image caption: -ਰਜਿੰਦਰ ਸਿੰਘ ਪੁਰੇਵਾਲ

ਮੋਦੀ ਸਰਕਾਰ ਸਿੱਖਾਂ ਨਾਲ ਵਿਤਕਰਾ ਨਾ ਕਰੇ

ਹੁਣੇ ਜਿਹੇ ਅਮਰੀਕਾ ਦੇ ਅੰਤਰ-ਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ ਨੇ 21 ਸਤੰਬਰ ਨੂੰ ਇਸ ਮਸਲੇ ਉੱਤੇ ਵਿਚਾਰ-ਵਟਾਂਦਰਾ ਕੀਤਾ ਸੀ| ਇਹ ਲਗਾਤਾਰ ਚੌਥਾ ਸਾਲ ਹੈ, ਜਦੋਂ ਇਸ ਕਮਿਸ਼ਨ ਨੇ ਅਮਰੀਕੀ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਸੁਤੰਤਰਤਾ ਦੀ ਉਲੰਘਣਾ ਲਈ ਭਾਰਤ ਨੂੰ ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਪਾਉਣ ਦੀ ਸਿਫ਼ਾਰਸ਼ ਕੀਤੀ ਹੈ| ਇਸ ਮੀਟਿੰਗ ਵਿੱਚ ਕਮਿਸ਼ਨ ਦੇ ਕਮਿਸ਼ਨਰਾਂ ਵੱਲੋਂ ਮਨੁੱਖੀ ਅਧਿਕਾਰਾਂ ਸੰਬੰਧੀ ਮਾਹਿਰਾਂ ਤੇ ਸਮਾਜਿਕ ਕਾਰਕੁਨਾਂ ਦਾ ਪੱਖ ਸੁਣਨ ਤੋਂ ਬਾਅਦ ਕਮਿਸ਼ਨਰ ਡੇਵਿਡ ਕਰੀ ਨੇ ਕਿਹਾ, ਸਾਨੂੰ ਵਿਸ਼ਵਾਸ ਹੋ ਗਿਆ ਹੈ ਕਿ ਕਿਸੇ ਵੀ ਲੋਕਤੰਤਰਿਕ ਸਰਕਾਰ ਵੱਲੋਂ ਧਾਰਮਿਕ ਘੱਟ-ਗਿਣਤੀਆਂ ਦਾ ਸਭ ਤੋਂ ਵੱਧ ਉਤਪੀੜਨ ਭਾਰਤ ਵਿੱਚ ਹੋ ਰਿਹਾ ਹੈ| ਕਮਿਸ਼ਨ ਦੇ ਚੇਅਰਮੈਨ ਰੱਬੀ ਇਬਰਾਹੀਮ ਕੂਪਰ ਨੇ ਕਿਹਾ, ਭਾਰਤ ਵਿੱਚ ਧਾਰਮਿਕ ਸੁਤੰਤਰਤਾ ਦੀ ਹਾਲਤ ਵਿੱਚ ਗਿਰਾਵਟ ਆਈ ਹੈ| ਮੁਸਲਮਾਨਾਂ, ਸਿੱਖਾਂ, ਈਸਾਈਆਂ, ਦਲਿਤਾਂ ਤੇ ਆਦਿਵਾਸੀਆਂ ਉੱਤੇ ਹਮਲਿਆਂ ਤੇ ਡਰਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ| ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ| ਘੱਟ-ਗਿਣਤੀ ਮੁੱਦਿਆਂ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਨਿਧ ਡਾ. ਫਰਨਾਡ ਵੇਰੈਂਸ ਨੇ ਕਿਹਾ, ਸ਼ਾਂਤੀ ਦੀ ਬਹਾਲੀ ਲਈ ਅਮਰੀਕੀ ਸਰਕਾਰ ਨੂੰ ਸਪੱਸ਼ਟ ਸੰਕੇਤ ਦੇਣਾ ਚਾਹੀਦਾ ਹੈ ਕਿ ਭਾਰਤ ਦੀ ਹਾਲਤ ਚਿੰਤਾਜਨਕ ਹੈ, ਕਿਉਂਕਿ ਭਾਰਤ ਇੱਕ ਖ਼ਤਰਨਾਕ ਸਥਿਤੀ ਵੱਲ ਵਧ ਰਿਹਾ ਹੈ, ਜੋ ਅਮਰੀਕਾ ਉੱਤੇ ਵੀ ਅਸਰ ਪਾਵੇਗੀ|
ਇਹ ਉਹ ਸਮਾਂ ਹੈ, ਜਦੋਂ ਕੈਨੇਡਾ ਤੇ ਭਾਰਤ ਦੇ ਭਾਈ ਹਰਦੀਪ ਸਿੰਘ ਕਤਲ ਕਾਂਡ ਦੇ ਮਸਲੇ ਕਾਰਨ ਸੰਬੰਧ ਕਾਫ਼ੀ ਖ਼ਰਾਬ ਹੋ ਚੁੱਕੇ ਹਨ| ਕੈਨੇਡਾ ਨੇ ਭਾਰਤ ਨੂੰ ਇਸ ਕਤਲ ਲਈ ਦੋਸ਼ੀ ਠਹਿਰਾਇਆ ਹੈ| ਇਸ ਮਸਲੇ ਦੀ ਅੱਗ ਅਮਰੀਕਾ ਤੇ ਉਸ ਦੇ ਹਮੈਤੀਆਂ ਤੱਕ ਵੀ ਪੁੱਜ ਚੁੱਕੀ ਹੈ| ਪਾਕਿਸਤਾਨ ਕਹਿ ਰਿਹਾ ਹੈ ਕਿ ਮੋਦੀ ਸਰਕਾਰ ਦੀ ਹਿੰਤੂਤਵੀ ਵਿਚਾਰਧਾਰਾ ਹੁਣ ਸੰਸਾਰ ਅਮਨ ਲਈ ਖਤਰਾ ਬਣ ਚੁੱਕੀ ਹੈ| ਇਸ ਲਈ ਮੋਦੀ ਸਰਕਾਰ ਨੂੰ ਦੇਸ਼ ਵਿੱਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਉੱਤੇ ਰੋਕ ਲਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ ਵਿਦੇਸ਼ਾਂ ਵਿਚ ਸਿਖਾਂ ਦੇ ਕਤਲਾਂ ਮਗਰੋਂ ਸਿਖ ਜਗਤ ਨੂੰ ਗੋਦੀ ਮੀਡੀਆ ਵਲੋਂ ਅਤਵਾਦੀ ਕਹਿਕੇ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਪਰੋਂ ਭਾਰਤ ਸਰਕਾਰ  ਨੇ ਗੁਰਪਤਵੰਤ ਸਿੰਘ ਪੰਨੂ ਦੀ ਚੰਡੀਗੜ੍ਹ ਦੇ ਸੈਕਟਰ 15 ਵਿੱਚ ਸਥਿਤ ਜਾਇਦਾਦ, ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ ਵੀ ਪੰਨੂ ਦੀ ਜੱਦੀ ਜ਼ਮੀਨ ਜ਼ਬਤ ਅਤੇ  ਗੁਰਪ੍ਰੀਤ  ਸਿੰਘ ਨਿਝਰ ਦੇ ਭਰਾ ਪ੍ਰਾਪਰਟੀ ਜ਼ਬਤ ਕਰਕੇ, ਉਥੇ ਇਸ਼ਤਿਹਾਰ ਲਗਾ ਦਿਤੇ ਹਨ|  
ਹਾਲਾਂ ਕਿ ਪੰਨੂ ਅਤੇ ਨਿੱਝਰ ਦੋਵਾਂ ਨੇ ਭਾਰਤ ਵਿੱਚ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਿਸ ਨਾਲ ਭਾਰਤ ਦੇ ਕਿਸੇ ਕਨੂੰਨ ਦੀ ਉਲੰਘਣਾ ਹੁੰਦੀ ਹੋਵੇ| ਉਨ੍ਹਾਂ ਦੀ ਸਰਗਰਮੀਆਂ ਕਨੇਡਾ ਅਤੇ ਅਮਰੀਕਾ ਵਿਚ ਹੀ ਹਨ| ਜੇ ਭਾਰਤ ਨੂੰ ੇਲੱਗਦਾ ਹੈ ਕਿ ਉਸ ਨੇ ਭਾਰਤ ਵਿਰੁੱਧ ਕੋਈ ਕਾਰਵਾਈ ਕੀਤੀ ਹੈ ਤਾਂ ਉਹ ਅਮਰੀਕਾ ਅਤੇ ਕਨੇਡਾ ਸਰਕਾਰ ਨੂੰ ਸ਼ਿਕਾਇਤ ਕਰੇ| ਦੁਸਰੀ  ਗੱਲ ਨਾ ਤਾ ਪੰਨੂ ਨੇ ਕੋਈ ਜ਼ਮੀਨ ਜਾਂ ਪ੍ਰਾਪਰਟੀ ਭਾਰਤ ਵਿਚ ਖ਼ਰੀਦੀ ਹੈ ਅਤੇ ਨਾ ਹੀ  ਨਿਜਰ  ਨੇ ਕੋਈ ਜਾਇਦਾਦ ਖ਼ਰੀਦੀ ਹੈ| ਦੋਵਾਂ ਦੀ ਪਿਤਾ ਪੁਰਖੀ ਜਾਇਦਾਦ ਹੈ| ਜੇ ਕਿਸੇ ਪੁਤਰ ਦੀ ਕੋਈ ਗਲਤੀ ਹੋਵੇ ਵੀ  ਤਾਂ ਉਸ ਦੇ ਪੁਰਖਿਆਂ ਦੀ ਜਾਇਦਾਦ ਕਿਸ ਕਨੂੰਨ ਅਧੀਨ ਜ਼ਬਤ ਕੀਤੀ ਗਈ ਹੈ| ਭਾਈ ਨਿੱਝਰ ਤਾਂ ਵੈਸੇ ਵੀ ਸੰਸਾਰ ਨੁੰ ਅਲਵਿਦਾ ਕਹਿ ਗਏ ਹਨ ਫਿਰ ਉਸ ਦੀ ਜਾਇਦਾਦ ਜ਼ਬਤ ਕਰਨੀ ਅਤੇ ਉਸ ਦੇ ਪਿੰਡ ਉਸ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਰੋਕਣੇ ਕਿੱਥੋਂ ਦਾ ਇਨਸਾਫ ਹੈ ? ਕੀ ਦਿਲੀ ਸਿਖ ਕਤਲੇਆਮ, ਸਿਖ ਨਸਲਕੁਸ਼ੀ ਦੇ ਜ਼ਿੰਮੇਵਾਰ ਦੋਸ਼ੀ ਤੇ ਸੌਦਾ ਸਾਧ ਅਪਰਾਧੀ ਨਹੀਂ, ਕੀ ਮੋਨੂੰ ਮਨੇਸਰ, ਗਾਇਕ ਮੂਸੇਵਾਲ ਕਤਲ ਕਾਂਡ ਦੇ ਦੋਸ਼ੀ ਅਪਰਾਧੀ ਤੇ ਅਤਵਾਦੀ ਨਹੀਂ? ਇਹਨਾਂ ਦੀਆਂ ਜਾਇਦਾਦਾਂ ਕਿਉਂ ਨਹੀਂ ਜ਼ਬਤ ਕੀਤੀਆਂ ਗਈਆਂ| 
ਸਿੱਖ ਅਜ਼ਾਦੀ ਨਾਲ ਜਿਉਣਾ ਚਾਹੁੰਦੇ ਹਨ ਅਤੇ ਹਰ ਦੇਸ਼ ਦੇ ਹਰ ਬਸ਼ਿੰਦੇ ਦੇ  ਦੁੱਖ  ਸੁੱਖ ਵਿੱਚ ਸ਼ਾਮਲ ਹੀ ਨਹੀਂ ਹੁੰਦੇ ਬਲਕਿ  ਪੁਰੀ  ਮਦਦ ਕਰਦੇ ਹਨ| ਸਿੱਖਾਂ ਦੇ ਗੁਰਦੂਆਰੇ ਸਿੱਖਾਂ ਲਈ ਕੇਵਲ ਪੂਜਾ ਦੇ ਅਸਥਾਨ ਹੀ ਨਹੀ ਬਲਕਿ ਸਾਂਝੀਵਾਲਤਾ ਤੇ ਸਰਬਤ ਦੇ ਭਲੇ ਦਾ ਕੇਂਦਰ  ਹਨ| ਸਿੱਖ ਤਾਂ ਹਰ ਪਲ ਸਰਬਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਪਰ ਉਨ੍ਹਾਂ ਨੂੰ ਅੱਤਵਾਦੀ ਕਹਿਕੇ ਬਦਨਾਮ ਕੀਤਾ ਜਾ ਰਿਹਾ ਹੈ| ਭਾਰਤ ਦੇ ਆਗੂ ਮਹਾਤਮਾ ਗਾਂਧੀ , ਪੰਡਤ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਨੇ 1947 ਤੋਂ ਪਹਿਲਾਂ ਵਾਰ ਵਾਰ ਕਿਹਾ ਸੀ ਕਿ ਸਿੱਖ ਆਪਣੀ ਤਕਦੀਰ ਭਾਰਤ ਨਾਲ ਜੋੜਨ, ਸਿਖਾਂ ਨੂੰ ਉੱਤਰੀ ਭਾਰਤ ਵਿਚ ਇਕ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣਗੇ| ਅਸੀਂ ਕਹਿ ਰਹੇ ਹਾਂ ਭਾਰਤ ਆਪਣਾ ਵਾਅਦਾ  ਪੁਰਾ  ਕਰੇ| ਪਰ ਮੋਦੀ ਸਰਕਾਰ ਕਿਉਂ ਚੁਪ ਹੈ? ਭਾਰਤ ਦਾ ਸੁਪਰੀਮ ਕੋਰਟ ਕਹਿੰਦਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਅਜ਼ਾਦੀ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਹੈ| ਪਰ ਫਿਰ ਵੀ ਸਿਖਾਂ ਉਪਰ ਝੂਠੇ ਕੇਸ ਪਾਏ ਜਾ ਰਹੇ ਹਨ| ਕੁਝ ਸਿਖ ਬੁਧੀਜੀਵੀ, ਗਿਆਨੀ ਹਰਪ੍ਰੀਤ ਸਿੰਘ ਤਖਤ ਦਮਦਮਾ ਸਾਹਿਬ ਆਪੋ-ਆਪਣੇ ਢੰਗ ਨਾਲ ਆਵਾਜ਼ ਬੁਲੰਦ ਕਰ ਰਹੇ ਹਨ ਪਰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਿਰਮੌਰ ਤੇ ਅਹਿਮ ਸੰਸਥਾਵਾਂ ਤੋਂ ਜਿਸ ਤਰਾਂ ਦੀ ਅਗਵਾਈ ਦੀ ਆਸ ਹੈ, ਉਹ ਨਹੀ ਮਿਲ ਰਹੀ| ਇਹ ਸਿਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ|
-ਰਜਿੰਦਰ ਸਿੰਘ ਪੁਰੇਵਾਲ