image caption: -ਰਜਿੰਦਰ ਸਿੰਘ ਪੁਰੇਵਾਲ

ਇਜ਼ਰਾਈਲ-ਹਮਾਸ ਜੰਗ ਵਿਚ ਮਨੁੱਖਤਾ ਦੀ ਤਬਾਹੀ ਤੇ ਅਜੈ ਸਿੰਘ ਬੰਗਾ ਦੀ ਚਿਤਾਵਨੀ

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ ਦੁਨੀਆਂ ਉਪਰ ਮੰਡਰਾ ਰਹੇ ਆਰਥਿਕ ਖਤਰਿਆਂ ਬਾਰੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਸਿੰਘ ਬੰਗਾ ਨੇ ਮੰਗਲਵਾਰ ਨੂੰ ਸਾਊਦੀ ਅਰਬ ਵਿਚ ਇਕ ਸਮਾਗਮ ਵਿਚ ਕਿਹਾ ਸੀ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਣ ਵਿਸ਼ਵ ਅਰਥ ਵਿਵਸਥਾ ਅਤੇ ਇਸ ਦੇ ਵਿਕਾਸ ਨੂੰ ਵੱਡਾ ਅਤੇ ਗੰਭੀਰ ਝਟਕਾ ਲਗ ਸਕਦਾ ਹੈ| ਮਹਿੰਗਾਈ, ਮੰਦੀ ਵਡੀ ਪੱਧਰ ਉਪਰ ਵਧ ਸਕਦੀ ਹੈ| ਵਿਕਾਸ ਨੂੰ ਵੱਡੇ ਪੱਧਰ ਉਪਰ ਝਟਕਾ ਲਗ ਸਕਦਾ ਹੈ| ਅਜੈ ਸਿੰਘ ਬੰਗਾ ਨੇ ਕਿਹਾ, ਦੁਨੀਆ ਇਸ ਸਮੇਂ ਬਹੁਤ ਖਤਰਨਾਕ ਮੋੜ ਤੇ ਖੜ੍ਹੀ ਹੈ| ਦੁਨੀਆ ਭਰ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਅਤੇ ਜੰਗਾਂ ਨੂੰ ਲੈ ਕੇ ਜੀਉ ਪੋਲੀਟਿਕਸ ਹੋ ਰਹੀ ਹੈ| ਹਾਲ ਹੀ ਵਿੱਚ ਇਜ਼ਰਾਈਲ ਅਤੇ ਗਾਜ਼ਾ ਵਿੱਚ ਜੋ ਕੁਝ ਹੋਇਆ ਹੈ, ਤੁਸੀਂ ਉਹ ਦੇਖ ਰਹੇ ਹੋ ਅਤੇ ਅੰਤ ਵਿੱਚ, ਜਦੋਂ ਇਹ ਸਾਰੇ ਤਥਾਂ ਨੂੰ ਇਕ ਦੂਜੇ ਨਾਲ ਜੋੜਕੇ ਦੇਖਿਆ ਜਾਵੇਗਾ ਤਾਂ ਮੈਨੂੰ ਲਗਦਾ ਹੈ ਕਿ ਆਰਥਿਕ ਵਿਕਾਸ ਤੇ ਪ੍ਰਭਾਵ ਬਹੁਤ ਜ਼ਿਆਦਾ ਗੰਭੀਰ ਹੋਵੇਗਾ| ਜੀਉ ਪੋਲੀਟਿਕਸ ਵਿੱਚ ਵਧ ਰਿਹਾ ਤਣਾਅ ਵਿਸ਼ਵ ਅਰਥਚਾਰੇ ਲਈ ਸਭ ਤੋਂ ਵੱਡਾ ਖ਼ਤਰਾ ਹੈ| ਇਸ ਨਾਲ ਆਰਥਿਕ ਖਤਰੇ ਤੇਜ਼ੀ ਨਾਲ ਵਧਣਗੇ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ|
ਦੱਸ ਦਈਏ ਕਿ 7 ਅਕਤੂਬਰ ਨੂੰ ਹਮਾਸ ਦੇ ਲੜਾਕੇ ਗਾਜ਼ਾ ਪੱਟੀ ਤੋਂ ਇਜ਼ਰਾਈਲ &rsquoਚ ਦਾਖਲ ਹੋਏ ਅਤੇ ਕਰੀਬ 1400 ਇਜਰਾਈਲੀਆਂ ਦੀ ਹੱਤਿਆ ਕਰ ਦਿੱਤੀ ਸੀ| ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ| ਇਸ ਤੋਂ ਇਲਾਵਾ ਹਮਾਸ ਦੇ ਲੜਾਕਿਆਂ ਨੇ 222 ਇਜਰਾਈਲੀਆਂ ਨੂੰ ਵੀ ਆਪਣੇ ਨਾਲ ਬੰਧਕ ਬਣਾ ਲਿਆ ਸੀ| ਹਾਲਾਂਕਿ, ਹਮਾਸ ਦੇ ਲੜਾਕਿਆਂ ਨੇ ਬੀਤੇ ਸੋਮਵਾਰ ਨੂੰ ਬੰਧਕ ਬਣਾਈਆਂ ਦੋ ਬਜ਼ੁਰਗ ਇਜ਼ਰਾਈਲੀ ਔਰਤਾਂ ਨੂੰ ਰਿਹਾਅ ਕਰ ਦਿੱਤਾ ਸੀ| ਇਸ ਦੇ ਨਾਲ ਹੀ, ਇਜ਼ਰਾਈਲ ਦੇ ਜਵਾਬੀ ਹਵਾਈ ਹਮਲੇ ਵਿੱਚ ਗਾਜ਼ਾ ਵਿੱਚ ਹੁਣ ਤੱਕ 5 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ| ਹੁਣੇ ਜਿਹੇ ਇਜ਼ਰਾਈਲੀ ਫੌਜ ਨੇ ਕਿਹਾ ਸੀ ਕਿ ਉਹ ਹੁਣ ਗਾਜ਼ਾ ਪੱਟੀ ਵਿੱਚ ਹਮਾਸ ਦੇ ਟਿਕਾਣਿਆਂ &rsquoਤੇ ਵਧੇਰੇ ਤਾਕਤ ਨਾਲ ਬੰਬਾਰੀ ਕਰ ਰਹੀ ਹੈ|
ਇਜ਼ਰਾਈਲ-ਹਮਾਸ ਸੰਘਰਸ਼ ਦੌਰਾਨ ਭਿਆਨਕ ਹਿੰਸਾ ਦੇ ਨਤੀਜੇ ਵਜੋਂ ਹੁਣ ਤਕ ਦੋਵਾਂ ਪਾਸਿਆਂ ਦੀ ਮੌਤ ਦੀ ਗਿਣਤੀ 6,500 ਤੋਂ ਪਾਰ ਹੋ ਗਈ ਹੈ, ਜਦਕਿ ਹਜ਼ਾਰਾਂ ਫਿਲਸਤੀਨੀ ਜ਼ਖ਼ਮੀ ਹਨ ਜਾਂ ਬੇਘਰ ਹੋਣ ਲਈ ਮਜਬੂਰ ਹੋਏ ਹਨ|ਵਰਤਮਾਨ ਵਿੱਚ 1,000 ਤੋਂ ਵੱਧ ਫਲਸਤੀਨੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਜਾਂ ਮਲਬੇ ਹੇਠ ਫਸੇ ਜਾਂ ਮਰੇ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਦੋਂ ਕਿ ਜ਼ਖ਼ਮੀ ਵਿਅਕਤੀਆਂ ਦੀ ਗਿਣਤੀ 14,245 ਤੱਕ ਪਹੁੰਚ ਗਈ ਹੈ| ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 7 ਅਕਤੂਬਰ ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ਵਿੱਚ ਹੋਈਆਂ ਮੌਤਾਂ ਦੀ ਗਿਣਤੀ 2014 ਵਿੱਚ ਦੁਸ਼ਮਣੀ ਦੇ 50 ਦਿਨਾਂ ਦੇ ਵਾਧੇ ਦੌਰਾਨ ਮੌਤਾਂ ਦੀ ਕੁੱਲ ਸੰਖਿਆ 2,251 ਨਾਲੋਂ ਦੁੱਗਣੀ ਤੋਂ ਵੱਧ ਹੈ| ਇਸ ਦੌਰਾਨ ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਯਹੂਦੀ ਰਾਸ਼ਟਰ ਵਿਚ ਲਗਭਗ 1,400 ਇਜ਼ਰਾਈਲੀ ਅਤੇ ਵਿਦੇਸ਼ੀ ਨਾਗਰਿਕ ਮਾਰੇ ਗਏ ਹਨ| ਇਜ਼ਰਾਈਲੀ ਮੀਡੀਆ ਨੇ ਦੱਸਿਆ ਕਿ 22 ਅਕਤੂਬਰ ਤੱਕ, ਇਨ੍ਹਾਂ ਵਿੱਚੋਂ 767 ਮੌਤਾਂ ਦੇ ਨਾਮ ਜਾਰੀ ਕੀਤੇ ਗਏ ਹਨ| ਜਿਨ੍ਹਾਂ ਦੀ ਉਮਰ ਦੱਸੀ ਗਈ ਹੈ, ਉਨ੍ਹਾਂ ਵਿੱਚੋਂ 27 ਬੱਚੇ ਹਨ| ਇਜ਼ਰਾਈਲੀ ਅਧਿਕਾਰੀਆਂ ਮੁਤਾਬਕ ਗਾਜ਼ਾ ਵਿਚ ਇਸ ਸਮੇਂ ਘੱਟੋ-ਘੱਟ 212 ਲੋਕ ਬੰਧਕ ਹਨ, ਜਿਨ੍ਹਾਂ ਵਿਚ ਇਜ਼ਰਾਈਲੀ ਅਤੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ|
ਹਿੰਸਾ ਦੇ ਨਤੀਜੇ ਵਜੋਂ ਗਾਜ਼ਾ ਵਿੱਚ ਅੰਦਰੂਨੀ ਤੌਰ ਤੇ ਸਥਾਪਿਤ ਵਿਅਕਤੀਆਂ ਦੀ ਗਿਣਤੀ 1.4 ਮਿਲੀਅਨ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ, ਜਿਸ ਵਿੱਚ 150 ਸੰਯੁਕਤ ਰਾਸ਼ਟਰ ਰਾਹਤ ਕਾਰਜ ਏਜੰਸੀ ਦੁਆਰਾ ਮਨੋਨੀਤ ਐਮਰਜੈਂਸੀ ਸ਼ੈਲਟਰਾਂ ਵਿੱਚ ਰਹਿ ਰਹੇ ਲਗਭਗ 580,000 ਲੋਕ, ਹਸਪਤਾਲਾਂ, ਚਰਚਾਂ ਅਤੇ ਹੋਰ ਜਨਤਕ ਸਥਾਨਾਂ ਵਿੱਚ 101,500 ਲੋਕ ਅਤੇ ਇਸ ਦੇ ਇਲਾਵਾ 71,000 ਇਮਾਰਤਾਂ ਅਤੇ ਲਗਭਗ ਸਕੂਲਾਂ ਵਿੱਚ ਰਹਿ ਰਹੇ ਹਨ|  ਦੋਵੇਂ ਧਿਰਾਂ ਵਿਚ ਜਾਰੀ ਸੰਘਰਸ਼ ਦੌਰਾਨ ਖ਼ਿੱਤੇ ਚ ਵੱਡੇ ਪੱਧਰ ਤੇ ਜੰਗ ਫੈਲਣ ਦਾ ਖ਼ਦਸ਼ਾ ਵੱਧ ਗਿਆ ਹੈ| ਇਜ਼ਰਾਈਲ ਨੇ ਸੀਰੀਆ, ਲਿਬਨਾਨ ਅਤੇ ਪੱਛਮੀ ਕੰਢੇ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ| 
ਅਮਰੀਕਾ, ਬਰਤਾਨੀਆ, ਫਰਾਂਸ, ਕੈਨੇਡਾ ਅਤੇ ਇਟਲੀ ਨੇ ਇਜ਼ਰਾਈਲ ਨੂੰ ਹਮਾਸ ਖ਼ਿਲਾਫ਼ ਆਪਣੀ ਰੱਖਿਆ ਲਈ ਜਵਾਬੀ ਕਾਰਵਾਈ ਦੀ ਹਮਾਇਤ ਦਿੱਤੀ ਹੈ| ਦੂਸਰੇ ਪਾਸੇ ਰੂਸ ਤੇ ਚੀਨ ਫਿਲਸਤੀਨ ਦੀ ਹਮਾਇਤ ਵਿਚ ਹਨ| ਉਂਜ ਅਮਰੀਕਾ ਸਮੇਤ ਪੱਛਮੀ ਮੁਲਕਾਂ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਹੈ ਕਿ ਉਹ ਕਾਰਵਾਈ ਦੌਰਾਨ ਕੌਮਾਂਤਰੀ ਮਾਨਵੀ ਕਾਨੂੰਨਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਦਾ ਪੂਰਾ ਖ਼ਿਆਲ ਰੱਖੇ| ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ, ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ, ਜਰਮਨੀ ਦੇ ਚਾਂਸਲਰ ਓਲਾਫ਼ ਸ਼ੁਲਜ਼, ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਫੋਨ ਤੇ ਕੀਤੀ ਗਈ| ਗੱਲਬਾਤ ਮਗਰੋਂ ਵ੍ਹਾਈਟ ਹਾਊਸ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ| ਦੋ ਅਮਰੀਕੀ ਬੰਦੀਆਂ ਨੂੰ ਰਿਹਾਅ ਕਰਨ ਦਾ ਸਵਾਗਤ ਕਰਦਿਆਂ ਆਗੂਆਂ ਨੇ ਹਮਾਸ ਨੂੰ ਬਾਕੀ ਸਾਰੇ ਬੰਦੀ ਵੀ ਤੁਰੰਤ ਰਿਹਾਅ ਕਰਨ ਲਈ ਕਿਹਾ ਹੈ| ਉਨ੍ਹਾਂ ਖ਼ਿੱਤੇ ਖਾਸ ਕਰਕੇ ਗਾਜ਼ਾ &rsquoਚ ਰਹਿ ਰਹੇ ਆਪੋ-ਆਪਣੇ ਮੁਲਕਾਂ ਦੇ ਲੋਕਾਂ ਦੀ ਹਮਾਇਤ ਚ ਆਪਸੀ ਤਾਲਮੇਲ ਬਣਾ ਕੇ ਕੰਮ ਕਰਨ ਪ੍ਰਤੀ ਵਚਨਬੱਧਤਾ ਦੁਹਰਾਈ| ਆਗੂਆਂ ਨੇ ਗਾਜ਼ਾ &rsquoਚ ਫਲਸਤੀਨੀਆਂ ਕੋਲ ਮਾਨਵੀ ਰਾਹਤ ਪਹੁੰਚਣ ਦਾ ਵੀ ਸਵਾਗਤ ਕੀਤਾ| ਉਨ੍ਹਾਂ ਮੱਧ-ਪੂਰਬ ਵਿਚ ਜੰਗ ਫੈਲਣ ਤੋਂ ਰੋਕਣ ਲਈ ਖ਼ਿੱਤੇ ਦੇ ਅਹਿਮ ਭਾਈਵਾਲਾਂ ਨਾਲ ਰਲ ਕੇ ਕੰਮ ਕਰਨ ਤੇ ਵੀ ਜ਼ੋਰ ਦਿੱਤਾ| ਇਸ ਤੋਂ ਪਹਿਲਾਂ ਬਾਇਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨਾਲ ਗੱਲ ਕਰਕੇ ਗਾਜ਼ਾ ਅਤੇ ਆਲੇ-ਦੁਆਲੇ ਦੇ ਖ਼ਿੱਤੇ ਦੇ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ ਸੀ| ਬਾਇਡਨ ਨੇ ਦੋ ਅਮਰੀਕੀ ਬੰਦੀਆਂ ਦੀ ਰਿਹਾਈ ਲਈ ਇਜ਼ਰਾਈਲ ਵੱਲੋਂ ਦਿੱਤੇ ਗਏ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਸੀ| ਉਧਰ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੌਇਡ ਆਸਟਨ ਨੇ ਕਿਹਾ ਕਿ ਜੇਕਰ ਅਮਰੀਕੀ ਲੋਕਾਂ ਜਾਂ ਹਥਿਆਰਬੰਦ ਬਲਾਂ ਨੂੰ ਖ਼ਿੱਤੇ ਵਿਚ ਨਿਸ਼ਾਨਾ ਬਣਾਇਆ ਗਿਆ ਤਾਂ ਅਮਰੀਕਾ ਉਸ ਦਾ ਜਵਾਬ ਦੇਵੇਗਾ| ਬਲਿੰਕਨ ਨੇ ਕਿਹਾ ਕਿ ਅਮਰੀਕਾ ਜੰਗ ਹੋਰ ਵਧਣ ਦੇਣ ਦੇ ਪੱਖ ਵਿਚ ਨਹੀਂ ਹੈ| ਆਸਟਨ ਨੇ ਕਿਹਾ ਕਿ ਅਮਰੀਕੀ ਜਵਾਨਾਂ ਤੇ ਹਮਲੇ ਹੋ ਸਕਦੇ ਹਨ ਅਤੇ ਜੇਕਰ ਇੰਜ ਹੋਇਆ ਤਾਂ ਮੁਲਕ ਨੂੰ ਆਪਣੀ ਰੱਖਿਆ ਦਾ ਪੂਰਾ ਹੱਕ ਹੈ ਅਤੇ ਉਹ ਢੁੱਕਵੀਂ ਕਾਰਵਾਈ ਤੋਂ ਪਿੱਛੇ ਨਹੀਂ ਹਟੇਗਾ|
ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਦਾ ਤਾਜ਼ਾ ਪ੍ਰਕੋਪ ਰੋਕਣ ਲਈ ਗੱਲਬਾਤ ਰਾਹੀਂ  ਸਦੀਵੀ ਟਿਕਾਊ ਹੱਲ ਲੱਭਣ ਦੀ ਲੋੜ ਹੈ| ਹਾਲਾਂਕਿ, ਫੌਰੀ ਕੰਮ ਇਜ਼ਰਾਈਲ ਦੁਆਰਾ ਫਲਸਤੀਨੀ ਲੋਕਾਂ ਤੇ ਲਗਾਈ ਗਈ ਨਾਕਾਬੰਦੀ ਨੂੰ ਹਟਾ ਕੇ ਅਤੇ ਗਾਜ਼ਾ ਪੱਟੀ ਤੇ ਇਜ਼ਰਾਈਲ ਦੇ ਜ਼ਮੀਨੀ ਹਮਲੇ ਨੂੰ ਰੋਕ ਕੇ ਫਲਸਤੀਨੀਆਂ ਦੀ ਨਸਲਕੁਸ਼ੀ ਨੂੰ ਰੋਕਣਾ ਚਾਹੀਦਾ ਹੈ| ਸੰਯੁਕਤ ਰਾਸ਼ਟਰ ਮੂਕ ਦਰਸ਼ਕ ਬਣਿਆ ਹੋਇਆ ਹੈ ਕਿਉਂਕਿ ਸਾਮਰਾਜਵਾਦ ਨੇ ਸੁਰੱਖਿਆ ਪ੍ਰੀਸ਼ਦ ਨੂੰ ਅਧਰੰਗ ਕਰ ਦਿੱਤਾ ਹੈ| ਵਿਸ਼ਵ ਲੋਕ ਰਾਏ ਨੂੰ ਜਗਾ ਕੇ ਹੀ ਆਸ ਕੀਤੀ ਜਾ ਸਕਦੀ ਹੈ ਕਿ ਵਿਸ਼ਵ ਵਿਚ ਸ਼ਾਂਤੀ ਦੀ ਸਥਾਪਨਾ ਹੋਵੇ| ਜੇਕਰ ਅਜਿਹਾ ਨਾ ਹੋਇਆ ਤਾਂ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਸਿੰਘ ਬੰਗਾ ਅਨੁਸਾਰ ਵਿਸ਼ਵ ਲੰਬੀ ਮੰਦੀ ਤੇ ਬਰਬਾਦੀ ਵਲ ਵਧ ਸਕਦਾ ਹੈ| ਸੋ ਇਜਰਾਈਲ ਫਿਲਸਤੀਨ ਦਰਮਿਆਨ ਉਲਝੇ ਮੁਦੇ ਹੱਲ ਕਰਾਕੇ ਸ਼ਾਂਤੀ ਵਲ ਵਧਣਾ ਚਾਹੀਦਾ ਹੈ| 
-ਰਜਿੰਦਰ ਸਿੰਘ ਪੁਰੇਵਾਲ