image caption: -ਰਜਿੰਦਰ ਸਿੰਘ ਪੁਰੇਵਾਲ

ਕੈਨੇਡੀਅਨ ਕਵਿੱਤਰੀ ਰੂਪੀ ਕੌਰ ਵਲੋਂ ਵ੍ਹਾਈਟ ਹਾਊਸ ਦਾ ਸੱਦਾ ਠੁਕਰਾਉਣਾ ਮਨੁੱਖਤਾ ਤੇ ਸਿਖੀ ਦੇ ਹੱਕ ਵਿਚ

ਕੈਨੇਡੀਅਨ ਕਵਿੱਤਰੀ ਰੂਪੀ ਕੌਰ ਨੇ ਵ੍ਰਾਈਟ ਹਾਊਸ ਦੇ ਇਕ ਸੱਦੇ ਨੂੰ ਠੁਕਰਾ ਦਿੱਤਾ ਹੈ, ਕਿਉਂਕਿ ਉਹ ਇਜ਼ਰਾਈਲ-ਗਾਜ਼ਾ ਯੁੱਧ ਲਈ ਉਸਦੀ ਸਰਕਾਰ ਦੀ ਪ੍ਰਤੀਕਿਰਿਆ ਦਾ ਵਿਰੋਧ ਕਰਦੀ ਹੈ| ਕੌਰ ਨੇ ਇਕ ਟਵੀਟ ਅਤੇ ਇੰਸਟਾਗ੍ਰਾਮ ਪੋਸਟ ਵਿਚ ਕਿਹਾ ਕਿ ਪ੍ਰਸ਼ਾਸਨ ਨੇ ਉਸ ਨੂੰ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਦੀਵਾਲੀ ਦੇ ਜਸ਼ਨ ਲਈ ਸੱਦਾ ਦਿੱਤਾ ਸੀ| ਕੌਰ ਨੇ ਐਕਸ ਤੇ ਲਿਖਿਆ, ਮੈਂ ਆਪਣੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਇਸ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣ ਲਈ ਬੇਨਤੀ ਕਰਦੀ ਹਾਂ|&rsquo
ਉਸ ਨੇ ਅੱਗੇ ਲਿਖਿਆ, ਇੱਕ ਸਿੱਖ ਔਰਤ ਹੋਣ ਦੇ ਨਾਤੇ ਮੈਂ ਪ੍ਰਸ਼ਾਸਨ ਦੀਆਂ ਕਾਰਵਾਈਆਂ ਤੇ ਪਰਦਾ ਪਾਉਣ ਲਈ ਆਪਣੇ ਅਕਸ ਦੀ ਵਰਤੋਂ ਨਹੀਂ ਹੋਣ ਦੇਵਾਂਗੀ| ਮੈਂ ਅਜਿਹੀ ਸੰਸਥਾ ਦੇ ਕਿਸੇ ਵੀ ਸੱਦੇ ਤੋਂ ਇਨਕਾਰ ਕਰਦੀ ਹਾਂ ਜੋ ਫਸੇ ਹੋਏ ਨਾਗਰਿਕ ਆਬਾਦੀ ਦੀ ਸਮੂਹਿਕ ਸਜ਼ਾ ਦਾ ਸਮਰਥਨ ਕਰਦੀ ਹੈ - ਜਿਨ੍ਹਾਂ ਵਿੱਚੋਂ 50% ਬੱਚੇ ਹਨ| ਉਹ ਲਿਖਦੀ ਹੈ ਕਿ ਉਹ ਇਸ ਵਿੱਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਯੂ.ਐਸ ਸਰਕਾਰ ਗਾਜ਼ਾ ਤੇ ਇਜ਼ਰਾਈਲ ਦੀ ਬੰਬਾਰੀ ਲਈ ਫੰਡਿੰਗ ਕਰ ਰਹੀ ਹੈ| ਕੌਰ ਦਾ ਕਹਿਣਾ ਹੈ ਕਿ ਉਹ ਇੱਕ ਅਜਿਹੀ ਸੰਸਥਾ ਜੋ ਇੱਕ ਫਸੇ ਨਾਗਰਿਕ ਆਬਾਦੀ ਦੀ ਸਮੂਹਿਕ ਸਜ਼ਾ ਦਾ ਸਮਰਥਨ ਕਰਦੀ ਹੈ ਦਾ ਸੱਦਾ ਸਵੀਕਾਰ ਨਹੀਂ ਕਰ ਸਕਦੀ|
ਯਾਦ ਰਹੇ ਕਿ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਅਨੁਸਾਰ ਗਾਜ਼ਾ ਵਿੱਚ ਇਜ਼ਰਾਈਲ ਦੇ ਫੌਜੀ ਹਮਲੇ ਵਿੱਚ 11,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ| ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦੁਆਰਾ ਪਿਛਲੇ ਮਹੀਨੇ ਇਜ਼ਰਾਈਲ ਤੇ ਹਮਲਾ ਕਰਨ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਸੀ, ਜਿਸ ਨਾਲ 1,400 ਤੋਂ ਵੱਧ ਲੋਕ ਮਾਰੇ ਗਏ ਸਨ| ਹਮਾਸ ਨੂੰ ਸਬਕ ਸਿਖਾਉਣ ਦੇ ਨਾਂਅ &rsquoਤੇ ਬੱਚਿਆਂ ਤੇ ਔਰਤਾਂ ਦਾ ਕਤਲੇਆਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ| ਇਜ਼ਰਾਈਲ ਸਮੇਤ ਸਭ ਪੱਛਮੀ ਦੇਸ਼ਾਂ ਦੇ ਲੋਕ ਜੰਗ ਨਾ ਰੋਕਣ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ| ਅਮਰੀਕੀ ਬਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਰਬ ਲੀਗ ਦੇਸ਼ਾਂ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ ਕਿ ਸਥਾਈ ਜੰਗਬੰਦੀ ਦਾ ਐਲਾਨ ਕੀਤਾ ਜਾਵੇ|
ਅਮਰੀਕੀ ਸ਼ਹਿ ਤੇ 75 ਸਾਲਾਂ ਤੋਂ ਲਗਾਤਾਰ ਫਲਸਤੀਨੀਆਂ ਦੀ ਜਮੀਨ ਤੇ ਕੀਤੇ ਜਾ ਰਹੇ ਕਬਜੇ ਦੇ ਮਸਲੇ ਨੂੰ ਪੂਰੀ ਤਰ੍ਹਾਂ ਗੋਲ਼ ਕਰ ਦਿੱਤਾ ਗਿਆ ਹੈ| ਜੇ ਸਿੱਧਮ-ਸਿੱਧਾ ਇਜਰਾਇਲ ਦੇ ਹੱਕ ਵਿੱਚ ਕੋਈ ਪੱਛਮੀ ਸਰਮਾਏਦਾਰਾ ਮੀਡੀਆ ਅਦਾਰਾ ਨਹੀਂ ਵੀ ਖੜ੍ਹ ਰਿਹਾ ਤਾਂ ਉਹ ਅਸਿੱਧੇ ਢੰਗ ਨਾਲ਼ ਇਜਰਾਇਲੀ ਦੇ ਹੀ ਹਿੱਤ ਪੂਰਦਾ ਹੈ| ਮਿਸਾਲ ਦੇ ਤੌਰ ਤੇ ਪਿਛਲੇ ਸਮੇਂ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਤੇ ਗੌਰ ਕਰਨ ਤੇ ਅਸੀਂ ਵੇਖਦੇ ਹਾਂ ਕਿ ਬਹੁਤੇ ਅਖਬਾਰਾਂ ਵਿੱਚ ਮਸਲੇ ਨੂੰ &lsquo&lsquoਇਜਰਾਇਲ-ਫਲਸਤੀਨ ਜੰਗ&rsquo&rsquo ਜਾਂ ਇਜਰਾਇਲ-ਹਮਾਸ ਜੰਗ ਵਜੋਂ ਪੇਸ਼ ਕੀਤਾ ਜਾ ਰਿਹਾ ਹੈ| ਅਜਿਹਾ ਕਰਕੇ ਦੋਹਾਂ ਧਿਰਾਂ ਨੂੰ ਬਰਾਬਰ ਦੀਆਂ ਧਿਰਾਂ ਬਣਾਕੇ ਪੇਸ਼ ਕੀਤਾ ਗਿਆ ਹੈ ਜਦਕਿ ਹਕੀਕਤ ਇਹ ਹੈ ਕਿ ਦੋਹਾਂ ਵਿੱਚੋਂ ਇੱਕ ਧਿਰ ਧਾੜਵੀ ਹੈ ਤੇ ਦੂਜੀ ਪੀੜਤ ਹੈ, ਲੁੱਟੀਂਦੀ ਹੈ| ਦੋਸ਼ੀ ਤੇ ਪੀੜਤ ਧਿਰ ਨੂੰ ਇੱਕੋ ਕੰਡੇ ਤੋਲ ਕੇ ਮਸਲੇ ਦੀ ਪੂਰੀ ਸੱਚਾਈ ਹੀ ਵਿਗਾੜੀ ਜਾ ਰਹੀ ਹੈ| ਤੇ ਇਹ ਹਾਲ ਨਿਊਯਾਰਕ ਟਾਇਮਸ, ਬੀਬੀਸੀ ਜਿਹੇ ਅਗਾਂਹਵਧੂ ਕਹੇ ਜਾਂਦੇ ਅਦਾਰਿਆਂ ਦਾ ਹੈ| ਕਈ ਸੱਜੇ-ਪੱਖੀ ਵੱਡੇ ਮੀਡੀਆ ਅਦਾਰੇ ਤਾਂ ਸਿੱਧਮ-ਸਿੱਧਾ ਫਲਸਤੀਨੀਆਂ ਦਾ ਸਫਾਇਆ ਕਰਨ ਦੀ ਹੱਦ ਤੱਕ ਭੜਕਾਊ ਪ੍ਰਚਾਰ ਕਰ ਰਹੇ ਹਨ| ਭਾਰਤ ਵਿਚਲੇ ਬਹੁਤੇ ਵਿਕਾਊ ਮੀਡੀਆ ਅਦਾਰਿਆਂ ਦਾ ਵੀ ਇਹੀ ਹਾਲ ਹੈ|
 ਇਸ ਮੌਕੇ ਸਕੂਨ ਵਾਲੀ ਗੱਲ ਹੈ ਕਿ ਪੱਛਮੀ ਦੇਸ਼ਾਂ ਤੇ ਖੁਦ ਇਜ਼ਰਾਈਲ ਅੰਦਰ ਜੰਗ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰ ਰਹੇ ਹਨ| ਬੰਧਕਾਂ ਨੂੰ ਛੁਡਾਉਣ ਤੇ ਗਾਜ਼ਾ ਵਿੱਚ ਨਸਲਘਾਤ ਰੋਕਣ ਵਿਰੁੱਧ ਬੀਤੇ ਐਤਵਾਰ ਨੂੰ ਇਜ਼ਰਾਈਲ ਵਿੱਚ ਵੱਡੇ ਮੁਜ਼ਾਹਰੇ ਕਰਕੇ ਲੋਕਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ| ਹਜ਼ਾਰਾਂ ਲੋਕਾਂ ਨੇ ਰਾਜਧਾਨੀ ਤੇਲ ਅਵੀਵ ਦੇ ਕਈ ਇਲਾਕਿਆਂ ਵਿੱਚ ਵਿਖਾਵੇ ਕੀਤੇ ਸਨ| ਇਜ਼ਰਾਈਲ ਦੇ ਮੁਜ਼ਾਹਰਾਕਾਰੀਆਂ ਨੇ ਮੀਡੀਆ ਨੂੰ ਕਿਹਾ ਕਿ ਜੰਗ ਜਾਰੀ ਰੱਖਣ ਲਈ ਅਮਰੀਕਾ ਆਪਣਾ ਹਿੱਤ ਦੇਖ ਰਿਹਾ ਹੈ, ਇਸੇ ਲਈ ਉਹ ਇਜ਼ਰਾਈਲ ਦੀ ਏਨੀ ਮਦਦ ਕਰ ਰਿਹਾ ਹੈ|
ਜਾਹਰ ਹੈ ਲੋਕਾਂ ਦੀਆਂ ਜੰਗ ਵਿਰੋਧੀ ਭਾਵਨਾਵਾਂ ਨੂੰ ਕੋਈ ਸੂਝ ਭਰੀ ਲੋਕਾਂ ਦੀ ਤਾਕਤ ਹੀ ਇਸ ਜੰਗ ਨੂੰ ਰੋਕ ਸਕਦੀ ਹੈ| ਰੂਪੀ ਕੌਰ ਦੀ ਅਵਾਜ਼ ਲੋਕ ਹਿਤ ਵਿਚ ਹੈ, ਉਸਨੇ ਮਨੁੱਖਤਾ ਦੀ ਨਜ਼ਰ ਵਿਚ ਸਿਖ ਕੌਮ ਦਾ ਮਾਣ ਵਧਾਇਆ ਹੈ| ਕਵਿੱਤਰੀ ਰੂਪੀ ਕੌਰ ਵਲੋਂ  ਵ੍ਹਾਈਟ ਹਾਊਸ ਦਾ ਸੱਦਾ ਠੁਕਰਾਉਣਾ ਮਨੁੱਖਤਾ ਤੇ ਸਿਖੀ ਦੇ ਹੱਕ ਵਿਚ ਹੈ| ਬਾਬਰ ਵਾਣੀ ਤੇ ਦਹਿਸ਼ਤ ਨੂੰ ਚੈਲਿੰਜ ਕਰਨਾ ਸਤਿਗੁਰੂ ਨਾਨਕ ਦੀ ਭਾਸ਼ਾ, ਸਭਿਆਚਾਰ ਤੇ ਮਨੁੱਖਤਾ ਪਖੀ ਨੀਤੀ ਹੈ| ਇਸ ਗੁਰਮਤਿ ਪਖੀ ਨੀਤੀ ਉਪਰ ਸਮੁੱਚੇ ਸਿਖ ਪੰਥ ਨੂੰ ਪਹਿਰਾ ਦੇਣਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ