਨ, ਕਰਨ ਨੂੰ ਸਿਆਣਪ ਸਮਝਦੇ ਹਨ) 25 ਨਵੰਬਰ 1888 ਨੂੰ ਲਾਹੌਰ ਵਿਖੇ ਆਰੀਆ ਸਮਾਜ ਦੀ ਗਿਆਰਵੀਂ ਜਯੰਤੀ ਤੇ ਜਦੋਂ ਸਰਕਾਰੀ ਕਾਲਜ ਲਾਹੌਰ ਦੇ ਪੰਡਿਤ ਗੁਰੂ ਦੱਤ ਅਤੇ ਲਾਲਾ ਮੁਰਲੀਧਰ ਨੇ ਵੀ ਸਿੱਖ ਗੁਰੂਆਂ ਬਾਰੇ ਅਪਮਾਨਜਨਕ ਸ਼ਬਦ ਬੋਲੇ ਤਾਂ ਗਿਆਨੀ ਦਿੱਤ ਸਿੰਘ ਨੇ ਗੁਰ ਇਤਿਹਾਸ-ਸਿੱਖ ਇਤਿਹਾਸ ਦੀ ਵਿਚਾਰਧਾਰਾ ਅਤੇ ਉਸ ਸਮੇਂ ਚੱਲ ਰਹੇ ਵਾਦ-ਵਿਵਾਦ ਉੱਤੇ 40 ਤੋਂ ਵੀ ਵੱਧ ਪੁਸਤਕਾਂ, ਪੈਂਫਲਿਟ ਲਿਖੇ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਚਰਿਤਰ, ਦੰਭ ਵਿਦਾਰਨ, ਦੁਰਗਾ ਪ੍ਰਬੋਧ, ਪੰਥ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਅਤੇ ਸਾਧੂ ਦਇਆਨੰਦ ਦਾ ਸੰਵਾਦ, ਨਕਲੀ ਸਿੱਖ ਪ੍ਰਬੋਧ ਅਤੇ ਪੱਖ/ਪੰਥ ਬਿਨੈ-ਪੱਤਰ ਮਹੱਤਵਪੂਰਨ ਰਚਨਾਵਾਂ ਹਨ । ਸਿੱਖ ਧਰਮ, ਸਿੱਖ ਕੌਮ ਦੀ ਸੁਤੰਤਰ ਹਸਤੀ ਸਥਾਪਤ ਕਰਨ ਵਾਲਾ ਇਹ ਸੂਰਮਾ ਸਿੱਖ ਵਿਦਵਾਨ 6 ਸਤੰਬਰ 1901 ਨੂੰ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਿਆ । ਗਿਆਨੀ ਦਿੱਤ ਸਿੰਘ ਜੀ ਦੀ ਮਹਾਨਤਾ ਦਾ ਇਥੋਂ ਪਤਾ ਲੱਗਦਾ ਹੈ ਕਿ ਭਾਈ ਵੀਰ ਸਿੰਘ ਵਰਗੇ ਮਹਾਨ ਸਿੱਖ ਵਿਦਵਾਨ ਨੇ ਗਿਆਨੀ ਦਿੱਤ ਸਿੰਘ ਦੀ ਮੌਤ ਉੱਤੇ ਕੌਮ ਲੁੱਟੀ ਗਈ ਦੇ ਸਿਰਲੇਖ ਹੇਠ ਇਕ ਵੱਡਾ ਲੇਖ ਲਿਖ ਕੇ ਖ਼ਾਲਸਾ ਸਮਾਚਾਰ ਵਿੱਚ ਛਪਵਾਇਆ ਅਤੇ ਹੇਠ ਲਿਖੀ ਕਵਿਤਾ ਵੀ ਲਿਖੀ :
ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ, ਕੌਮ ਬੈਠੀ ਸਿਰ੍ਹਾਣੇ ਜਗਾਵੇ ! 
ਕਿਉਂ ਕੀਤੀ ਨੀਂਦ ਪਿਆਰੀ, ਕਿਉਂ ਜਾਗ ਤੁਹਾਨੂੰ ਨ ਆਵੇ !
ਹਾਂ ਜਗਾਇਕੇ ਕੌਮ ਭੁਲਕੱੜ, ਆਪ ਸੌਂ ਗਏ ਹੋਇ ਬੇਦਾਵੇ ।
ਜਦੋਂ ਇਤਿਹਾਸ ਅਤੇ ਗੁਰੂ ਸਾਹਿਬਾਨ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਚਿਹਰੇ ਵਿਗਾੜੇ ਜਾ ਰਹੇ ਸਨ ਤਾਂ ਗਿਆਨੀ ਦਿੱਤ ਸਿੰਘ ਜੀ ਦੀ ਅਗਵਾਈ ਵਿੱਚ ਸਿਰਲੱਥ ਖ਼ਾਲਸੇ ਨੇ ਪ੍ਰਚੰਡ ਸਿਦਕੀ ਅਮਲ ਨਾਲ ਗੁਰੂ ਕਾਲ ਦੇ ਪੁਰਾਤਨ ਗੁਣਾਂ ਨੂੰ ਜਗਾ ਕੇ ਅਝੁੱਕ ਬੌਧਿਕ ਦ੍ਰਿੜਤਾ ਨਾਲ ਸਿੱਖ ਹਸਤੀ ਨੂੰ ਗਿਆਨ ਅਤੇ ਜੀਵਨ-ਕਾਰਜਾਂ ਦੇ ਖੇਤਰ ਵਿੱਚ ਹਰਾ ਕਚੂਰ ਕਰ ਦਿੱਤਾ । 
ਗਿਆਨੀ ਦਿੱਤ ਸਿੰਘ ਜੀ ਦੀਆਂ ਰਚਨਾਵਾਂ ਦੀ ਸਾਰਥਿਕਤਾ ਨੂੰ ਚਿਤਵਦਿਆਂ ਇਹ ਦ੍ਰਿੜ ਕਰਵਾਉਣਾ ਜਰੂਰੀ ਹੈ ਕਿ ਉਨੀਵੀਂ ਸਦੀ ਦੇ ਆਖਰੀ ਚਾਰ ਦਹਾਕਿਆਂ ਅਤੇ 1947 ਈ: ਤੋਂ ਸ਼ੁਰੂ ਹੋਏ (ਵਿਸ਼ੇਸ਼ ਕਰਕੇ 1984 ਈ: ਪਿੱਛੋਂ ਦੇ) ਕਾਲ ਵਿੱਚ ਪੰਥਕ ਸੰਕਟਾਂ ਦੀ ਭਾਰੀ ਸਾਂਝ ਹੈ, ਜਦੋਂ ਕਿ ਵਿਸ਼ਵ ਦਾ ਮਾਹੌਲ ਸਿਆਸੀ ਕੁੜੱਤਣਾਂ ਨਾਲ ਭਰਿਆ ਪਿਆ ਹੈ ਅਤੇ ਪੰਥ ਵਿਰੋਧੀਆਂ ਦੀਆਂ ਸਾਜਿਸ਼ਾਂ ਉਨੀਵੀਂ ਸਦੀ ਨਾਲੋਂ ਗਿਣਤੀ ਵਿੱਚ ਕਿਤੇ ਵਧੇਰੇ, ਬਹੁਤ ਤੀਖਣ ਅਤੇ ਮਹੀਨ ਹੋ ਗਈਆਂ ਹਨ, ਅਜੋਕੇ ਸਮੇਂ ਵਿੱਚ ਖ਼ਾਲਸਾ ਪੰਥ ਤਿੰਨ ਸੰਕਟਾਂ ਵਿੱਚੋਂ ਲੰਘ ਰਿਹਾ ਹੈ (1) ਕਿਸੇ ਬਨਾਵਟੀ ਬੌਧਿਕ ਰਵੱਈਐ, ਹਉਮੇਂ ਅਤੇ ਸੁਆਰਥ ਅਧੀਨ ਹੋ ਕੇ ਦਰਜਨਾਂ ਗੁੰਮਰਾਹ ਦਾਨਸ਼ਵਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਉੱਤੇ ਲਗਾਤਾਰ ਯੋਜਨਾ ਅਨੁਸਾਰ ਹਮਲੇ ਕਰ ਰਹੇ ਹਨ । ਭਾਰਤ ਤੋਂ ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ ਤੱਕ ਬੌਧਿਕ ਸੰਗਰਾਮ ਜੰਗੀ ਪੱਧਰ ਉੱਤੇ ਹੋ ਰਿਹਾ ਹੈ । (2) ਸਿੱਖ ਇਤਿਹਾਸ ਦੇ ਧਰਾਤਲ, ਵਿਕਾਸ ਅਤੇ ਉਸ ਦੇ ਸੰਕਲਪਾਂ ਦੀ ਸ਼ੁੱਧਤਾ ਨੂੰ ਵਿਗਾੜ ਕੇ ਬੇ-ਪਛਾਣ ਕੀਤਾ ਜਾ ਰਿਹਾ ਹੈ । (3) ਗੁਰੂ ਸਾਹਿਬਾਨ ਦਾ ਦੈਵੀ ਰੁਤਬਾ ਅਤੇ ਉਸ ਦੇ ਇਤਿਹਾਸਕ ਨਾਇਕਾਂ ਦੀ ਇਖਲਾਕੀ ਉੱਚਤਾ ਨੂੰ ਡੇਗਣ ਦੇ ਸਮਾਨ ਤਿਆਰ ਹੋ ਰਹੇ ਹਨ । (ਹਵਾਲਾ ਪੁਸਤਕ, ਸਿੱਖ ਸੁਰਤਿ ਦੀ ਪਰਵਾਜ਼, ਪੰਨਾ 104-105 ਲੇਖਕ ਹਰਿੰਦਰ ਸਿੰਘ ਮਹਿਬੂਬ)
ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ &lsquoਤੇ ਆਰ।ਐੱਸ।ਐੱਸ। ਤੇ ਨਰਿੰਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੈਵੀ ਰੁਤਬੇ ਨੂੰ ਨਾ ਮਨਜ਼ੂਰ ਕਰਦਿਆਂ ਕਿਹਾ ਆਰ।ਐੱਸ।ਐੱਸ। ਨੇ ਜਨਤਕ ਤੌਰ &lsquoਤੇ ਗੁਰੂ ਜੀ ਨੂੰ ਚਿੰਨ ਆਤਮਕ ਤੌਰ ਤੇ ਮੰਨ ਲਿਆ ਹੈ, ਭਾਵ ਉਨ੍ਹਾਂ ਦੀ ਕਿਸੇ ਤਸਵੀਰ (ਕਾਲਪਨਿਕ) ਜਾਂ ਮੂਰਤੀ ਜੋ ਉਨ੍ਹਾਂ ਦੀ ਸ਼ਖ਼ਸੀਅਤ ਦਾ ਪ੍ਰਗਟਾਵਾ ਕਰਦੀ ਹੋਵੇ, ਨੂੰ ਪ੍ਰਵਾਨ ਕਰ ਲਿਆ ਹੈ । ਇਸੇ ਤਰ੍ਹਾਂ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਮਨਾਉਂਦਿਆਂ ਏਕ ਭਾਰਤ ਸ਼੍ਰੇਸ਼ਟ ਭਾਰਤ ਦੇ ਭਾਸ਼ਨ ਵਿੱਚ ਕਿਹਾ ਕਿ ਉਹ ਗੁਰੂ ਨਾਨਕ ਨੂੰ ਮਹਾਰਾਣਾ ਪ੍ਰਤਾਪ ਅਤੇ ਛਤਰਪਤੀ ਸ਼ਿਵਾ ਜੀ ਮਹਾਰਾਜ ਦੇ ਬਰਾਬਰ ਮੰਨਦੇ ਹਨ, ਨਿਆਰੇ ਸਿੱਖ ਧਰਮ ਦੇ ਏਡੇ ਵੱਡੇ ਵਿਰੋਧੀ ਨਰਿੰਦਰ ਮੋਦੀ ਨੂੰ ਸਿੱਖਾਂ ਦਾ ਹਮਾਇਤੀ ਮੰਨ ਲੈਣਾ ਬਹੁਤ ਵੱਡੀ ਮੂਰਖਤਾ ਹੈ । ਸੋ ਇਸ ਵੇਲੇ ਜ਼ਿੰਮੇਵਾਰ ਪੰਥਕ ਜਥੇਬੰਦੀਆਂ ਤੇ ਪੰਥਕ ਦਰਦੀਆਂ ਦਾ ਸਿੱਖ ਧਰਮ ਦੇ ਨਿਆਰੇਪਣ ਅਤੇ ਗੁਰੂ-ਕਾਲ ਦੀ ਜਰਖੇਜ ਮੌਲਿਕਤਾ ਨੂੰ ਜਿੰਦਾ ਰੱਖਣ ਲਈ ਸਿੱਖ ਕੌਮ ਦੀ ਵਿਲੱਖਣ ਤੇ ਅੱਡਰੀ ਹੋਂਦ ਹਸਤੀ ਨੂੰ ਬਚਾਉਣ ਵਾਲਾ ਮੈਨੀਫੈਸਟੋ ਹੋਣਾ ਚਾਹੀਦਾ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ