image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਤਿਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰੇ ਤੱਕ ਅਤੇ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੀ ਸਾਜਨਾ ਤੱਕ ਨਾਦੀ ਖ਼ਾਲਸਾ ਗੁਰੂ ਨਾਨਕ ਦੇ ਖਿਆਲ ਵਿੱਚ ਮੌਜੂਦ ਸੀ, ਗੋਬਿੰਦ ਸਿੰਘ ਨਾਨਕ ਦਾ ਹੀ ਆਖਰੀ ਨਾਮ ਹੈ

  ਜਦੋਂ ਸਤਿਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਪ੍ਰਗਟ ਹੋਏ ਉਦੋਂ ਹਰ ਪਾਸੇ ਹਨੇਰੇ ਦੀ ਕਾਲਖ ਪਸਰੀ ਹੋਈ ਸੀ । ਰਾਜਨੀਤਕ, ਧਾਰਮਿਕ, ਸਮਾਜਿਕ ਤੇ ਆਰਥਿਕ ਖੇਤਰ, ਹਰ ਪਾਸੇ ਕੂੜ ਹੀ ਕੂੜ ਪ੍ਰਧਾਨ ਸੀ । ਮਨੁੱਖੀ ਜ਼ਿੰਦਗੀ ਸੱਚ ਤੇ ਸਦਾਚਾਰ ਤਾਂ ਖੰਭ ਲਾਕੇ ਉੱਡ ਗਿਆ ਸੀ, ਭਾਵ ਅਲੋਪ ਹੋ ਚੁੱਕਾ ਸੀ । ਉਸ ਸਮੇਂ ਰਾਜੇ ਕਸਾਈ ਬਣੇ ਹੋਏ ਸਨ ਕਾਜੀ ਤੇ ਮੁਕੱਦਮ ਨਿਆਂ ਕਰਨ ਦੀ ਬਜਾਏ ਅਨਿਆਂ ਕਰਕੇ ਲੋਕਾਂ ਦਾ ਲਹੂ ਪੀ ਰਹੇ ਸਨ : ਰਾਜੇ ਸ਼ੀਹ ਮੁਕਦਮ ਕੁਤੇ ਜਾਇ ਜਗਾਇਨ ਬੈਠੇ ਸੁਤੇ, ਚਾਕਰ ਨਹਦਾ ਪਾਇਨਿ ਘਾਉ, ਰਤੁ ਪਿਤ ਕੁਤਿ ਹੋ ਚਟ ਜਾਹੁ ॥ ਹੋਮ ਯਗ ਕਰਾਉਣ ਵਾਲੇ ਕਰਮ ਕਾਂਡੀ ਬ੍ਰਾਹਮਣ ਤੇ ਰਿਧੀਆਂ ਸਿਧੀਆਂ ਰਾਹੀਂ ਸਮਾਜ ਨੂੰ ਡਰਾਉਣ ਵਾਲੇ ਜੋਗੀ ਸਮਾਜ &lsquoਤੇ ਭਾਰ ਬਣੇ ਹੋਏ ਸਨ :

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ Eਜਾੜੇ ਕਾ ਬੰਧੁ ॥ (ਗੁ: ਗ੍ਰ: ਸਾ: ਅੰਕ 662) ਅਤੇ
ਕਲਿ ਕਾਤੀ ਰਾਜੇ ਕਸਾਈ, ਧਰਮ ਪੰਖ ਕਰਿ ਉਡਰਿਆ ॥
ਕੂੜ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ ॥
ਹEੁ ਭਾਲਿ ਵਿਕੁੰਨੀ ਹੋਈ ॥ ਆਧੇਰ ਰਾਹੁ ਨ ਕੋਈ ॥ (ਗੁ: ਗ੍ਰ: ਸਾ: ਅੰਕ 145)
ਹਿੰਦੂ ਧਰਮ ਦੇ ਅਵਤਾਰ ਤੇ ਵੇਦ ਗ੍ਰੰਥ ਲੋਕਾਂ ਨੂੰ ਇਸ ਜਿਲੱਣ ਵਿੱਚੋਂ ਕੱਢਣ ਤੋਂ ਅਸਮਰੱਥ ਸਨ । ਹਿੰਦੂ ਧਰਮ ਪੂਰੀ ਤਰ੍ਹਾਂ ਬੇ-ਜਾਨ ਹੋ ਕੇ ਰਹਿ ਗਿਆ ਸੀ । ਹਿੰਦੂ ਇਤਨਾ ਅਧੀਨ ਹੋ ਗਿਆ ਸੀ ਕਿ ਉਸ ਨੇ ਪੂਰਨ ਗੁਲਾਮੀ ਧਾਰ ਲਈ ਸੀ । ਤੁਲਸੀ ਦਾਸ ਵਰਗੇ ਹਿੰਦੂ ਮਹਾਂਕਵੀ ਸ਼ੂਦਰ ਅਤੇ ਨਾਰੀ ਨੂੰ ਪਸ਼ੂਆਂ ਬਰਾਬਰ ਦੱਸਣ ਵਾਲੇ ਦੋਹਰੇ ਲਿਖ ਰਹੇ ਸਨ : ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ, ਯਹਿ ਪਾਚੋਂ ਤਾੜਨ ਕੇ ਅਧਿਕਾਰੀ । ਹਿੰਦੂ ਆਪਣੀ ਬੋਲੀ ਛੱਡ ਬੈਠਾ ਸੀ । ਛੱਤਰੀ ਜਿਨ੍ਹਾਂ ਦਾ ਕੰਮ ਧਰਮ ਦੀ ਰੱਖਿਆ ਕਰਨਾ ਸੀ, ਉਹ ਵੀ ਦਿਲ ਹਾਰ ਚੁੱਕੇ ਸਨ : ਖਤਰੀਆਂ ਤਾਂ ਧਰਮ ਛੌਡਿਆ ਮਲੇਛ ਭਾਖਿਆ ਰਾਹੀ । ਬ੍ਰਾਹਮਣ ਵੀ ਹਕੂਮਤ ਦਾ ਹੱਥ ਠੋਕਾ ਬਣੇ ਹੋਏ ਸਨ ਅਤੇ ਆਪਣੇ ਹੀ ਜਾਤ ਭਰਾਵਾਂ ਨੂੰ ਹੋਰ ਤੰਗ ਕਰ ਰਹੇ ਸਨ, ਛੁਰੀ ਵਗਾਇਨ ਤਿਨ ਗਲ ਤਾਗੁ ਤੇਗਊ ਬ੍ਰਾਹਮਣ ਕਉ ਕਰ ਲਾਵਉ ਤੱਕ ਨੌਬਤ ਪੁੱਜ ਗਈ ਸੀ । ਮੁਲਕ ਹਿੰਦ ਕਈ ਰਿਆਸਤਾਂ ਵਿੱਚ ਵੰਡਿਆ ਗਿਆ ਸੀ ਤੇ ਰਿਆਸਤ ਦਾ ਰਾਜਾ ਹੀ ਰੱਬ ਸਮਝਿਆ ਜਾਂਦਾ ਸੀ, ਰਾਜਾ ਪ੍ਰਮਾਤਮਾਂ ਦੀ ਛਾਂ ਸੀ ਅਤੇ ਪਰਜਾ ਦਾ ਕੋਈ ਹੱਕ ਨਹੀਂ ਸੀ, ਅਣੇਖ ਸÍੈਮਾਣ ਦੀ ਤਾਂ ਗੱਲ ਹੀ ਕੀ ਕਰਨੀ । ਪਰਜਾ ਦਾ ਕੰਮ, ਜੋ ਰਾਜਾ ਆਖੇ, ਉਸ ਸਾਹਮਣੇ ਸਿਰ ਝੁਕਾ ਕੇ ਤਨ, ਮਨ, ਧਨ ਹਾਜ਼ਰ ਕਰਨਾ ਸੀ, ਅਜਿਹਾ ਕਰਨਾ ਹਿੰਦੂ ਧਰਮ ਦਾ ਅੰਗ ਅਤੇ ਸ਼ਾਸਤਰਾਂ ਦਾ ਆਦੇਸ਼ ਸੀ । ਸਦੀਆਂ ਦੀ ਮਾਰੂ ਚੁੱਪ ਤੋਂ ਬਾਅਦ ਗੁਰੂ ਨਾਨਕ ਨੇ ਲੋਕਾਂ ਨੂੰ ਅਣਖ ਦਾ ਪਾਠ, ਜੇ ਜੀਵੇ ਪਤਿ ਲਖੀ ਜਾਇ, ਸਭ ਹਰਾਮ ਜੇਤਾ ਕਿਛੁ ਖਾਇ ਪੜ੍ਹਾਇਆ ਅਤੇ ਇਨਕਲਾਬੀ ਅਵਾਜ਼ ਬੁਲੰਦ ਕੀਤੀ ਕਿ ਪਰਜਾ ਦੇ ਵੀ ਹੱਕ ਹੁੰਦੇ ਹਨ ਅਤੇ ਉਨ੍ਹਾਂ ਹੱਕਾਂ ਦੀ ਰਾਖੀ ਲਈ ਅਜਿਹਾ ਸਮਾਂ ਆਉਂਦਾ ਹੈ ਜਦੋਂ ਜੂਝ ਮਰਨਾ ਜਿਊਂਦੇ ਰਹਿਣ ਨਾਲੋਂ ਵਧੇਰੇ ਸੋਭਨੀਕ ਹੁੰਦਾ ਹੈ, ਮਰਣ ਮੁਣਸਾ ਸੂਰਿਆ ਹਕ ਹੈ ਜੋ ਹੋਇ ਮਰਨਿ ਪਰਵਾਣੋ । ਮਨੁਖਾਂ ਦੀ ਮਾਨਸਿਕ ਗੁਲਾਮੀ ਤੇ ਕੂੜ ਦੇ ਹਨੇਰੇ ਨੂੰ ਦੂਰ ਕਰਨ ਲਈ ਇਕ ਸੱਚ ਦਾ ਸੂਰਜ ਸਤਿਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਇਆ :
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ।
ਜਿਉਂ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ ।
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ ।
ਗੁਰਮੁਖਿ ਕਲਿ ਵਿਚਿ ਪ੍ਰਗਟ ਹੋਆ । (ਭਾਈ ਗੁਰਦਾਸ)
ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਦੇ ਪ੍ਰਚਾਰਕ ਦੌਰਿਆਂ (ਚਾਰ ਉਦਾਸੀਆਂ) &lsquoਤੇ ਜਾਣ ਦਾ ਕਾਰਨ ਪਹਿਲੀ ਵਾਰ ਦੀ 24ਵੀਂ ਪੌੜੀ ਵਿੱਚ ਲਿਖਦੇ ਹਨ :
ਬਾਬਾ ਦੇਖੇ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ ।
ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ ।
ਚੜ੍ਹਿਆ ਸੋਧਣ ਧਰਤਿ ਲੁਕਾਈ ।
ਜੇ ਕੋਈ ਗੁਰੂ ਨਾਨਕ ਸਾਹਿਬ ਨੂੰ ਇਹ ਸੁਆਲ ਕਰਦਾ ਕਿ ਤੁਸੀਂ ਉਦਾਸੀ ਭੇਖ ਕਿਉਂ ਕੀਤਾ ਹੈ ਤਾਂ ਤ੍ਰੈਕਾਲ ਦਰਸ਼ੀ ਗੁਰੂ ਨਾਨਕ ਸਾਹਿਬ ਜੁਆਬ ਦਿੰਦੇ ਸਨ ਕਿ ਗੁਰਮੁਖਿਾਂ ਦੀ ਭਾਲ ਵਿੱਚ ਨਿਕਲਿਆ ਹਾਂ : ਗੁਰਮੁਖਿ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ । ਜਦੋਂ ਸਿਧਾਂ ਨੇ ਨਿਰੰਕਾਰੀ ਨਾਨਕ ਨੂੰ ਪੁੱਛਿਆ ਕਿ ਤੂੰ ਕਿਸ ਗੁਰੂ ਕਾ ਚੇਲਾ ਹੈ : ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ । ਤਾਂ ਨਿਰੰਕਾਰੀ ਗੁਰੂ ਨਾਨਕ ਨੇ ਜੁਆਬ ਦਿੱਤਾ : ਸਬਦੁ ਗੁਰੂ ਸੁਰਤਿ ਧੁਨਿ ਚੇਲਾ । ਗੁਰੂ ਨਾਨਕ ਸਾਹਿਬ ਉਦਾਸੀਆਂ ਦੌਰਾਨ ਜਿਥੇ ਵੀ ਜਾਂਦੇ ਆਪਣਾ ਆਤਮ-ਸਰੂਪ ਗੁਰ ਸਬਦੁ, ਗੁਰ ਗਿਆਨ ਤੇ ਨਿਰੰਜਨੀ ਜੋਤਿ ਹੀ ਦੱਸਦੇ । ਕਈ ਦੇਸ਼ਾਂ ਦੀ ਯਾਤਰਾ ਕਰਕੇ ਹਰ ਦੇਸ਼ ਤੇ ਹਰ ਕੌਮ ਦੇ ਅਧਿਆਤਮਕ ਪਾਂਧੀਆਂ ਦੇ ਹਿਰਦੇ ਵਿੱਚ ਆਪਣੇ ਸ਼ਬਦ ਸਿਧਾਂਤ ਦੇ ਅਲੇਖ ਦਾ ਬੀਜ ਬੀਜਿਆ । ਥਾਂ ਥਾਂ ਗੁਰਮੁੱਖ ਮਾਰਗ ਦੀਆਂ ਸੰਗਤਾਂ ਥਾਪੀਆਂ, ਇਨ੍ਹਾਂ ਸੰਗਤਾਂ ਦੇ ਪ੍ਰਬੀਨ ਆਗੂ ਥਾਪੇ ਸੱਚੇ ਪਾਤਸ਼ਾਹ ਨੇ ਇਉਂ ਆਪਣੇ ਹਲੇਮੀ ਰਾਜ ਦੀਆਂ ਅਨੇਕਾਂ ਮੰਜੀਆਂ ਕਾਇਮ ਕੀਤੀਆਂ । ਮੱਕੇ ਬਗਦਾਦ, ਤਿੱਬਤ, ਲੰਕਾ ਆਦਿ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਸੰਗਤਾਂ ਦੇ ਨਿਸ਼ਾਨ ਚਿੰਨ ਅੱਜ ਤੱਕ ਮਿਲਦੇ ਹਨ । ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਵੱਲੋਂ ਉਨ੍ਹਾਂ ਨੂੰ ਸੌਂਪੇ ਮਿਸ਼ਨ ਅਤੇ ਧਰਮ ਦੇ ਸੱਚ (ਏਕੋ ਧਰਮ ਦ੍ਰਿੜੈ ਸਚੁ ਕੋਈ, ਗੁ: ਗੰ੍ਰ: ਸ: ਅੰਕ 1188) ਨੂੰ ਪ੍ਰਗਟਾਣ ਦੇ ਸਿਧਾਂਤਾਂ ਨੂੰ ਇਕ ਅਮਰ, ਅਟੱਲ ਤੇ ਸਥਾਈ ਰੂਪ ਦੇਣ ਲਈ ਕਰਤਾਰਪੁਰ ਵਿਖੇ ਆਪਣੇ ਸਾਜੇ ਗੁਰਮੁੱਖ ਪੰਥ ਦੀਆਂ ਸਮਾਜਿਕ, ਸਭਿਆਚਾਰਕ ਅਤੇ ਭਗਤੀ ਤੇ ਸ਼ਕਤੀ ਦੇ ਸੁਮੇਲ ਦੀਆਂ ਅਧਿਆਤਮਕ ਸੰਸਥਾਵਾਂ ਬਣਾਈਆਂ । ਅਤੇ ਹਿੰਦੂ ਮੱਤ ਅਤੇ ਇਸਲਾਮ ਮੱਤ ਤੋਂ ਵੱਖਰਾ ਤੀਸਰਾ ਪੰਥ ਚਲਾਇਆ, ਕਿਉਂਕਿ ਗੁਰੂ ਨਾਨਕ ਦਾ ਮਿਸ਼ਨ ਨਾ ਤਾਂ ਵਰਣ-ਆਸ਼ਰਮ ਦੇ ਜਾਤ-ਪਾਤੀ ਚੌਖਟੇ ਵਿੱਚ ਸੰਭਵ ਸੀ ਤੇ ਨਾ ਹੀ ਸ਼ਰੀਅਤ ਦੇ ਕੱਟੜ ਵਿਧਾਨ ਅੰਦਰ ਮੁਮਕਿਨ ਸੀ ।
ਸਤਿਗੁਰੂ ਨਾਨਕ ਦੇ ਉਪਦੇਸ਼ ਸੁਣ ਕੇ ਪੌਪ ਦਾ ਕਾਊਂਸਲ ਹੈਰਾਨ ਹੈ ਕਿ ਗੁਲਾਮਾਂ ਨੰੂ ਅਜ਼ਾਦ ਕਰਨਾ ਵੀ ਧਰਮ ਹੈ । ਮੱਕੇ ਦਾ ਕਾਜ਼ੀ ਇਹ ਸੁਣ ਕੇ ਹੈਰਾਨ ਹੈ ਕਿ ਹਰ ਮਨੁੱਖ ਵਿੱਚ ਖ਼ੁਦਾ ਵੱਸਦਾ ਹੈ ਅਤੇ ਸੱਚੀ ਸੁੰਨਤ ਤਾਂ ਮੋਇ (ਕੇਸ) ਹਨ ਜੋ ਅਕਾਲ ਪੁਰਖ ਦੀ ਅਮਾਨਤ ਵਜੋਂ ਇਨਸਾਨ ਜਨਮ ਦੇ ਨਾਲ ਲੈ ਕੇ ਆਉਂਦਾ ਹੈ ਤੇ ਅਲ੍ਹਾ ਪਾਕ ਦੀ ਬਖ਼ਸ਼ਿਸ਼ ਕੀਤੀ ਸੱਚੀ ਸੁੰਨਤ ਕੇਸਾਂ ਨੂੰ ਸਦਾ ਆਪਣੇ ਸੀਸ &lsquoਤੇ ਸਜਾ ਕੇ ਰੱਖਦਾ ਹੈ । 
ਫਿਰਿ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ ॥
ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਮੁੱਚੇ ਮਿਸ਼ਨ ਨੂੰ ਕਈ ਹਿੱਸਿਆਂ ਵਿੱਚ ਵੰਡ ਲਿਆ । ਉਨ੍ਹਾਂ ਦਾ ਪਹਿਲਾ ਤੇ ਸਭ ਤੋਂ ਮੁਸ਼ਕਿਲ ਟੀਚਾ ਜਾਤ-ਪਾਤ ਰਹਿਤ ਇਕ ਸਮਾਜ (ਨਿਰਮਲ ਪੰਥ) ਦੀ ਸਿਰਜਣਾ ਕਰਨਾ ਸੀ । ਇਸ ਨਿਰਮਲ ਪੰਥ ਨੂੰ ਜਾਤ-ਪਾਤੀ ਸਮਾਜ ਨੂੰ ਬਦਲਣ, ਧਾਰਮਿਕ ਤੇ ਸਿਆਸੀ ਜਬਰ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਲਈ ਵਸੀਲਾ ਬਣਾਉਣਾ ਸੀ ਅਤੇ ਇਸ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਅਤੇ ਖ਼ਾਲਸਾ ਪੰਥ ਨੂੰ ਇਕ ਰਾਜਸੀ ਕੌਮ ਵਜੋਂ ਸਥਾਪਤ ਕਰਨਾ ਸੀ ਅਤੇ ਉਹ ਰਾਜਸੀ ਕੌਮ ਜੋ ਅਕਾਲ ਪੁਰਖ ਦੇ ਸਰਬ ਕਲਿਆਣਕਾਰੀ ਗੁਣਾਂ ਉੱਤੇ ਉਸਰੀ ਹੋਵੇ । ਗੁਰੂ ਨਾਨਕ ਸਾਹਿਬ ਨੇ ਪੜਾਅਵਾਰ ਇਸ ਟੀਚੇ ਨੂੰ ਪੂਰਾ ਕਰਨ ਲਈ ਪਹਿਲਾਂ ਉਨ੍ਹਾਂ ਨੇ ਅੰਤਮ ਸੱਚ ਦੇ ਦੈਵੀ ਗੁਣਾਂ ਨੂੰ ਆਪਣੀ ਬਾਣੀ ਰਾਹੀਂ ਪ੍ਰਗਟ ਕੀਤਾ ਅਤੇ ਇਸ ਨੂੰ ਦਿਲੋਂ-ਮਨੋਂ ਕਬੂਲ ਕਰਨ ਵਾਲਿਆਂ ਦਾ ਸਮਾਜ ਸਿਰਜਿਆ ਅਤੇ ਇਸ ਸਮਾਜ (ਸਿੱਖ ਪੰਥ) ਵਿੱਚ ਦਾਖ਼ਲਾ ਲੈਣ ਅਤੇ ਸੱਚ ਦੇ ਰਾਹ ਉੱਤੇ ਮੌਤ ਕਬੂਲਣ ਨੂੰ ਸਿੱਖੀ ਜੀਵਨ ਦਾ ਅਰੰਭ ਦੱਸਿਆ : 
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਗੁ: ਗੰ੍ਰ: ਸਾ: ਅੰਕ 1412)
ਤੈ੍ਰਕਾਲ ਦਰਸ਼ੀ ਗੁਰੂ ਨਾਨਕ ਸਾਹਿਬ ਨੇ ਦਿੱਬ ਦ੍ਰਿਸ਼ਟੀ ਰਾਹੀਂ ਭਾਂਪ ਲਿਆ ਸੀ ਕਿ ਰਬਾਬ ਤੋਂ ਨਗਾਰੇ ਤੱਕ ਅਤੇ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਅਰਥਾਤ ਰਾਜਸੀ ਕੌਮ ਦਾ ਨਿਸ਼ਾਨਾ ਪੂਰਾ ਕਰਨ ਲਈ ਇਕ ਮਨੁੱਖੀ ਜ਼ਿੰਦਗੀ ਕਾਫੀ ਨਹੀਂ ਹੈ । ਉਨ੍ਹਾਂ (ਗੁਰੂ ਨਾਨਕ) ਨੇ ਦੁਨਿਆਵੀ ਉਮਰ ਨੂੰ ਅਨੋਖੀ ਤਰਤੀਬ ਰਾਹੀਂ 239 ਸਾਲ ਕੀਤਾ, ਅਰਥਾਤ :
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ।
ਥਾਪਿਆ ਲਹਿਣਾ ਜੀਵਦੇ ਗੁਰਆਈ ਸਿਰਿ ਛਤ੍ਰ ਫਿਰਾਇਆ ।
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ ।
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ ।
ਕਾਇਆ ਪਲਟਿ ਸਰੂਪ ਬਣਾਇਆ । (ਭਾਈ ਗੁਰਦਾਸ, ਪਹਿਲੀ ਵਾਰ ਦੀ 46ਵੀਂ ਪੌੜੀ)
ਗੁਰੂ ਨਾਨਕ ਸਾਹਿਬ ਦੇ ਸਰੀਰ ਵਿੱਚ ਜਿਹੜੀ ਰੱਬੀ ਜੋਤ ਕ੍ਰਿਆਸ਼ੀਲ ਸੀ, ਉਹੀ ਜੋਤ ਬਾਅਦ ਵਿੱਚ ਦੂਜੇ ਨੌ ਗੁਰੁ ਸਾਹਿਬਾਨਾਂ ਵਿੱਚ ਵਰਤਦੀ ਰਹੀ । ਜਿਹੜੀ ਜੁਗਤਿ ਨਾਲ ਗੁਰੂ ਨਾਨਕ ਸਾਹਿਬ ਨੇ ਜਿਹੜੇ ਸੱਚ ਦੇ ਰਾਜ ਦੀ ਸਥਾਪਨਾ ਸੱਚ ਰੂਪ ਕਿਲ੍ਹਾ ਉਸਾਰ ਕੇ ਕੀਤੀ ਉਸ ਵਿੱਚ ਸਾਰੀਆਂ ਸ਼ਕਤੀਆਂ ਦਾ ਸਰੋਤ ਸਰਬ ਸ਼ਕਤੀ ਮਾਨ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ : ਨਾਨਕਿ ਰਾਜੁ ਚਲਾਇਆ, ਸਚੁ ਕੋਟ ਸਤਾਣੀ ਨੀਵ ਦੈ ॥ (ਗੁ: ਗੰ੍ਰ: ਸਾ: ਅੰਕ 966)
ਜਿਹੜੀ ਜੁਗਤ ਨਾਲ ਗੁਰੂ ਨਾਨਕ ਨੇ ਸੱਚ ਦੇ ਰਾਜ ਦੀ ਕਾਇਮੀ ਕੀਤੀ ਉਨ੍ਹਾਂ ਦੇ ਪੰਜ ਭੌਤਿਕ ਸਰੀਰ ਤਿਆਗਣ ਤੋਂ ਬਾਅਦ ਉਨ੍ਹਾਂ ਦੇ ਬਾਕੀ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖੂਨ ਪਾ-ਪਾ ਕੇ ਨਾਨਕ ਰਾਜ ਨੂੰ ਅਗਾਂਹ ਵਧਾਇਆ । ਕਾਇਆ ਜਰੂਰ ਪਲਟਦੀ ਰਹੀ, ਪਰ ਜੋਤਿ ਤੇ ਜੁਗਤਿ ਸਾਰੇ ਗੁਰੂ ਸਾਹਿਬਾਨ ਦੀ ਇਕ ਹੀ ਸੀ । ਆਮ ਆਦਮੀ ਵਾਸਤੇ ਸਿੱਖ ਗੁਰੂਆਂ ਦੀ ਗਿਣਤੀ ਦੱਸ ਹੈ ਪਰ ਗੁਰਮਤਿ ਸਿਧਾਂਤ ਅਨੁਸਾਰ ਕੇਵਲ ਇਕ ਹੀ ਹੈ ਤੇ ਉਹ ਹੈ ਗੁਰੂ ਨਾਨਕ ਜੋਤਿ, ਜਿਸ ਇਲਾਹੀ ਜੋਤਿ ਦੀ ਇਕਸਾਰਤਾ ਤੇ ਏਕਤਾ ਗੁਰਬਾਣੀ ਸਪੱਸ਼ਟ ਕਰਦੀ ਹੈ : ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਗੁ: ਗੰ੍ਰ: ਸਾ: ਅੰਕ 966) ਸਤਿਗੁਰੂ ਨਾਨਕ ਜੀ ਭਾਈ ਲਹਿਣੇ ਨੂੰ ਗੁਰੂ ਅੰਗਦ ਦੇ ਰੂਪ ਵਿੱਚ ਥਾਪ ਕੇ ਸਤੰਬਰ 1539 ਈ: ਨੂੰ ਕਰਤਾਰਪੁਰ ਵਿਖੇ ਜੋਤੀ-ਜੋਤਿ ਸਮਾਏ । ਉਨ੍ਹਾਂ ਦੇ ਪੰਜ ਭੌਤਿਕ ਸਰੀਰ ਦਾ ਸਸਕਾਰ, ਗੁਰੂ ਅੰਗਦ, ਬਾਬਾ ਬੁੱਢਾ ਜੀ ਅਤੇ ਕਰਤਾਰਪੁਰ ਦੇ ਹੋਰ ਮੁਖੀ ਸਿੱਖਾਂ ਅਤੇ ਗੁਰੂ ਜੀ ਦੇ ਪਰਿਵਾਰ ਨੇ ਕਰਤਾਰਪੁਰ ਹੀ ਕੀਤਾ । ਨਾਨਕ ਰਾਜ ਅਤੇ ਸਿੱਖ ਧਰਮ ਨੂੰ ਬ੍ਰਹਿਮੰਡੀ ਵਿਸ਼ਾਲਤਾ ਅਤੇ ਦੀਰਘਤਾ ਪ੍ਰਦਾਨ ਕਰਨ ਲਈ ਦੱਸ ਜੋਤਾਂ ਦੀ ਲੋੜ ਸੀ ਨਾਲ ਹੀ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੀ ਸੰਪੂਰਨਤਾ ਲਈ ਮਾਨਵੀ ਜੀਵਨ ਦੀਆਂ ਕੁਦਰਤੀ ਸ਼ਰਤਾਂ ਵੀ ਜਰੂਰੀ ਸਨ, ਜੋ ਦੱਸ ਜ਼ਿੰਦਗੀਆਂ ਦੇ ਭਿੰਨ ਭਿੰਨ ਪਹਿਲੂ ਇਸ ਮਹਾਨ ਕਾਰਜ ਵਿੱਚ ਕੰਮ ਆਏ-ਗੁਰੂ ਨਾਨਕ ਸਾਹਿਬ ਦੇ ਦੱਸ ਰੂਪ ਕਥਨੀ ਪੱਖੋਂ ਗੁਰੂ ਨਾਨਕ ਸਾਹਿਬ ਪਿੱਛੋਂ ਆਉਣ ਵਾਲੇ ਨੌਂ ਗੁਰੂ ਸਾਹਿਬਾਨ ਦੇ ਰੂਹਾਨੀ ਰੁਤਬੇ ਅਤੇ ਉਨ੍ਹਾਂ ਦੇ ਦੈਵੀ ਅਮਲ ਦੀ ਸ਼ਾਨ ਆਪਣੇ ਪ੍ਰਥਮ ਰੂਪ ਦੀ ਇਕਾਗਰ ਨਿਰੰਤਰਤਾ ਵਿੱਚ ਰਹਿੰਦੀ ਹੈ । ਸਿੱਖੀ, ਖ਼ਾਲਸਾ ਅਤੇ ਪੰਥ ਇਤਿਹਾਸਕ ਘਟਨਾਵਾਂ ਦੇ ਪ੍ਰਭਾਵ ਕਾਰਨ ਨਹੀਂ ਹੋਂਦ ਵਿੱਚ ਆਏ ਬਲਕਿ ਅਕਾਲ ਪੁਰਖ ਦੇ ਹੁਕਮ ਨਾਲ ਗੁਰੂ ਨਾਨਕ ਦੀ ਸੋਚੀ ਸਮਝੀ ਵਿਉਂਤਬੰਦੀ ਕਾਰਨ ਇਨ੍ਹਾਂ ਦਾ ਨਿਰਮਾਣ ਹੋਇਆ । 
ਪੰਥ ਦੀ ਪਰਿਭਾਸ਼ਾ ਸਾਰੇ ਗੁਰੂ ਕਾਲ ਵਿੱਚ ਵਿਕਸਤ ਹੁੰਦੀ ਗਈ । ਸਹਿਜੇ ਸਹਿਜੇ ਪੰਥ ਦੇ ਅੰਤਿਮ ਸਰੂਪ ਦੀ ਖ਼ਾਲਸਾ ਪੰਥ ਦੇ ਰੂਪ ਵਿੱਚ ਸਿਰਜਨਾ ਕੀਤੀ । ਗੁਰਘਰ ਅਕਾਲ ਦੇ ਹੁਕਮ ਸਿਉਂ ਉਪਜਿਉ ਬਿਗਆਨਾ । ਤਬ ਸਹਿਜੇ ਰਚਿE ਖਾਲਸਾ ਸਾਬਤ ਮਰਦਾਨਾ । ਗੁਰੂ ਗੋਬਿੰਦ ਸਿੰਘ ਨੇ 1699 ਈ: ਨੂੰ ਸੀਸ ਭੇਟ ਕੌਤਕ ਵਰਤਾ ਕੇ ਖ਼ਾਲਸਾ ਪੰਥ ਦੀ ਸਾਜਨਾ ਦੁਆਰਾ ਖ਼ਾਲਸਾ ਪ੍ਰਗਟ ਕਰਕੇ ਆਪਣਾ ਮਿਸ਼ਨ ਪੂਰਾ ਕੀਤਾ ਅਰਥਾਤ : ਪ੍ਰਗਟਿE ਖ਼ਾਲਸਾ ਪਰਮਾਤਮ ਕੀ ਮੌਜ, ਖ਼ਾਲਸਾ ਅਕਾਲ ਪੁਰਖ ਕੀ ਫੌਜ । ਜਿਥੇ ਅਤੇ ਜਦੋਂ ਪ੍ਰਮਾਤਮਾ ਨੇ ਆਪਣਾ ਚਮਤਕਾਰ ਵਿਖਾਉਣਾ ਹੁੰਦਾ ਹੈ ਉਥੇ ਆਪਣਾ ਰੂਪ ਖ਼ਾਲਸਾ ਭੇਜ ਦਿੰਦਾ ਹੈ, ਪ੍ਰਮਾਤਮਾ ਅਜਿਹੇ ਕਈ ਚਮਤਕਾਰ ਇਤਿਹਾਸ ਵਿੱਚ ਵਿਖਾ ਚੁੱਕਾ ਹੈ ਤੇ ਵਿਖਾਉਂਦਾ ਰਹੇਗਾ । ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ : ਜਿਹੜੇ ਗੁਰੂ ਨਾਨਕ ਦੇ ਉਪਦੇਸ਼ਾਂ ਨਾਲ ਸਿੱਧੇ ਜਾਂ ਟੇਢੇ ਤੌਰ ਤੇ ਪ੍ਰਭਾਵਤ ਹੋਏ, ਉਨ੍ਹਾਂ ਨੂੰ ਛੱਡ ਕੇ ਸੰਸਾਰ ਦੀਆਂ ਉਹ ਜਾਤੀਆਂ ਤੇ ਦੇਸ਼, ਮਨ ਆਤਮਾ ਤੇ ਸਰੀਰ ਕਰਕੇ ਦੁਖੀ ਮਨੁੱਖ ਅੱਜ ਇਕ ਧੁੰਦਲਾ ਜਿਹਾ ਪ੍ਰਕਾਸ਼ ਦੇਖ ਰਹੇ ਹਨ । ਗੁਰੂ ਨਾਨਕ ਦਾ ਪੰਥ ਸਰਬ ਕਲਿਆਣਕਾਰੀ ਪੰਥ ਜਾਤ ਤੋਂ ਰਹਿਤ ਸਿੱਖੀ ਦਾ ਰਾਹ ਹੈ । ਗੁਰੂ ਨਾਨਕ ਦੀ ਸਿੱਖੀ ਦਾ ਪ੍ਰਕਾਸ਼ ਅੱਜ ਰੂਸ, ਚੀਨ, ਯੂਰਪ ਦੀ ਧੁੰਦ ਨੂੰ ਮਿਟਾ ਰਿਹਾ ਹੈ । ਜਿਹੜੇ ਮਨੁੱਖ ਗੁਰੂ ਦੇ ਹੁਕਮ ਅੰਦਰ ਧੁਰ ਕੀ ਬਾਣੀ ਦੀ ਰੌਸ਼ਨੀ ਨਾਲ ਯੁੱਗਾਂ ਦੀ ਨੀਂਦ ਵਿੱਚੋਂ ਉਠੇ ਹਨ, ਉਹ ਗੁਰੂ ਨਾਨਕ ਦੇ ਪੰਥ ਦੇ ਅੰਗ ਬਣਦੇ ਹਨ । ਪਿਛਲੀ ਪਛਾਣ ਦਾ ਨਾਸ਼ ਸਿਧਾਂਤ ਤਹਿਤ ਨਾਸ਼ ਕਰਕੇ ਅੰਮ੍ਰਿਤ ਦੇ ਬਾਟੇ ਵਿੱਚੋਂ ਪੰਜ ਚੁਲੇ ਛੱਕ ਕੇ ਨਿਰਭੈ, ਨਿਰਵੈਰ ਖ਼ਾਲਸਾ ਨਾਨਕ ਰਾਜ ਦੇ ਤਖ਼ਤ ਦਾ ਵਾਰਿਸ ਬਣ ਗਿਆ । ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਟ ਕਰਨ ਵਾਲੇ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਰਹਿਤਾਂ ਕੁਰਹਿਤਾਂ ਦੱਸੀਆਂ । ਖ਼ਾਲਸਾ ਰਹਿਤ ਜਿਸ ਦੇ ਬੀਜ ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਜਾਂਦੇ ਹਨ, ਪਰ ਇਸ ਦਾ ਪ੍ਰਕਾਸ਼ਨ ਨਿਰਸੰਦੇਹ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਹੋਇਆ । ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਦਾ ਰੁਤਬਾ ਬਖ਼ਸ਼ਣ ਲਈ ਖ਼ਾਲਸੇ ਦੇ ਸਾਹਮਣੇ ਮਨੁੱਖੀ ਜਾਮੇ ਦੀ ਮਰਯਾਦਾ ਪਾਲਦਿਆਂ ਦਸ਼ਮੇਸ਼ ਪਿਤਾ ਨੇ ਦੈਵੀ ਆਜ਼ਮੀ ਨਾਲ ਖ਼ਾਲਸੇ ਦੇ ਸਾਹਮਣੇ ਬੀਰ ਆਸਣ ਲਾ ਕੇ ਅੰਮ੍ਰਿਤ ਦੀ ਦਾਤ ਮੰਗੀ । ਇਤਿਹਾਸ ਨੇ ਦੀਨ ਦੂਨੀ ਦੇ ਮਾਲਕ ਨੂੰ ਆਪੂ ਸਾਜੇ ਖ਼ਾਲਸੇ ਮੂਹਰੇ ਬੀਰ ਆਸਣ ਬੈਠੇ ਨੂੰ ਪੰਜ ਚੁਲੇ ਅੰਮ੍ਰਿਤ ਦੇ ਛੱਕਦੇ ਵੇਖਿਆ । ਜੁਗਤਿ ਤੋਂ ਬਿਨਾਂ ਜੋਤਿ ਦਾ ਵਰਤਾਰਾ ਨਹੀਂ ਸੀ ਵਰਤ ਸਕਦਾ । ਅਰਥਾਤ, ਵਹ ਪ੍ਰਗਟਿE ਮਰਦ ਅਗੰਮੜਾ ਵਰੀਆਮ ਇਕੇਲਾ, ਵਾਹਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ । ਪੰਜਾਂ ਪਿਆਰਿਆਂ ਦੀ ਸਿਰਜਨਾ ਨਾਨਕ ਚਿੰਤਨ ਦਾ ਅਜਿਹਾ ਅਤੁੱਟ ਅਤੇ ਪ੍ਰਗਟ ਅੰਗ ਹੈ, ਜਿਹੜਾ ਸਮੁੱਚੀ ਸਿੱਖ ਚੇਤਨਾ ਦੀ ਮੰਜ਼ਿਲ ਸਿੱਧ ਹੋ ਚੁੱਕਾ ਹੈ । ਇਸ ਦੀ ਸਿਰਜਨਾ ਤੇ ਸਾਜਨਾ ਗੁਰਮਤਿ ਚਿੰਤਨ ਦੇ ਅੰਤਰਗਤ ਦੈਵੀ ਸੰਕਲਪ ਦਾ ਹੀ ਹਿੱਸਾ ਹੈ, ਜਿਹੜਾ ਸੰਕਲਪੀ ਪ੍ਰਕਾਸ਼ਨ ਸਿੱਖ ਧਰਮ ਵਜੋਂ ਪ੍ਰਗਟ ਹੋਇਆ ਸੀ । ਇਸ ਤਰ੍ਹਾਂ ਸੀਸ ਭੇਟ ਕੌਤਕ ਵਰਤਾ ਕੇ ਪੰਜਾਂ ਪਿਆਰਿਆਂ ਦੀ ਸਿਰਜਨਾ ਸੰਪੂਰਨ ਰੂਪ ਵਿੱਚ ਨਾਨਕ ਚਿੰਤਨ ਦੀ ਅਨੁਸਾਰੀ ਹੀ ਹੈ, ਅਰਥਾਤ, ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗ ਪੈਰੁ ਧਰੀਜੈ, ਸਿਰੁ ਦੀਜੈ ਕਾਵਿ ਨ ਕੀਜੈ ॥
ਸਤਿਗੁਰ ਨਾਨਕ ਦੀ ਨਾਦੀ ਸੰਤਾਨ ਖ਼ਾਲਸੇ ਦੀ ਸੋਚ, ਧਰਮਾਂ, ਮਜ਼੍ਹਬਾਂ, ਕੌਮਾਂ, ਦੇਸ਼ਾਂ ਤੋਂ ਉੱਪਰ ਉੱਠ ਕੇ ਸਰਬੱਤ ਦਾ ਭਲਾ ਲੋਚਦੀ ਹੈ । ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । ਖ਼ਾਲਸਾ ਗੁਰਬਾਣੀ ਦੇ ਸੱਚ (ਜੋਤਿ) ਨੂੰ ਅਮਲ ਦੀ ਸਚਿਆਰਤਾ (ਜੁਗਤਿ) ਰਾਹੀਂ ਹੰਡਾਉਂਦਾ ਹੈ । ਖ਼ਾਲਸੇ ਦੀ ਜ਼ਿੰਮੇਵਾਰੀ ਹਰ ਪੱਖੋਂ ਸੱਚ ਦੇ ਪਸਾਰ ਲਈ ਕਾਇਮ ਕੀਤੇ ਸਮਾਜ ਦੀ ਰੱਖਿਆ ਕਰਨੀ ਅਤੇ ਚੜ੍ਹਦੀ ਕਲਾ ਨੂੰ ਯਕੀਨੀ ਬਣਾਉਣ ਲਈ ਲੋੜ ਪੈਣ &lsquoਤੇ ਸ਼ਸ਼ਤਰਾਂ ਦੀ ਵਰਤੋਂ ਵੀ ਕਰਨੀ ਵੀ ਜਾਇਜ਼ ਹੈ । ਸਤਿਗੁਰੂ ਨਾਨਕ ਸਾਹਿਬ ਦੇ ਤੀਬਰ ਖਿਆਲ, ਗੁਰਬਾਣੀ ਦੇ ਅਲੰਕਾਰ-ਰੂਪਕਾਂ, ਉਨ੍ਹਾਂ ਦੇ ਅੰਦਾਜ ਅਤੇ ਅਮਲ ਵਿੱਚ ਕਿਰਪਾਨ ਦੀ ਸ਼ਕਤੀਸ਼ਾਲੀ ਰੂਹਾਨੀਅਤ ਚਲੰਤ ਸੀ, ਜਿਹੜੀ ਮੀਰੀ-ਪੀਰੀ ਦਾ ਵੇਸ ਵਟਾਉਣ ਪਿੱਛੋਂ ਖ਼ਾਲਸਾ ਸਿਰਜਣਾ ਦੇ ਛਿਣਾਂ ਦੀਆਂ ਪਰਖ-ਘੜੀਆਂ ਦੀ ਤੇਗ਼ ਹੋ ਨਿਬੜੀ ਅਤੇ ਅੰਮ੍ਰਿਤ ਦੇ ਪੰਜ ਕਕਾਰਾਂ ਵਿੱਚ ਸ਼ਾਮਿਲ ਹੋ ਗਈ, ਗੁਰੂ ਨਾਨਕ ਸਾਹਿਬ ਦੀ ਇਹੋ ਕਿਰਪਾਨ ਆਪਣੇ ਤੱਤ ਰੂਪ ਵਿੱਚ ਬੰਦਾ ਸਿੰਘ ਬਹਾਦਰ ਤੱਕ ਪਹੁੰਚੀ, ਜਿਸ ਨੇ ਉਨ੍ਹਾਂ ਦੀਆਂ ਮਹਾਨ ਜੰਗਾਂ ਨੂੰ ਗੁਰੂ-ਛੋਹ ਦਾ ਆਸਰਾ ਬਖ਼ਸ਼ਿਆ । (ਵੇਖੋ - ਬੰਦਾ ਸਿੰਘ ਬਹਾਦਰ ਅਤੇ ਨਾਨਕ ਦੀ ਕਿਰਪਾਨ) ਬੰਦਾ ਸਿੰਘ ਬਹਾਦਰ ਦੇ ਚਲਾਏ ਸਿੱਕਿਆਂ ਵਿੱਚ ਕ੍ਰਮਵਾਰ ਨਾਨਕ ਦੀ ਕਿਰਪਾਨ ਦੀ ਬਰਕਤ, ਸ਼ਾਹ-ਏ-ਸ਼ਹਾਨ, ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ (ਫ਼ਜਲ) ਦੇਗ਼-ਤੇਗ ਦੀ ਜਿੱਤ ਅਤੇ ਨਾਨਕ ਦਸਮ ਪਾਤਸ਼ਾਹ ਵੱਲੋਂ ਬਖ਼ਸ਼ੀ ਗਈ ਬੇਰੋਕ ਮਦਦ (ਨੁਸਰਤ ਬੇ ਦਰੰਗ) ਵਰਗੇ ਇਸ਼ਾਰੇ ਗੁਰੂ ਨਾਨਕ ਸਾਹਿਬ ਦੀ ਉਸ ਕਿਰਪਾਨ ਦੀ ਗਵਾਹੀ ਦਿੰਦੇ ਹਨ, ਜਿਹੜੀ ਸਿੱਖ ਜੰਗਾਂ ਦੇ ਮਾਨਵਵਾਦੀ ਪੱਖਾਂ ਨੂੰ ਅੱਗੇ ਵਧਾਉਂਦੀ ਹੋਈ ਨਿਰੰਤਰ ਚੱਲਦੀ ਹੈ । ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਸਿੱਖ ਰਾਜ ਕਾਲ ਦੌਰਾਨ ਜਿਥੇ ਨਾਨਕ ਦੇ ਨਾਂਅ ਦਾ ਸਿੱਕਾ ਚਲਾਇਆ ਉਥੇ ਰਣਜੀਤ ਸਿੰਘ ਦੀ ਮੋਹਰ ਪਰ ਜੋ ਸ਼ਾਹੀ ਚਿੱਠੀ-ਪੱਤਰ ਜਾਂ ਫਰਮਾਨਾਂ ਉੱਪਰ ਲਾਈ ਜਾਂਦੀ ਸੀ ਉਸ ਉੱਤੇ ਵੀ ਇਹੀ ਲਿਖਤ ਲਿਖੀ ਜਾਂਦੀ ਸੀ :
Å ਸਤਿਗੁਰ ਪ੍ਰਸਾਦਿ
ਦੇਗ਼ ਤੇਗ ਫ਼ਤਹ E ਨੁਸਰਤ ਬੇਦਰੰਗ
ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ । ਸ੍ਰੀ ਅਕਾਲ ਪੁਰਖ ਜੀ ਸਹਾਇ
ਸਭ ਤੋਂ ਮਹੱਤਵਪੂਰਨ, ਇਹ ਤੱਥ ਵੀ ਉਜਾਗਰ ਕਰਨ ਵਾਲਾ ਹੈ ਕਿ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਤੇ ਵੀ ਇਹੀ ਸ਼ਬਦ ਲਿਖੇ ਹੋਏ ਹਨ : 
ਸ੍ਰੀ ਅਕਾਲ ਜੀ ਸਹਾਇ, ਸ੍ਰੀ ਅਕਾਲ ਤਖ਼ਤ ਸਾਹਿਬ, ਦੇਗ ਤੇਗ ਫ਼ਤਹ ਨੁਸਰਤ ਬੇਦਰੰਗ, ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ । ਉਕਤ ਮੋਹਰਾਂ ਦੇ ਪੰਥ ਪਰਵਾਣਿਤ ਹਵਾਲੇ ਇਹ ਸਿੱਧ ਕਰਦੇ ਹਨ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਹੈ, ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਕਵੀ ਭਾਈ ਨੰਦ ਲਾਲ (ਭਾਈ ਨੰਦ ਲਾਲ ਸਿੰਘ) ਜੀ ਨੇ ਆਪਣੀ ਫਾਰਸੀ ਦੀ ਲਿਖਤ ਗੰਜਨਾਮਾ ਅਤੇ ਜੋਤਿ ਬਿਗਾਸ, ਫਾਰਸੀ ਤੇ ਪੰਜਾਬੀ ਵਿੱਚ ਬੜੇ ਵਿਸਥਾਰ ਨਾਲ ਲਿਖਦੇ ਹਨ ਕਿ ਦਸੇ ਗੁਰੂ ਸਾਹਿਬਾਨ ਇਕ ਹੀ ਜੋਤਿ ਹਨ ਉਨ੍ਹਾਂ ਵਿੱਚ ਕੋਈ ਵੀ ਭੇਦ ਨਹੀਂ ਹੈ : ਵਾਹੁ ਵਾਹੁ ਗੁਰ ਕਲਾ ਸੰਪੂਰਨੰ ॥ ਵਾਹੁ ਵਾਹੁ ਗੁਰ ਸੱਚਾ ਸੂਰਨੰ ॥ ਨਾਨਕ ਸੋ ਅੰਗਦ ਗੁਰ ਦੇਵਨਾ, ਸੋ ਅਮਰ ਦਾਸ ਸੇਵਨਾ ॥ ਸੋ ਰਾਮਦਾਸ ਸੋ ਅਰਜਨਾ, ਸੋ ਹਰਿਗੋਬਿੰਦ ਹਰਿ ਪਰਸਨਾ ॥ ਸੋ ਕਰਤਾ ਹਰਿ ਰਾਇ ਦਤਾਰ ਨੰ, ਸੋ ਹਰਿ ਕ੍ਰਿਸ਼ਨ ਅਗੰਮ ਅਪਾਰ ਨੰ ॥ ਸੋ ਤੇਗ ਬਹਾਦਰ ਸਤਿ ਸਰੂਪਨਾ, ਸੋ ਗੁਰੂ ਗੋਬਿੰਦ ਸਿੰਘ ਹਰਿ ਕਾ ਰੂਪਨਾ ॥ ਸਭ ਏਕੋ ਏਕੋ ਏਕਨਾ, ਨਹੀਂ ਭੇਦ ਨਾ ਕਛੁ ਭੀ ਪੇਖਨਾ ॥ ਗੁਰੂ ਨਾਨਕ ਨੂੰ ਬਾਕੀ ਨੌਂ ਗੁਰੂਆਂ, ਗੁਰੂ ਗ੍ਰੰਥ ਤੇ ਗੁਰੂ ਖ਼ਾਲਸਾ ਪੰਥ ਨਾਲੋਂ ਆਤਮਿਕ ਤੌਰ &lsquoਤੇ ਅਲੱਗ ਨਹੀਂ ਕੀਤਾ ਜਾ ਸਕਦਾ । ਖ਼ਾਲਸਾ ਗੁਰੂ ਨਾਨਕ ਦੇ ਖਿਆਲ ਵਿੱਚ ਮੌਜੂਦ ਸੀ ਤੇ ਗੋਬਿੰਦ ਸਿੰਘ ਨਾਨਕ ਦਾ ਹੀ ਆਖਰੀ ਨਾਮ ਹੈ । ਗੁਰੂ ਗੋਬਿੰਦ ਸਿੰਘ (ਗੁਰੂ ਨਾਨਕ) ਦਾ ਸਾਜਿਆ ਖ਼ਾਲਸਾ ਪੰਥ ਮੁਕੰਮਲ ਤੌਰ ਉੱਤੇ ਖ਼ੁਦਮੁਖਤਿਆਰ ਅਤੇ ਸੰਸਾਰ ਦੇ ਤਖ਼ਤ ਉੱਤੇ ਪਹਾੜ ਜੇਡੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਥਾਪੀ ਗਈ ਪਹਿਲੀ ਸੰਸਥਾ ਹੈ । ਏਸ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸਦੀਵੀ ਸਰੀਰਕ ਗੁਰੂ ਬਣ ਕੇ ਵਿਚਰਨਾ ਹੈ । ਗੁਰੂ ਨਾਨਕ (ਗੁਰੂ ਗੋਬਿੰਦ ਸਿੰਘ) ਦੇ ਸਾਜੇ ਨਿਵਾਜੇ ਗੁਰੂ ਰੂਪ ਖ਼ਾਲਸੇ ਦੇ ਰਾਹਬਰੀ ਸੰਕਲਪ (ਹਲੇਮੀ ਰਾਜ) ਨੂੰ ਦੁਨਿਆਵੀ ਲੀਡਰਸ਼ਿੱਪ ਦੇ ਸੰਕਲਪਾਂ (ਵੋਟ ਤੰਤਰੀ ਰਾਜ) ਨਾਲ ਰਲਗੱਡ ਨਹੀਂ ਕੀਤਾ ਜਾ ਸਕਦਾ । 
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਧੁਰ ਕੀ ਬਾਣੀ ਗੁਰੂ ਸਾਹਿਬਾਨ ਦੀ ਕਥਨੀ ਹੈ ਅਤੇ 1469 ਤੋਂ 1708 ਤੱਕ ਦਾ ਗੁਰ-ਇਤਿਹਾਸ ਧੁਰ ਕੀ ਬਾਣੀ ਦਾ ਅਮਲ ਹੈ, ਰਬਾਬ ਤੋਂ ਨਗਾਰੇ ਤੱਕ ਸਤਿਗੁਰੂ ਨਾਨਕ ਸਾਹਿਬ ਨਾ ਰਿਵਾਜੀ ਅਰਥਾਂ ਵਿੱਚ ਸੁਧਾਰਕ ਸਨ ਤੇ ਨਾ ਹੀ ਦੇਸ਼ ਭਗਤ ਸਨ ਤੇ ਨਾ ਹੀ ਕ੍ਰਾਂਤੀਕਾਰੀ ਮਹਾਂਪੁਰਖ ਸਨ । ਉਹ ਬਿਲਕੱੁਲ ਨਿਆਰੇ, ਸੁਤੰਤਰ ਤੇ ਵਿਲਖੱਣ ਸਿੱਖ ਧਰਮ ਦੇ ਬਾਨੀ ਆਤਮਿਕ ਨਿਜ਼ਾਮ ਦੇ ਜਨਮ ਦਾਤਾ ਹਨ । ਸਤਿਗੁਰੂ ਨਾਨਕ ਸਾਹਿਬ ਦੀ ਗੁਰੂ ਪਰਮੇਸਰੁ ਏਕ ਹੈ ਦੀ ਗੁਰੂ ਪਦਵੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਤੱਥ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ ਜਿਹੜਾ ਗੁਰੂ ਗ੍ਰੰਥ ਵਿੱਚ ਦਰਜ ਧੁਰ ਕੀ ਬਾਣੀ ਦੇ ਵਿਰੋਧ ਵਿੱਚ ਹੋਵੇ । ਅਰਥਾਤ : 
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯੁ ॥ 
ਨਿਰੰਕਾਰ ਅਕਾਰ ਜੋਤਿ ਜਗ ਮੰਡਲਿ ਕਰਿ ਯਉ ॥ (ਗੁ: ਗ੍ਰੰ: ਸਾ: ਪੰਨਾ 1395) 
ਅਤੇ ਜੋਤਿ ਰੂਪ ਹਰਿ ਆਪ ਗੁਰੂ ਨਾਨਕ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ (ਗੁ: ਗ੍ਰੰ: ਸਾ: ਪੰਨਾ 1408)
ਸ਼ਬਦ ਸਰੂਪ ਸਤਿਗੁਰੂ ਨਾਨਕ ਦੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਦਮਾਨ ਹੈ : ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ । ਸਤਿਗੁਰੂ ਨਾਨਕ ਸਦਾ ਹਾਜਰ ਨਾਜਰ ਹੈ, ਅਰਥਾਤ : ਸਤਿਗੁਰੂ ਮੇਰਾ ਸਦਾ ਸਦਾ ਨ ਆਵੈ ਨ ਜਾਇ ॥ ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਇ ॥ (ਗੁ: ਗ੍ਰੰ: ਸਾ: ਅੰਕ 758) ਤੇ ਹੁਣ ਇਸ ਅਰਦਾਸ ਨਾਲ ਸਮਾਪਤੀ ਕਰਦਾ ਹਾਂ : ਗਿਆਨ ਧਿਆਨ ਕਿਛੁ ਕਰਮੁ ਨ ਜਾਣਾ ਸਾਰ ਨਾ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੂ ਨਾਨਕ ਜਿਨਿ ਕਲ ਰਾਖੀ ਮੇਰੀ ॥ 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ 
ਯੂ।ਕੇ।
ਹੱਥਲੇ ਲੇਖ ਵਿੱਚ ਦਿੱਤੇ ਗਏ ਹਵਾਲਿਆਂ ਦੇ ਸਰੋਤ ਹੇਠ ਲਿਖੇ ਅਨੁਸਾਰ ਹਨ । 
(1) ਸ੍ਰੀ ਗੁਰੂ ਗ੍ਰੰਥ ਸਾਹਿਬ (2) ਭਾਈ ਗੁਰਦਾਸ ਦੀਆਂ ਵਾਰਾਂ (3) ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਕਵੀ ਭਾਈ ਗੁਰਦਾਸ ਸਿੰਘ ਦੀ ਰਾਮ ਕਲੀ ਦੀ ਵਾਰ (4) ਸਹਿਜੇ ਰਚਿE ਖ਼ਾਲਸਾ, ਹਰਿੰਦਰ ਸਿੰਘ ਮਹਿਬੂਬ (5) ਸਿੱਖ ਸੁੰਗਤ ਦੀ ਪਰਵਾਜ਼ (6) ਰਾਜ ਦਾ ਸਿੱਖ ਸੰਕਲਪ, ਡਾ: ਜਸਪਾਲ ਸਿੰਘ (7) ਸਰਬ-ਸਾਂਝੇ ਆਲਮੀ ਧਰਮ ਦੇ ਮੋਢੀ ਗੁਰੂ ਨਾਨਕ ਜੀ, ਸ: ਗੁਰਤੇਜ ਸਿੰਘ (8) ਸਿੰਘ ਨਾਦ, ਸ: ਗੁਰਤੇਜ ਸਿੰਘ (9) ਸਿੱਖ ਇਨਕਲਾਬ, ਸ: ਜਗਜੀਤ ਸਿੰਘ (10) ਨਾਨਕ ਪ੍ਰਕਾਸ਼ ਪਤ੍ਰਿਕਾ ਦਸੰਬਰ 1999 ਅੰਕ ਦੂਜਾ । (11) ਕਿਸ ਬਿਧ ਰੁਲੀ ਪਾਤਸ਼ਾਹੀ, ਸ: ਅਜਮੇਰ ਸਿੰਘ (12) ਬਲਿE ਚਿਰਾਗ, ਜੀਵਨੀ ਗੁਰੂ ਨਾਨਕ, ਲੇਖਕ ਪ੍ਰਿ: ਸਤਿਬੀਰ ਸਿੰਘ (13) ਜੀਵਨ ਚਰਿੱਤਰ ਗੁਰੂ ਨਾਨਕ ਦੇਵ, ਲੇਖਕ ਡਾ: ਤਿਲੋਚਨ ਸਿੰਘ (14) ਜੀਵਨੀ, ਸ਼ੇਰੇ ਪੰਜਾਬ ਰਣਜੀਤ ਸਿੰਘ, ਲੇਖਕ ਪ੍ਰੇਮ ਸਿੰਘ ਹੋਤੀ (15) ਹੁਕਮਨਾਮੇ ਆਦੇਸ਼ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ (16) ਭਾਈ ਨੰਦ ਲਾਲ ਗ੍ਰੰਥਾਵਲੀ, ਸੰਪਾਦਕ ਡਾ: ਗੰਡਾ ਸਿੰਘ (17) ਮਹਿਮਾ ਪ੍ਰਕਾਸ਼, ਭਾਗ ਪਹਿਲਾ (18) ਮੱਕੇ ਮਦੀਨੇ ਦੀ ਗੋਸ਼ਟਿ, ਡਾ: ਕੁਲਵੰਤ ਸਿੰਘ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ (19) ਰਾਜ ਕਰੇਗਾ ਖ਼ਾਲਸਾ, ਲੇਖਕ ਸਿਰਦਾਰ ਕਪੂਰ ਸਿੰਘ ।