ਨਿਤੀਸ਼ ਕੁਮਾਰ ਨੇ 9ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
 ਪਟਨਾ : ਬਿਹਾਰ ਵਿਚ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸ਼ਾਦ ਯਾਦਵ ਨੂੰ ਪਿੱਠ ਵਿਖਾਉਂਦਿਆਂ ਭਾਜਪਾ ਨਾਲ ਦੋਸਤੀ ਕਰ ਕੇ 9ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਨਿਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਹੁਣ ਉਨ੍ਹਾਂ ਦੀ ਅਗਵਾਈ ਵਿੱਚ ਬਿਹਾਰ ਵਿੱਚ ਭਾਜਪਾ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਨ ਜਾ ਰਹੀ ਹੈ। ਨਵੀਂ ਸਰਕਾਰ ਵਿੱਚ ਭਾਜਪਾ ਦੇ ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਉਪ ਮੁੱਖ ਮੰਤਰੀ ਹੋਣਗੇ। ਜੀਤਨ ਰਾਮ ਮਾਂਝੀ ਨੇ ਵੀ ਇਸ ਨਵੀਂ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ ਹੈ। ਭਾਜਪਾ ਨੇ ਪੱਛੜੇ ਸਮਾਜ ਤੋਂ ਆਉਣ ਵਾਲੇ ਸਮਰਾਟ ਚੌਧਰੀ ਨੂੰ ਅਤੇ ਭੂਮੀਹਾਰ ਨੇਤਾ ਵਿਜੇ ਸਿਨਹਾ ਨੂੰ ਡਿਪਟੀ ਸੀਐਮ ਬਣਾਇਆ। ਇਹ ਫੈਸਲਾ ਐਤਵਾਰ ਨੂੰ ਵਿਧਾਇਕਾਂ ਦੀ ਮੀਟਿੰਗ ਵਿੱਚ ਲਿਆ ਗਿਆ।