image caption:

ਅਮਰੀਕਾ ਦੇ ਟੈਕਸਾਸ ਰਾਜ ਵਿਚ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ 8 ਮੌਤਾਂ

 ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਜ਼ਾਵਾਲਾ ਕਾਊਂਟੀ, ਟੈਕਸਾਸ ਵਿਚ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਦੇ ਸਿੱਟੇ ਵਜੋਂ  8  ਮੌਤਾਂ ਹੋਣ ਦੀ ਖਬਰ ਹੈ। ਟੱਕਰ ਏਨੀ ਭਿਆਨਕ ਸੀ ਕਿ ਕਾਰਾਂ ਦੇ ਪਰਖਚੇ ਉਡ ਗਏ ਤੇ ਇਕ ਕਾਰ ਨੂੰ ਅੱਗ ਲੱਗ ਗਈ। ਟੈਕਸਾਸ ਡਿਪਾਰਟਮੈਂਟ ਪਬਲਿਕ ਸੇਫਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੰਭਾਵੀ ਤੌਰ 'ਤੇ ਇਹ ਹਾਦਸਾ ਮਨੁੱਖੀ ਤਸਕਰੀ ਵਿਚ ਸ਼ਾਮਿਲ ਇਕ ਕਾਰ ਦੇ ਡਰਾਈਵਰ ਵੱਲੋਂ ਪੁਲਿਸ ਅਫਸਰਾਂ ਤੋਂ ਬਚ ਕੇ ਤੇਜ ਰਫਤਾਰ ਨਾਲ ਨਿਕਲ ਜਾਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹੈ। ਹਾਦਸਾ ਦੱਖਣ ਪੱਛਮੀ ਟੈਕਸਾਸ ਵਿਚ ਬੇਟਸ ਵਿਲੇ ਕਸਬੇ ਨੇੜੇ ਮੈਕਸੀਕੋ ਬਾਰਡਰ ਤੋਂ ਤਕਰੀਬਨ  60 ਮੀਲ ਦੂਰ ਯੂਐਸ  57 ਮਾਰਗ ਉਪਰ ਵਾਪਰਿਆ। ਪਬਲਿਕ ਸੇਫਟੀ ਵਿਭਾਗ ਦੇ ਬੁਲਾਰੇ ਕ੍ਰਿਸਓਲੀਵਰੇਜ਼ ਅਨੁਸਾਰ ਸ਼ੱਕ ਹੈ ਕਿ ਹਾਂਡਾ ਕਾਰ ਦਾ ਡਰਾਈਵਰ ਮਨੁੱਖੀ ਤਸਕਰੀ ਵਿਚ ਸ਼ਾਮਿਲ ਸੀ ਤੇ ਉਹ ਜਾਵਾਲਾ ਕਾਊਂਟੀ ਦੇ ਪੁਲਿਸ ਅਫਸਰਾਂ ਤੋਂ ਬਚਣ ਦੀ ਕੋਸ਼ਿਸ਼ ਵਿਚ ਸੀ। ਜਦੋਂ ਉਸ ਨੇ ਕਾਰ 'ਨੋਪਾਸਿੰਗ ਜ਼ੋਨ' ਵਿਚੋਂ ਭਜਾ ਕੇ ਲਿਜਾਣ ਦਾ ਯਤਨ ਕੀਤਾ ਤਾਂ ਉਸ ਦੀ ਕਾਰ ਸਿੱਧੀ ਇਕ ਹੋਰ ਕਾਰ ਐਸ ਯੂ ਵੀ ਚੇਵਰੋਲੈਟ ਨਾਲ ਟਕਰਾ ਗਈ ਜਿਸ ਦੇ ਸਿੱਟੇ ਵਜੋਂ ਚੇਵਰੋਲੈਟ ਨੂੰ ਅੱਗ ਲੱਗ ਗਈ। ਉਸ ਵਿਚ ਸਵਾਰ ਡਰਾਈਵਰ ਸਮੇਤ ਦੋਨੋ ਵਿਅਕਤੀ ਮਾਰੇ ਗਏ। ਇਹ ਦੋਨੋ ਜਾਰਜੀਆ ਦੇ ਰਹਿਣ ਵਾਲੇ ਸਨ ਜਿਨਾਂ ਦੀ ਪਛਾਣ ਜੋਸਲਰਮਾ (67) ਤੇ ਇਸਾਬੇਲਲਰਮਾ (65) ਵਜੋਂ ਹੋਈ ਹੈ।