ਸਾਬਕਾ ਖੇਤੀਬਾੜੀ ਮੰਤਰੀ ਮਾਸਟਰ ਗੁਰਬੰਤਾ ਸਿੰਘ ਨੂੰ 44ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ
ਜਲੰਧਰ- ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਮਾਸਟਰ ਗੁਰਬੰਤਾ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਵਿਖੇ 44ਵੀਂ ਬਰਸੀ ਮੌਕੇ ਯਾਦ ਕੀਤਾ ਗਿਆ ਤੇ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਪੋਤੇ ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਜਲੰਧਰ ਜ਼ਿਮਨੀ ਚੋਣ 2023 ਲਈ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਅਖੰਡ ਪਾਠ ਦੇ ਭੋਗ ਪਾਏ।
ਮਾਸਟਰ ਗੁਰਬੰਤਾ ਸਿੰਘ ਨੂੰ ਦੱਬੇ ਕੁਚਲੇ ਲੋਕਾਂ ਦਾ ਮਸੀਹਾ ਦੱਸਦਿਆਂ ਵਿਧਾਇਕ ਚੌਧਰੀ ਨੇ ਕਿਹਾ ਕਿ ਸਵਰਗੀ ਮਾਸਟਰ ਗੁਰਬੰਤਾ ਸਿੰਘ ਇੱਕ ਮਹਾਨ ਸਮਾਜ ਸੁਧਾਰਕ, ਵਿਦਵਾਨ, ਯੋਗ ਪ੍ਰਬੰਧਕ ਅਤੇ ਪੰਜਾਬ ਦੇ ਸਭ ਤੋਂ ਵੱਡੇ ਦਲਿਤ ਆਗੂ ਵਜੋਂ ਜਾਣੇ ਜਾਂਦੇ ਸਨ।
ਉਹਨਾਂ ਨੇ ਹਰੀ ਕ੍ਰਾਂਤੀ ਲਿਆਉਣ ਵਿਚ ਮਾਸਟਰ ਗੁਰਬੰਤਾ ਸਿੰਘ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਹਰੇ ਇਨਕਲਾਬ ਦੀ ਨੀਂਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰ ਅਦਾਰਿਆਂ ਦੀ ਸਥਾਪਨਾ ਨਾਲ ਰੱਖੀ ਗਈ ਸੀ।
ਵਿਧਾਇਕ ਚੌਧਰੀ ਨੇ ਆਖਿਆ ਕਿ ਮਾਸਟਰ ਗੁਰਬੰਤਾ ਸਿੰਘ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1932 ਵਿਚ ਕੀਤੀ ਸੀ, ਜਦੋਂ ਸਮਾਜ ਜਾਤੀਵਾਦ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ ਅਤੇ ਉਹਨਾਂ ਨੇ ਮੰਗੂ ਰਾਮ ਤੇ ਹੋਰਨਾਂ ਨਾਲ ਮਿਲ ਕੇ ਆਦ ਧਰਮ-ਮੰਡਲ, ਜਲੰਧਰ ਦੀ ਸਰਪ੍ਰਸਤੀ ਹੇਠ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਵਿਰੁੱਧ ਇੱਕ ਇਨਕਲਾਬ ਦੀ ਸ਼ੁਰੂਆਤ ਕੀਤੀ ਤੇ ਸਮਾਜ ਵਿਚੋਂ ਅਛੂਤਤਾ ਅਤੇ ਅਸਮਾਨਤਾ ਦੇ ਖਾਤਮੇ ਲਈ ਸੰਘਰਸ਼ ਦੀ ਅਗਵਾਈ ਕੀਤੀ।
ਮਾਸਟਰ ਗੁਰਬੰਤਾ ਸਿੰਘ ਪਹਿਲੀ ਵਾਰ 1945 ਵਿਚ ਯੂਨਾਈਟਿਡ ਪੰਜਾਬ ਦੀ ਅਸੈਂਬਲੀ ਲਈ ਚੁਣੇ ਗਏ ਸਨ ਅਤੇ 1977 ਤੱਕ ਵਿਧਾਇਕ ਰਹੇ। ਉਹ ਲੋਕਾਂ ਵਿਚ ਇੰਨੇ ਹਰਮਨ ਪਿਆਰੇ ਸਨ ਕਿ 1972 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਬਿਨਾਂ ਮੁਕਾਬਲਾ ਚੁਣੇ ਗਏ। ਉਹ ਵੰਡ ਤੋਂ ਪਹਿਲਾਂ ਸਰ ਖਿਜ਼ਰ ਹਯਾਤ ਖ਼ਾਨ ਟਿਵਾਣਾ ਸਰਕਾਰ ਦੀ ਮੰਤਰੀ ਪ੍ਰੀਸ਼ਦ ਵਿਚ ਰਹੇ, ਫਿਰ ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਸਰਕਾਰਾਂ ਵਿੱਚ ਕਈ ਵਿਭਾਗਾਂ ਦੇ ਮੰਤਰੀ ਰਹੇ। ਉਹਨਾਂ ਨੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਸਰਕਾਰ ਦੀਆਂ ਖਾਲੀ ਜ਼ਮੀਨਾਂ ਅਲਾਟ ਕਰਨ, ਹਰ ਪਿੰਡ ਵਿੱਚ ਐਸ.ਸੀ. ਨੰਬਰਦਾਰ ਨਿਯੁਕਤ ਕਰਨ, ਸਕੂਲਾਂ ਅਤੇ ਕਾਲਜਾਂ ਵਿੱਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਵਜ਼ੀਫ਼ੇ ਦੀ ਵਿਵਸਥਾ ਕਰਨ, ਰੁਜ਼ਗਾਰ ਤੇ ਤਰੱਕੀ ਵਿੱਚ ਰਾਖਵਾਂਕਰਨ, ਛੋਟੇ ਉਦਯੋਗ ਸਥਾਪਤ ਕਰਨ ਲਈ ਨਾਮਾਤਰ ਵਿਆਜ਼ 'ਤੇ ਕਰਜ਼ੇ ਦਿਵਾਉਣ, ਅਤੇ ਅਨੁਸੂਚਿਤ ਜਾਤੀਆਂ ਨੂੰ ਪਿੰਡਾਂ ਦੀਆਂ ਸ਼ਾਮਲਾਟਾਂ ਵਿੱਚ ਹਿੱਸਾ ਦਿਵਾਉਣ ਲਈ ਉੱਘਾ ਯੋਗਦਾਨ ਪਾਇਆ।