image caption: -ਰਜਿੰਦਰ ਸਿੰਘ ਪੁਰੇਵਾਲ

ਹਮਾਸ ਤੇ ਇਜਰਾਈਲ ਦਾ ਯੁੱਧ ਬਨਾਮ ਮਨੁੱਖਤਾ ਦਾ ਘਾਣ

ਸਨਿੱਚਰਵਾਰ, 7 ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਈਲ ਉੱਤੇ ਅਚਾਨਕ ਵੱਡਾ ਹਮਲਾ ਕਰਕੇ ਇਜ਼ਰਾਈਲ ਹੀ ਨਹੀਂ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ| ਹਮਾਸ ਨੇ ਇਜ਼ਰਾਈਲ ਦੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿਚ ਰਾਕੇਟਾਂ ਦੀ ਧੂੰਆਂਧਾਰ ਫਾਇਰਿੰਗ ਕੀਤੀ ਤੇ ਹਮਾਸ ਦੇ ਬੰਦੂਕਧਾਰੀ ਗਾਜ਼ਾ ਪੱਟੀ ਤੋਂ ਬਾਹਰ ਇਜ਼ਰਾਈਲ ਵਿਚ 22 ਸਥਾਨਾਂ ਵਿਚ ਦਾਖਲ ਹੋਏ, ਜਿਨ੍ਹਾਂ ਵਿਚ ਗਾਜ਼ਾ ਸਰਹੱਦ ਤੋਂ 15 ਮੀਲ ਦੂਰ ਕਸਬੇ ਅਤੇ ਹੋਰ ਬਸਤੀਆਂ ਸ਼ਾਮਲ ਹਨ| ਹਮਾਸ ਲੜਾਕਿਆਂ ਨੇ ਇਜ਼ਰਾਈਲ ਦੀਆਂ ਬਸਤੀਆਂ ਵਿਚ ਫੈਲ ਕੇ ਮਾਰੋਮਾਰ ਸ਼ੁਰੂ ਕਰ ਦਿੱਤੀ ਤੇ ਕਈ ਸੈਨਿਕ ਅਤੇ ਸ਼ਹਿਰੀ ਬੰਦੀ ਬਣਾ ਲਏ ਅਤੇ ਇਸ ਨੇ ਹਮਾਸ ਅਤੇ ਇਜ਼ਰਾਈਲੀਆਂ ਵਿਚਕਾਰ ਪੂਰੀ ਤਰ੍ਹਾਂ ਨਾਲ ਜੰਗ ਦਾ ਰੂਪ ਧਾਰਨ ਕਰ ਲਿਆ|  ਜਵਾਬੀ ਕਾਰਵਾਈ ਵਿਚ ਇਜ਼ਰਾਈਲ ਨੇ ਗਾਜ਼ਾ ਪੱਟੀ ਤੇ ਤੋਪਾਂ ਨਾਲ ਧੂੰਆਂਧਾਰ ਬੰਬਾਰੀ ਕੀਤੀ|  ਜੰਗ ਦਾ ਇਹ ਪੰਜਵਾਂ ਦਿਨ ਹੈ, ਇਜ਼ਰਾਈਲ ਹਮਲੇ ਨੂੰ ਤੇਜ਼ ਕਰਨ ਦੀ ਤਿਆਰੀ ਕਰ ਰਿਹਾ ਹੈ| ਇਜ਼ਰਾਈਲੀ ਫੌਜ ਦੱਖਣੀ ਇਜ਼ਰਾਈਲ ਵਿੱਚ ਇਕੱਠੀ ਹੋ ਰਹੀ ਹੈ, ਭਾਰੀ ਫੌਜੀ ਹਥਿਆਰਾਂ ਦੇ ਨਾਲ ਰਿਜ਼ਰਵ ਬਲਾਂ  ਨੂੰ ਬੁਲਾਇਆ ਜਾ ਰਿਹਾ ਹੈ| 
ਅਲ ਜਜ਼ੀਰਾ ਮੁਤਾਬਕ ਜੰਗ ਦੇ ਛੇਵੇਂ ਦਿਨ  ਦੋਵਾਂ ਪਾਸਿਆਂ ਤੋਂ ਮਰਨ ਵਾਲਿਆਂ ਦੀ ਗਿਣਤੀ 4,000 ਦੱਸੀ ਹੈ| ਗਾਜ਼ਾ ਵਿੱਚ 260,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ, ਜਿਨ੍ਹਾਂ ਵਿੱਚੋਂ 175,000 ਤੋਂ ਵੱਧ ਲੋਕਾਂ ਨੇ ਸੰਯੁਕਤ ਰਾਸ਼ਟਰ ਦੇ 88 ਸਕੂਲਾਂ ਵਿੱਚ ਸ਼ਰਨ ਲਈ ਹੈ| ਹਵਾਈ ਹਮਲੇ ਜਾਰੀ ਰਹਿਣ ਕਾਰਨ ਮੌਤਾਂ ਅਤੇ ਬੇਘਰ ਹੋਏ ਲੋਕਾਂ ਦੀ ਗਿਣਤੀ ਵਧ ਰਹੀ ਹੈ| ਮਰਨ ਵਾਲਿਆਂ ਵਿਚੋਂ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਹਨ| ਜਿਸ ਵਿੱਚ ਅਮਰੀਕਾ, ਥਾਈਲੈਂਡ, ਭਾਰਤ ਦੇ ਲੋਕ ਸ਼ਾਮਲ ਹਨ| ਇਜ਼ਰਾਈਲ ਦੀ ਸਰਕਾਰ ਨੇ ਕਿਹਾ ਕਿ ਉਸ ਨੇ ਗਾਜ਼ਾ ਦੇ ਕੁਝ ਹਿੱਸਿਆਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਸ ਉਪਰ ਕਾਬੂ ਪਾ ਲਿਆ ਹੈਅਮਰੀਕਾ ਪੂਰੀ ਤਰ੍ਹਾਂ ਇਜਰਾਈਲ ਦੀ ਪਿਠ ਉਪਰ ਹੈ|
ਰਾਸ਼ਟਰਪਤੀ ਜੋਅ ਬਿਡੇਨ ਨੇ ਹਮਾਸ ਦੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਦੁਸ਼ਟ ਕਾਰਵਾਈ ਕਿਹਾ| ਆਧੁਨਿਕ ਅਮਰੀਕੀ ਫੌਜੀ ਹਥਿਆਰਾਂ ਨਾਲ ਲੈਸ ਜਹਾਜ਼ ਬੀਤੇ ਬੁੱਧਵਾਰ ਨੂੰ ਇਜ਼ਰਾਈਲ ਪਹੁੰਚ ਗਿਆ ਸੀ| 
ਤੁਰਕੀ ਵਲੋਂ ਨਿੰਦਾ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਗਾਜ਼ਾ ਵਿੱਚ ਹੋਏ ਆਮ ਫਿਲਸਤੀਨੀ ਲੋਕਾਂ ਉਪਰ ਇਜਰਾਈਲੀ ਹਮਲਿਆਂ ਦੀ ਨਿੰਦਾ ਕੀਤੀ ਹੈ| ਪੁਤਿਨ ਨੇ ਇਸ ਨੂੰ ਅਮਰੀਕੀ ਵਿਦੇਸ਼ ਨੀਤੀ ਦੀ ਅਸਫਲਤਾ ਦਾ ਨਤੀਜਾ ਦੱਸਿਆ ਹੈ| 
ਹਮਾਸ ਤੇ ਇਜ਼ਰਾਈਲ ਵਿਚਕਾਰ ਯੁੱਧ ਲਗਾਤਾਰ ਜਾਰੀ ਹੈ| ਇਸ ਨੂੰ ਸਭ ਤੋਂ ਵੱਧ ਦੋਵਾਂ ਪਾਸਿਆਂ ਦੇ ਆਮ ਨਾਗਰਿਕ, ਔਰਤਾਂ ਤੇ ਬੱਚੇ ਭੁਗਤ ਰਹੇ ਹਨ| 
ਇਰਾਨ ਨਾਲ ਜੁੜੇ ਸ਼ਕਤੀਸ਼ਾਲੀ ਇਰਾਕੀ ਅਤੇ ਯਮਨ ਦੇ ਹਥਿਆਰਬੰਦ ਜਥੇਬੰਦੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਗਾਜ਼ਾ ਵਿੱਚ ਹਮਾਸ ਨਾਲ ਸੰਘਰਸ਼ ਵਿੱਚ ਇਜ਼ਰਾਈਲ ਦਾ ਸਮਰਥਨ ਕਰਨ ਲਈ ਸਿੱਧਾ ਦਖਲ ਦਿੰਦਾ ਹੈ ਤਾਂ ਉਹ ਅਮਰੀਕੀ ਹਿੱਤਾਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਉਣਗੇ| ਇਹ ਟਿੱਪਣੀ ਅਮਰੀਕੀ ਜੰਗੀ ਸਮੱਗਰੀ ਭੇਜੇ ਜਾਣ ਅਤੇ ਜੰਗੀ ਬੇੜੇ ਦੀ ਤਾਇਨਾਤੀ ਤੋਂ ਬਾਅਦ ਆਈ ਹੈ|
ਹਮਾਸ ਤੇ ਇਜ਼ਰਾਈਲ ਨੇ ਇੱਕ-ਦੂਜੇ ਉੱਤੇ ਹੋਏ ਹਮਲਿਆਂ ਦੇ ਜਿਹੜੇ ਵੀਡੀਓ ਜਾਰੀ ਕੀਤੇ ਹਨ, ਉਨ੍ਹਾਂ ਵਿੱਚ ਹਮਲਾਵਰਾਂ ਪਾਸ ਅਮਰੀਕਾ ਦੀਆਂ ਬਣੀਆਂ ਐੱਮ-14 ਅਸਾਲਟਾਂ ਦੇਖੀਆਂ ਜਾ ਸਕਦੀਆਂ ਹਨ| ਸਵਾਲ ਇਹ ਹੈ ਕਿ ਇਜ਼ਰਾਈਲ ਨਾਲ ਤਾਂ ਅਮਰੀਕਾ ਦੇ ਨੇੜਲੇ ਸੰਬੰਧ ਹਨ, ਪਰ ਹਮਾਸ ਨੂੰ ਤਾਂ ਉਸ ਨੇ ਅੱਤਵਾਦੀ ਗਰਦਾਨਿਆ ਹੋਇਆ ਹੈ, ਫਿਰ ਉਸ ਕੋਲ ਇਹ ਹਥਿਆਰ ਕਿਵੇਂ ਆਏ| ਅਮਰੀਕੀ ਸੈਨੇਟਰ ਮਾਰਜ਼ੋਰੀ ਟੇਲਰ ਗਰੀਨ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਹਮਾਸ ਨੇ ਇਜ਼ਰਾਈਲ ਉੱਤੇ ਹਮਲੇ ਲਈ ਅਮਰੀਕੀ ਹਥਿਆਰ ਵਰਤੇ ਹਨ, ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ| 
ਅਸੀਂ ਸਮਝਦੇ ਹਾਂ ਕਿ ਜੰਗ ਇੱਕ ਵੱਡਾ ਕਾਰੋਬਾਰ ਹੈ, ਜੋ ਇੱਕ ਖੂਨੀ ਧੰਦਾ ਬਣ ਚੁੱਕਾ ਹੈ| ਇਹ ਅਸੀਂ ਯੂਕਰੇਨ, ਇਜ਼ਰਾਈਲ ਤੇ ਗਾਜ਼ਾ ਵਿੱਚ ਦੇਖ ਰਹੇ ਹਾਂ| ਹਥਿਆਰਾਂ ਦਾ ਸਭ ਤੋਂ ਵੱਡਾ ਸੌਦਾਗਰ ਅਮਰੀਕਾ ਇਸ ਧੰਦੇ ਦੇ ਕੇਂਦਰ ਵਿੱਚ ਹੈ| ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਇੱਕ ਰਿਪੋਰਟ ਮੁਤਾਬਕ 2013 ਤੋਂ 2022 ਵਿਚਕਾਰ ਅਮਰੀਕੀ ਹਥਿਆਰਾਂ ਦੀ ਬਰਾਮਦ ਵਿੱਚ 14 ਫ਼ੀਸਦੀ ਦਾ ਵਾਧਾ ਹੋਇਆ ਹੈ| ਇਸ ਸਮੇਂ ਸੰਸਾਰ ਵਿਆਪੀ ਹਥਿਆਰਾਂ ਦੀ ਬਰਾਮਦ ਵਿੱਚ ਅਮਰੀਕਾ ਦੀ ਹਿੱਸੇਦਾਰੀ 40 ਫ਼ੀਸਦੀ ਹੋ ਚੁੱਕੀ ਹੈ| ਅਸਲ ਵਿੱਚ ਅਮਰੀਕਾ ਦੀ ਸੰਸਾਰ ਪੱਧਰੀ ਚੌਧਰ ਹੀ ਹਥਿਆਰਾਂ ਦੇ ਬਲਬੂਤੇ ਉੱਤੇ ਹੈ|
ਦੂਜੇ ਵਿਸ਼ਵ ਯੁੱਧ ਵਿਚ ਜਰਮਨਾਂ ਵਲੋਂ ਯਹੂਦੀਆਂ ਨੂੰ ਸਮੂਹਿਕ ਤੌਰ ਤੇ ਤਸੀਹੇ ਦੇ ਕੇ ਖ਼ਤਮ ਕਰਨ ਤੋਂ ਬਾਅਦ ਬਚੇ ਅਤੇ ਬੇਘਰ ਹੋਏ ਯਹੂਦੀਆਂ ਨੂੰ ਵਸਾਉਣ ਲਈ ਫਲਸਤੀਨ ਨੂੰ ਅਮਰੀਕਾ-ਯੂਰਪ ਦੇ ਗੱਠਜੋੜ ਦੀ ਮਦਦ ਨਾਲ ਵੰਡਿਆ ਗਿਆ ਤੇ ਕਾਫੀ ਹਿਸਾ ਯਹੂਦੀਆਂ ਨੂੰ ਦਿੱਤਾ ਗਿਆ ਜਿਸ ਉਤੇ ਯੂ.ਐਨ.ਓ. ਨੇ ਵੀ ਮੋਹਰ ਲਗਾ ਦਿੱਤੀ ਸੀ| ਪਰ ਫਲਸਤੀਨੀਆਂ ਨੇ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ| ਇਸ ਤੋਂ ਇਲਾਵਾ ਗਾਜ਼ਾ ਪੱਟੀ ਵਿਚ ਯਹੂਦੀਆਂ ਦੀ ਲਗਾਤਾਰ ਘੁਸਪੈਠ ਤੇ ਨਵੀਆਂ ਬਸਤੀਆਂ ਬਣਾਉਣ ਦੀ ਮੁਹਿੰਮ ਫਲਸਤੀਨੀਆਂ ਲਈ ਹੋਰ ਵੀ ਦੁਖਦਾਈ ਬਣ ਗਈ| ਇਜ਼ਰਾਈਲੀਆਂ ਦੁਆਰਾ ਫਲਸਤੀਨ ਵਿਚ ਵਧੇਰੇ ਖੇਤਰਾਂ ਨੂੰ ਦੱਬੇ ਜਾਣ ਕਾਰਨ ਗਾਜ਼ਾ ਪੱਟੀ ਵਿਚ ਝੜਪਾਂ ਲਗਾਤਾਰ ਜਾਰੀ ਹਨ|
ਇਹ ਯਾਦ ਰੱਖਣ ਦੀ ਵੀ ਲੋੜ ਹੈ ਕਿ ਫਲਸਤੀਨੀ ਲੋਕ ਕਈ ਦਹਾਕਿਆਂ ਤੋਂ ਲਗਾਤਾਰ ਜ਼ੁਲਮ ਦਾ ਸਾਹਮਣਾ ਕਰਦੇ ਆ ਰਹੇ ਹਨ ਉਹ ਮਨੁੱਖੀ ਅਧਿਕਾਰਾਂ ਤੋਂ ਵਿਰਵੇ ਹਨ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਪੁੱਟ ਕੇ ਆਪਣੇ ਹੀ ਵਤਨ ਵਿਚ ਬੇਵਤਨੇ ਕਰ ਦਿੱਤਾ ਗਿਆ ਹੈ ਉਨ੍ਹਾਂ ਨੂੰ ਰੋਜ਼ ਬੇਇੱਜ਼ਤੀ ਤੇ ਦਮਨ ਦਾ ਸਾਹਮਣਾ ਕਰਨਾ ਪੈਂਦਾ ਹੈ| ਉਨ੍ਹਾਂ ਦਾ ਵੱਡਾ ਸੰਕਟ ਸਿਆਸੀ ਪਾਰਟੀਆਂ ਦੀ ਅਣਹੋਂਦ ਹੈ| ਕੌਮਾਂਤਰੀ ਭਾਈਚਾਰੇ ਨੇ ਲੰਮੇ ਸਮੇਂ ਤੋਂ ਇਸ ਖਿੱਤੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਅੱਖਾਂ ਮੀਟੀਆਂ ਹੋਈਆਂ ਹਨ| ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਬਿਰਤਾਂਤ ਵਿਚ ਇਜ਼ਰਾਈਲੀ ਜਮਹੂਰੀ, ਅਮਨਪਸੰਦ ਤੇ ਕਾਨੂੰਨਪਸੰਦ ਹਨ ਜਦੋਂਕਿ ਫਲਸਤੀਨੀ ਦਹਿਸ਼ਤਪਸੰਦ ਤੇ ਹਿੰਸਕ ਹਨ| ਇਹ ਵੀ ਭੁਲਾ ਦਿੱਤਾ ਗਿਆ ਹੈ ਕਿ ਕਬਜ਼ਾ ਕਰਨ ਵਾਲੀ ਧਿਰ ਇਜ਼ਰਾਈਲੀ ਹਨ ਤੇ ਉੱਜੜੀ ਹੋਈ ਧਿਰ ਫਲਸਤੀਨੀ| ਹੁਣ ਵਾਲੇ ਸੰਕਟ ਵਿਚ ਵੀ ਅਮਰੀਕਾ ਅਤੇ ਪੱਛਮੀ ਦੇਸ਼ ਇਜ਼ਰਾਈਲ ਦੀ ਪਿੱਠ ਤੇ ਹਨ| ਇਹ ਜੰਗ ਲੰਬੇ ਸਮੇਂ ਤਕ ਚਲੇਗੀ|ਜੇ ਇਸ ਨੂੰ ਨਾ ਰੋਕਿਆ ਤਾਂ ਇਹ ਈਸਾਈ ਤੇ ਇਸਲਾਮ ਟਕਰਾਅ ਦੀ ਜੰਗ ਬਣਕੇ ਵਿਸ਼ਵ ਜੰਗ ਵਿਚ ਬਦਲ ਸਕਦੀ ਹੈ| ਮਨੁੱਖਤਾ ਇਸ ਸਮੇਂ ਟਾਈਮ ਬੰਬ ਉਪਰ ਬੈਠੀ ਹੈ| 
-ਰਜਿੰਦਰ ਸਿੰਘ ਪੁਰੇਵਾਲ