image caption: -ਰਜਿੰਦਰ ਸਿੰਘ ਪੁਰੇਵਾਲ

ਜਥੇਦਾਰ ਕਾਉਂਕੇ ਮਾਮਲੇ ਬਾਰੇ ਅਕਾਲੀ ਦਲ ਤਿਵਾੜੀ ਰਿਪੋਰਟ ਦੇ ਆਧਾਰ ਉਪਰ ਕਾਰਵਾਈ ਦੀ ਮੰਗ ਕਰੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਮਰਹੂਮ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ਵਿੱਚ ਜਨਤਕ ਹੋਈ ਪੜਤਾਲੀਆ ਰਿਪੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਸੂਤਾ ਫਸਾ ਦਿੱਤਾ ਹੈ| ਇਸ ਮਾਮਲੇ ਚ ਦੋ ਦਿਨ ਪਹਿਲਾਂ ਪਾਰਟੀ ਦੀ ਕੋਰ ਕਮੇਟੀ ਵੱਲੋਂ ਮੀਟਿੰਗ ਵੀ ਕੀਤੀ ਗਈ ਸੀ| ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਸ ਮਾਮਲੇ ਤੇ ਸਥਿਤੀ ਸਪੱਸ਼ਟ ਕਰਨ ਲਈ ਆਗੂਆਂ ਨੂੰ ਮੀਡੀਆ ਤੇ ਹੋਰਨਾਂ ਜਨਤਕ ਥਾਵਾਂ ਤੇ ਤੱਥ ਪੇਸ਼ ਕਰਨ ਲਈ ਕਿਹਾ ਗਿਆ ਸੀ| ਬਾਦਲ ਪਰਿਵਾਰ ਦੇ ਕਰੀਬੀ ਬੰਟੀ ਰੋਮਾਣਾ ਵੱਲੋਂ ਇਸ ਸਬੰਧੀ ਪਹਿਲ ਵੀ ਕੀਤੀ ਗਈ ਹੈ| ਮਹੱਤਵਪੂਰਨ ਤੱਥ ਇਹ ਹੈ ਕਿ ਪੰਥਕ ਰਾਜਨੀਤੀ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲੀ ਪਾਰਟੀ ਨੇ ਪੱਲਾ ਝਾੜਦਿਆਂ ਜਥੇਦਾਰ ਕਾਉਂਕੇ ਮਾਮਲੇ ਵਿੱਚ ਪੜਤਾਲੀਆ ਰਿਪੋਰਟ ਦੇ ਆਧਾਰ &rsquoਤੇ ਕਾਰਵਾਈ ਕਰਨ ਦੀ ਚਾਰਾਜੋਈ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਸਿਰ ਤੇ ਛੱਡ ਦਿੱਤੀ ਹੈ|ਜਦ ਕਿ ਅਕਾਲੀ ਦਲ ਨੂੰ ਆਪ ਅਗਵਾਈ ਕਰਨੀ ਚਾਹੀਦੀ ਹੈ|
ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਇਹ ਰਿਪੋਰਟ ਸੰਸਦੀ ਚੋਣਾਂ ਤੋਂ ਐਨ ਪਹਿਲਾਂ ਜਨਤਕ ਹੋਈ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗ ਕੇ ਪੰਥਕ ਏਕਤਾ ਦੀ ਮੁਹਿੰਮ ਵਿੱਢੀ ਹੈ, ਇਸ ਲਈ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਲੀਹੋਂ ਲਾਹੁਣ ਲਈ ਪੰਥਕ ਏਕਤਾ ਦੇ ਵਿਰੋਧੀਆਂ ਵੱਲੋਂ ਇਹ ਰਿਪੋਰਟ ਜਨਤਕ ਕੀਤੀ ਗਈ ਹੈ| ਏਡੀਜੀਪੀ ਬੀ.ਪੀ. ਤਿਵਾੜੀ ਦੀ ਜਾਂਚ ਰਿਪੋਰਟ ਦੇ ਜਨਤਕ ਹੋਣ ਮਗਰੋਂ ਇਹ ਤੱਥ ਸਾਹਮਣੇ ਆ ਚੁੱਕੇ ਹਨ ਕਿ ਜਗਰਾਉਂ ਪੁਲੀਸ ਨੇ ਜਥੇਦਾਰ ਕਾਉਂਕੇ ਨੂੰ ਹਿਰਾਸਤ ਵਿੱਚ ਲਿਆ ਅਤੇ ਜਥੇਦਾਰ ਕਾਉਂਕੇ ਪੁਲੀਸ ਤਸ਼ੱਦਦ ਦੌਰਾਨ ਮਾਰੇ ਗਏ| ਇਸ ਸਾਰੇ ਮਾਮਲੇ ਦੀ ਰਿਪੋਰਟ 1997 ਤੋਂ 2002 ਦੇ ਸਮੇਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਹੀ ਸੌਂਪ ਦਿੱਤੀ ਗਈ ਸੀ| ਉਸ ਤੋਂ ਬਾਅਦ ਵੀ ਪ੍ਰਕਾਸ਼ ਸਿੰਘ ਬਾਦਲ ਦੋ ਵਾਰ ਮੁੱਖ ਮੰਤਰੀ ਰਹੇ ਪਰ ਇਸ ਸਮੇਂ ਦੌਰਾਨ ਵੀ ਇਹ ਰਿਪੋਰਟ ਫਾਈਲਾਂ ਹੇਠ ਹੀ ਦੱਬੀ ਰਹੀ|
ਦੂਸਰੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਜਥੇਦਾਰ ਕਾਉਂਕੇ ਨੂੰ ਜਦੋਂ ਪੰਜਾਬ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ ਤਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਧਰਨਾ ਦੇਣ ਲਈ ਵੀ ਪਹੁੰਚੇ ਸਨ ਅਤੇ ਉਨ੍ਹਾਂ ਬਚਾਅ ਦੇ ਹੋਰ ਯਤਨ ਵੀ ਕੀਤੇ ਸਨ| ਅਕਾਲੀ ਦਲ ਦੇ ਪ੍ਰਧਾਨ ਨੇ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਪੰਥਕ ਧਿਰਾਂ ਦੇ ਨੁਮਾਇੰਦਿਆਂ ਦੀ ਮੰਗ ਤੇ ਹੀ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਪੁਲੀਸ ਅਧਿਕਾਰੀ ਬੀਪੀ ਤਿਵਾੜੀ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਸੌਂਪੀ ਸੀ| ਹਾਲਾਂਕਿ, ਮਹੱਤਵਪੂਰਨ ਤੱਥ ਇਹ ਵੀ ਹੈ ਕਿ ਬੀ.ਪੀ. ਤਿਵਾੜੀ ਵੱਲੋਂ ਸਰਕਾਰ ਅੱਗੇ ਰਿਪੋਰਟ ਪੇਸ਼ ਕੀਤੇ ਜਾਣ ਮਗਰੋਂ ਕਾਰਵਾਈ ਨਾ ਕਰਨ ਦੇ ਮਾਮਲੇ ਤੇ ਕਿਸੇ ਅਕਾਲੀ ਆਗੂ ਕੋਲ ਜਵਾਬ ਨਹੀਂ ਹੈ| ਪਰ ਅਕਾਲੀ ਦਲ ਨੂੰ ਆਪ ਸਰਕਾਰ ਕੋਲੋਂ ਤਿਵਾੜੀ ਰਿਪੋਟ ਬਾਰੇ ਇਨਸਾਫ ਮੰਗਕੇ ਪੰਥਕ ਰੌਲ ਨਿਭਾਉਣਾ ਚਾਹੀਦਾ ਹੈ| ਇਸ ਨਾਲ ਅਕਾਲੀ ਦਲ ਦਾ ਪੰਥਕ ਆਧਾਰ ਵਧ ਸਕਦਾ ਹੈ|
ਇਹ ਚੰਗੀ ਗਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਕੱਢ ਕੇ ਹਰ ਮੁਹਾਜ਼ ਤੇ ਫ਼ੇਲ੍ਹ ਆਪ ਸਰਕਾਰ ਨੂੰ ਬੇਨਕਾਬ ਕਰਨ ਦਾ ਫ਼ੈਸਲਾ ਕਰਨ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ &rsquoਤੇ 10 ਤੋਂ 16 ਜਨਵਰੀ ਤੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਤਲਵੰਡੀ ਸਾਬੋ ਤੱਕ ਆਪੇ ਗੁਰ ਚੇਲਾ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ ਕੀਤਾ ਗਿਆ ਹੈ| ਅਕਾਲੀ ਦਲ ਵਲੋਂ ਕੱਢੀ ਜਾਣ ਵਾਲੀ ਇਹ ਯਾਤਰਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਜਾਵੇਗੀ ਤੇ ਰੋਜ਼ਾਨਾ 2 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਜਾਵੇਗਾ| ਇਹ ਸਚ ਹੈ ਕਿ ਅਕਾਲੀ ਦਲ ਹੀ ਪੰਜਾਬ ਦੀ ਇਕੋ ਇਕ ਖੇਤਰੀ ਪਾਰਟੀ ਹੈ| ਉਸ ਨੂੰ ਪੰਜਾਬ ਤੇ ਪੰਥਕ ਮੁਦਿਆਂ ਉਪਰ ਡਟਕੇ ਪਹਿਰਾ ਦੇਣਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ