image caption: -ਰਜਿੰਦਰ ਸਿੰਘ ਪੁਰੇਵਾਲ

ਆਪ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਨਸ਼ਿਆਂ ਦੇ ਚੱਕਰਵਿੳੂ ਚ

ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਹਾਈਕਮਾਂਡ ਲੀਡਰਾਂ ਨੇ ਅਕਾਲੀ ਸਰਕਾਰ ਵੇਲੇ ਦੋਸ਼ ਲਗਾਏ ਸਨ ਕਿ ਅਕਾਲੀ ਲੀਡਰ ਨਸ਼ਾ ਵਿਕਾਉਂਦੇ ਹਨ| ਇਸ ਕਰਕੇ ਨਸ਼ੇ ਬੰਦ ਨਹੀਂ ਹੋ ਰਹੇ| ਪਰ ਹੁਣ ਆਪ ਪਾਰਟੀ ਦੀ ਸਰਕਾਰ ਹੈ, ਪਰ ਨਸ਼ੇ  ਬੰਦ ਕਿਉਂ ਨਹੀਂ ਹੋ ਰਹੇ| ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਵਿਚ ਅਕਾਲੀ, ਕਾਂਗਰਸ ਸਰਕਾਰ ਦੇ ਰਾਜ ਕਾਲ  ਨਾਲੋਂ ਆਪ ਸਰਕਾਰ ਵਿਚ ਬੇਹਿਸਾਬ ਵਾਧਾ ਕਿਉਂ ਹੋਇਆ ਹੈ? ਰਾਸ਼ਟਰੀ ਕ੍ਰਾਇਮ ਰਿਕਾਰਡ ਬਿਉਰੋ ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ 7500 ਕਰੋੜ ਰੁਪਏ, ਦੀ ਹੈਰੋਇਨ ਅਤੇ ਕੋਕੀਨ ਦਾ ਕਾਰੋਬਾਰ ਪੰਜਾਬ ਵਿੱਚ ਕੀਤਾ ਜਾਂਦਾ ਹੈ| ਪੰਜਾਬ ਵਿੱਚ ਸਰਹੱਦ ਨਾਲ ਲਗਦੇ ਜਿਲ੍ਹਿਆਂ ਵਿੱਚ ਇਹ ਸਭ ਤੋਂ ਵੱਧ ਮਾਤਰਾ ਵਿੱਚ ਫੜੀ ਗਈ ਹੈ ਅਤੇ ਪੰਜਾਬ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਤੀਸਰੇ ਨੰਬਰ ਤੇ ਆ ਚੁਕਿਆ ਹੈ|ਚੰਡੀਗੜ ਦੇ ਪੋਸਟ ਰਿਸਰਚ (ਪੀਜੀ. ਆਈ. ਐਮ. ਈ.ਆਈ. ਆਰ) ਦੇ ਕਮਿਉਨਿਟੀ ਮੈਡੀਕਲ ਵਿਭਾਗ ਦੁਆਰਾ ਜਾਰੀ ਕੀਤੀ ਗਈ ਕਿਤਾਬ ਰੋਡਮੈਪ ਫਾਰ ਪ੍ਰੋਵੀਜ਼ਨਲ ਐਂਡ, ਕੰਟਰੋਲ ਆਫ ਸਬਸਟੈਂਸ ਅਬਿਉਜ਼ ਇਨ ਪੰਜਾਬ ਦੇ ਦੂਜੇ ਐਡੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਲਗਭਗ 30 ਲੱਖ (15.4 ਪ੍ਰਤੀਸ਼ਤ) ਨੌਜਵਾਨ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਆਦੀ ਹਨ| ਇਕੱਲੇ 200 ਨੌਜਵਾਨਾਂ ਦੀ ਮੌਤ ਪਿਛਲੇ ਇੱਕ ਸਾਲ ਦੌਰਾਨ ਹੀ ਹੋ ਚੁੱਕੀ ਹੈ| 14-35 ਸਾਲ ਦੇ ਨੌਜਵਾਨ ਇਸ ਵਿੱਚ ਫਸੇ ਹੋਏ ਹਨ| ਬਹੁ-ਗਿਣਤੀ ਘੱਟ ਪੜ੍ਹੇ ਲਿਖੇ ਪੇਂਡੂ ਨੌਜਵਾਨਾਂ ਦੀ ਹੈ| ਇਵੇਂ ਲੱਗਦਾ ਹੈ ਜਿਵੇਂ ਪੰਜਾਬ ਦੀ ਸਾਰੀ ਨੌਜਵਾਨੀ ਹੀ ਵੈਂਟੀਲੇਟਰ ਤੇ ਆ ਚੁੱਕੀ ਹੈ| ਇਥੋਂ ਤਕ ਪੰਜਾਬ ਦੀਆਂ ਮੁਟਿਆਰਾਂ ਨਸ਼ਿਆਂ ਵਿਚ ਗ੍ਰਸੀਆਂ ਜਾ ਚੁਕੀਆਂ ਹਨ| ਕਈ ਕੁੜੀਆਂ ਦੀਆਂ ਵੀ ਨਸ਼ੇ ਵਿੱਚ ਰੱਜੀਆਂ ਹੋਈਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਹਨ|
ਇਹ ਸਚ ਹੈ ਕਿ ਨਸ਼ਾ ਮਾਫ਼ੀਆ ਨੂੰ ਰਾਜਨੀਤੀ ਅਤੇ ਸੱਤਾਧਾਰੀ ਧਿਰ ਦਾ ਅੰਗ ਬਣ ਚੁਕਾ ਹੈ| ਇਸ ਦਾ ਸਬੂਤ ਇਸ ਗੱਲ ਤੋਂ ਵੀ ਮਿਲ ਜਾਂਦਾ ਹੈ ਕਿ ਹਾਲ ਹੀ ਚ ਸੂਬੇ ਦੀ ਆਪ ਪਾਰਟੀ ਦੀ ਸਰਕਾਰ ਦੇ ਇਕ ਮੰਤਰੀ ਦਾ ਰਿਸ਼ਤੇਦਾਰ ਇਕ ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ| ਭਾਵੇਂ ਆਪ ਵਿਧਾਇਕ ਨੇ ਇਸ ਮਾਮਲੇ ਚ ਫੜੇ ਗਏ ਤਸਕਰ ਨੂੰ ਆਪਣਾ ਰਿਸ਼ਤੇਦਾਰ ਮੰਨਣ ਤੋਂ ਵੀ ਇਨਕਾਰ ਕੀਤਾ ਹੈ, ਪਰ ਪੁਲਿਸ ਵਲੋਂ ਇਕੱਤਰ ਜਾਣਕਾਰੀ ਅਨੁਸਾਰ ਖ਼ੁਦ ਆਪ ਵਿਧਾਇਕ ਦੇ ਖ਼ਿਲਾਫ਼ ਵੀ ਸਾਲ 2002 ਵਿਚ ਨਸ਼ਾ ਤਸਕਰੀ ਦੇ ਦੋਸ਼ ਚ ਕੇਸ ਦਰਜ ਹੋ ਚੁੱਕਾ ਹੈ| 
ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਖੇਮਕਰਨ ਦੇ ਵਿਧਾਇਕ ਦੇ ਰਿਸ਼ਤੇਦਾਰ ਦੇ ਨਸ਼ੇ ਦੀ ਤਸਕਰੀ ਚ ਫੜੇ ਜਾਣ ਨੂੰ ਇਕ ਵੱਡਾ ਮਾਮਲਾ ਦੱਸਿਆ ਹੈ| ਆਮ ਤੌਰ ਤੇ ਆਪ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਵਲੋਂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਲਈ ਪੁਲਿਸ ਤੇ ਦਬਾਅ ਪਾਉਣ ਦੇ ਦੋਸ਼ ਵੀ ਲਗਾਏ ਜਾਂਦੇ ਰਹੇ ਹਨ| ਸੂਬੇ ਦੀ ਪੁਲਿਸ ਵੀ ਸਿਆਸੀ ਨੇਤਾਵਾਂ ਦੇ ਦਬਾਅ ਚ ਬੇਵੱਸ ਹੋਈ ਨਜ਼ਰ ਆਉਂਦੀ ਹੈ| ਨਸ਼ਾ ਤਸਕਰਾਂ ਅਤੇ ਸਰਕਾਰਾਂ ਦੀ ਮਿਲ਼ੀਭੁਗਤ ਦਾ ਪਤਾ ਇੱਥੋਂ ਵੀ ਲਗਦਾ ਹੈ ਕਿ ਸਤੰਬਰ 2021 ਵਿੱਚ ਅਡਾਨੀ ਦੀ ਬੰਦਰਗਾਹ ਤੋਂ 3000 ਕਿੱਲੋ ਹੈਰੋਇਨ ਫੜੀ ਗਈ, ਜਿਸਦੀ ਕੀਮਤ 21000 ਕਰੋੜ ਸੀ| ਇਹ ਭਾਰਤ ਵਿੱਚ ਫੜੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਸੀ| ਪਰ ਕਿਸੇ ਪੁਲੀਸ ਜਾਂ ਸਰਕਾਰ ਨੇ ਅਡਾਨੀ ਬਾਰੇ ਜਾਂਚ ਕਰਨ ਦੀ ਹਿੰਮਤ ਨਹੀਂ ਕੀਤੀ|
ਨਸ਼ੇ ਦਾ ਇਹ ਧੰਦਾ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਚੱਲ ਸਕਦਾ ਹੈ| ਨਸ਼ਿਆਂ ਦੇ ਲਈ ਜਿੰਮੇਵਾਰ, ਪੁਲੀਸ-ਨਸ਼ਾ ਤਸਕਰ ਤੇ ਸਰਕਾਰ ਹਨ| ਇਸ ਲਈ ਪੰਜਾਬ ਦੇ ਲੋਕਾਂ ਨੇ ਹੁਣ ਮਾਮਲਾ ਆਪਣੇ ਹੱਥ ਵਿੱਚ ਲੈ ਲਿਆ ਹੈ| ਪਿੰਡਾਂ ਵਿੱਚ ਠੀਕਰੀ ਪਹਿਰੇ ਅਤੇ ਨਸ਼ਾ ਵਿਰੋਧੀ ਕਮੇਟੀਆਂ ਬਣਨੀਆਂ ਸਵਾਗਤਯੋਗ ਹਨ| ਪਰ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਉਹਨਾਂ ਦੀ ਸਰਪ੍ਰਸਤੀ ਕਰਦੇ ਸਿਆਸਤਦਾਨਾਂ, ਅਫਸਰਾਂ ਲਈ ਸਖਤ ਤੋਂ ਸਖਤ ਸਜਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ| ਇਸ ਸੰਬੰਧ ਵਿਚ ਹਾਈਕੋਰਟ ਤੇ ਸੁਪਰੀਮ ਕੋਰਟ ਨੂੰ ਲੋਕ ਹਿਤ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ| ਇਸ ਲਈ ਪੰਜਾਬ ਦੇ ਪਿੰਡਾਂ ਨੂੰ ਇੱਕ ਲੋਕ ਲਹਿਰ ਬਣਕੇ ਸੁਪਰੀਮ ਕੋਰਟ ਵਿਚ ਜਨਤਕ ਹਿਤ ਵਿਚ ਰਿਟ ਪਾਉਣੀ ਚਾਹੀਦੀ ਹੈ|ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਸਿਆਸਤਦਾਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ