ਮਿਸ ਕਿਰਨ ਕੌਰ ਬਨਵੈਤ ਬਣੀ ਮਿਸ ਪੰਜਾਬਣ ਅਸਟਰੀਆ ਤੇ ਬੰਦਨਾ ਸ਼ਰਮਾ ਸਿਰ ਸਜਿਆ ਮਿਸੇਜ ਪੰਜਾਬਣ ਦਾ ਤਾਜ
ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਸਿੰਘ ਡਿਜੀਟਲ ਮੀਡੀਆ ਹਾਊਸ ਵਲੋਂ ਆਵਾਜ ਅਸਟਰੀਆ ਦੀ ਸੰਸਥਾ ਦੇ ਸਹਿਯੋਗ ਨਾਲ ਵਿਆਨਾ ਵਿਖੇ ਮਿਸ ਪੰਜਾਬਣ ਅਤੇ ਮਿਸੇਜ ਪੰਜਾਬਣ ਅਸਟਰੀਆ 2024 ਚੁਨਣ ਲਈ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਅਸਟਰੀਆ ਦੇ ਵੱਖ ਵੱਖ ਸ਼ਹਿਰਾਂ ਤੋ ਪੰਜਾਬਣਾਂ ਨੇ ਭਾਗ ਲਿਆ। ਸਿੰਘ ਡਿਜੀਟਲ ਮੀਡੀਆ ਹਾਊਸ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਵੱਖ ਵੱਖ ਗੇੜਾਂ ਦੇ ਪ੍ਰਦਰਸ਼ਨ ਤੋਂ ਬਾਅਦ ਜੱਜਾਂ ਵਲੋਂ ਕਿਰਨ ਕੌਰ ਬਨਵੈਤ ਨੂੰ ਮਿਸ ਪੰਜਾਬਣ ਅਸਟਰੀਆ 2024 ਜਦਕਿ ਮਿਸੇਜ ਬੰਦਨਾ ਸ਼ਰਮਾ ਨੂੰ ਮਿਸੇਜ ਪੰਜਾਬਣ ਅਸਟਰੀਆ ਚੁਣਿਆ ਗਿਆ। ਇਹ ਦੋਵੇਂ ਅਪਰੈਲ 2024 ਵਿੱਚ ਇਟਲੀ ਦੇ ਕਿੰਗ ਪੈਲੇਸ ਕਰੇਮੋਨਾ ਵਿਖੇ ਕਰਵਾਏ ਜਾ ਰਹੇ ਗਰੈਂਡ ਫਾਈਨਲ ਮੁਕਾਬਲੇ ਵਿੱਚ ਅਸਟਰੀਆ ਵਲੋਂ ਭਾਗ ਲੈਣਗੀਆਂ। ਇਸ ਮੁਕਾਬਲੇ ਦੌਰਾਨ ਸਰਬਜੀਤ ਸਿੰਘ ਢੱਕ ਵਲੋਂ ਮੰਚ ਸੰਚਾਲਨ ਕੀਤਾ ਗਿਆ ਜਦਕਿ ਉੱਘੀ ਗਾਇਕਾ ਮਨਦੀਪ ਮਾਸ਼ੀਵਾੜਾ ਵਲੋਂ ਆਪਣੇ ਹਿੱਟ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਸੰਸਥਾ ਦੀ ਪ੍ਰਧਾਨ ਸਿਮਰਨ ਗਰੇਵਾਲ ਅਤੇ ਇਕਬਾਲ ਖੇਲਾ ਵਲੋਂ ਮੁਕਾਬਲੇ ਲਈ ਸ਼ਿਰਕਤ ਕਰਨ ਵਾਲੀਆਂ ਸਮੂਹ ਪੰਜਾਬਣਾਂ ਅਤੇ ਅਸਟਰੀਆ ਦੇ ਪੰਜਾਬੀ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ।