ਜਦੋਂ ਕਸ਼ਮੀਰ ਵਿਚ ਅੱਤਵਾਦ ਘੱਟ ਗਿਆ ਹੈ ਫਿਰ ਕੈਨੇਡਾ, ਯੂਕੇ, ਪਾਕਿਸਤਾਨ, ਹਰਿਆਣਾ ਅਤੇ ਪੰਜਾਬ ਵਿਚ ਸਿੱਖਾਂ ਦੇ ਕਤਲ ਕਿਉਂ ਹੋ ਰਹੇ ਹਨ ? : ਮਾਨ
 ਫ਼ਤਹਿਗੜ੍ਹ ਸਾਹਿਬ-  &ldquoਇੰਡੀਆਂ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਕਹਿ ਰਹੇ ਹਨ ਕਿ ਕਸ਼ਮੀਰ ਵਿਚ 70% ਅੱਤਵਾਦ ਖਤਮ ਹੋ ਚੁੱਕਾ ਹੈ, ਤਾਂ ਫਿਰ ਇਸ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵਿਚ ਸਿੱਖ ਕੌਮ ਦੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਿਚ ਸਰਕਾਰੀ ਦਹਿਸਤਗਰਦੀ ਰਾਹੀ ਕਤਲ ਕਿਉਂ ਹੋ ਰਹੇ ਹਨ ? ਜੋ ਕਿ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਮੌਜੂਦਾ ਹੁਕਮਰਾਨਾਂ ਵੱਲੋ ਆਪਣੀਆ ਏਜੰਸੀਆ ਦੀ ਦੁਰਵਰਤੋ ਕਰਕੇ ਕਰਵਾਏ ਗਏ ਹਨ ।&rdquo
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਗ੍ਰਹਿ ਵਜੀਰ ਅਤੇ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਕਸਮੀਰ ਵਿਚ ਅੱਤਵਾਦ ਘੱਟ ਹੋ ਜਾਣ ਉਤੇ ਅਤੇ ਸਿੱਖ ਕੌਮ ਦਾ ਵਿਦੇਸ਼ਾਂ ਇੰਡੀਆ ਤੇ ਪੰਜਾਬ ਵਿਚ ਕਤਲ ਹੋਣ ਉਤੇ ਅਜੋਕੀ ਹਿੰਦੂਤਵ ਹਕੂਮਤ ਨੂੰ ਜਨਤਕ ਤੌਰ ਤੇ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹਿੰਦੂ ਹਕੂਮਤ ਦੀ ਸਿੱਖਾਂ ਨੂੰ ਮਾਰਨ ਦੀ ਨੀਤੀ ਹੈ, ਜਿਸ ਅਧੀਨ ਵਿਸੇਸ ਅਤੇ ਸੰਜ਼ੀਦਾ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਉਸ ਸੰਬੰਧੀ ਸ੍ਰੀ ਅਮਿਤ ਸ਼ਾਹ ਗ੍ਰਹਿ ਵਜੀਰ ਇੰਡੀਆਂ ਸਪੱਸਟ ਕਰਨ ਕਿ ਇਥੇ ਹਿੰਦੂ ਇੰਡੀਆ ਸਟੇਟ ਦਾ ਸਿੱਖਾਂ ਪ੍ਰਤੀ ਕੀ ਉਦੇਸ਼ ਹੈ ? ਉਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖ ਕੌਮ ਕਿਉਂਕਿ ਇਕ ਸਟੇਟਲੈਸ ਕੌਮ ਹੈ ।
ਇਹੀ ਵਜਹ ਹੈ ਕਿ ਹਿੰਦੂਤਵ ਸਟੇਟ ਵਾਲੇ ਸਿੱਖਾਂ ਉਤੇ ਜ਼ਬਰ ਢਾਹ ਰਹੇ ਹਨ । ਜਿਸਦੀ ਅਸੀ ਮੰਗ ਕਰਦੇ ਹਾਂ ਕਿ ਇਨ੍ਹਾਂ ਕਤਲਾਂ ਦੀ ਜਾਂਚ ਕੌਮਾਂਤਰੀ ਅਪਰਾਧਿਕ ਅਦਾਲਤ ਹੇਗ ਵਿਚ ਹੋਵੇ ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਹ ਪੱਕਾ ਕਰਨਾ ਲੋੜਦੀ ਹੈ ਕਿ ਸਿੱਖਾਂ ਨੂੰ ਅਤਿ ਸ਼ਰਮਨਾਕ ਹੱਥਕੰਡਿਆ ਦੀ ਦੁਰਵਰਤੋ ਕਰਕੇ ਇਹ ਮਨੁੱਖਤਾ ਵਿਰੋਧੀ ਜੋ ਅਮਲ ਕੀਤੇ ਜਾ ਰਹੇ ਹਨ, ਉਸਦਾ ਕੌਮਾਂਤਰੀ ਪੱਧਰ ਤੇ ਅਸਲ ਸੱਚ ਸਾਹਮਣੇ ਆਵੇ । ਜੋ ਵੀ ਇੰਡੀਅਨ ਹਕੂਮਤ ਦੇ ਉੱਚ ਅਹੁਦਿਆ ਤੇ ਇਨ੍ਹਾਂ ਸਿੱਖਾਂ ਦੇ ਕਤਲ ਲਈ ਦੋਸ਼ੀ ਹਨ ਉਨ੍ਹਾਂ ਨੂੰ ਕੌਮਾਂਤਰੀ ਅਪਰਾਧਿਕ ਅਦਾਲਤਾਂ ਵਿਚ ਖੜ੍ਹਾ ਕਰਕੇ ਨਿਊਰਮਬਰਗ ਅਤੇ ਟੋਕੀਓ ਟਰਾਇਲ ਦੀ ਤਰ੍ਹਾਂ ਨਜਿੱਠਦੇ ਹੋਏ ਸਜਾਵਾਂ ਦਿੱਤੀਆ ਜਾਣ ।