image caption: -ਰਜਿੰਦਰ ਸਿੰਘ ਪੁਰੇਵਾਲ

ਨਿਝਰ ਹੱਤਿਆ ਕਾਂਡ ਮਾਮਲੇ ਵਿਚ ਭਾਰਤ ਸਰਕਾਰ ਕੈਨੇਡਾ ਨੂੰ ਸਹਿਯੋਗ ਕਰੇ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਲਾਏ ਦੋਸ਼ਾਂ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਤਣਾਅ ਹੈ| ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਤੁਕੇ ਤੇ ਪ੍ਰੇਰਿਤ ਦੱਸ ਕੇ ਖਾਰਜ ਕਰ ਦਿੱਤਾ ਸੀ| ਹੁਣ ਦਿ ਫਾਇਨੈਂਸ਼ੀਅਲ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ  ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ 10 ਅਕਤੂਬਰ ਤੱਕ ਆਪਣੇ 62  ਵਿਚੋਂ 41 ਡਿਪਲੋਮੈਟ ਵਾਪਸ ਬੁਲਾ ਲਏ| ਖਾਲਿਸਤਾਨੀ ਹਰਦੀਪ ਸਿੰਘ ਨਿਝਰ ਦੀ ਹੱਤਿਆ ਦੇ ਮੁੱਦੇ ਉਤੇ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਬਣਿਆ ਹੋਇਆ ਹੈ| ਭਾਰਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਦੋਵਾਂ ਦੇਸ਼ਾਂ ਵਿਚ ਡਿਪਲੋਮੈਟਾਂ ਦੀ ਬਰਾਬਰ ਗਿਣਤੀ ਚਾਹੁੰਦਾ ਹੈ| ਦੱਸਣਯੋਗ ਹੈ ਕਿ ਓਟਾਵਾ ਸਥਿਤ ਭਾਰਤ ਦੇ ਹਾਈ ਕਮਿਸ਼ਨ ਨਾਲੋਂ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਵਿਚ ਕਈ ਦਰਜਨ ਵੱਧ ਡਿਪਲੋਮੈਟ ਹਨ| 
ਕੈਨੇਡਾ ਵਿਚ ਵੱਡੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਕਾਰਨ ਵੱਡੇ ਕੌਂਸੁਲਰ ਸੈਕਸ਼ਨ ਦੀ ਲੋੜ ਪੈਂਦੀ ਹੈ| ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਡਿਪਲੋਮੈਟ 10 ਅਕਤੂਬਰ ਤੱਕ ਵਾਪਸ ਨਾ ਗਏ ਤਾਂ ਇਨ੍ਹਾਂ ਨੂੰ ਮਿਲਦੀ &lsquoਡਿਪਲੋਮੈਟਿਕ ਇਮਿਊਨਿਟੀ&rsquo (ਕੂਟਨੀਤਕ ਪੱਧਰ &rsquoਤੇ ਮਿਲਦੀ ਵਿਸ਼ੇਸ਼ ਸਹੂਲਤ) ਖ਼ਤਮ ਕਰ ਦਿੱਤੀ ਜਾਵੇਗੀ| ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ| ਇਸ ਨਾਲ ਕੈਨੇਡਾ ਗੋਰਿਆਂ ਉਪਰ ਤਾਂ ਕੋਈ ਅਸਰ ਨਹੀਂ ਪਵੇਗਾ, ਪਰ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਉਪਰ ਵਡਾ ਅਸਰ ਪਵੇਗਾ| ਇਸ ਨਾਲ ਰਿਸ਼ਤੇਦਾਰ ਆਪਸ ਵਿਚ ਨਹੀਂ ਮਿਲ ਸਕਣਗੇ| ਇੰਡੀਆ ਵਿਚ ਰਹਿੰਦੇ ਮਾਂ ਬਾਪ ਨਹੀਂ ਮਿਲ ਸਕਣਗੇ| ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ  ਕੈਨੇਡਾ ਜਾਣ ਬਾਰੇ ਨਹੀਂ ਸੋਚ ਸਕਣਗੇ, ਕਿਉਂ ਕਿ ਭਾਰਤ ਵਿਚ ਕੈਨੇਡਾ ਸਟਾਫ ਦੀ ਕਮੀ ਕਾਰਣ ਰੁਕਾਵਟਾਂ ਪੰਜਾਬੀਆਂ ਨੂੰ ਆਉਣਗੀਆਂ| ਇੰਜ ਜਾਪਦਾ ਹੈ ਜਿਵੇਂ ਇਹ ਸਜ਼ਾ ਕੈਨੇਡਾ ਦੀ ਥਾਂ ਪੰਜਾਬੀਆਂ ਨੂੰ ਦਿਤੀ ਜਾ ਰਹੀ ਹੈ|
ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ  ਕਿਹਾ ਕਿ ਕੈਨੇਡਾ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੂਟਨੀਤਕ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਚਾਹੁੰਦਾ ਹੈ| ਜੌਲੀ ਨੇ ਰਾਇਟਰਜ਼ ਨਿਊਜ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ| ਅਸੀਂ ਕੈਨੇਡੀਅਨ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਨਿੱਜੀ ਤੌਰ &rsquoਤੇ ਕੰਮ ਕਰਨਾ ਜਾਰੀ ਰੱਖਾਂਗੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਕੂਟਨੀਤਕ ਗੱਲਬਾਤ ਉਦੋਂ ਹੀ ਵਧੀਆ ਹੁੰਦੀ ਹੈ ਜਦੋਂ ਉਹ ਨਿੱਜੀ ਰਹਿਣਗੇ| ਜੋਲੀ ਦਾ ਇਹ ਬਿਆਨ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਕੈਨੇਡਾ ਨੂੰ 41 ਡਿਪਲੋਮੈਟਾਂ ਨੂੰ ਵਾਪਸ ਲੈਣ ਲਈ ਕਿਹਾ ਹੈ|
ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਹੁਣੇ ਜਿਹੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਕਈ ਮੌਕਿਆਂ &rsquoਤੇ ਭਾਰਤ ਸਰਕਾਰ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਭਾਈ ਨਿਝਰ ਦੀ ਮੌਤ ਦੀ ਕੈਨੇਡਾ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ|  ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ, ਜਿਵੇਂ ਕਿ ਉਨ੍ਹਾਂ ਉਦੋਂ ਵੀ ਸਪੱਸ਼ਟ ਕੀਤਾ ਸੀ, ਮੈਂ ਹੁਣ ਫਿਰ ਦੁਹਰਾਉਂਦਾ ਹਾਂ, ਅਸੀਂ ਇਸ ਮੁੱਦੇ ਉਤੇ ਆਪਣੇ ਕੈਨੇਡੀਅਨ ਸਹਿਯੋਗੀਆਂ ਨਾਲ ਨੇੜਿਓਂ ਰਾਬਤਾ ਰੱਖ ਰਹੇ ਹਾਂ| ਮਿਲਰ ਨੂੰ ਜਦ ਪੁੱਛਿਆ ਗਿਆ ਕਿ ਕੀ ਭਾਰਤ ਨੇ ਕੈਨੇਡਾ ਨਾਲ ਸਹਿਯੋਗ ਕਰਨ ਦੀ ਹਾਮੀ ਭਰੀ ਹੈ, ਤਾਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਨਵੀਂ ਦਿੱਲੀ ਹੀ ਦੇ ਸਕਦੀ ਹੈ| 
ਸਮੱੁਚੇ ਤੌਰ ਉਪਰ ਕਹਿਣਾ ਬਣਦਾ ਹੈ ਕਿ ਭਾਈ ਨਿਝਰ ਕਤਲ ਕਾਂਡ ਦੇ ਮਾਮਲੇ ਵਿਚ ਭਾਰਤ ਸਰਕਾਰ ਨੂੰ ਕੈਨੇਡਾ ਦਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਕੈਨੇਡਾ ਉਪਰ ਲਗਾਈਆਂ ਪਾਬੰਦੀਆਂ ਵਾਪਸ ਲੈਣੀਆਂ ਚਾਹੀਦੀਆਂ ਹਨ| ਇਸ ਨਾਲ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ| ਸਿਖਾਂ ਦੇ ਮਨਾਂ ਵਿਚ ਮੋਦੀ ਸਰਕਾਰ ਪ੍ਰਤੀ ਇਹ ਵਿਚਾਰ ਬਣ ਰਿਹਾ ਕਿ ਉਹ ਕੈਨੇਡਾ ਵਿਵਾਦ ਦੌਰਾਨ ਸਿਖਾਂ ਦਾ ਨੁਕਸਾਨ ਕਰ ਰਹੇ ਹਨ ਜਾਂ ਸਿਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ| ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਖਤ ਦਮਦਮਾ ਸਾਹਿਬ ਤੇ ਸਰਦਾਰ ਗੁਰਤੇਜ ਸਿੰਘ ਆਈਏਐਸ ਨੇ ਹੁਣੇ ਜਿਹੇ ਚੰਡੀਗੜ੍ਹ ਵਿਚ ਕਾਨਫਰੰਸ ਦੌਰਾਨ ਕਿਹਾ  ਸੀ ਕਿ ਭਾਰਤ ਸਰਕਾਰ ਵਲੋਂ ਵੱਖਵਾਦੀ ਵਿਚਾਰ ਰੱਖਣ ਵਾਲੇ ਵਿਦੇਸ਼ੀ ਸਿੱਖਾਂ ਦੀ ਜਾਇਦਾਦ ਜਬਤ ਕਰਨ ਅਤੇ ਓ ਸੀ ਆਈ ਕਾਰਡ ਰੱਦ ਕਰਨ ਦੀਆਂ ਕੋਝੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਸਿੱਖ ਕਤਲੇਆਮ ਦੇ ਦੋਸ਼ੀਆਂ ਅਤੇ ਸੰਗੀਨ ਅਪਰਾਧਿਕ ਮਾਮਲਿਆਂ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ| 
ਸਾਨੂੰ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੇ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਕਤਲ, ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਲਾਵਾਰਿਸ ਲਾਸ਼ਾਂ ਕਹਿ ਕੇ ਸਾੜਨ ਵਾਲੇ ਪੰਜਾਬ ਦੇ ਨੌਜਵਾਨਾ ਦਾ ਮੁੱਦਾ ਵੀ ਚੁੱਕਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ 1992 ਵਿਚ ਯੂਐਨਓ ਤਕ ਪਹੁੰਚ ਕਰਨ ਵਾਲਾ ਅਕਾਲੀ ਦਲ ਹੁਣ ਇੱਸ ਮੌਕੇ ਕੇਵਲ ਫ਼ਰਜ਼ੀ ਬਿਆਨਾਂ ਤਕ ਸੀਮਤ ਹੋਕੇ ਰਹਿ ਗਿਆ ਹੈ ਅਤੇ ਪੰਜਾਬ ਦੇ ਚੁਣੇ ਹੋਏ 92 ਨੁਮਾਇੰਦੇ ਵੀ ਇਸ ਮਸਲੇ ਤੋਂ ਕਿਨਾਰਾ ਕਰ ਬੈਠੇ ਦਿਸਦੇ ਹਨ| ਉਹਨਾਂ ਕਿਹਾ ਕਿ ਇਸ ਵੇਲੇ ਪੰਥ ਨੂੰ ਸਮੂਹਕ ਤੌਰ ਤੇ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਦਾ ਵਿਸ਼ਵ ਪੱਧਰੀ ਗਠਜੋੜ ਤਿਆਰ ਕਰਨਾ ਚਾਹੀਦਾ ਹੈ ਜੋ ਨਕਾਰਾ ਹੋ ਚੁਕੀ ਸਿੱਖ ਲੀਡਰਸ਼ਿਪ ਦੀ ਥਾਂ ਤੇ ਸਿੱਖ ਹਿੱਤਾਂ ਦੀ ਦੁਨੀਆਂ ਭਰ ਵਿਚ ਰਾਖੀ ਲਈ ਸਮਰਪਿਤ ਹੋਵੇ, ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਰਕਾਰ ਵਲੋਂ ਸਿੱਖਾਂ ਨੂੰ ਮੁੜ 1980 ਦੇ ਸਮੇਂ ਵੱਲ ਧੱਕਿਆ ਜਾ ਰਿਹਾ ਹੈ, ਦਿੱਲੀ ਦਰਬਾਰ ਸਿੱਖਾਂ ਦੇ ਮਸਲੇ ਸੰਵਾਦ ਰਾਹੀਂ ਹੱਲ ਕਰਨ ਦੀ ਥਾਂ ਸਿੱਖਾਂ ਪ੍ਰਤੀ ਦਮਨਕਾਰੀ ਨੀਤੀ ਅਪਣਾ ਰਹੀ ਹੈ ਜਿਸ ਦੇ ਨਤੀਜੇ ਭਵਿੱਖ ਵਿਚ ਬਹੁਤ ਮੰਦਭਾਗੇ ਹੋ ਸਕਦੇ ਹਨ ਇਸ ਵੇਲੇ ਕੇਂਦਰ ਵਿਚ ਵਿਰੋਧੀ ਧਿਰਾਂ ਦੀ ਚੁੱਪ ਵੀ ਕੇਂਦਰ ਦੇ ਸਿੱਖਾਂ ਪ੍ਰਤੀ ਨੀਤੀ ਦੀ ਸਹਿਮਤੀ ਨਜ਼ਰ ਆ ਰਹੀ ਹੈ, ਉਨ੍ਹਾਂ ਭਾਰਤੀ ਹਕੂਮਤ ਨੂੰ ਸਿੱਖ ਵਿਦਵਾਨਾਂ ਨਾਲ ਗੱਲਬਾਤ ਰਾਹੀ ਮਸਲੇ ਹੱਲ ਕਰਨ ਲਈ ਕਿਹਾ |
ਪੰਜਾਬ ਟਾਈਮਜ ਦਾ ਵਿਚਾਰ ਹੈ ਕਿ ਇਸ ਮਾਮਲੇ ਵਿਚ ਭਾਰਤ ਸਰਕਾਰ ਦਾ ਅਕਸ ਵਿਗੜ ਰਿਹਾ ਹੈ| ਮਨੁੱਖੀ ਅਧਿਕਾਰਾਂ ਤੇ ਘੱਟਗਿਣਤੀਆਂ ਦੇ ਮਾਮਲੇ ਵਿਚ ਭਾਰਤ ਦਾ ਰਿਕਾਰਡ ਕੌਮਾਂਤਰੀ ਪਧਰ ਉਪਰ ਠੀਕ ਨਹੀਂ| ਦੂਸਰੇ ਪਾਸੇ ਚੀਨ ਨਾਲ ਹਦਾਂ ਦਾ ਵਿਵਾਦ ਵਿਗੜਿਆ ਹੋਇਆ ਹੈ| ਜੇਕਰ ਪੱਛਮ ਨਾਲ ਵਿਗਾੜ ਆ ਗਿਆ ਤਾਂ ਭਾਰਤ ਨੂੰ ਆਰਥਿਕ ਪੱਧਰ ਉਪਰ ਨੁਕਸਾਨ ਉਠਾਉਣਾ ਪੈ ਸਕਦਾ ਹੈ|
-ਰਜਿੰਦਰ ਸਿੰਘ ਪੁਰੇਵਾਲ