image caption:

ਸਰਕਾਰੀ ਸਾਫਟ ਵੇਅਰ ਤੇ ਸੰਵੇਦਣਸ਼ੀਲ ਡਾਟਾਬੇਸ ਚੋਰੀ ਕਰਨ ਦੇ ਮਾਮਲੇ ਵਿਚ 2 ਭਾਰਤੀਆਂ ਨੂੰ ਸੁਣਾਈ ਸਜ਼ਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਇਕ ਅਦਾਲਤ ਵੱਲੋਂ ਯੂ ਐਸ ਸਰਕਾਰ ਦੀ ਮਾਲਕੀ ਵਾਲੇ ਸਾਫਟਵੇਅਰ ਤੇ ਲਾਅ ਇਨਫੋਰਸਮੈਂਟ ਦੇ ਸੰਵੇਦਣਸ਼ੀਲ ਡੈਟਾਬੇਸ ਚੋਰੀ ਕਰਨ ਦੇ ਮਾਮਲੇ ਵਿਚ ਨਿਭਾਈ ਭੂਮਿਕਾ ਲਈ 2 ਭਾਰਤੀ ਸਾਬਕਾ ਸੰਘੀ ਮੁਲਾਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਭਾਰਤੀ ਸੋਨਲ ਪਟੇਲ (49) ਜੋ ਹੋਮਲੈਂਡ ਸਕਿਉਰਿਟੀ ਵਿਭਾਗ (ਡੀ ਐਚ ਐਸ-ਓ ਆਈ ਜੀ) ਦੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਵਿਚ ਨੌਕਰੀ ਕਰਦਾ ਸੀ, ਨੂੰ ਦੋ ਸਾਲ ਦੀ ਪ੍ਰੋਬੇਸ਼ਨ ਸਜ਼ਾ ਸੁਣਾਈ ਗਈ ਹੈ ਤੇ 40000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਕ ਸਾਲ ਉਸ ਨੂੰ ਘਰ ਵਿਚ ਕੈਦ ਰਹਿਣਾ ਪਵੇਗਾ। ਪਟੇਲ ਨੇ ਸਰਕਾਰੀ ਜਾਇਦਾਦ ਚੋਰੀ ਕਰਨ ਦਾ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਦੂਸਰੇ ਭਾਰਤੀ ਮੁਰਾਲੀ ਵਾਈ ਵੈਂਕਟਾ (58) ਜੋ ਹੋਮਲੈਂਡ ਸਕਿਉਰਿਟੀ ਦੀ ਇਨਫਰਮੇਸ਼ਨ ਟੈਕਨਾਲੋਜੀ ਡਵੀਜਨ ਦਾ ਸਾਬਕਾ ਬਰਾਂਚ ਮੁਖੀ ਹੈ, ਨੂੰ 4 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਰਿਹਾਈ ਉਪਰੰਤ 2 ਸਾਲ ਉਸ ਨੂੰ ਨਿਗਰਾਨੀ ਵਿਚ ਰਖਿਆ ਜਾਵੇਗਾ ਜਿਸ ਦੌਰਾਨ 8 ਮਹੀਨੇ ਘਰ ਵਿਚ ਕੈਦ ਰਹਿਣਾ ਪਵੇਗਾ। ਇਸ ਤੋਂ ਇਲਾਵਾ 60 ਘੰਟੇ ਲੋਕ ਸੇਵਾ ਕਰਨੀ ਪਵੇਗੀ।