image caption:

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 51ਵੇਂ ਸਾਲਾਨਾ ਕੇਂਦਰੀ ਸਮਾਗਮ ਦਾ ਉਦਘਾਟਨ ਅੱਜ ਮਿਤੀ 17-11-2023 ਨਵੰਬਰ, 2023 ਨੂੰ

ਲੁਧਿਆਣਾ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਤਿੰਨ ਦਿਨ ਚੱਲਣ ਵਾਲੇ 51ਵੇਂ ਸਾਲਾਨਾ ਕੇਂਦਰੀ ਸਮਾਗਮ ਦੀ ਆਰੰਭਤਾ ਅੱਜ ਇਥੇ ਜਥੇਬੰਦੀ ਦੇ ਕੇਂਦਰੀ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਜਥੇਬੰਦੀ ਦੀ ਰਿਵਾਇਤ ਅਨੁਸਾਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਉਪਰੰਤ ਹੋਈ। ਨਿਸ਼ਾਨ ਸਾਹਿਬ ਨੂੰ ਲਹਿਰਾਉਣ ਦੀ ਰਸਮ "ਦੇਹਿ ਸਿਵਾ ਬਰਿ ਮੋਹਿ ਇਹੈ" ਸ਼ਬਦ ਉਪਰੰਤ ਜਥੇਬੰਦੀ ਦੀਆਂ ਪੰਜ ਕੌਂਸਲਾਂ ਦੇ ਮੁਖੀ ਸਾਹਿਬਾਨ ਵਲੋਂ ਅਦਾ ਕੀਤੀ ਗਈ। ਸ਼ਬਦ ਗਾਇਣ ਦੀ ਰਸਮ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟਿਚਊਟ ਦੇ ਵਿਦਿਆਰਥੀਆਂ ਵਲੋਂ ਪ੍ਰਿੰ. ਸਾਹਿਬਜੀਤ ਸਿੰਘ ਅਤੇ ਉਸਤਾਦ ਸ੍ਰ. ਗੁਰਨਾਮ ਸਿੰਘ ਜੀ ਦੀ ਅਗਵਾਈ ਹੇਠ ਨਿਭਾਈ ਗਈ।
ਸਮਾਗਮ ਦੇ ਆਰੰਭ ਵਿਚ ਚੀਫ਼ ਸਕੱਤਰ ਸ੍ਰ. ਹਰਮੋਹਿੰਦਰ ਸਿੰਘ ਨੰਗਲ ਹੋਰਾਂ ਸਵਾਗਤੀ ਸ਼ਬਦ ਸਾਂਝੇ ਕੀਤੇ। ਸ੍ਰ. ਬਲਜੀਤ ਸਿੰਘ ਚੇਅਰਮੈਨ ਹੋਰਾਂ ਸਾਲਾਨਾ ਸਮਾਗਮ ਦੇ ਪ੍ਰੇਰਨਾ ਵਾਕ "ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜ੍ਰ ਕਰਹਿ" ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਸਾਨੂੰ ਗੁਰਬਾਣੀ ਵਿਚ ਦਰਸਾਏ ਹੁਕਮਾਂ ਨੂੰ ਮੰਨਦੇ ਹੋਏ ਅਕਾਲ ਪੁਰਖ 'ਤੇ ਭਰੋਸਾ ਬਣਾਉਣਾ ਅਤੇ ਸਰਬੱਤ ਦੇ ਭਲੇ ਦੇ ਕਾਰਜਾਂ ਵਿਚ ਜੁਟਣਾ ਚਾਹੀਦਾ ਹੈ। ਸਕੱਤਰ ਜਨਰਲ ਸ੍ਰ. ਗੁਰਚਰਨ ਸਿੰਘ ਹੋਰਾਂ ਪਿਛਲੇ 50 ਸਾਲਾਂ ਦੌਰਾਨ ਜਥੇਬੰਦੀ ਦੇ ਕਾਰਜਕਰਤਾਵਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਨਿਭਾਈਆਂ ਗਈਆਂ ਉਤਸ਼ਾਹ ਭਰਪੂਰ ਸੇਵਾਵਾਂ ਦਾ ਵਰਨਣ ਕਰਦਿਆਂ ਜਥੇਬੰਦੀ ਦੇ ਉਦੇਸ਼ਾਂ ਅਨੁਸਾਰ ਕਾਰਜ ਕਰਨ ਲਈ ਪ੍ਰੇਰਣਾ ਕੀਤੀ। ਸ੍ਰ. ਸੁਰਜੀਤ ਸਿੰਘ ਜ਼ੋਨਲ ਪ੍ਰਧਾਨ ਲੁਧਿਆਣਾ ਜ਼ੋਨ ਹੋਰਾਂ ਕਾਰਜਕਰਤਾਵਾਂ ਨੂੰ ਪ੍ਰਣ ਕਰਵਾਇਆ ਕਿ ਸਮੂਹ ਕਾਰਜਕਰਤਾ ਗੁਰਬਾਣੀ ਅਨੁਸਾਰ ਸਰਬ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਲਈ ਲਾਮਬੰਦ ਰਹਿਣਗੇ। ਇਸ ਸੈਸ਼ਨ ਦੌਰਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਮੇਟੀ ਮੈਂਬਰ ਸਾਹਿਬਾਨ ਨੂੰ ਸਟੱਡੀ ਸਰਕਲ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਹਿੱਤ ਸਨਮਾਨਤ ਕੀਤਾ ਗਿਆ। ਸ੍ਰ. ਪਰਮਜੀਤ ਸਿੰਘ ਬੇਦੀ ਯੂ.ਐਸ.ਏ. ਹੁਰਾਂ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਦੱਤ ਕੀਤੀ।
ਸਾਲਾਨਾ ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਸ੍ਰ. ਮਨਪ੍ਰੀਤ ਸਿੰਘ ਦਿੱਲੀ ਵਾਲਿਆਂ ਨੇ ਪ੍ਰੇਰਣਾ ਵਾਕ "ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜ੍ਰ ਕਰਹਿ" ਵਿਸ਼ੇ 'ਤੇ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਸਟੇਜ ਦਾ ਸੰਚਾਲਨ ਚੀਫ਼ ਸਕੱਤਰ ਸ੍ਰ. ਹਰਮੋਹਿੰਦਰ ਸਿੰਘ ਹੋਰਾਂ ਨੇ ਕੀਤਾ। ਸਮਾਗਮ ਵਿੱਚ ਸ੍ਰ. ਗੁਰਮੀਤ ਸਿੰਘ, ਸ੍ਰ. ਜਤਿੰਦਰਪਾਲ ਸਿੰਘ, ਸ੍ਰ. ਪ੍ਰਤਾਪ ਸਿੰਘ, ਸ੍ਰ. ਇੰਦਰਪਾਲ ਸਿੰਘ ਰੋਪੜ, ਸ੍ਰ. ਗੁਰਦੇਵ ਸਿੰਘ ਅਤੇ ਡਾ. ਮਲਕੀਅਤ ਸਿੰਘ ਅੰਮ੍ਰਿਤਸਰ, ਸ੍ਰ. ਹਰਜੀਤ ਸਿੰਘ ਖਾਲਸਾ, ਸ੍ਰ. ਜਸਪਾਲ ਸਿੰਘ, ਸ੍ਰ. ਹਰਜੀਤ ਸਿੰਘ ਨੰਗਲ, ਸ੍ਰ. ਤੇਜਿੰਦਰਪਾਲ ਸਿੰਘ ਖ਼ਿਜ਼ਰਾਬਾਦੀ, ਡਾ. ਅਵੀਨਿੰਦਰਪਾਲ ਸਿੰਘ, ਸ੍ਰ. ਬਲਜੀਤ ਸਿੰਘ ਭਿਲਾਈ, ਸ੍ਰ. ਰਾਜਵਿੰਦਰ ਸਿੰਘ, ਸ੍ਰ. ਨਵਨੀਤ ਸਿੰਘ ਕੋਟਕਪੂਰਾ, ਸ੍ਰ. ਕੁਲਵੰਤ ਸਿੰਘ ਸੰਗਰੂਰ, ਸ੍ਰ. ਗੁਰਭੇਜ ਸਿੰਘ, ਸ੍ਰ. ਜੇ.ਪੀ. ਸਿੰਘ ਮੁਹਾਲੀ ਅਤੇ ਹੋਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਦੂਸਰੇ ਸੈਸ਼ਨ ਦੌਰਾਨ ਐਚ.ਆਰ.ਡੀ.ਐਂਡ ਪਲਾਨਿੰਗ ਕੌਂਸਲ ਦੇ ਮੁਖੀ ਪ੍ਰੋ. ਮਨਿੰਦਰ ਸਿੰਘ ਹੁਰਾਂ ਚੇਤੰਨ, ਚਿੰਤਨ ਅਤੇ ਚੁਣੌਤੀਆਂ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ। ਇਥੇ ਇਹ ਵਰਨਣਯੋਗ ਹੈ ਕਿ 19 ਨਵੰਬਰ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਬੰਗਾਲ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਅਤੇ ਮਹਾਂਰਾਸ਼ਟਰਾ ਤੋਂ 200 ਤੋਂ ਵੱਧ ਪ੍ਰਤੀਨਿੱਧ ਹਿੱਸਾ ਲੈ ਰਹੇ ਹਨ।