image caption:

ਇਟਾਲੀਅਨ ਪਾਰਲੀਮੈਂਟ ਤੋਂ ਇੱਕ ਟੀਮ ਪਹੁੰਚੀ ਪ੍ਰੋਸੂਸ,ਵੇਸਕੋਵਾਤੋ (ਕਰੇਮੋਨਾ), ਧਰਨੇ ਤੇ ਬੈਠੇ ਪੰਜਾਬੀ ਵਰਕਰਾਂ ਨਾਲ ਕੀਤੀ ਮੁਲਾਕਾਤ

*ਚਿੰਕਵੇ ਸਤੈਲੇ ਰਾਜਨੀਤਿਕ ਪਾਰਟੀ ਵੱਲੋਂ ਵਾਲੇਨਤੀਨਾ ਬਰਜੋਤੀ ਅਤੇ ਵੇਸਕੋਵਾਤੋ ਦੀ ਸਾਬਕਾ ਮੇਅਰ ਨੇ ਵੀ ਕਾਮਿਆਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ*


ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪਿਛਲੇ 108 ਦਿਨਾਂ ਤੋਂ ਪ੍ਰੋਸੈਸ ਮੀਟ ਦੀ ਫੈਕਟਰੀ ਵੇਸਕੋਵਾਤੋ, ਜ਼ਿਲਾ ਕਰੇਮੋਨਾ ਵਿਖੇ ਕੰਮ ਤੋਂ ਕੱਢੇ 60 ਪੰਜਾਬੀ ਕਾਮਿਆਂ ਵੱਲੋਂ ਲਗਾਤਾਰ ਅੰਤਾਂ ਦੀ ਠੰਢ ਦੇ ਬਾਵਜੂਦ ਆਪਣੇ ਹੱਕਾਂ ਦੀ ਖਾਤਰ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਪਿਛਲੇ ਸਮੇਂ ਦੌਰਾਨ ਇਹਨਾਂ ਪੰਜਾਬੀ ਕਾਮਿਆਂ ਵੱਲੋਂ ਸਮੇਂ ਸਮੇਂ ਤੇ ਇਕੱਠ ਕੀਤੇ ਗਏ ਸਨ। ਜਿਨਾਂ ਵਿੱਚ ਪੰਜਾਬੀ ਭਾਈਚਾਰੇ ਨੇ ਅਤੇ ਹੋਰਨਾਂ ਭਾਈਚਾਰਿਆਂ ਨੇ ਵੀ ਵੱਧ ਚੜ ਕੇ ਇਹਨਾਂ ਵੀਰਾਂ ਦੇ ਹੱਕ ਵਿੱਚ ਇਕੱਠਾਂ ਵਿੱਚ ਹਾਜ਼ਰੀ ਭਰੀ ਸੀ। ਧਰਨੇ 'ਤੇ ਬੈਠੇ ਵੀਰਾਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ
ਦੀਆਂ ਉਮੀਦਾਂ ਨੂੰ ਸਾਰਿਆਂ ਦੀ ਮਦਦ ਨਾਲ ਉਦੋਂ ਬੂਰ ਪਿਆ ਜਦੋਂ 2 ਫਰਵਰੀ 2024 ਨੂੰ ਇਟਲੀ ਦੀ ਪਾਰਲੀਮੈਂਟ ਤੋਂ ਇੱਕ ਟੀਮ ਉਹਨਾਂ ਦੀ ਫੈਕਟਰੀ ਵਿਖੇ ਸਥਿਤੀ ਦਾ ਜਾਇਜਾ ਲੈਣ ਲਈ ਪਹੁੰਚੀ। ਟੀਮ ਦੇ ਮੈਂਬਰਾਂ ਨੂੰ ਇਹਨਾਂ ਵੀਰਾਂ ਵੱਲੋਂ ਆਪਣੀਆਂ ਸਾਰੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਕਿ ਕਿਵੇਂ ਉਹ ਪਿਛਲੇ 108 ਦਿਨਾਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਗਰਮੀ ਮੀਹ ਅਤੇ ਹੁਣ ਅੰਤਾਂ ਦੀ ਸਰਦੀ ਦੇ ਮੌਸਮ ਵਿੱਚ ਵੀ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਧਰਨੇ ਤੇ ਬੈਠੇ ਹਨ। ਟੀਮ ਵੱਲੋਂ ਕੰਮ ਤੋਂ ਕੱਢੇ ਗਏ ਇਹਨਾਂ ਕਾਮਿਆਂ ਨੂੰ ਭਰੋਸਾ ਦਵਾਇਆ ਗਿਆ ਕਿ ਇਟਲੀ ਇੱਕ ਲੋਕਤੰਤਰਿਕ ਦੇਸ਼ ਹੈ ਅਤੇ ਲੋਕਤੰਤਰ ਦੇ ਵਿਰੁੱਧ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹਨਾਂ ਦੀ ਆਵਾਜ਼ ਇਸ ਟੀਮ ਵੱਲੋਂ ਪਾਰਲੀਮੈਂਟ ਅੱਗੇ ਰੱਖੀ ਜਾਵੇਗੀ। ਅੱਗੇ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਅੱਜ ਸਾਡੇ ਲਈ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋਈ ਹੈ ਜਦੋਂ ਸਾਡੀ ਆਵਾਜ਼ ਆਪਣੇ
ਭਾਈਚਾਰੇ ਤੋਂ ਇਲਾਵਾ ਇਟਾਲੀਅਨ ਭਾਈਚਾਰੇ ਵੱਲੋਂ ਵੀ ਜ਼ੋਰਾਂ-ਸ਼ੋਰਾਂ ਨਾਲ ਸੁਣੀ ਅਤੇ ਚੁੱਕੀ ਜਾ ਰਹੀ ਹੈ। ਇਸ ਵਾਸਤੇ ਉਹਨਾਂ ਨੇ ਯੂਐਸਬੀ ਸੰਸਥਾ,ਰਾਜਨੀਤਿਕ ਪਾਰਟੀ ਚਿੰਕਵੇ ਸਤੈਲੇ ਵੱਲੋਂ ਪਹੁੰਚੀ ਮੈਡਮ ਵਾਲੇਨਤੀਨਾ ਬਰਜੋਤੀ, ਆਰਚੀ ਸੰਸਥਾ, ਸਮੁੱਚੇ ਪੰਜਾਬੀ ਭਾਈਚਾਰੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਹੋਰ ਵੀ ਜੋ ਅੱਜ ਤੋਂ ਪਹਿਲਾਂ ਇਕੱਠ ਵਿੱਚ ਪਹੁੰਚੇ ਸਨ ਸਭ ਦਾ ਧੰਨਵਾਦ ਕਰਦਿਆਂ ਹੋਇਆਂ ਬੇਨਤੀ ਤੀ ਕਿ ਉਹਨਾਂ ਨੂੰ ਅਜੇ ਵੀ ਸਾਰਿਆਂ ਦੇ ਸਾਥ ਦੀ ਜਰੂਰਤ ਹੈ। ਉਹਨਾਂ ਦੀ ਆਵਾਜ਼ ਹੁਣ ਸਾਰਿਆਂ ਦੀ ਮਦਦ ਨਾਲ ਪਾਰਲੀਮੈਂਟ ਤੱਕ ਪਹੁੰਚ ਚੁੱਕੀ ਹੈ।ਮੋਰਚਾ ਹੁਣ ਫਤਿਹ ਦੇ ਨਜ਼ਦੀਕ ਹੈ। ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਵੱਲੋਂ ਵੀ ਸਾਰੇ ਭਾਈਚਾਰੇ ਨੂੰ ਬੇਨਤੀ ਹੈ ਕਿ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਜਰੂਰ ਇਨਾ ਵੀਰਾਂ ਵੱਲੋਂ ਕੀਤੇ ਜਾਂਦੇ ਇਕੱਠਾ ਵਿੱਚ ਹਾਜਰੀ ਭਰੋ।