image caption:

ਲੰਡਨ ਮੁਜਾਹਰੇ ਦੌਰਾਨ ਵਧਾਵਾ ਸਿੰਘ, ਰਣਜੀਤ ਸਿੰਘ ਨੀਟਾ ਸਮੇਤ ਸਿੱਖ ਜੁਝਾਰੂਆਂ ਦੇ ਹੱਕ ਵਿੱਚ ਪਈ ਗੂੰਜ

"ਸਿੱਖ ਜਥੇਬੰਦੀਆਂ ਵਲੋਂ ਭਾਰਤੀ ਗਣਤੰਤਰ ਦਿਵਸ ਮੌਕੇ ਕੀਤਾ ਗਿਆ ਰੋਸ ਪ੍ਰਦਰਸ਼ਨ "
ਲੰਡਨ - 26ਜਨਵਰੀ ਭਾਰਤ ਦਾ ਅਖੌਤੀ ਗਣਤੰਤਰ ਦਿਵਸ ਹੈ ਅਤੇ ਸਿੱਖਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਜੂਨ 1984 ਦਾ ਖੂਨੀ ਘੱਲੂਘਾਰੇ ਤੋਂ ਬਾਅਦ ਇੰਗਲੈਂਡ ਵਿੱਚ ਭਾਰਤੀ ਅੰਬੈਸੀ ਸਾਹਮਣੇ ਸਿੱਖ ਜਥੇਬੰਦੀਆਂ ਹਰ ਸਾਲ ਰੋਸ ਅਤੇ ਰੋਹ ਭਰਪੂਰ ਪ੍ਰਦਸ਼ਨ ਕਰਦੀਆਂ ਹਨ । ਇਸੇ ਲੜੀ ਤਹਿਤ ਯੂ,ਕੇ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ,ਸਿੱਖਸ ਫਾਰ ਜਸਟਿਸ ਸਮੇਤ ਸਿੱਖ ਜਥੇਬੰਦੀਆਂ ਵਲੋਂ ਭਾਰਤ ਦੇ ਅਖੌਤੀ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਲੰਡਨ ਸਥਿਤ ਭਾਰਤੀ ਅੰਬੈਸੀ ਮੂਹਰੇ ਜਬਰਦਸਤ ਰੋਸ ਅਤੇ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਇਸ ਮੌਕੇ ਭਾਰਤ ਸਰਕਾਰ ਵਲੋਂ ਵਿਦੇਸ਼ਾਂ ਵਿੱਚ ਆਜਾਦੀ ਪਸੰਦ ਸਿੱਖਾਂ ਦੇ ਕਤਲਾਂ ਖਿਲਾਫ ਅਤੇ ਲੰਬੇ ਅਰਸੇ ਤੋਂ ਗੁੰਮਨਾਮੀ ਦਾ ਜੀਵਨ ਬਸਰ ਕਰਦਿਆਂ ਖਾਲਿਸਤਾਨ ਦਾ ਸੰਘਰਸ਼ ਲੜ ਰਹੇ ਭਾਈ ਵਧਾਵਾ ਸਿੰਘ ਬੱਬਰ, ਭਾਈ ਰਣਜੀਤ ਸਿੰਘ ਨੀਟਾ,ਭਾਈ ਮਹਿਲ ਸਿੰਘ ਬੱਬਰ ਅਤੇ ਭਾਈ ਗਜਿੰਦਰ ਸਿੰਘ ਸਮੇਤ ਸਮੂਹ ਜੁਝਾਰੂਆਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਗਈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ ਸਮੇਤ ਸਿੱਖ ਫੈਡਰੇਸ਼ਨ ਯੂ,ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਜਨਰਲ ਸਕੱਤਰ ਭਾਈ ਨਰਿੰਦਰਜੀਤ ਸਿੰਘ, ਸਿੱਖਸ ਫਾਰ ਜਸਟਿਸ ਦੇ ਆਗੂ ਭਾਈ ਪਰਮਜੀਤ ਸਿੰਘ ਪੰਮਾ, ਵਲਰਡ ਸਿੱਖ ਪਾਰਲੀਮੈਂਟ ਦੇ ਜਨਰਲ ਭਾਈ ਮਨਪ੍ਰੀਤ ਸਿੰਘ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ,ਕੌਂਸਲ ਆਫ ਖਾਲਿਸਤਾਨ ਦੇ ਆਗੂ ਭਾਈ ਅਮਰੀਕ ਸਿੰਘ ਸਹੋਤਾ,ਭਾਈ ਰਣਜੀਤ ਸਿੰਘ ਸਰਾਏ ,
ਭਾਈ ਗੁਰਪ੍ਰੀਤ ਸਿੰਘ , ਦਲ ਖਾਲਸਾ ਦੇ ਮੁਖੀ ਭਾਈ ਗੁਰਚਰਨ ਸਿੰਘ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਦੇ ਭਾਈ ਜਸਪਾਲ ਸਿੰਘ ਬੈਂਸ , ਭਾਈ ਹਰਦੀਸ਼ ਸਿੰਘ ,ਭਾਈ ਕੁਲਵੰਤ ਸਿੰਘ ਮੁਠੱਡਾ ,ਸਮੇਤ ਸਿੱਖ ਆਗੂਆਂ ਵਲੋਂ ਭਾਰਤ ਸਰਕਾਰ ਨੂੰ ਵੰਗਾਰਦਿਆਂ ਆਖਿਆ ਕਿ ਸਿੱਖ ਕੌਮ ਖਾਲਿਸਤਾਨ ਦਾ ਸੰਘਰਸ਼ ਜਾਰੀ ਰੱਖੇਗੀ। ਭਾਰਤ ਸਰਕਾਰ ਦਾ ਕੋਈ ਵੀ ਜੁਲਮ ਖਾਲਿਸਤਾਨ ਦੇ ਸੰਘਰਸ਼ ਨੂੰ ਦਬਾ ਨਹੀ ਸਕੇਗਾ । ਇਸ ਰੋਸ ਮੁਜਾਹਰੇ ਦੌਰਾਨ ਸ਼ਾਮਲ ਹੋਏ ਸਿਖਾਂ ਵਲੋਂ ਭਾਈ ਵਧਾਵਾ ਸਿੰਘ ਬੱਬਰ, ਭਾਈ ਰਣਜੀਤ ਸਿੰਘ ਨੀਟਾ,ਭਾਈ ਮਹਿਲ ਸਿੰਘ ਬੱਬਰ,ਭਾਈ ਗਜਿੰਦਰ ਸਿੰਘ ਦੀਆਂ ਤਸਵੀਰਾਂ ਵਾਲੇ ਬੋਰਡ ਹੱਥਾਂ ਵਿੱਚ ਫੜੇ ਹੋਏ ਸਨ ਅਤੇ ਘੱਲੂਘਾਰਾ ਜੂਨ 1984 ਦੌਰਾਨ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ , ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਤੇ ਸਰਕਾਰ ਵਲੋਂ ਕੀਤੇ ਗਏ ਜ਼ੁਲਮਾਂ ਦੀਆਂ ਤਸਵੀਰਾਂ ਵਾਲੇ ਬੈਨਰ ਲਗਾਏ ਹੋਏ ਸਨ । ਵੱਖ ਵੱਖ ਬੁਲਾਰਿਆਂ ਵਲੋਂ ਭਾਰਤ ਦਾ ਕਰੂਪ ਅਤੇ ਕਾਤਲਾਨਾ ਚਿਹਰਾ ਬੇਨਕਾਬ ਕਰਨ ਵਾਲੀ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾ ਦਾ ਧੰਨਵਾਦ ਕੀਤਾ ਗਿਆ। ਖਾਲਿਸਤਾਨ ਜਿੰਦਾਬਾਦ, ਰਾਜ ਕਰੇਗਾ ਖਾਲਸਾ ,ਇੰਡੀਆ ਆਊਟ ਖਾਲਿਸਤਾਨ ਦੇ ਅਕਾਸ਼ ਗੁੰਜਾਊ ਨਾਹਰੇ ਨਿਰੰਤਰ ਗੂੰਜਦੇ ਰਹੇ । ਰੋਸ ਮੁਜਾਹਰੇ ਦੇ ਅਖੀਰ ਵਿੱਚ ਭਾਰਤ ਦੇ ਤਿਰੰਗੇ ਨੂੰ ਅੱਗ ਲਗਾ ਕੇ ਸਾੜਿਆ ਗਿਆ। ਕੁਝ ਸਿੰਘਾਂ ਵਲੋਂ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਬਣਾ ਕੇ ਜੁੱਤੀਆਂ ਮਾਰੀਆਂ ਗਈਆਂ।