ਝੂਠ ਦੇ ਮਹਿਲ ਉਸਾਰਨ ਵਾਲੀ ਭਾਜਪਾ ਨੂੰ ਦੂਰੋਂ ਸਲਾਮ: ਸਿੱਧੂ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਸਰਕਾਰ ਕੇਂਦਰ ਵਿੱਚ ਬੈਠ ਕੇ ਸਾਰੇ ਦੇਸ਼ ਵਿੱਚ ਝੂਠ ਦੇ ਮਹਿਲ ਉਸਾਰ ਰਹੀ ਹੈ ਅਤੇ ਉੱਥੇ ਉਨ੍ਹਾਂ ਵਰਗੇ ਖਰੀਆਂ-ਖਰੀਆਂ ਕਹਿਣ ਵਾਲੇ ਬੰਦੇ ਦੀ ਕੋਈ ਵੁੱਕਤ ਨਹੀਂ ਹੈ। ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਕਦੇ ਨਹੀਂ ਛੱਡਣਗੇ ਤੇ ਨਾ ਹੀ ਝੂਠ ਬੋਲਣ ਵਾਲੀ ਭਾਜਪਾ ਨੂੰ ਮੂੰਹ ਲਾਉਣਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਉਨ੍ਹਾਂ ਦੇ ਸਵਾਲ ਸਦਾ ਖੜ੍ਹੇ ਰਹਿਣਗੇ ਕਿ ਉਨ੍ਹਾਂ ਹਰ ਭਾਰਤ ਵਾਸੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾਉਣ ਦਾ ਝੂਠ ਕਿਉਂ ਫੈਲਾਇਆ, ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇੇੇਣ ਦਾ ਝੂਠਾ ਵਾਅਦਾ ਕਿਉਂ ਕੀਤਾ ਤੇ ਕਾਲਾ ਧਨ ਲਿਆਉਣ ਦਾ ਵਾਅਦਾ ਕਰਕੇ ਦੇਸ਼ ਨਾਲ ਧੋਖਾ ਕਿਉਂ ਕੀਤਾ। ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਖਾਰਜ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਭਗਵੰਤ ਸਿੰਘ ਨੇ ਕਾਂਗਰਸ ਨੂੰ ਹੀ ਪਿਆਰ ਕੀਤਾ ਜੋ ਉਨ੍ਹਾਂ ਦੇ ਆਦਰਸ਼ ਹਨ ਕਿਉਂਕਿ ਸਿਰਫ਼ ਕਾਂਗਰਸ ਦੀ ਵਿਚਾਰਧਾਰਾ ਹੀ ਦੇਸ਼ ਨੂੰ ਏਕੇ ਵਿੱਚ ਰੱਖ ਸਕਦੀ ਹੈ, ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਦਾ ਦਰ ਕਦੇ ਨਹੀਂ ਖੜਕਾਉਣਗੇ। 11 ਫਰਵਰੀ ਦੀ ਰੈਲੀ ਬਾਰੇ ਪੁੱਛੇ ਜਾਣ &rsquoਤੇ ਉਨ੍ਹਾਂ ਕਿਹਾ ਕਿ ਉਹ ਰੈਲੀ ਵਿੱਚ ਬਿਨਾਂ ਬੁਲਾਏ ਨਹੀਂ ਜਾਣਗੇ ਪਰ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਦਾ ਸਵਾਗਤ ਅੱਖਾਂ ਵਿਛਾ ਕੇ ਕਰਨਗੇ। ਸਿੱਧੂ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਹੁੰਦਿਆਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੇਬਲ ਮਾਫ਼ੀਆ, ਰੇਤ ਮਾਫ਼ੀਆ ਸਮੇਤ ਕਈ ਫਾਈਲਾਂ ਤਿਆਰ ਕਰਕੇ ਦਿੱਤੀਆਂ ਸਨ, ਪਰ ਕਿਸੇ ਫਾਈਲ &rsquoਤੇ ਗੌਰ ਨਾ ਕੀਤਾ ਗਿਆ ਤੇ ਅਖੀਰ ਉਨ੍ਹਾਂ ਨੂੰ ਬੁਲਾ ਕੇ ਕੈਪਟਨ ਅਮਰਿੰਦਰ ਨੇ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਆਖੀ ਸੀ, ਜਿਸ ਨੂੰ ਉਨ੍ਹਾਂ ਠੁਕਰਾ ਦਿੱਤੀ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਮੁਆਫ਼ ਨਹੀਂ ਕੀਤਾ, ਪਰ ਆਪਣੇ ਅੰਦਰੋਂ ਉਸ ਵਿਰੁੱਧ ਵੈਰ ਕੱਢ ਦਿੱਤਾ ਹੈ। ਜੇਕਰ ਮਜੀਠੀਆ ਮੁੜ ਪੰਜਾਬ ਦੇ ਵਿਰੋਧ ਵਿੱਚ ਬੋਲੇਗਾ ਤਾਂ ਉਹ ਮੁੜ ਉਸ ਦਾ ਵਿਰੋਧ ਕਰਨਗੇ।