ਸੀਰੀਆ ਵਿਚ ਈਰਾਨ ਨਾਲ ਜੁੜੇ ਟਿਕਾਣਿਆਂ ’ਤੇ ਅਮਰੀਕਾ ਦੀ ਏਅਰ ਸਟ੍ਰਾਈਕ
 ਦਿ ਗਾਰਡੀਅਨ ਦੀ ਰੀਪੋਰਟ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਸੀਰੀਆ ਵਿਚ ਕਿਸੇ ਥਾਂ ਉਤੇ ਹਮਲਾ ਕੀਤਾ ਹੈ।  ਇਜ਼ਰਾਈਲ-ਹਮਾਸ ਯੁੱਧ ਵਿਚਕਾਰ, ਅਮਰੀਕਾ ਨੇ ਪੂਰਬੀ ਸੀਰੀਆ ਵਿਚ ਇਕ ਹਥਿਆਰ ਸਟੋਰ ਕਰਨ ਵਾਲੀ ਥਾਂ 'ਤੇ ਹਮਲਾ ਕੀਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਮੁਤਾਬਕ ਇਹ ਸਥਾਨ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨਾਲ ਜੁੜਿਆ ਹੋਇਆ ਸੀ। ਹਮਲੇ 'ਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਦਿ ਗਾਰਡੀਅਨ ਦੀ ਰੀਪੋਰਟ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਸੀਰੀਆ ਵਿਚ ਕਿਸੇ ਥਾਂ ਉਤੇ ਹਮਲਾ ਕੀਤਾ ਹੈ। ਰੀਪੋਰਟ ਮੁਤਾਬਕ ਅਕਤੂਬਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਈਰਾਨ ਨਾਲ ਜੁੜੇ ਫੌਜੀਆਂ ਨੇ ਇਰਾਕ ਅਤੇ ਸੀਰੀਆ 'ਚ ਅਮਰੀਕੀ ਅਤੇ ਸਹਿਯੋਗੀ ਫੌਜਾਂ 'ਤੇ ਘੱਟੋ-ਘੱਟ 40 ਵਾਰ ਹਮਲੇ ਕੀਤੇ ਹਨ। ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦਾ ਹਵਾਲਾ ਦਿੰਦੇ ਹੋਏ 'ਦਿ ਗਾਰਡੀਅਨ' ਨੇ ਲਿਖਿਆ ਹੈ ਕਿ 8 ਨਵੰਬਰ ਨੂੰ ਹੋਏ ਹਮਲੇ 'ਚ ਦੋ ਅਮਰੀਕੀ ਐੱਫ-15 ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਸੀ। ਇਹ ਹਮਲਾ ਅਮਰੀਕੀ ਸੈਨਿਕਾਂ ਵਿਰੁਧ ਹਾਲ ਹੀ ਵਿਚ ਹੋਏ ਹਮਲਿਆਂ ਦਾ ਜਵਾਬ ਸੀ।
ਆਸਟਿਨ ਨੇ ਕਿਹਾ ਕਿ ਅਮਰੀਕਾ ਵਿਰੁਧ ਹਮਲੇ ਬੰਦ ਹੋਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਈਰਾਨ ਦੇ ਪਾਸਿਉਂ ਅਮਰੀਕੀ ਫੌਜਾਂ 'ਤੇ ਹਮਲੇ ਬੰਦ ਨਾ ਹੋਏ ਤਾਂ ਅਸੀਂ ਲੋੜੀਂਦੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਇਕ ਹੋਰ ਮੀਡੀਆ ਰੀਪੋਰਟ ਮੁਤਾਬਕ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਵਾਰ ਮਾਨੀਟਰ ਨੇ ਦਸਿਆ ਹੈ ਕਿ 8 ਨਵੰਬਰ ਨੂੰ ਹੋਏ ਅਮਰੀਕੀ ਹਮਲੇ 'ਚ ਈਰਾਨ ਸਮਰਥਿਤ ਸਮੂਹਾਂ ਨਾਲ ਜੁੜੇ 9 ਲੋਕ ਮਾਰੇ ਗਏ ਸਨ।