image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੀਰ ਬਾਲ ਦਿਵਸ ਨਾਲ ਕੋਈ ਸਰੋਕਾਰ ਨਹੀਂ ਹੈ, ਸਾਹਿਬਜ਼ਾਦੇ ਬਾਲ ਨਹੀਂ ਬਾਬੇ ਹਨ ।

ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੇ ਖ਼ਾਲਸਾ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਲਈ ਸ਼ਹਾਦਤਾਂ ਦਿੱਤੀਆਂ ਨਾ ਅਜੋਕੇ ਭਾਰਤ ਲਈ ਬਲੀਦਾਨ ਦਿੱਤਾ !
ਗੁਰੂ ਗ੍ਰੰਥ, ਗੁਰੂ ਪੰਥ ਨੂੰ ਪਿੱਠ ਦੇ ਕੇ ਸਿੱਖੀ ਸਿਦਕ ਤੋਂ ਭਗੌੜੇ ਕੁਝ ਮੁੱਠੀ ਭਰ ਰਾਸ਼ਟਰਵਾਦੀ ਸਿੱਖਾਂ ਦੀ ਸਹਾਇਤਾ ਨਾਲ ਭਾਜਪਾ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਵੀਰ ਬਾਲ ਦਿਵਸ ਵਜੋਂ 26 ਦਸੰਬਰ 2023 ਨੂੰ ਮਨਾਇਆ ਹੈ । ਇਸ ਸਮਾਗਮ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ : ਅੱਜ ਦੇਸ਼, ਵੀਰ ਸਾਹਿਬਜ਼ਾਦੋਂ ਕੇ ਅਮਰ ਬਲੀਦਾਨ ਕੋ ਯਾਦ ਕਰ ਰਿਹਾ ਹੈ । ਪਿਛਲੇ ਸਾਲ ਵੀ ਜਦੋਂ ਭਾਜਪਾ ਸਰਕਾਰ ਨੇ ਵੀਰ ਬਾਲ ਦਿਵਸ ਮਨਾਇਆ ਸੀ ਤਾਂ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਦੋਂ ਵੀ ਕਿਹਾ ਸੀ ਕਿ : ਭਾਰਤ ਕੇ ਉਹ ਬੇਟੇ (ਸਾਹਿਬਜ਼ਾਦੇ) ਵੀਰ ਬਾਲਕ ਮੌਤ ਸੇ ਭੀ ਨਹੀਂ ਘਬਰਾਏ, ਉਹ ਦੀਵਾਰ ਮੇਂ ਜ਼ਿੰਦਾ ਚੁਨ ਦੀਏ ਗਏ ਲੇਕਿਨ ਉਨਹੋਂ ਨੇ ਔਰੰਗਜ਼ੇਬ ਕੇ ਮਨਸੂਬੋਂ ਕੋ ਹਮੇਸ਼ਾ ਕੇ ਲੀਏ ਦਫਨ ਕਰ ਦੀਆ, ਇਸੀ ਲੀਏ ਉਹ ਹਮਾਰੇ ਰਾਸ਼ਟਰ ਕਾ ਗੌਰਵ ਹੈਂ, ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਵੀ ਕਿਹਾ ਸੀ ਕਿ : ਸਾਥੀਉ ਸਿੱਖ ਗੁਰੂ ਪਰੰਪਰਾ ਕੇਵਲ ਆਸਥਾ ਔਰ ਅਧਿਆਤਮਕ ਕੀ ਪਰੰਪਰਾ ਨਹੀਂ ਹੈ, ਯਹ ਏਕ ਭਾਰਤ ਸ਼੍ਰੇਸ਼ਟ ਭਾਰਤ ਕੇ ਵਿਚਾਰ ਕਾ ਭੀ ਪ੍ਰੇਰਨਾ ਪੁੰਜ ਹੈ । ਇਸੇ ਤਰ੍ਹਾਂ ਇਸ ਸਾਲ ਸ਼੍ਰੀ ਅਦਿੱਤਿਆ ਨਾਥ ਯੋਗੀ ਜੀ ਨੇ ਜੋ ਭਗਵੇਂ ਲਿਬਾਸ ਨਾਲ ਭਗਵੀਂ ਪੱਗ ਬੰਨ ਕੇ ਕਿਹਾ ਉਸ ਦਾ ਸਾਰਅੰਸ਼ ਹੈ ਕਿ : ਭੈਣੋ ਔਰ ਭਾਈਉ ਆਜ ਭਾਰਤ ਕੇ ਇਤਿਹਾਸ ਕਾ ਏਕ ਐਸਾ ਦਿਵਸ ਹੈ ਜੋ ਹਰ ਯੁਵਾ ਕੋ ਹਰ ਬੱਚੇ ਕੋ ਨਈ ਪ੍ਰੇਰਨਾ ਦੇਤਾ ਹੈ । ਗੁਰੂ ਗੋਬਿੰਦ ਸਿੰਘ ਕੇ ਪਿਤਾ ਤੇਗ਼ ਬਹਾਦਰ ਨੇ ਸਵੈਮ ਕਾ ਬਲੀਦਾਨ ਦੇ ਕਰਕੇ ਦੇਸ਼ ਔਰ ਸਨਾਤਨ ਧਰਮ ਕੀ ਰੱਖਿਆ ਕੀ, ਗੁਰੂ ਗੋਬਿੰਦ ਸਿੰਘ ਕੇ ਸਾਹਿਬਜ਼ਾਦੋਂ ਨੇ ਵੀ ਦੇਸ਼ ਔਰ ਧਰਮ ਕੀ ਰੱਖਿਆ ਕਰਨੇ ਕੇ ਲੀਏ ਜੋ ਮਹਾਨ ਬਲੀਦਾਨ ਦੀਆ, ਸਾਹਿਬਜ਼ਾਦਿਆਂ ਪ੍ਰਤੀ ਸਨਮਾਨ ਕਰਨੇ ਕਾ ਭਾਉ ਕਾ ਦਿਵਸ ਹੈ, ਵੀਰ ਬਾਲ ਦਿਵਸ । ਇਸੇ ਤਰ੍ਹਾਂ ਪਿਛਲੇ ਸਾਲ ਵੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀਰ ਬਾਲ ਦਿਵਸ ਦੀ ਵਿਆਖਿਆ ਇਨ੍ਹਾਂ ਸ਼ਬਦਾਂ ਨਾਲ ਕੀਤੀ ਸੀ ਕਿ : ਗੁਰੂ ਗੋਬਿੰਦ ਸਿੰਘ ਜੀ ਕਾ ਅਟਲ ਸੰਕਲਪ ਥਾ ਕਿ ਰਾਸ਼ਟਰ ਧਰਮ ਕੀ ਰੱਖਿਆ ਕੇ ਲੀਏ ਬੜੇ ਬਲੀਦਾਨ ਕੀ ਜਰੂਰਤ ਹੈ, ਉਨਹੋਂ ਨੇ ਆਪਣੇ ਪਿਤਾ ਸੇ ਕਹਾ ਕਿ ਆਪ ਸੇ ਮਹਾਨ ਕੌਨ ਹੈ, ਯਹ ਬਲੀਦਾਨ ਆਪ ਦੀਜੀਏ, ਜਬ ਉਹ ਪਿਤਾ ਬਨੇ ਉਸੇ ਤਰ੍ਹਾਂ ਉਨਹੋਂ ਨੇ ਰਾਸ਼ਟਰ ਧਰਮ ਕੇ ਲੀਏ ਆਪਨੇ ਬੇਟੋਂ ਕਾ ਬਲੀਦਾਨ ਦੇਨੇ ਸੇ ਭੀ ਸੰਕੋਚ ਨਹੀਂ ਕੀਆ । ਹੁਣ ਇਥੇ ਵਿਚਾਰਨ ਯੋਗ ਨੁਕਤਾ ਇਹ ਹੈ ਕਿ ਸਿੱਖ ਧਰਮ ਵਿੱਚ ਸ਼ਹਾਦਤ ਦਾ ਸੰਕਲਪ ਹੈ, ਬਲੀਦਾਨ ਦਾ ਨਹੀਂ, ਕੇਵਲ ਹਿੰਦੂ ਧਰਮ ਵਿੱਚ ਹੀ ਬਲੀਦਾਨ ਦਾ ਵਿਧਾਨ ਹੈ, ਸਿੱਖੀ ਤੋਂ ਪਹਿਲਾਂ ਦੇ ਭਾਰਤੀ ਚਿੰਤਨ ਵਿੱਚ ਸ਼ਹੀਦੀ ਦਾ ਸੰਕਲਪ ਹੀ ਨਹੀਂ ਸੀ, ਸ਼ਹਾਦਤ ਨੂੰ ਪ੍ਰਗਟ ਕਰਨ ਲਈ ਸ਼ਬਦ ਕਿਥੋਂ ਹੋੋਣੇ ਸਨ ? ਧਰਮ ਦਾ ਦੂਜਾ ਨਾਂ ਹੀ ਵਰਣ ਆਸ਼ਰਮ ਸੀ, ਜੋ ਅਨਿਆਂ ਦਾ ਕੋਹੇਤੂਰ ਸੀ । ਵੰਡੀਆਂ ਏਨੀਆਂ ਸਨ ਕਿ ਹਿੰਦੂ ਧਰਮ ਦੀ ਪਰਿਭਾਸ਼ਾ ਅੱਜ ਤੱਕ ਨਹੀਂ ਮਿਲਦੀ ਤਾਂ ਫਿਰ ਧਰਮ ਵਾਸਤੇ ਕੌਣ ਸਿਰ ਧੜ ਦੀ ਬਾਜ਼ੀ ਲਾਉਂਦਾ ਅਤੇ ਕਿਹੜੇ ਧਰਮ ਲਈ ? ਅਜਿਹੇ ਵਾਤਾਵਰਣ ਵਿੱਚ ਧਰਮ, ਨਿਆਂ ਸੱਚ ਅਤੇ ਹੱਕ ਦੇ ਮਸਲੇ ਤਾਂ ਚਰਚਾ ਯੋਗ ਵੀ ਨਹੀਂ ਸਨ ਬਣ ਸਕਦੇ, ਫਿਰ ਕਿਸੇ ਨੂੰ ਸ਼ਹੀਦੀ ਲਈ ਕਿਵੇਂ ਪ੍ਰੇਰਦੇ, ਇਨ੍ਹਾਂ ਕਾਰਨਾਂ ਕਰਕੇ ਹਿੰਦੂ ਧਰਮ ਵਿੱਚ ਸ਼ਹੀਦੀ ਦੀ ਥਾਂ ਬਲੀਦਾਨ ਦੀ ਪਰੰਪਰਾ ਬ੍ਰਾਹਮਣਾਂ ਨੇ ਸ਼ੁਰੂ ਕਰ ਦਿੱਤੀ । ਉਕਤ ਤੱਥਾਂ ਦੇ ਆਧਾਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੀਰ ਬਾਲ ਦਿਵਸ ਨਾਲ ਕੋਈ ਸਰੋਕਾਰ ਨਹੀਂ ਹੈ, ਉਹ ਬਾਲ ਨਹੀਂ ਬਾਬੇ ਸਨ । ਹੈਰਾਨੀ ਤੇ ਨਮੋਸ਼ੀ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਨਰਿੰਦਰ ਮੋਦੀ ਤੇ ਭਗਵਾਂਧਾਰੀ ਅਦਿੱਤਿਆ ਨਾਥ ਯੋਗੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਲੀਦਾਨ ਵਿੱਚ ਬਦਲ ਕੇ ਸਿੱਖ ਧਰਮ, ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਹੇ ਹੁੰਦੇ ਹਨ ਤਾਂ ਮੋਦੀ ਭਗਤ ਰਾਸ਼ਟਰਵਾਦੀ ਸਿੱਖ ਜੈਕਾਰੇ ਲਾ ਰਹੇ ਹੁੰਦੇ ਹਨ । ਸਿੱਖਾਂ ਦੀ ਬਹੁਗਿਣਤੀ ਬੌਧਿਕ ਪੱਖੋਂ ਕੰਗਾਲ ਹੋ ਚੁੱਕੀ ਹੈ । ਪੰਜਾਬ ਟਾਈਮਜ਼ ਦੇ ਅੰਕ 3010 ਦੀ ਸੰਪਾਦਕੀ ਵਿੱਚ ਸਿੱਖਿਆ ਬਾਰੇ ਭਾਜਪਾ ਦਾ ਭਗਵਾਂ ਏਜੰਡਾ ਬਨਾਮ ਲੋਕ ਹਿੱਤ ਦੇ ਸਿਰਲੇਖ ਹੇਠ ਸ: ਰਜਿੰਦਰ ਸਿੰਘ ਪੁਰੇਵਾਲ ਲਿਖਦੇ ਹਨ : ਇਹ ਉਦੋਂ ਕੀਤਾ ਜਾ ਰਿਹਾ ਹੈ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਸਿਰ ਉੱਤੇ ਹਨ । ਇਸ ਦੇ ਨਾਲ ਹੀ ਇਹ ਨਿਰਦੇਸ਼ ਵੀ ਦਿੱਤਾ ਗਿਆ ਹੈ ਕਿ ਸੱਤਵੀਂ ਤੋਂ ਬਾਰਵੀਂ ਜਮਾਤ ਦੇ ਵਿੱਦਿਆਰਥੀਆਂ ਨੂੰ ਪਾਠਕ੍ਰਮ ਦੇ ਹਿੱਸੇ ਵਜੋਂ ਮਹਾਂਭਾਰਤ ਅਤੇ ਰਮਾਇਣ ਦੀ ਪੜ੍ਹਾਈ ਕਰਾਈ ਜਾਵੇ, ਪਰ ਸਿੱਖ ਧਰਮ ਦੀ ਪੜ੍ਹਾਈ ਬਾਰੇ ਸਿਲੇਬਸ ਖ਼ਤਮ ਕੀਤੇ ਜਾ ਰਹੇ ਹਨ, ਜੋ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦੇ ਹਨ । ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਮਨੋਰਥ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲੈਣ ਦਾ ਹੈ । ਭਾਰਤ ਦੇ ਮਨੁੱਖੀ ਸਰੋਤ ਵਿਕਾਸ ਦੇ ਮੰਤਰਾਲੇ ਦਾ ਕੰਮਕਾਰ ਦਾ ਢੰਗ ਹੀ ਬਦਲ ਗਿਆ ਹੈ । ਉਹ ਸੰਘ ਪਰਿਵਾਰ ਦੇ ਬ੍ਰਿਤਾਂਤਾਂ ਨੂੰ ਫਿੱਟ ਕਰਨ ਲਈ ਇਤਿਹਾਸ ਨੂੰ ਮੁੜ ਲਿਖਣ &lsquoਤੇ ਰੁੱਝਾ ਹੋਇਆ ਹੈ । ਇਸ ਦੇ ਪ੍ਰਸ਼ਾਸਨ ਦੇ ਪਿੱਛੇ ਆਰ: ਐੱਸ: ਐੱਸ: ਹੈ ਜੋ ਰੈਡੀਕਲ ਸੰਸਥਾ ਹੈ । ਜਿਥੇ ਇਕ ਗੰਭੀਰ ਸਾਜਿਸ਼ ਤੇ ਹਮਲੇ ਤਹਿਤ ਭਾਰਤ ਦੇ ਲੋਕਤੰਤਰ ਅਤੇ ਸੈਕੂਲਰਇਜ਼ਮ ਨੂੰ ਖਤਮ ਕੀਤਾ ਜਾ ਰਿਹਾ ਹੈ, ਉਥੇ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਲਈ ਆਰ: ਐੱਸ: ਐੱਸ: ਨੇ ਗੁਰ ਇਤਿਹਾਸ, ਸਿੱਖ ਇਤਿਹਾਸ ਦੁਬਾਰਾ ਲਿਖਵਾ ਲਿਆ ਹੈ, ਇਸ ਕੰਮ ਲਈ ਆਰ: ਐੱਸ: ਐੱਸ: ਦੇ ਮੁਖੀ ਮੋਹਨ ਭਾਗਵਤ ਨੇ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਚਿਰੰਜੀਵ ਸਿੰਘ ਨੂੰ 85 ਲੱਖ ਰੁਪਏ ਦਿੱਤੇ ਸਨ । ਸਿੱਖਾਂ ਦੀਆਂ ਮੁੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਤੇ ਦਿੱਲੀ ਗੁਰਦੁਆਰਾ ਕਮੇਟੀ ਆਦਿ ਨੇ ਲਿਖਵਾਏ ਜਾ ਰਹੇ ਗਲਤ ਸਿੱਖ ਇਤਿਹਾਸ, ਗੁਰ ਇਤਿਹਾਸ ਦਾ ਵਿਰੋਧ ਤਾਂ ਕੀ ਕਰਨਾ ਸੀ ਸਗੋਂ ਆਰ: ਐੱਸ: ਐੱਸ: ਤੇ ਭਾਜਪਾ ਦੀ ਹਾਂ ਵਿੱਚ ਹਾਂ ਮਿਲਾਉਂਦੀਆਂ ਨਜ਼ਰ ਆ ਰਹੀਆਂ ਹਨ ਜੋ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ । ਆਰ: ਐੱਸ: ਐੱਸ: ਤੇ ਭਾਜਪਾ ਆਪਣੀ ਮਰਜੀ ਨਾਲ ਲਿਖਵਾਏ ਗੁਰ ਇਤਿਹਾਸ, ਸਿੱਖ ਇਤਿਹਾਸ ਨਾਲ ਸਿੱਖ ਧਰਮ ਦਾ ਭਗਵਾਂਕਰਨ ਕਰਨ ਅਤੇ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਮਿਟਾਉਣ ਲਈ ਯਤਨਸ਼ੀਲ ਹੈ । ਇਤਿਹਾਸ ਵੀ ਇਕ ਸ਼ਸ਼ਤਰ ਦੀ ਤਰ੍ਹਾਂ ਹੁੰਦਾ ਹੈ । ਪਰਤਾਵੇ ਨਾਲ ਪਤਾ ਲੱਗਦਾ ਹੈ ਕਿ ਸੱਚ-ਮੁੱਚ ਇਤਿਹਾਸ ਦਾ ਸ਼ਸ਼ਤਰ ਸਭ ਤੋਂ ਵੱਧ ਅਸਰ ਕਰਨ ਵਾਲਾ ਹੁੰਦਾ ਹੈ । ਤਲਵਾਰ ਦੀ ਧਾਰ ਤੋਂ ਮਨੁੱਖ ਬੱਚ ਜਾਏ ਤਾਂ ਬੱਚ ਜਾਏ, ਮੋਈਆਂ ਹੋਈਆਂ ਕੌਮਾਂ ਜਿਊਂਦੀਆਂ ਹੋ ਜਾਣ ਪਰ ਇਤਿਹਾਸ ਦੀ ਮਾਰ ਫੇਰ ਉੱਠਣ ਜੋਗਾ ਨਹੀਂ ਛੱਡਦੀ । ਗੱਲ ਕੀ ਇਤਿਹਾਸ ਦੀ ਮਾਰ, ਤੋਪਾਂ ਬੰਦੂਕਾਂ ਦੀ ਮਾਰ, ਗੈਸ ਦੀ ਮਾਰ ਤੇ ਹਵਾਈ ਜਹਾਜ਼ ਦਿਆਂ ਬੰਬਾਂ ਦੀ ਮਾਰ ਤੋਂ ਵੀ ਵਧੇਰੇ ਘਾਤਕ ਸਾਬਤ ਹੋਈ ਹੈ । ਰਾਜਸੀ ਤਾਕਤਾਂ ਜੇ ਕਿਸੇ ਜ਼ਾਤੀ ਜਾਂ ਕੌਮ ਨੂੰ ਅਧੀਨ ਕਰਨਾ ਚਾਹੁਣ ਤੇ ਸਮਝਣ ਕਿ ਤਲਵਾਰ ਦੀ ਲੜਾਈ ਨਾਲ ਅਸੀਂ ਇਸ ਦੇ ਵਾਰੇ ਨਹੀਂ ਆ ਸਕਦੇ ਤਾਂ ਉਸ ਜਾਤੀ ਜਾਂ ਕੌਮ ਲਈ ਇਤਿਹਾਸ ਦਾ ਸ਼ਸ਼ਤਰ ਵਰਤਦੇ ਹਨ । ਦੂਸਰਾ ਤਰੀਕਾ ਚਾਣਕੀਆ ਨੀਤੀ ਵਾਲਾ ਵਰਤਦੇ ਹਨ ਕਿਉਂਕਿ ਚਾਣਕੀਆ ਨੀਤੀ ਕਹਿੰਦੀ ਹੈ ਕਿ ਜੇਕਰ ਤੁਸੀਂ ਆਪਣੇ ਦੁਸ਼ਮਣ ਨੂੰ ਤਾਕਤ (ਬਲ) ਨਾਲ ਨਹੀਂ ਹਰਾ ਸਕਦੇ ਅਤੇ ਉਸ ਨੂੰ ਹਰਾਉਣ ਦੀ ਸਮਰੱਥਾ ਵੀ ਨਹੀਂ ਰੱਖਦੇ ਤਾਂ ਫਿਰ ਉਸ ਦੇ ਧਰਮ ਵਿਸ਼ਵਾਸ਼ ਵਿੱਚ ਦੁਬਿਧਾ ਪਾ ਦਿਉ ਉਸ ਦੀ ਸ਼ਕਤੀ ਅੱਧੀ ਰਹਿ ਜਾਵੇਗੀ । ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਆਰ: ਐੱਸ: ਐੱਸ: ਤੇ ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਤਹਿਤ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਮਿਟਾਉਣ ਲਈ ਗੁਰ-ਇਤਿਹਾਸ, ਸਿੱਖ ਇਤਿਹਾਸ ਦਾ ਹਿੰਦੂ ਕਰਨ ਕਰਕੇ ਇਤਿਹਾਸ ਦੇ ਸ਼ਸ਼ਤਰ ਦੀ ਵਰਤੋਂ ਕਰ ਰਹੀ ਹੈ । ਸਿੱਖ ਇਤਿਹਾਸ ਦੇ ਇਤਿਹਾਸਕ ਸੋਮਿਆਂ ਵਿੱਚਲੇ ਮਿਲਾਵਟੀ ਅੰਸ਼ਾਂ ਨੂੰ ਉਭਾਰ ਕੇ ਸਿੱਖ ਧਰਮ ਦੇ ਪ੍ਰਚਾਰਕਾਂ ਵਿੱਚ ਭਰਾ ਮਾਰੂ ਜੰਗ ਦਾ ਮਾਹੌਲ ਸਿਰਜ ਰਹੀ ਹੈ । ਆਰ: ਐੱਸ: ਐੱਸ: ਨੇ ਸਿੱਖ ਇਤਿਹਾਸ ਦੀ ਵਿਆਖਿਆ ਹਿੰਦੂ ਧਰਮ ਦੇ ਹੱਕ ਵਿੱਚ ਭੁਗਤਾਉਣ ਲਈ ਕਰਵਾ ਲਈ ਹੈ ਅਤੇ ਸਿੱਖ ਧਰਮ ਵਿੱਚ ਅਨੇਕਾਂ ਦੁਬਿਧਾਵਾਂ ਪਾ ਦਿੱਤੀਆਂ ਹਨ ਅਤੇ ਆਪਣੀ ਕੇਸਾਧਾਰੀ ਸ਼ਾਖਾ ਰਾਸ਼ਟਰੀ ਸੰਗਤ ਰਾਹੀਂ ਇਨ੍ਹਾਂ ਦੁਬਿਧਾਵਾਂ ਦਾ ਪ੍ਰਚਾਰ ਯੋਗਨਾ ਬੱਧ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ । ਸਿੱਖੀ ਦੀ ਦੁਸ਼ਮਣ ਅਤੇ ਕੱਟੜਵਾਦੀ ਹਿੰਦੂ ਜਥੇਬੰਦੀ ਆਰ: ਐੱਸ: ਐੱਸ: ਵਾਲੇ ਗੁਰ-ਇਤਿਹਾਸ ਨੂੰ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਭੁਗਤਾਉਣ ਲਈ ਆਪਣੀਆਂ ਸ਼ਾਖਾਵਾਂ ਵਿੱਚ ਜਿਥੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਰਹੱਟਾ ਦੀ ਫੋਟੋ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਕਾਲਪਨਿਕ ਫੋਟੋ ਵੀ ਰੱਖਦੇ ਹਨ । ਉਥੇ ਆਰ: ਐੱਸ: ਐੱਸ: ਵਾਲੇ ਆਪਣੀਆਂ ਸ਼ਾਖਾਵਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਫੋਟੋ ਅੱਗੇ ਅਜਿਹੇ ਗੀਤ ਵੀ ਗਾਉਂਦੇ ਹਨ ਕਿ ਅਸੀਂ ਸਾਹਿਬਜ਼ਾਦਿਆਂ ਦੇ ਵਾਰਿਸ ਹਾਂ, ਦਸ਼ਮੇਸ਼ ਪਿਤਾ ਅਸੀਂ ਤੇਰੇ ਪੁੱਤ ਹਾਂ ਤੇ ਤੇਰੇ ਰਾਹ &lsquoਤੇ ਚੱਲ ਕੇ ਦੁਸ਼ਟਾਂ ਦਾ ਨਾਸ਼ ਕਰਾਂਗੇ ਤੇ ਭਾਰਤ ਲਈ ਮਰ ਮਿਟਾਂਗੇ, ਹੁਣ ਇਥੇ ਪਹਿਲਾ ਵਿਚਾਰਨ ਯੋਗ ਤੱਥ ਇਹ ਹੈ ਕਿ ਦਸ਼ਮੇਸ਼ ਪਿਤਾ (ਗੁਰੂ ਗੋਬਿੰਦ ਸਿੰਘ) ਦੇ ਪੁੱਤ ਕੇਵਲ ਗੱਲਾਂ ਨਾਲ ਨਹੀਂ ਬਣਿਆ ਜਾ ਸਕਦਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਨਣ ਲਈ ਗੁਰੂ ਨੂੰ ਸੀਸ ਭੇਟ ਕਰਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਛਕਣੀ ਪੈਂਦੀ ਹੈ । ਦੂਸਰਾ ਵਿਚਾਰਨ ਯੋਗ ਤੱਥ ਇਹ ਹੈ ਕਿ 1704 ਈ: ਨੂੰ ਸਰਸਾ ਨਦੀ ਦੇ ਕਿਨਾਰੇ ਗਊ ਅਤੇ ਗੀਤਾ ਦੀਆਂ ਕਸਮਾਂ ਤੋੜ ਕੇ ਦਸ਼ਮੇਸ਼ ਪਿਤਾ &lsquoਤੇ ਹਮਲਾ ਕਰਨ ਵਾਲੇ ਪਹਾੜੀ ਹਿੰਦੂ ਰਾਜੇ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਗੰਗੂ ਬ੍ਰ੍ਰਾਹਮਣ ਤੇ ਸੁੱਚਾ ਨੰਦ ਦੇ ਵਾਰਿਸ, ਸਾਹਿਬਜ਼ਾਦਿਆਂ ਦੇ ਵਾਰਿਸ ਕਿਵੇਂ ਹੋ ਸਕਦੇ ਹਨ ? ਸਾਹਿਬਜ਼ਾਦਿਆਂ ਦਾ ਵਾਰਿਸ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਉਹ ਖ਼ਾਲਸਾ ਪੰਥ ਹੈ, ਜਿਸ ਉਤੋਂ ਆਪਣੇ ਚਾਰੇ ਬਿੰਦੀ ਪੁੱਤਰ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ : ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋ ਕਿਆ ਹੋਆ ਜੀਵਤ ਕਈ ਹਜ਼ਾਰ । ਅਲ੍ਹਾ ਯਾਰ ਖਾਂ ਜੋਗੀ ਦੀਆਂ ਇਨ੍ਹਾਂ ਸਤਰਾਂ ਨਾਲ ਸਮਾਪਤੀ ਕਰਦੇ ਹਾਂ, ਜੋ ਉਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਲਿਖੀਆਂ ਹਨ : ਹਮ ਜਾਨ ਦੇ ਕਰ ਔਰੋਂ ਕੀ ਜਾਨ ਬਚਾ ਚਲੇ । ਸਿੱਖੀ ਕੀ ਨੀਵ ਹਮ ਹੈਂ ਸਰੋਂ ਪਿ ਉਠਾ ਚਲੇ । ਗੁਰਆਈ ਕਾ ਹੈ ਕਿੱਸਾ ਜਹਾਂ ਮੇ ਬਨਾ ਚਲੇ । ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ । ਗੱਦੀ ਤੋ ਤੱਖ਼ਤ ਬਸ ਅਬ ਕੌਮ ਪਾਏਗੀ । ਦੁਨੀਆ ਮੇਂ ਜਾਲਮੋਂ ਕਾ ਨਿਸ਼ਾਂ ਤੱਕ ਮਿਟਾਏਗੀ । ਜੋਗੀ ਜੀ ਇਸ ਕੇ ਬਾਅਦ ਹੂਈ ਥੋੜੀ ਦੇਰ ਥੀ । ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ । ਦਸੰਬਰ 1704 ਈ: ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਮਈ 1710ਨੂੰ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਵਜ਼ੀਰ ਖਾਂ ਨੂੰ ਮਾਰ ਕੇ ਉਸ ਦੀ ਲਾਸ਼ ਸਰਹੰਦ ਵਿੱਚ ਦਰਖੱਤ &lsquoਤੇ ਪੱੁਠੀ ਟੰਗ ਦਿੱਤੀ ਅਤੇ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੀ ਹਕੂਮਤ ਦਾ ਤਖਤਾ ਉਲਟਾ ਕੇ ਖ਼ਾਲਸਾ ਰਾਜ ਸਥਾਪਤ ਕਰ ਲਿਆ ਸੀ । ਉਕਤ ਤੱਥ ਇਹ ਸਪੱਸ਼ਟ ਕਰਦੇ ਹਨ ਕਿ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੇ ਖ਼ਾਲਸਾ ਰਾਜ ਦੀਆਂ ਨੀਹਾਂ ਪੱਕੀਆਂ ਕਰਨ ਲਈ ਸ਼ਹਾਦਤਾਂ ਦਿੱਤੀਆਂ ਨਾ ਕਿ ਅਜੋਕੇ ਭਾਰਤ ਲਈ ਬਲੀਦਾਨ  ਦਿੱਤਾ ।
-ਜਥੇਦਾਰ ਮਹਿੰਦਰ ਸਿੰਘ