image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਕਾਲੇ ਪਾਣੀਆਂ ਦੇ ਸ਼ਹਿਰੀਆਂ ਦੀ ਰੱਖਿਆ ਕਰਨ ਵਾਲਾ ਦੀਵਾਨ ਸਿੰਘ ਕਾਲੇਪਾਣੀ ਅੰਡੇਮਾਨ-ਨਿਕੋਵਾਰ ਦਾ ਨਾਇਕ ਹੈ ਨਾ ਕਿ ਆਰ ਐਸ ਐਸ ਦਾ ਕਰਤਾ ਧਰਤਾ ਵਿਨਾਇਕ ਦਾਮੋਦਰ ਸਾਵਰਕਰ !

ਆਰ।ਐੱਸ।ਐੱਸ। ਅੱਜ ਆਪਣੇ ਆਪ ਨੂੰ ਹਿੰਦੂਆਂ ਦੀ ਨੁਮਾਇੰਦਾ ਜਥੇਬੰਦੀ ਵੀ ਦਰਸਾਉਂਦੀ ਹੈ, ਸਭ ਤੋਂ ਵੱਡੀ ਦੇਸ਼ ਭਗਤ ਵੀ ਕਹਾਉਂਦੀ ਹੈ ਤੇ ਦੂਜੀਆਂ ਕੌਮੀਅਤਾਂ ਨੂੰ ਗੱਲ ਗੱਲ &lsquoਤੇ ਦੇਸ਼ ਧ੍ਰੋਹੀ ਹੋਣ ਦੇ ਫ਼ਤਵੇ ਅਤੇ ਸਬਕ ਸਿਖਾਉਣ ਦੀਆਂ ਧਮਕੀਆਂ ਵੀ ਦਿੰਦੀ ਹੈ । ਸਿੱਖ ਕੌਮ ਦੀਆਂ ਪ੍ਰਾਪਤੀਆਂ ਨੂੰ ਯੋਜਨਾ-ਬੱਧ ਤਰੀਕੇ ਨਾਲ ਛੁਟਿਆਇਆ ਜਾ ਰਿਹਾ ਹੈ । ਹਿੰਦੂ ਬਹੁਗਿਣਤੀ ਦੀ ਮਾਨਸਿਕਤਾ ਮੁਤਾਬਕ ਹੀ 1925 ਵਿੱਚ ਜਦੋਂ ਇਹ ਜਥੇਬੰਦੀ ਹੋਂਦ ਵਿੱਚ ਆਈ, ਅੰਗ੍ਰੇਜ਼ ਹਾਕਮਾਂ ਨਾਲ ਮਿਲਵਰਤਣ ਰੱਖ ਕੇ ਕੰਮ ਚਲਾਉਂਦੀ ਰਹੀ, ਪਰ ਅੱਜ ਭਾਰਤੀ ਸੱਤਾ &lsquoਤੇ ਕਾਬਜ਼ ਹੋ ਕੇ ਉਸ ਨੇ ਇਤਿਹਾਸ ਨੂੰ ਸੁਧਾਰਨ ਦੇ ਨਾਂ ਹੇਠ ਇਤਿਹਾਸ ਨੂੰ ਵਿਗਾੜ ਕੇ ਉਸ ਵਿੱਚ ਆਪਣੇ ਆਪ ਨੂੰ ਤੇ ਆਪਣੇ ਹਿੰਦੂ ਭਾਈਚਾਰੇ ਨੂੰ ਮਹਾਨ ਤੇ ਅਜ਼ਾਦੀ ਦੇ ਆਸ਼ਕ ਦਰਸਾਉਣ ਲਈ ਵੱਡੀ ਪੱਧਰ &lsquoਤੇ ਇਤਿਹਾਸ ਵਿੱਚ ਅਦਲਾ ਬਦਲੀ ਕਰਾਉਣ ਦਾ ਕੰਮ ਆਰੰਭਿਆ ਹੋਇਆ ਹੈ । ਭਾਰਤ ਦੀ ਸੰਸਦ ਨੇ 28-8-1987 ਨੂੰ ਦੀਵਾਨ ਸਿੰਘ ਕਾਲੇ ਪਾਣੀ ਨੂੰ ਅੰਡੇਮਾਨ ਨਿਕੋਬਾਰ ਟਾਪੂਆਂ ਤੋਂ ਅਜ਼ਾਦੀ ਘੁਲਾਟੀਆ ਐਲਾਨਿਆ ਸੀ । ਪਰ ਜਦ ਵਾਜਪਾਈ ਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਸੈਲੂਲਰ ਜੇਲ੍ਹ ਵਿੱਚ ਵਿਨਾਇਕ ਦਾਮੋਦਰ ਸਾਵਰਕਰ ਦਾ ਬੁੱਤ ਲਾ ਦਿੱਤਾ, ਉਸ ਦੀ ਯਾਦਗਾਰ ਵੀ ਬਣਾ ਦਿੱਤੀ, ਜਦਕਿ ਹੱਕ ਬਣਦਾ ਸੀ ਦੀਵਾਨ ਸਿੰਘ ਕਾਲੇ ਪਾਣੀ ਦਾ । ਹੁਣ ਤਾਂ ਅੰਡੇਮਾਨ ਨਿਕੋਬਾਰ ਹਵਾਈ ਅੱਡੇ ਦਾ ਨਾਮ ਵੀ ਹਿੰਦੂ ਵਿਚਾਰਕ ਵਿਨਾਇਕ ਦਾਮੋਦਰ ਸਾਵਰਕਰ ਦੇ ਨਾਂ &lsquoਤੇ ਰੱਖਿਆ ਹੋਇਆ ਹੈ, ਜਿਸ ਨੂੰ ਹਿੰਦੂਤਵੀ ਵੀਰ ਸਾਵਰਕਰ ਨਾਲ ਸੰਬੋਧਿਤ ਹੁੰਦੇ ਹਨ । ਇਹ ਇਕ ਇਤਿਹਾਸਕ ਸੱਚਾਈ ਹੈ ਕਿ ਸੈਂਕੜੇ ਸਿੱਖਾਂ ਨੇ ਆਪਣੀਆਂ ਜਵਾਨੀਆਂ ਕਾਲੇ ਪਾਣੀ ਦੀ ਜੇਲ੍ਹ ਵਿੱਚ ਗਾਲੀਆਂ ਪਰ ਇਕ ਨੇ ਵੀ ਮੁਆਫੀ ਮੰਗ ਕੇ ਰਿਹਾਈ ਨਹੀਂ ਲਈ, ਜਦਕਿ ਦਾਮੋਦਰ ਸਾਵਰਕਰ ਨੇ ਲਿਖਤੀ ਮੁਆਫੀ ਮੰਗ ਕੇ ਰਿਹਾਈ ਲਈ ਸੀ, ਜਿਸ ਨੇ ਮੁਆਫੀ ਮੰਗੀ ਸੀ ਉਸ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਤੇ ਦੂਜੇ ਪਾਸੇ ਕਾਲੇ ਪਾਣੀਆਂ ਦੇ ਇਤਿਹਾਸ ਵਿੱਚੋਂ ਸਿੱਖਾਂ ਨੂੰ ਮਨਫੀ ਕਰ ਦਿੱਤਾ ਗਿਆ ਹੈ । ਹਿੰਦੂਤਵੀਆਂ ਨੇ ਮਿੱਥਿਆ ਹੋਇਆ ਹੈ ਕਿ 1947 ਦੀ ਅਜ਼ਾਦੀ ਵਿੱਚ ਪਾਏ ਯੋਗਦਾਨ ਦੇ ਸਿੱਖਾਂ ਦੇ ਇਤਿਹਾਸ ਨੂੰ ਗਾਇਬ ਕਰ ਦੇਣਾ ਹੈ । ਇਥੇ ਇਹ ਵੀ ਦੱਸਣ ਯੋਗ ਹੈ ਕਿ ਦੂਸਰੇ ਸੰਸਾਰ ਯੁੱਧ ਦੌਰਾਨ ਕਾਲਾ ਪਾਣੀ ਟਾਪੂ ਜਪਾਨੀਆਂ ਨੇ ਅੰਗ੍ਰੇਜ਼ਾਂ ਤੋਂ ਖੋਹ ਲਿਆ ਸੀ । ਇਸੇ ਕਾਲੇ ਪਾਣੀ ਦੇ ਸ਼ਹਿਰੀਆਂ ਦੀ ਰੱਖਿਆ ਕਰਦਿਆਂ ਪ੍ਰਸਿੱਧ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਜਪਾਨੀਆਂ ਦੀ ਕੈਦ ਵਿੱਚ ਅਸਹਿ ਤੇ ਅਕਹਿ ਤਸੀਹੇ ਝੱਲ ਕੇ ਸ਼ਹੀਦੀ ਪਾਈ ਸੀ । ਕੌਣ ਸੀ ਦੀਵਾਨ ਸਿੰਘ ਕਾਲੇ ਪਾਣੀ ? ਰੱਬ ਵਿੱਚ ਅਸੀਮ ਆਸਥਾ ਰੱਖਣ ਵਾਲੇ ਇਸ ਰੋਗ ਨਿਵਾਰਕ ਡਾ: ਦੀਵਾਨ ਸਿੰਘ ਕਾਲੇ ਪਾਣੀ ਨੇ ਗੁਰੂ ਘਰ ਦੇ ਨਾਮ &lsquoਤੇ ਇਕ ਗੁਰਦੁਆਰੇ ਦੀ ਵੀ ਸਥਾਪਨਾ ਕੀਤੀ, ਜੋ ਇਸ ਟਾਪੂ ਵਿੱਚ ਹਿੰਦੂ, ਮੁਸਲਮਾਨ, ਬੋਧੀ ਅਤੇ ਸਿੱਖਾਂ ਲਈ ਮਹਾਨ ਅਸਥਾਨ ਬਣ ਗਿਆ । ਇਸ ਤਰ੍ਹਾਂ ਡਾ: ਦੀਵਾਨ ਸਿੰਘ ਨੇ ਸੰਘਰਸ਼ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਜਿਥੇ ਕਿਧਰੇ ਵੀ ਉਨ੍ਹਾਂ ਦੀ ਜ਼ਰੂਰਤ ਸੀ ਖ਼ੁਦ ਪੁੱਜ ਕੇ ਨਾ ਕੇਵਲ ਉਨ੍ਹਾਂ ਦਾ ਦਵਾ ਦਾਰੂ ਕੀਤਾ ਬਲਕਿ ਅੰਨ ਪਾਣੀ ਦੇ ਪ੍ਰਬੰਧ ਵਿੱਚ ਵੀ ਕੋਈ ਕਸਰ ਨਹੀਂ ਛੱਡੀ । ਡਾ: ਦੀਵਾਨ ਸਿੰਘ 1925 ਵਿੱਚ ਰੰਗੂਨ ਤੋਂ ਅੰਡੇਮਾਨ-ਨਿਕੋਬਾਰ ਟਾਪੂ &lsquoਤੇ ਪੁੱਜਾ ਤੇ 19 ਮਾਰਚ 1942 ਨੂੰ ਜਪਾਨੀਆਂ ਨੇ ਇਸ ਟਾਪੂ &lsquoਤੇ ਹਮਲਾ ਕਰਕੇ ਇਸ &lsquoਤੇ ਕਬਜ਼ਾ ਕਰ ਲਿਆ । ਉਸ ਸਮੇਂ ਜਪਾਨੀਆਂ ਨੂੰ ਡਾ: ਦੀਵਾਨ ਸਿੰਘ ਦੀ ਲੋੜ ਮਹਿਸੂਸ ਹੋਈ । ਇਸ ਲਈ ਉਨ੍ਹਾਂ ਨੇ ਡਾ: ਦੀਵਾਨ ਸਿੰਘ ਨੂੰ ਡਾਇਰੈਕਟਰ ਮੈਡੀਕਲ ਸਰਵਿਸਜ਼ ਦੇ ਨਾਲ-ਨਾਲ ਲੋਕ ਸੰਪਰਕ ਵਿਭਾਗ ਦਾ ਵਾਧੂ ਚਾਰਜ ਵੀ ਸੌਂਪ ਦਿੱਤਾ । ਜਦ ਜਪਾਨੀਆਂ ਨੇ ਆਪਣੇ 3000 ਸਿਪਾਹੀਆਂ ਦੀ ਹਵਸ ਮਿਟਾਉਣ ਲਈ ਭਾਰਤੀ ਔਰਤਾਂ ਸਪਲਾਈ ਕਰਨ ਲਈ ਇਕੱਠੀਆਂ ਕੀਤੀਆਂ ਤਾਂ ਡਾ: ਦੀਵਾਨ ਸਿੰਘ ਨੇ ਇਸ ਦਾ ਕਰੜਾ ਵਿਰੋਧ ਕੀਤਾ ਜਿਸ ਦੇ ਸਿੱਟੇ ਵਜੋਂ 23 ਅਕਤੂਬਰ 1943 ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ । ਉਸ ਨੂੰ ਬੜੇ ਘਿਨਾਉਣੇ ਢੰਗ ਨਾਲ ਅਣਮਨੁੱਖੀ ਤਸੀਹੇ ਦਿੱਤੇ ਗਏ । ਉਸ ਨੂੰ ਛੋਟੀ ਜਿਹੀ ਕਾਲ ਕੋਠੜੀ ਵਿੱਚ ਕੈਦ ਕੀਤਾ ਗਿਆ, ਸਿਰ ਦੇ ਵਾਲਾਂ ਤੋਂ ਪੱਖੇ ਨਾਲ ਬੰਨ੍ਹ ਦਿੱਤਾ ਗਿਆ । ਉਸ ਨੂੰ ਬੰਨ ਕੇ ਉਸ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਜਲਾਇਆ ਗਿਆ, ਸਰੀਰ ਵਿੱਚ ਕਰੰਟ ਛੱਡਿਆ ਗਿਆ, ਅੱਖਾਂ ਨੋਚੀਆਂ ਗਈਆਂ, ਇਸ ਤਰ੍ਹਾਂ ਅਸਹਿ ਤੇ ਅਕਹਿ ਤਸੀਹੇ ਝਲਦਿਆਂ ਹੋਇਆਂ ਦੇਸ਼ ਦੀ ਅਜ਼ਾਦੀ ਅਤੇ ਭਾਰਤੀ ਔਰਤਾਂ ਦੀ ਪੱਤ ਦੇ ਰੱਖਵਾਲੇ ਅਜ਼ਾਦੀ ਘੁਲਾਟੀਏ ਡਾ: ਦੀਵਾਨ ਸਿੰਘ ਕਾਲੇ ਪਾਣੀ ਦੀ 14 ਜਨਵਰੀ 1944 ਨੂੰ ਮੌਤ ਹੋ ਗਈ । ਇਤਿਹਾਸ ਗਵਾਹ ਹੈ ਜਦ ਵੀ ਭਾਰਤ ਦੀਆਂ ਔਰਤਾਂ ਦੀ ਇੱਜ਼ਤ ਬਚਾਉਣ ਦਾ ਮੌਕਾ ਆਇਆ ਮੈਦਾਨ ਵਿੱਚ ਕੇਵਲ ਸਿੱਖ ਹੀ ਨਿਤਰੇ । ਨਾਦਰ ਸ਼ਾਹ, ਅਬਦਾਲੀ ਤੋਂ ਬਾਅਦ ਜੇ ਕਾਲੇ ਪਾਣੀ ਵਿੱਚ ਹਿੰਦੂ ਨਾਰੀ ਦੀ ਆਬਰੂ ਖਤਰੇ ਵਿੱਚ ਪਈ ਤਾਂ ਫਿਰ ਇਕ ਸਿੱਖ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਅੱਗੇ ਆਇਆ । ਨਿਰਸੰਦੇਹ ਇਹ ਇਕ ਇਤਿਹਾਸਕ ਸੱਚਾਈ ਹੈ ਕਿ ਅੰਡੇਮਾਨ ਨਿਕੋਬਾਰ ਕਾਲੇ ਪਾਣੀ ਦਾ ਅਜ਼ਾਦੀ ਘੁਲਾਟੀਆ ਦੀਵਾਨ ਸਿੰਘ ਕਾਲੇ ਪਾਣੀ ਹੈ ਨਾ ਕਿ ਅੰਗ੍ਰੇਜ਼ਾਂ ਤੋਂ ਮੁਆਫੀ ਮੰਗ ਕੇ ਰਿਹਾਅ ਹੋਣ ਵਾਲਾ ਵਿਨਾਇਕ ਦਾਮੋਦਰ ਹੈ । ਅੰਡੇਮਾਨ ਨਿਕੋਬਾਰ ਕਾਲੇ ਪਾਣੀ ਦੇ ਟਾਪੂ ਦਾ ਨਾਂ, ਦੀਵਾਨ ਸਿੰਘ ਕਾਲੇ ਪਾਣੀ ਦੇ ਨਾਂ &lsquoਤੇ ਹੋਣਾ ਚਾਹੀਦਾ ਹੈ । ਆਰ।ਐੱਸ।ਐੱਸ। ਤੇ ਭਾਜਪਾ ਨੇ ਤਾਂ ਅੰਗ੍ਰੇਜ਼ਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਦਾਮੋਦਰ ਸਾਵਰਕਰ ਨੂੰ ਹੀਰੋ ਬਣਾਉਣਾ ਹੀ ਹੈ, ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਵੀ ਸਾਵਰਕਰ ਦੀ ਤਰੀਫ ਦੇ ਪੁੱਲ ਬੰਨੇ ਹਨ, ਤਰਲੋਚਨ ਸਿੰਘ ਆਪਣੀ ਕਿਤਾਬ ਸਿੱਖੀ ਸੋਚ ਦੇ ਪਹਿਰੇਦਾਰ ਦੇ ਪੰਨਾ 68-69 ਉੱਤੇ ਲਿਖਦਾ ਹੈ 28 ਮਈ 2015 ਨੂੰ ਸਵ: ਵਿਨਾਇਕ ਦਾਮੋਦਰ ਸਾਵਰਕਰ ਦਾ ਜਨਮ ਦਿਨ ਸੀ । ਉਨ੍ਹਾਂ ਦੀ ਫੋਟੋ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਲੱਗੀ ਹੋਈ ਹੈ । ਇਹ ਜਦ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਉਦੋਂ ਲੱਗਵਾਈ ਗਈ ਸੀ । ਕਾਂਗਰਸ ਪਾਰਟੀ ਪੱਕੇ ਤੌਰ &lsquoਤੇ ਸਾਵਰਕਰ ਦੇ ਵਿਰੁੱਧ ਹੈ । ਕਾਂਗਰਸ ਹਮੇਸ਼ਾ ਇਹ ਪ੍ਰਚਾਰ ਕਰਦੀ ਹੈ ਕਿ ਅਜ਼ਾਦੀ ਦੀ ਜੰਗ ਵਿੱਚ ਸਿਰਫ਼ ਉਨ੍ਹਾਂ ਦੇ ਲੀਡਰ ਤੇ ਵਰਕਰ ਹੀ ਕੁਰਬਾਨੀ ਕਰਦੇ ਸਨ । ਕਾਂਗਰਸੀ ਨੇਤਾ ਜਨਸੰਘ ਤੇ ਹੋਰ ਹਿੰਦੂ ਸੰਗਠਨਾਂ ਨੂੰ ਮਿਹਣਾ ਮਾਰਦੇ ਸਨ ਕਿ ਉਨ੍ਹਾਂ ਦੇ ਲੀਡਰਾਂ ਨੇ ਅਜ਼ਾਦੀ ਲਈ ਕੁਝ ਵੀ ਨਹੀਂ ਕੀਤਾ, ਪਰ ਬੀ।ਜੇ।ਪੀ। (ਜਨਸੰਘ) ਕੋਲ ਇਕ ਸਭ ਤੋਂ ਵੱਡੀ ਤੋਪ ਵੀਰ ਸਾਵਰਕਰ ਹੀ ਸੀ, ਜਿਨ੍ਹਾਂ ਦੀ ਬੇ-ਮਿਸਾਲ ਕੁਰਬਾਨੀ ਸੀ । ਇਸ ਕਰਕੇ ਕਾਂਗਰਸੀ ਹਮੇਸ਼ਾ ਵੀਰ ਸਾਵਰਕਰ ਦੇ ਵਿਰੁੱਧ ਕੁਝ ਨਾ ਕੁਝ ਲੱਭਦੇ ਰਹਿੰਦੇ ਸਨ । ਅੱਗੇ ਤਰਲੋਚਨ ਸਿੰਘ ਲਿਖਦਾ ਹੈ ਕਿ ਵੀਰ ਸਾਵਰਕਰ ਦਾ ਜਨਮ 28 ਮਈ 1883 ਨੂੰ ਨਾਸਿਕ (ਮਹਾਰਾਸ਼ਟਰ) ਵਿੱਚ ਹੋਇਆ ਸੀ । ਉਹ ਲੰਡਨ ਪੜ੍ਹਨ ਲਈ ਗਏ ਸਨ ਤੇ ਉਨ੍ਹਾਂ ਨੇ ਬਾਰ ਐਟ ਲਾਅ ਦੀ ਡਿਗਰੀ ਪਾਸ ਕੀਤੀ । ਉਥੇ ਹੀ ਉਹ ਅੰਗ੍ਰੇਜ਼ ਸਰਕਾਰ ਵਿਰੁੱਧ ਪ੍ਰਚਾਰ ਕਰਨ ਲੱਗ ਪਏ ਸਨ । ਬੜੀਆਂ ਤਕਰੀਰਾਂ ਕਰਦੇ ਤੇ ਲਿਟਰੇਚਰ ਵੰਡਦੇ ਸਨ । ਆਖਿਰ ਸਰਕਾਰ ਨੇ ਉਨ੍ਹਾਂ ਨੂੰ ਉਥੇ ਫੜ ਕੇ ਭਾਰਤ ਵਾਪਸ ਭੇਜਣ ਦਾ ਫੈਸਲਾ ਲਿਆ । ਅੱਗੇ ਚੱਲ ਕੇ ਤਰਲੋਚਨ ਸਿੰਘ ਹੋਰ ਲਿਖਦਾ ਹੈ ਕਿ ਮਾਰਚ 1910 ਵਿੱਚ ਵੀਰ ਸਾਵਰਕਰ ਨੂੰ ਸਮੁੰਦਰੀ ਜਹਾਜ਼ ਵਿੱਚ ਚੜ੍ਹਾ ਦਿੱਤਾ ਗਿਆ, ਕਮਾਲ ਕਰ ਦਿੱਤੀ ਉਨ੍ਹਾਂ ਨੇ ਜਦੋਂ ਜਹਾਜ਼ ਮਾਰਸਲੀਜ਼ ਬੰਦਰਗਾਹ &lsquoਤੇ ਖੜ੍ਹਾ ਸੀ ਉਹ ਸਮੁੰਦਰ ਵਿੱਚ ਛਾਲ ਮਾਰ ਕੇ ਨਿਕਲ ਗਏ ਪਰ ਉਨ੍ਹਾਂ ਨੂੰ ਫਰਾਂਸ ਵਿੱਚ ਫੜ ਲਿਆ ਗਿਆ ਤੇ ਭਾਰਤ ਭੇਜ ਦਿੱਤਾ ਗਿਆ ਸੀ । ਇਥੇ ਆ ਕੇ ਉਨ੍ਹਾਂ &lsquoਤੇ ਹਕੂਮਤ ਦਾ ਤੱਖ਼ਤਾ ਪਲਟਾਉਣ ਦਾ ਮੁਕੱਦਮਾ ਚੱਲਿਆ ਤੇ ਉਨ੍ਹਾਂ ਨੂੰ 25 ਸਾਲ ਦੀ ਕਾਲੇ ਪਾਣੀ ਦੀ ਸਜ਼ਾ ਹੋਈ ਸੀ (ਪਰ ਸਾਵਰਕਰ ਨੇ ਸਜ਼ਾ ਕਟੀ ਨਹੀਂ ਸੀ ਉਹ ਪਹਿਲਾਂ ਹੀ ਮੁਆਫੀ ਮੰਗ ਕੇ ਰਿਹਾਅ ਹੋ ਗਿਆ ਸੀ), ਪਰ ਤਰਲੋਚਨ ਸਿੰਘ ਲਿਖਦਾ ਹੈ ਕਿ 1911 ਵਿੱਚ ਉਨ੍ਹਾਂ ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਵੱਧ ਤੋਂ ਵੱਧ ਤੰਗ ਕੀਤਾ ਗਿਆ ਸੀ । 13 ਸਾਲ ਇਕੱਲੇ ਰਹੇ ਤੇ ਕਿਸੇ ਨਾਲ ਮੁਲਾਕਾਤ ਨਹੀਂ ਇਹ ਸੀ ਵੀਰ ਸਾਵਰਕਰ ਦੀ ਕੁਰਬਾਨੀ, ਮੈਂ (ਤਰਲੋਚਨ ਸਿੰਘ) ਉਸ ਜੇਲ੍ਹ ਵਿੱਚ ਉਹ ਕਮਰਾ ਵੇਖਿਆ ਹੈ ਜਿਥੇ ਉਹ ਕੈਦ ਸਨ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਕਿਨ੍ਹਾਂ ਕਸ਼ਟ ਝੱਲਿਆ ਸੀ ਉਨ੍ਹਾਂ ਨੇ । ਆਰ।ਐੱਸ।ਐੱਸ। ਦੀ ਰਾਸ਼ਟਰਵਾਦੀ ਹਿੰਦੂ ਵਿਚਾਰਧਾਰਾ ਨੂੰ ਸਿੱਖਾਂ ਉੱਤੇ ਠੋਸਣ ਵਾਲੇ ਤਰਲੋਚਨ ਸਿੰਘ ਨੂੰ ਸਾਵਰਕਰ ਵਾਲੀ ਜੇਲ੍ਹ ਦਾ ਕਮਰਾ ਤਾਂ ਦਿੱਸ ਪਿਆ ਪਰ ਜੇਲ੍ਹ ਦਾ ਉਹ ਕਮਰਾ ਨਹੀਂ ਦਿਸਿਆ ਜਿਥੇ ਸਿੱਖ ਡਾ: ਦੀਵਾਨ ਸਿੰਘ ਕਾਲੇ ਪਾਣੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ । ਦਾਮੋਦਰ ਸਾਵਰਕਰ ਨੇ 1920 ਵਿੱਚ ਬ੍ਰਾਹਮਣ ਸਭਾ ਦੀ ਸਥਾਪਨਾ ਕੀਤੀ । ਸਾਵਰਕਰ ਨੇ ਹਿੰਦੂਤਵ ਨਾਂ ਦੀ ਇਕ ਕਿਤਾਬ ਵੀ ਲਿਖੀ ਜਿਸ ਵਿੱਚ ਬ੍ਰਾਹਮਣਾਂ ਨੂੰ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਨੇ ਆਪ ਨੂੰ ਹਿੰਦੂ ਨਾ ਐਲਾਨਿਆ ਤਾਂ ਬ੍ਰਾਹਮਣਾਂ ਦਾ ਪਤਨ ਨਿਸ਼ਚਿਤ ਹੈ । 1923 ਵਿੱਚ ਬ੍ਰਾਹਮਣ ਸਭਾ ਦਾ ਇਜਲਾਸ ਮੁੜ ਕੇ ਹੋਇਆ । 1925 ਵਿੱਚ ਆਰ।ਐੱਸ।ਐੱਸ। ਦਾ ਗਠਨ ਕੀਤਾ ਗਿਆ ਅਤੇ ਬ੍ਰਾਹਮਣਾਂ ਨੇ ਖੁਦ ਨੂੰ ਹਿੰਦੂ ਐਲਾਨਿਆ ਅਤੇ ਸ਼ੂਦਰਾਂ ਅਛੂਤਾਂ ਨੂੰ ਵੀ ਹਿੰਦੂ ਕਹਿਣਾ ਸ਼ੁਰੂ ਕਰ ਦਿੱਤਾ, ਅੱਜ ਵੀ ਦਲਿਤ ਵਰਗ ਨੂੰ ਹਿੰਦੂ ਸਮਾਜ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ ਪਰ ਉੱਚ ਜਾਤੀਏ ਹਿੰਦੂਆਂ ਵੱਲੋਂ ਦਲਿਤ ਵਰਗ ਨਾਲ ਨਫ਼ਰਤ ਭਰਪੂਰ ਵਿਤਕਰਾ ਕੀਤਾ ਜਾਂਦਾ ਹੈ ਤੇ ਦਲਿਤਾਂ ਨੂੰ ਹਿੰਦੂ ਮੰਦਿਰਾਂ ਵਿੱਚ ਜਾਣ ਦੀ ਆਗਿਆ ਨਹੀਂ ਹੈ । ਰੱਬ ਨਾ ਕਰੇ ਜੇਕਰ ਹਿੰਦੂ ਰਾਸ਼ਟਰ ਬਣ ਜਾਂਦਾ ਹੈ ਤਾਂ ਸਭ ਤੋਂ ਵੱਧ ਨੁਕਸਾਨ ਦਲਿਤ ਭਾਈਚਾਰੇ ਦਾ ਹੋਵੇਗਾ । ਸਿੱਖ ਕੌਮ ਨੂੰ ਜਿਥੇ ਆਪਣੀ ਵਿਲੱਖਣ ਹੋਂਦ ਹਸਤੀ ਬਚਾਉਣ ਅਤੇ ਕੌਮੀ ਘਰ ਬਣਾਉਣ ਲਈ ਲੜਨਾ ਪੈ ਰਿਹਾ ਹੈ ਉਥੇ ਆਪਣੇ ਗੌਰਵਮਈ ਇਤਿਹਾਸ ਨੂੰ ਬਚਾਉਣ ਲਈ ਵੀ ਲੜਨਾ ਪਵੇਗਾ । ਕਿਉਂਕਿ ਭਾਰਤ ਲਈ ਲੜੀਆਂ ਗਈਆਂ ਜੰਗਾਂ ਵਿੱਚ ਸਿੱਖ ਫੌਜੀਆਂ ਦੀ ਬਹਾਦਰੀ ਨੂੰ ਵੀ ਇਤਿਹਾਸ ਵਿੱਚੋਂ ਮਨਫ਼ੀ ਕੀਤਾ ਜਾ ਰਿਹਾ ਹੈ । ਕਾਰਗਿਲ ਜੰਗ ਦੀ ਟਾਈਗਰ ਹਿੱਲ &lsquoਤੇ ਕਬਜ਼ੇ ਸਬੰਧੀ ਬਣਾਈ ਗਈ ਡਾਕੂਮੈਂਟਰੀ ਵਿੱਚ 8 ਸਿੱਖ ਰਜਮੈਂਟ ਦੀ ਬਹਾਦਰੀ ਤੇ ਕੁਰਬਾਨੀ ਨੂੰ ਵਿਖਾਇਆ ਹੀ ਨਹੀਂ ਗਿਆ । ਇਸੇ ਤਰ੍ਹਾਂ 1971 ਦੀ ਜੰਗ ਦੀ ਬਣੀ ਡਾਕੂਮੈਂਟਰੀ ਵਿੱਚ ਇਸ ਜੰਗ ਦੇ ਜੇਤੂ ਸਿੱਖ ਜਰਨੈਲ ਦਾ ਚਿਹਰਾ ਨਹੀਂ ਵਿਖਾਇਆ ਗਿਆ । ਕਾਲੇ ਪਾਣੀ ਦੀ ਜੇਲ੍ਹ ਵਿੱਚਲੇ ਸਿੱਖ ਕੈਦੀਆਂ ਦੇ ਨਾਵਾਂ ਦੀ ਲਿਸਟ ਉਥੋਂ ਹਟਾ ਦਿੱਤੀ ਗਈ।
ਜਥੇਦਾਰ ਮਹਿੰਦਰ ਸਿੰਘ ਖਹਿਰਾ