image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨ ਨੇ ਹਿੰਦੂ ਮਿੱਥਿਹਾਸਕ ਹਵਾਲਿਆਂ ਦੀ ਵਰਤੋਂ ਕਿਉਂ ਕੀਤੀ ?

ਗੁਰੂ ਨਾਨਕ ਦੇ ਸਮੇਂ ਤੋਂ ਹੀ ਬ੍ਰਾਹਮਣਵਾਦੀ ਵਿਚਾਰਧਾਰਾ ਵਾਲੇ ਮਨੂੰਵਾਦੀਆਂ ਨੇ ਸਿੱਖ ਧਰਮ ਦੀ ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਪ੍ਰਵਾਨ ਨਹੀਂ ਕੀਤਾ, ਸਗੋਂ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਹੀ ਇਕ ਸ਼ਾਖਾ ਵਜੋਂ ਪ੍ਰਚਾਰਦੇ ਆ ਰਹੇ ਹਨ । ਅਸੀਂ ਆਪਣੇ ਲੇਖਾਂ ਵਿੱਚ ਜ਼ਿਕਰ ਕਰਦੇ ਆਏ ਹਾਂ ਕਿ ਕਿਵੇਂ ਕੇਸਾਧਾਰੀ ਹਿੰਦੂ ਸੰਗਠਨ ਰਾਸ਼ਟਰੀ ਸਿੱਖ ਸੰਗਤ ਨੂੰ ਆਰ।ਐੱਸ।ਐੱਸ। ਫੰਡ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਸਿੱਖ ਧਰਮ ਦੀ ਵਿਆਖਿਆ ਸਨਾਤਨੀ ਮਾਪਦੰਡਾਂ ਨਾਲ ਕੀਤੀ ਜਾ ਸਕੇ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਿੰਦੂ ਮਿੱਥਿਹਾਸਕ ਹਵਾਲਿਆਂ ਨੂੰ ਆਧਾਰ ਬਣਾ ਕੇ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਲਈ ਸਿੱਖ ਧਰਮ ਦਾ ਹਿੰਦੂਕਰਨ ਕੀਤਾ ਜਾ ਰਿਹਾ ਹੈ ਤਾਂ ਕਿ ਸਿੱਖ ਕੌਮ ਦੀ ਅੱਡਰੀ ਸੁਤੰਤਰ ਹੋਂਦ ਹਸਤੀ ਨੂੰ ਮਲੀਆਮੇਟ ਕਰਕੇ ਹਿੰਦੂ ਰਾਸ਼ਟਰ ਦਾ ਰਾਹ ਪੱਧਰਾ ਕੀਤਾ ਜਾਵੇ । ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੇ ਸੰਵਿਧਾਨ ਵਿੱਚ ਧਰਮ ਨਿਰਪੱਖ ਸ਼ਬਦ ਦੀ ਥਾਂ ਪੰਥ ਨਿਰਪੱਖ ਲਿਖਿਆ ਜਾਣਾ ਚਾਹੀਦਾ ਹੈ, ਇਸ ਬਿਆਨ ਤੋਂ ਸਾਫ਼ ਜ਼ਾਹਿਰ ਹੈ ਕਿ ਹਿੰਦੂਤਵੀਆਂ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ਵਿੱਚ ਸਿੱਖ ਕੌਮ ਦਾ ਸੰਵਿਧਾਨ ਗੁਰੂ ਗ੍ਰੰਥ, ਗੁਰੂ ਪੰਥ ਸਭ ਤੋਂ ਵੱਡਾ ਅੜਿੱਕਾ ਹੈ ।
ਹੱਥਲੇ ਲੇਖ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਸਿੱਖ ਗੁਰੂ ਸਾਹਿਬਾਨ ਨੇ ਹਿੰਦੂ ਮਿੱਥਿਹਾਸਕ ਹਵਾਲਿਆਂ ਦੀ ਵਰਤੋਂ ਕਿਉਂ ਕੀਤੀ ? ਹਰ ਧਰਮ ਦੇ ਮੋਢੀ ਆਪਣੀ ਗੱਲ ਸਮਝਾਉਣ ਲਈ ਪ੍ਰਚੱਲਤ ਧਰਮਾਂ ਦੇ ਹਵਾਲੇ ਦਿੰਦੇ ਹਨ, ਕਿਉੁਂਕਿ ਲੋਕ ਪ੍ਰਚੱਲਤ ਧਰਮ ਦੀਆਂ ਗੱਲਾਂ ਨੂੰ ਛੇਤੀ ਸਮਝਦੇ ਹਨ । ਨਵੀਂ ਗੱਲ ਦਾ ਸਪੱਸ਼ਟੀਕਰਨ, ਬਹੁਤੀ ਵਾਰ ਪੁਰਾਣੀ ਗੱਲ ਦਾ ਹਵਾਲਾ ਦੇ ਕੇ ਹੀ ਹੁੰਦਾ ਹੈ । ਇਸ ਕਰਕੇ ਈਸਾਈਆਂ ਦੇ ਧਾਰਮਿਕ ਗ੍ਰੰਥ ਬਾਈਬਲ ਵਿੱਚ ਯਹੂਦੀਆਂ ਦਾ ਕਥਨ ਹੈ । ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਕੁਰਾਨ ਵਿੱਚ ਈਸਾਈਆਂ ਦਾ ਕਥਨ ਹੈ । ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਦਾ ਕਥਨ ਹੈ ।
ਹਜ਼ਰਤ ਮੂਸਾ ਜੀ ਬੁੱਤਪ੍ਰਸਤਾਂ ਦੇ ਘਰ ਪੈਦਾ ਹੋਏ, ਉਨ੍ਹਾਂ ਨੇ ਯਹੂਦੀ ਧਰਮ ਦੀ ਬੁਨਿਆਦ ਰੱਖੀ ਜੋ ਬੁੱਤਪ੍ਰਸਤੀ ਦੇ ਸਖ਼ਤ ਉਲਟ ਹੈ । ਯਹੂਦੀਆਂ ਦੇ ਘਰ ਹਜ਼ਰਤ ਈਸਾ ਜੀ ਪੈਦਾ ਹੋਏ ਜਿਨ੍ਹਾਂ ਨੇ ਈਸਾਈ ਧਰਮ ਦੀ ਬੁਨਿਆਦ ਰੱਖੀ । ਹਜ਼ਰਤ ਮੁਹੰਮਦ ਸਾਹਿਬ ਕੁਰੈਸ਼ੀਆਂ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਨੇ ਮੁਸਲਮਾਨ ਧਰਮ ਦੀ ਨੀਂਹ ਰੱਖੀ ।
ਜਦ ਇਹ ਸਾਰੇ ਇਕ ਦੂਜੇ ਨਾਲੋਂ ਵੱਖਰੇ ਧਰਮ ਦੀ ਨੀਂਹ ਰੱਖ ਸਕਦੇ ਹਨ ਤਾਂ ਅਸੀਂ ਵੀ ਨਿਰਸੰਦੇਹ ਆਖ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂ ਘਰ ਵਿੱਚ ਪੈਦਾ ਹੋ ਕੇ ਹਿੰਦੂ ਧਰਮ ਨਾਲੋਂ ਵੱਖਰੇ ਸਿੱਖ ਧਰਮ ਦੀ ਨੀਂਹ ਰੱਖੀ । ਗੁਰੂ ਨਾਨਕ ਸਾਹਿਬ ਨੇ ਬਚਪਨ ਤੋਂ ਹੀ ਆਪਣੇ ਪਿਤਾ ਪੁਰਖੀ ਹਿੰਦੂ ਧਰਮ ਤੋਂ ਕਿਨਾਰਾ ਕਰ ਲਿਆ ਸੀ ਜਦੋਂ ਉਨ੍ਹਾਂ ਨੇ ਬ੍ਰਾਹਮਣੀ ਕੁਲਰੀਤ ਅਨੁਸਾਰ ਭਦਨ ਕਰਵਾ ਕੇ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ ਸੀ । (ਨੋਟ-ਬ੍ਰਾਹਮਣੀ ਕੁਲਰੀਤ ਅਨੁਸਾਰ ਜਨੇਊ ਪਾਉਣ ਤੋਂ ਪਹਿਲਾਂ ਭਦਨ ਕੀਤਾ ਜਾਂਦਾ ਹੈ, ਅੱਜ ਵੀ ਬ੍ਰਾਹਮਣੀ ਕੁਲ ਦੀ ਇਹੀ ਰੀਤ ਹੈ) ਗੁਰੂ ਨਾਨਕ ਸਾਹਿਬ ਨੇ ਦੂਜੇ ਧਰਮਾਂ ਦੀਆਂ ਮਿਸਾਲਾਂ ਇਸ ਕਰਕੇ ਦਿੱਤੀਆਂ ਕਿਉਂਕਿ ਜਦੋਂ ਸਤਿਗੁਰੂ ਜੀ ਕਿਸੇ ਇਕ ਜਾਂ ਕਈ ਮੱਤਾਂ &lsquoਤੇ ਕੋਈ ਵਿਚਾਰ ਕਰਦੇ ਹਨ ਤਾਂ ਪਹਿਲਾਂ ਤਾਂ ਆਪ ਉਨ੍ਹਾਂ ਮੱਤਾਂ ਦੇ ਖ਼ਿਆਲ ਲਿਖਦੇ ਹਨ । ਅੰਤ ਵਿੱਚ ਆਪਣਾ ਮੱਤ ਜਦੋਂ ਪੇਸ਼ ਕਰਦੇ ਹਨ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਐਸਾ ਕਿਉਂ ਕੀਤਾ । ਮਿਸਾਲ ਵਜੋਂ :
ਸਲੋਕ ਮ: 1 ॥
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
ਬੰਦੇ ਸੇ ਜਿ ਪਵਰਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥
ਹਿੰਦੁ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥
ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥
ਜੋਗੀ ਸੁੰਨਿ ਧਿਆਵਨ੍ਰਿ ਜੇਤੇ ਅਲਖ ਨਾਮੁ ਕਰਤਾਰੁ ॥
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
ਚੋਰਾ ਸਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭੀ ਕਾਈ ਕਾਰ ॥
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥
Eਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥
ਨਾਨਕ ਭਗਤ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥1॥
ਗੁਰੂ ਨਾਨਕ ਸਾਹਿਬ ਨੇ ਇੰਦਰ, ਪਰਸਰਾਮ, ਅਜੈ, ਰਾਮਚੰਦਰ, ਸੀਤਾ ਤੇ ਪਾਂਡਵਾਂ ਆਦਿ ਦੀਆਂ ਮਿਸਾਲਾਂ ਦੇ ਕੇ ਦੱਸਿਆ ਹੈ ਕਿ ਕੇਵਲ ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਹੀ ਸੰਸਾਰ ਦੇ ਦੁੱਖਾਂ ਅਤੇ ਵਿਕਾਰਾਂ ਉੱਤੇ ਜਿੱਤ ਹਾਸਲ ਹੁੰਦੀ ਹੈ । ਸਿਰਫ਼ ਨਾਮ ਦੀ ਮਹਿਮਾ ਪ੍ਰਗਟਾਉਣ ਲਈ ਹੀ ਇਹ ਮਿਸਾਲਾਂ ਦਿੱਤੀਆਂ ਹਨ ।
ਆਮ ਲੋਕ ਇਨ੍ਹਾਂ ਪਾਤਰਾਂ ਦੀਆਂ ਕਹਾਣੀਆਂ ਨੂੰ ਜਾਣਦੇ ਸਨ । ਇਨ੍ਹਾਂ ਪੁਰਾਣਿਕ ਕਹਾਣੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਮਾਣਿਕਤਾ ਦੇਣ ਦੀ ਕੋਈ ਗੱਲ ਨਹੀਂ ਕੀਤੀ ਕੇਵਲ ਮਿਸਾਲਾਂ ਹੀ ਦਿੱਤੀਆਂ ਹਨ । ਗੁਰੂ ਨਾਨਕ ਸਾਹਿਬ ਦਾ ਇਕ ਬਹੁਤ ਲੰਮਾ ਸਲੋਕ ਹੈ, ਜਿਸ ਵਿੱਚ ਐਸੀਆਂ ਕਈ ਉਦਾਹਰਣਾਂ ਦਿੱਤੀਆਂ ਗਈਆਂ ਹਨ । ਪਰ ਅਸੀਂ ਗਾਉੜੀ ਮਹਲਾ 1 ਗੁਰੂ ਗ੍ਰੰਥ ਸਾਹਿਬ ਅੰਗ 224 ਦੇ ਉਸ ਸਲੋਕ ਵਿੱਚੋਂ ਟੂਕ ਮਾਤਰ ਹੀ ਕੁਝ ਪੰਗਤੀਆਂ ਦਿਆਂਗੇ ।
ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥ ਬੇਦ ਕੀ ਬਿਪਤਿ ਪੜੀ ਪਛੁਤਾਇਆ ॥ ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥1॥ ਐਸਾ ਗਰਬੁ ਬੁਰਾ ਸੰਸਾਰੈ ॥ ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥1॥ ਰਹਾਉ ॥ ਬਲਿ ਰਾਜਾ ਮਾਇਆ ਅਹੰਕਾਰੀ ॥ ਜਗਨ ਕਰੈ ਬਹੁ ਭਾਰ ਅਫਾਰੀ ॥ ਬਿਨੁ ਗੁਰ ਪੂਛੇ ਜਾਇ ਪਇਆਰੀ ॥2॥ ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥ ਬਿਨੁ ਗੁਰ ਅੰਤ ਨ ਪਾਇ ਅਭੇਵੈ ॥ ਆਪਿ ਭੁਲਾਇ ਆਪੇ ਮਤਿ ਦੇਵੈ ॥3॥ ਦੁਰਮਤਿ ਹਰਣਾਖਸ਼ੁ ਦੁਰਾਚਾਰੀ ॥ ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥ ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥4॥ ਭੂਲੋ ਰਾਵਣੁ ਮੁਗਧੁ ਅਚੇਤਿ ॥ ਲੂਟੀ ਲੰਕਾ ਸੀਸ ਸਮੇਤਿ ॥ ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥5॥ ਸਹਸਬਾਹੁ ਮਧੁ ਕੀਟ ਮਹਿਖਾਸਾ ॥ ਹਰਣਾਖਸੁ ਲੇ ਨਖਹੁ ਬਿਧਾਸਾ ॥ ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥6॥
ਅਰਥਾਤ-ਬ੍ਰਹਮਾ ਨੇ ਹੰਕਾਰ ਕੀਤਾ ਅਤੇ ਉਸ ਨੇ ਪ੍ਰਾਬ੍ਰਹਿਮ ਨੂੰ ਨਾ ਸਮਝਿਆ ਅਤੇ ਵੇਦਾਂ ਦੇ ਗੁਆਚਣ ਦੀ ਮੁਸੀਬਤ ਪੈ ਜਾਣ &lsquoਤੇ ਉਸ ਨੇ ਪਸ਼ਚਾਤਾਪ ਕੀਤਾ । ਮੰਦੀ ਅਕਲ ਵਾਲਾ ਹਰਨਾਖਸ਼ ਦੁਸ਼ਟ ਅਮਲ ਕਮਾਉਂਦਾ ਸੀ, ਵਿਆਪਕ ਮਾਲਕ ਪ੍ਰਮਾਤਮਾ ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ, ਪ੍ਰਮਾਤਮਾ ਨੇ ਆਪਣੀ ਮਿਹਰ ਕੀਤੀ ਅਤੇ ਪ੍ਰਹਾਲਦ ਨੂੰ ਬਚਾ ਲਿਆ, ਪ੍ਰਭੂ ਨੇ ਹਜ਼ਾਰਾਂ ਬਾਹਾਂ ਵਾਲਾ ਅਰਜਨ ਅਤੇ ਮਧ ਕੰਟਥ ਤੇ ਮੈਹੇ ਵਰਗਾ ਮਹਿਖਸਵਾਂ ਦੈਂਤ ਮਾਰ ਸੁੱਟੇ । ਵਾਹਿਗੁਰੂ ਨੇ ਹਰਨਾਖਸ਼ ਨੂੰ ਨੌਹਾਂ ਨਾਲ ਪਾੜ ਸੁੱਟਿਆ । ਉਪਰੋਕਤ ਪ੍ਰਚੱਲਤ ਕਹਾਣੀਆਂ ਦੀਆਂ ਮਿਸਾਲਾਂ ਦੇ ਕੇ ਅੰਤ ਵਿੱਚ ਗੁਰੂ ਸਾਹਿਬ ਆਪਣਾ ਵਿਚਾਰ ਪੇਸ਼ ਕਰਦੇ ਹਨ ।
ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥
ਨਾਨਕ ਨਾਮੁ ਮਿਲੈ ਗੁਣ ਗਾਇ ॥
(ਗੁਰੂ ਗ੍ਰੰਥ ਸਾਹਿਬ ਅੰਗ 225)
ਅਰਥਾਤ - ਗੁਰੂ ਦੀ ਕਿਰਪਾ ਤੋਂ ਬਿਨਾਂ ਸਵੈ-ਹੰਗਤਾ ਮੇਸੀ ਨਹੀਂ ਜਾ ਸਕਦੀ ਅਤੇ ਗੁਰੂ ਦੀ ਸਿੱਖ-ਮੱਤ ਦੁਆਰਾ ਹੀ ਈਮਾਨ, ਤਸੱਲੀ ਅਤੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦੇ ਹਨ ।
ਸਿੱਖਿਆ-ਵਿਗਿਆਨ ਦੀ ਇਕ ਪ੍ਰਸਿੱਧ ਧਾਰਨਾ ਹੈ ਜਾਣੇ ਗਿਆਨ ਤੋਂ ਅਨਜਾਣੇ ਗਿਆਨ ਦੀ ਜਾਣਕਾਰੀ ਦੇਣੀ । ਭਾਵ ਇਹ ਕਿ ਸਥੂਲ-ਵਸਤੂ ਤੋਂ ਸੂਖਮ-ਸ਼ਕਲ ਵੱਲ ਜਾਣਾ । ਨਾਮ ਜਪਣ ਦਾ ਸੰਕਲਪ ਇਕ ਸੂਖਮ ਸੰਕਲਪ ਹੈ, ਸੋ ਇਸ ਨੂੰ ਸਮਝਾਉਣ ਲਈ ਸਥੂਲ ਗੱਲਾਂ ਦੀ ਲੋੜ ਸੀ । ਇਸ ਲਈ ਸਥੂਲ ਪੁਰਾਣਿਕ ਗਥਾਵਾਂ ਦੇ ਹਵਾਲੇ ਦੇ ਕੇ ਇਹ ਕਾਰਜ ਸੌਖਾ ਕੀਤਾ ਗਿਆ॥॥ (ਸ੍ਰੀ ਗੁਰੂ ਨਾਨਕ ਪ੍ਰਕਾਸ਼-ਪੂਰਬਾਰਥ, ਪ੍ਰਸਤਾਵਨਾ-ਭਾਗ ਦੂਜਾ)
ਸ। ਹਰਿੰਦਰ ਸਿੰਘ ਮਹਿਬੂਬ ਨੇ ਸਹਿਜੇ ਰਚਿE ਖ਼ਾਲਸਾ ਦੀ ਸ਼ਬਦ ਅਸਗਾਹ ਕਿਤਾਬ ਵਿੱਚ ਉਕਤ ਵਿਸ਼ੇ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਹਿੰਦੂ ਦੇਵਤਿਆਂ ਅਤੇ ਅਵਤਾਰਾਂ ਨਾ Eਹਿ ਮਰਹਿ ਨ ਠਾਗੇ ਜਾਹਿ ਦੀ ਉੱਚ ਪਦਵੀ ਨਹੀਂ ਦਿੰਦੇ । (ਇਸ ਤਰ੍ਹਾਂ ਪਦਵੀ ਤੱਕ ਕੇਵਲ ਗੁਰਮੁਖ, ਬ੍ਰਹਮ ਗਿਆਨੀ, ਸੰਤ ਅਤੇ ਗੁਰੂ ਹੀ ਪਹੁੰਚਦੇ ਹਨ, ਦੇਵਤੇ ਦਾ ਰੁਤਬਾ ਗੁਰਮੁਖ ਤੋਂ ਨੀਵਾਂ ਹੈ) ਹਿੰਦੂ ਨਾਇਕ ਜ਼ਿੰਦਗੀ ਦੇ ਵੱਡੇ ਅਮਲ ਵਿੱਚ ਫਾਤਹ ਦੇ ਤੌਰ ਉੱਤੇ ਪ੍ਰਗਟ ਨਹੀਂ ਹੁੰਦੇ ।
ਕਿਉਂਕਿ ਇਨ੍ਹਾਂ ਦੇ ਖ਼ਾਸ ਅਮਲ ਅਤੇ ਉਨ੍ਹਾਂ ਵਿੱਚੋਂ ਉਪਜਣ ਵਾਲੀਆਂ ਸਜ਼ਾਵਾਂ ਸੰਸਾਰੀ ਤ੍ਰਿਸ਼ਨਾਵਾਂ ਅਤੇ ਹੋਰ ਮਾਨਸਿਕ ਕਮਜ਼ੋਰੀਆਂ ਨਾਲ ਸੰਬੰਧਿਤ ਹਨ । ਰਾਮਕਾਲੀ ਕੀ ਵਾਰ ਮਹਲ ਤੀਜਾ ਵਿੱਚ ਗੁਰੂ ਨਾਨਕ ਸਹਿਬ ਦਾ ਇਹ ਸਲੋਕ ਧਿਆਨਯੋਗ ਹੈ ।
ਸਹੰਸਰ ਦਾਨ ਦੇ ਇੰਦੂ ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥1॥
ਇਸ ਸਲੋਕ ਤੋਂ ਪ੍ਰਗਟ ਹੈ ਕਿ : (1) ਉੱਚੇ ਅਸੂਲ ਨਾਲ ਨਾ ਜੁੜੇ ਹੋਣ ਕਰਕੇ ਹਿੰਦੂ ਦੇਵਤੇ ਅਤੇ ਅਵਤਾਰ ਸੰਸਾਰੀ ਤ੍ਰਿਸ਼ਨਾਵਾਂ ਵਿੱਚ ਗੁਆਚ ਗਏ ਇੰਦਰ ਨੂੰ ਨਾਰੀ ਦੇ ਰੂਪ ਨੇ ਲੁਭਾ ਲਿਆ ਹੈ, ਪਰਸਰਾਮ ਸਹੰਸਬਾਹੂ ਤੋਂ ਪਿਤਾ-ਘਾਤ ਦਾ ਬਦਲਾ ਲੈਂਦਿਆਂ ਲੈਂਦਿਆਂ ਕਸ਼ਤਰੀਆਂ ਦਾ ਸਰਬਨਾਸ਼ ਕਰਨ ਦੇ ਬੇਅਸੂਲੀ ਹਿੰਸਕ ਈਰਖਾ ਵਿੱਚ ਡੁੱਬ ਗਿਆ ਹੈ, ਸ੍ਰੀ ਰਾਮ ਚੰਦਰ ਜੀ ਦੇ ਦਾਦਾ ਰਾਜਾ ਅਜੈ ਨੂੰ ਕੁਹਜੇ ਘੁਮੰਡ ਨੇ ਮਾਰ ਲਿਆ ਹੈ । ਸ਼੍ਰੀ ਰਾਮ ਚੰਦਰ ਬਨਵਾਸ ਦੀ ਪੀੜਾ ਨਾਲ ਬੇਹਾਲ ਹਨ ਅਤੇ ਲਖਮਣ-ਸੀਤਾ ਦੇ ਵਿਛੋੜੇ ਨੂੰ ਸਹਿਣ ਦੀ ਤਾਕਤ ਨਹੀਂ ਰੱਖਦੇ । ਕ੍ਰਿਸ਼ਨ ਜੀ (ਸੁਆਮੀ) ਪਾਂਡਵਾਂ ਦੇ ਸਾਥੀ ਹੋਣ ਦੇ ਬਾਵਜੂਦ ਉਨ੍ਹਾਂ ਉੱਤੇ ਕੌਰਵਾਂ ਵੱਲੋਂ ਢਾਏ ਗਏ ਅਪਮਾਨ ਦੀ ਵੇਦਨਾ ਦੂਰ ਨਹੀਂ ਕਰ ਸਕੇ ਆਦਿ । ਸੰਸਾਰੀ ਤ੍ਰਿਸ਼ਨਾਵਾਂ ਨੇ ਇਨ੍ਹਾਂ ਦੇਵਤਿਆਂ ਅਤੇ ਅਵਤਾਰਾਂ ਕੋਲੋਂ ਮਨਿ ਜੀਤੈ ਜਗੁ ਜੀਤੁ ਦਾ ਰੁਤਬਾ ਵੀ ਖੋਹ ਲਿਆ । ਸਿੱਟੇ ਵਜੋਂ ਇਕ ਐਸੇ ਅਮਲ ਨੇ ਜਨਮ ਲਿਆ, ਜਿਹੜਾ ਕਿ ਜ਼ਿੰਦਗੀ ਵਿੱਚ ਮਹਾਨ ਅਤੇ ਮੂਲੋਂ ਹੀ ਚੜ੍ਹਦੀ ਕਲਾ ਦੀ ਸ਼ਾਨ ਤੋਂ ਸੱਖਣਾ ਸੀ । ਉਹ ਅਮਲ ਐਨਾ ਕੱਚਾ ਤੇ ਕਮਜ਼ੋਰ ਸੀ ਕਿ ਇਹ ਸੁਭਾ ਵਜੋਂ ਰੋਗੀ ਸੀ ਉਪਦੇਸ਼ ਵਜੋਂ ਕਮਜ਼ੋਰ ਤੇ ਦਿੱਖ ਵਜੋਂ ਕਾਇਰ (ਰੋਵਹਿ) ਸੀ ਅਤੇ ਪ੍ਰਾਪਤੀ ਵਜੋਂ ਬੇ-ਫਲ ਸੀ । ਹਿੰਦੂ ਦੇਵਤਿਆਂ ਅਤੇ ਅਵਤਾਰਾਂ ਦੇ ਅਮਲ ਅਉਰੀ ਕਰਮ ਹਨ, ਜਿਨ੍ਹਾਂ ਨੂੰ ਕਿਸੇ ਵੀ ਸ਼ਰਤ ਉੱਤੇ ਅੰਤਮ ਨਿਆਂ ਦੀ ਪਰਖ ਵਿੱਚ ਖੜ੍ਹੇ ਨਹੀਂ ਕੀਤਾ ਜਾ ਸਕਦਾ (ਨਾ ਲੇਖੈ ਲਾਇ) (3) ਅਮਲ ਦੇ ਕਚੇਰੇਪਣ ਨੇ ਇਨ੍ਹਾਂ ਦੇਵਤਿਆਂ ਅਤੇ ਅਵਤਾਰਾਂ ਲਈ ਐਸੀਆਂ ਅਣ-ਆਕਰਸ਼ਿਤ ਸਜ਼ਾਵਾਂ ਤਜਵੀਜ਼ ਕੀਤੀਆਂ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੇਵਲ ਜ਼ਿੰਦਗੀ ਦੇ ਬਹੁਤ ਨਿਗੂਣੇ ਪ੍ਰਸੰਗ ਨਾਲ ਹੀ ਨਿਸਬਤ ਦਿੱਤੀ । ਕਿਰਪਨ (ਕੰਜੂਸ) ਦਾ ਧਨ ਜਾਣ ਉੱਤੇ ਰੋਣਾ ਪਿੱਟਣਾ, ਜਨਮੇ ਜੈ ਦਾ ਕੋੜ੍ਹ, ਅਜੈ ਦਾ ਖੈਰਾਤ ਵਿੱਚ ਦਿੱਤੀ ਲਿੱਦ ਖਾਣਾ । ਇੰਦਰ ਦੇ ਜਿਸਮ ਉੱਤੇ ਹਜ਼ਾਰਾਂ ਭਗਾਂ ਦੇ ਨਿਸ਼ਾਨ ਪੈਣੇ, ਬਾਲੀ ਦਾ ਪਤੀ ਲਈ ਤਰਸੇਵਾਂ ਆਦਿ ਸਜ਼ਾਵਾਂ, ਮਹਾਨ ਅਮਲ ਦੇ ਪ੍ਰਸੰਗ ਨੂੰ ਪ੍ਰਗਟ ਨਹੀਂ ਕਰਦੀਆਂ, ਸਗੋਂ ਕਮਜ਼ੋਰ ਬਿਰਤੀ ਨੂੰ ਬਿਆਨ ਕਰਦੀਆਂ ਹਨ । (4) ਜ਼ਿੰਦਗੀ ਦੀਆਂ ਸਾਧਾਰਨ ਸਜ਼ਾਵਾਂ ਨਾਲ ਦੇਵਤਿਆਂ ਅਤੇ ਅਵਤਾਰਾਂ ਦੀਆਂ ਕਮਜ਼ੋਰੀਆਂ ਅਤੇ ਕਾਇਰਤਾਵਾਂ ਦਾ ਪ੍ਰਸੰਗ ਆਉਣਾ ਸਾਬਤ ਕਰਦਾ ਹੈ ਕਿ ਇਨ੍ਹਾਂ ਨੂੰ ਅਕਾਲ ਪੁਰਖ ਦੀ ਉਹ ਬਖਸ਼ਿਸ਼ (ਮੰਨੇ ਨਾਉਂ) ਨਹੀਂ ਮਿਲੀ, ਜਿਹੜੀ ਕਿ ਮਨੁੱਖੀ ਹੋਂਦ ਨੂੰ ਸਰਬੋਤਮ ਜਿੱਤ ਦੀ ਆਭਾ ਪ੍ਰਦਾਨ ਕਰਦੀ ਹੈ । ਸੋ ਇਹ ਅਵਤਾਰ ਅਤੇ ਦੇਵਤੇ ਜਿਨ੍ਹਾਂ ਨਾਵਾਂ ਥਾਵਾਂ ਅਤੇ ਕੀਮਤਾਂ ਦੀ ਪ੍ਰਦਰਸ਼ਨੀ ਕਰਦੇ ਹਨ ਉਨ੍ਹਾਂ ਨੂੰ ਸਦੀਵੀ ਅਟੱਲ ਨਹੀਂ ਸਗੋਂ ਕੇਵਲ ਹਿੰਦੂ ਮਿੱਥਿਹਾਸ ਗਥਾਵਾਂ ਹਨ । (ਹਵਾਲਾ-ਸਹਿਜੇ ਰਚਿE ਖ਼ਾਲਸਾ ਅਧਿਆਏ ਸ਼ਬਦ ਅਸਗਾਹ)
ਇਨ੍ਹਾਂ ਹਿੰਦੂ ਗਥਾਵਾਂ ਨੂੰ ਗੁਰੂ ਸਾਹਿਬ ਨੇ ਪ੍ਰਮਾਣਿਕਤਾ ਦੇਣ ਦੀ ਕੋਈ ਗੱਲ ਨਹੀਂ ਕੀਤੀ, ਕੇਵਲ ਗੁਰਮਤਿ ਦ੍ਰਿੜ੍ਹ ਕਰਾਉਣ ਲਈ ਮਿਸਾਲਾਂ ਹੀ ਦਿੱਤੀਆਂ ਹਨ । ਹਿੰਦੂ ਮਿੱਥਿਹਾਸਕ ਹਵਾਲਿਆਂ ਦਾ ਸਿੱਖ ਧਰਮ ਦੇ ਸਿਧਾਂਤ ਨਾਲ ਕੋਈ ਸਰੋਕਾਰ ਨਹੀਂ ਹੈ । ਸਿਧਾਂਤ ਸਿੱਖੀ ਦੀ ਆਤਮਾ ਹਨ । ਸਿੱਖ ਸਿਧਾਂਤਾਂ ਦੀ ਰੱਖਿਆ ਕਰਕੇ ਹੀ ਸਿੱਖ ਧਰਮ, ਸਿੱਖ ਕੌਮ ਦੀ ਹੋਂਦ ਹਸਤੀ ਅਤੇ ਨਿਆਰੇਪਣ ਨੂੰ ਬਚਾਇਆ ਜਾ ਸਕਦਾ ਹੈ । ਇਥੇ ਇਕ ਹੋਰ ਤੱਥ ਵੀ ਵਰਨਣ ਯੋਗ ਹੈ ਕਿ ਇਤਿਹਾਸ ਨੇ ਸਿੱਖ ਸਿਧਾਂਤ ਨਹੀਂ ਸਿਰਜੇ, ਸਗੋਂ ਸਿੱਖ ਸਿਧਾਂਤਾਂ ਨੇ ਇਤਿਹਾਸ ਸਿਰਜਿਆ ਹੈ । ਗੁਰੂ ਗ੍ਰੰਥ ਨਾਨਕ ਨਿਰਮਲ ਪੰਥ ਦਾ ਸਿਧਾਂਤ ਹੈ ਅਤੇ ਗੁਰੂ ਪੰਥ ਇਸ ਸਿਧਾਂਤ ਦਾ ਪ੍ਰਤੱਖ ਅਮਲ । Eਪਰੀ ਨਜ਼ਰੇ ਦੋ ਪ੍ਰਤੀਤ ਹੁੰਦੇ ਹਨ ਪਰ ਹੈਨ ਇਕ । ਜਿਵੇਂ ਆਮ ਆਦਮੀ ਵਾਸਤੇ ਗੁਰੂਆਂ ਦੀ ਗਿਣਤੀ ਦੱਸ ਹੈ ਪਰ ਗੁਰਮਤਿ ਸਿਧਾਂਤ ਅਨੁਸਾਰ ਗੁਰੂ ਕੇਵਲ ਇਕ ਹੀ ਹੈ ਤੇ ਉਹ ਹੈ ਗੁਰੂ ਨਾਨਕ ਜੋਤਿ ।
-ਜਥੇਦਾਰ ਮਹਿੰਦਰ ਸਿੰਘ ਯੂ।ਕੇ।