image caption: -ਰਜਿੰਦਰ ਸਿੰਘ ਪੁਰੇਵਾਲ

ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦੀ ਰਿਹਾਈ ਦਾ ਮਾਮਲਾ

ਵਾਰਿਸ ਪੰਜਾਬ ਦੇ&rsquo ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਮੇਤ ਇਸ ਦੇ 10 ਮੈਂਬਰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ| ਇਨ੍ਹਾਂ ਵਿਅਕਤੀਆਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਰਾਸੁਕਾ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਹ ਪਿਛਲੇ ਸਾਲ ਤੋਂ ਇਸ ਜੇਲ੍ਹ ਵਿਚ ਬੰਦ ਹਨ| ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਨਜ਼ਰਬੰਦਾਂ ਤੇ ਉਨ੍ਹਾਂ ਦੇ ਮਾਪਿਆਂ ਤੇ ਪਰਿਵਾਰਾਂ ਵਲੋਂ ਭੁੱਖ ਹੜਤਾਲਾਂ ਦੇ ਮਾਮਲਿਆਂ ਸੰਬੰਧੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਗਠਿਤ ਪੰਜ ਮੈਂਬਰੀ ਸਬ-ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਸਲੇ ਦੇ ਹੱਲ ਲਈ ਗੱਲਬਾਤ ਕਰਨ ਹਿਤ 13 ਮਾਰਚ ਤੱਕ ਮੁਲਾਕਾਤ ਲਈ ਸਮਾਂ ਦੇਣ ਦੀ ਮੰਗ ਕੀਤੀ ਸੀ| ਪਰ ਮੁਖ ਮੰਤਰੀ ਵਲੋਂ ਕੋਈ ਹੁੰਗਾਰਾ ਨਹੀਂ ਦਿਤਾ ਗਿਆ| ਡਿਬਰੂਗੜ ਵਾਲੇ ਅੰਮ੍ਰਿਤ ਪਾਲ ਸਿੰਘ ਸਮੇਤ ਸਿਖ ਬੰਦੀਆਂ ਦੇ ਮੁੱਦੇ ਦਾ ਸਿਧਾ ਸਬੰਧ ਕੇੰਦਰੀ ਗ੍ਹਹਿ ਮੰਤਰੀ ਨਾਲ ਹੈ| ਅਕਾਲ ਤਖਤ ਦੇ ਜਥੇਦਾਰ  ਨੇ ਜਿਹੜੀ ਪੰਜ ਮੈਂਬਰੀ ਕਮੇਟੀ ਬਣਵਾਈ ਹੈ ਉਹ ਮਹਿਜ਼ ਖਾਨਾ ਪੂਰਤੀ ਵਾਲੀ ਭੂਮਿਕਾ ਨਿਭਾ ਰਹੀ ਹੈ|  ਅਕਾਲੀ ਲੀਡਰਸ਼ਿਪ ਨੂੰ ਸਿਧੀ ਗ੍ਰਹਿ ਮੰਤਰੀ ਨਾਲ ਗਲ ਕਰਨੀ ਚਾਹੀਦੀ ਸੀ| ਇਹ ਵਤੀਰਾ ਉਸ ਅਮਲ ਦਾ ਹੀ ਦੁਹਰਾ ਹੈ ਜੋ ਅਕਾਲੀ ਦਲ ਨੇ ਭਾਰਤ ਸਰਕਾਰ ਦੇ ਦਰਬਾਰ ਸਾਹਿਬ ਹਮਲੇ  ਸਮੇਂ 1984 ਵਿਚ ਧਾਰਨ ਕੀਤਾ ਸੀ| ਹੁਣ ਇਨ੍ਹਾਂ ਦੀ ਕਮੇਟੀ ਪੰਜਾਬ ਦੇ ਮੁਖ ਮੰਤਰੀ ਨੂੰ ਮਿਲਣ ਲਈ ਰਸਮੀ ਚਿਠੀਆਂ ਲਿਖ  ਰਹੀ ਹੈ| ਮੁਖ ਮੰਤਰੀ ਭਗਵੰਤ ਮਾਨ ਨੇ ਜਵਾਬ ਤਾਂ ਕੀ  ਦੇਣਾ ਸੀ ਉਹ ਇਹ ਦੋ ਹਰਫ ਵੀ ਨਹੀੰ ਲਿਖ ਰਿਹਾ ਕਿ  ਮੈਨੂੰ ਤੁਹਾਡਾ ਬੇਨਤੀ ਪੱਤਰ ਮਿਲ ਗਿਆ ਹੈ| ਆਪਣੇ ਵਲੋੰ ਕਮੇਟੀ ਨਿਯੁਕਤ ਕਰਨ ਵਾਲੇ ਰਾਜਸੀ ਅਣਗਹਿਲੀ ਤੋੰ ਕੰਮ ਲੈ ਰਹੇ ਹਨ ਪਰ ਇਸ ਹਲਕੀ ਮੁਹਿੰਮ ਰਾਹੀੰ ਅਕਾਲ ਤਖਤ ਦੇ ਵਡੇ  ਰੁਤਬੇ ਦੀ ਭਰਪੂਰ ਹੇਠੀ ਹੋ ਰਹੀ ਹੈ| ਨਹੀਂ ਤਾਂ ਸਾਧਾਰਨ ਤੌਰ ਤੇ ਕੀ ਭਗਵੰਤ ਮਾਨ ਨੂੰ ਅਕਾਲ ਤਖਤ ਦੀ ਕਮੇਟੀ ਦੀਆਂ ਚਿਠੀਆਂ ਨੂੰ ਅਖੋਂ ਪਰੋਖੇ ਕਰਨ ਦੀ ਜੁਰਅਤ ਹੋ ਸਕਦੀ ਸੀ? ਇਸ ਦੇ ਅਰਥ ਇਹ ਵੀ ਹਨ ਕਿ ਭਗਵੰਤ ਮਾਨ  ਸਿਖ ਪੰਥ ਤੇ ਜਥੇਦਾਰ ਅਕਾਲ ਤਖਤ ਨੂੰ ਟਿਚ ਜਾਣ ਰਿਹਾ ਹੈ| ਇਸ ਸਬੰਧੀ ਅਕਾਲੀ ਦਲ ਤੇ ਸਿਖ ਜਗਤ ਨੂੰ ਸਖਤ ਨੋਟਿਸ ਲੈਣ ਦੀ ਲੋੜ ਹੈ|
ਪੰਜਾਬ ਵਿਚ ਸ਼ਰਾਬ ਦੀ ਵਧ ਰਹੀ ਵਿੱਕਰੀ ਵੀ ਚਿੰਤਾਜਨਕ 
ਪੰਜਾਬ ਵਿਚ ਪਿਛਲੇ ਸਾਲਾਂ ਤੋਂ ਸ਼ਰਾਬ ਦੀ ਵਿੱਕਰੀ ਚ ਲਗਾਤਾਰ ਵਾਧਾ ਹੋਣ ਕਰਕੇ ਚਾਹੇ ਸਰਕਾਰਾਂ ਦੀ ਪਿਛਲੇ 6 ਸਾਲਾਂ ਵਿਚ ਆਮਦਨ ਦੁੱਗਣੀ ਹੋ ਗਈ ਹੈ ਪਰ ਸ਼ਰਾਬ ਦੀ ਲਗਾਤਾਰ ਵਧ ਰਹੀ ਸ਼ਰਾਬ ਦੀ ਵਿੱਕਰੀ ਵੀ ਚਿੰਤਾਜਨਕ ਕਹੀ ਜਾ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਰਾਜ ਨੂੰ ਪੂਰੀ ਤਰ੍ਹਾਂ ਨਾਲ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸ਼ਰਾਬ ਦੀ ਲਗਾਤਾਰ ਵਧ ਰਹੀ ਖਪਤ ਵੀ ਇਸ ਤਰ੍ਹਾਂ ਦੀ ਮੁਹਿੰਮ ਵਿਚ ਰੁਕਾਵਟਾਂ ਪਾਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਕਦੇ ਛੁਪੀਆਂ ਹੋਈਆਂ ਥਾਵਾਂ ਤੇ ਬਣੇ ਸ਼ਰਾਬ ਦੇ ਠੇਕੇ ਹੁਣ ਗਲੀਆਂ, ਮੁਹੱਲਿਆਂ ਚ ਨਜ਼ਰ ਆਉਣ ਲੱਗ ਪਏ ਹਨ ਜਿਸ ਕਰ ਕੇ ਸ਼ਰਾਬ ਦੀ ਰਿਕਾਰਡ ਖਪਤ ਵਧ ਰਹੀ ਹੈ| ਆਪ ਸਰਕਾਰ ਦੀ ਪਿਛਲੀ ਸ਼ਰਾਬ ਨੀਤੀ ਵਿਚ ਤਾਂ ਸ਼ਰਾਬ ਦੀਆਂ ਹੋਰ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ| ਇਕ ਜਾਣਕਾਰੀ ਮੁਤਾਬਿਕ ਹਰ ਸਾਲ 5 ਲੱਖ ਤੋਂ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਦੀ ਖਪਤ ਵਧ ਰਹੀ ਹੈ | ਪੰਜਾਬ ਵਿਚ ਲਗਾਤਾਰ ਵਧ ਰਹੀ ਸ਼ਰਾਬ ਦੀ ਖਪਤ ਕਰਕੇ ਹੀ ਪਿਛਲੇ 6 ਸਾਲਾਂ ਵਿਚ ਹੁਣ ਸ਼ਰਾਬ ਤੋਂ 10 ਹਜ਼ਾਰ ਕਰੋੜ ਰੁਪਏ ਆਮਦਨ ਆਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਜਿਸ ਤਰ੍ਹਾਂ ਨਾਲ ਸ਼ਰਾਬ ਦੀ ਖਪਤ ਵਧ ਰਹੀ ਹੈ ਅਤੇ ਮਾਲੀਏ ਵਿਚ ਵਾਧਾ ਕਰਨ ਤੋਂ ਇਲਾਵਾ ਡਿਊਟੀਆਂ ਵਿਚ ਵਾਧਾ ਕੀਤਾ ਗਿਆ ਹੈ, ਉਸ ਨਾਲ ਸ਼ਰਾਬ ਦੇ ਹੋਰ ਮਹਿੰਗੀ ਹੋਣ ਨਾਲ ਐਕਸਾਈਜ਼ ਵਿਭਾਗ ਨੂੰ 10 ਹਜ਼ਾਰ ਕਰੋੜ ਰੁਪਏ ਦੀ ਆਮਦਨ ਵੀ ਆਸਾਨੀ ਨਾਲ ਮਿਲ ਜਾਵੇਗੀ| ਪੰਜਾਬ ਚ ਹਰ ਸਾਲ ਲੱਖਾਂ ਸ਼ਰਾਬ ਦੀਆਂ ਬੋਤਲਾਂ ਦੀ ਖਪਤ ਸਰਕਾਰੀ ਠੇਕਿਆਂ ਤੇ ਹੀ ਨਹੀਂ ਵਧ ਰਹੀ ਹੈ, ਸਗੋਂ ਦੂਜੇ ਪਾਸੇ ਦਰਿਆਵਾਂ ਦੇ ਕੰਢੇ ਕੱਢੀ ਜਾਂਦੀ ਸ਼ਰਾਬ ਅਤੇ ਦੂਜੇ ਕੁੱਝ ਰਾਜਾਂ ਤੋਂ ਆਉਂਦੀ ਨਾਜਾਇਜ਼ ਸ਼ਰਾਬ ਦੀ ਆਮਦ ਕਰਕੇ ਤਾਂ ਇਹ ਗਿਣਤੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ| ਇਕ ਜਾਣਕਾਰੀ ਮੁਤਾਬਿਕ ਸਾਲ 2021-22 ਵਿਚ ਅੰਗਰੇਜ਼ੀ, ਦੇਸੀ ਸ਼ਰਾਬ ਅਤੇ ਬੀਅਰ ਦੀਆਂ 27 ਕਰੋੜ ਬੋਤਲਾਂ ਤੋਂ ਜ਼ਿਆਦਾ ਖਪਤ ਹੋਈ ਸੀ | ਇਸ ਵਿਚ ਨਾਜਾਇਜ਼ ਸ਼ਰਾਬ ਦੀ ਖਪਤ ਸ਼ਾਮਿਲ ਨਹੀਂ ਹੈ ਜਿਹੜੀ ਕਿ ਕਈ ਵਾਰ ਫੜੀ ਵੀ ਜਾਂਦੀ ਰਹੀ ਹੈ| ਇਸ ਵੇਲੇ ਗੁਜਰਾਤ, ਮਣੀਪੁਰ, ਮਿਜ਼ੋਰਮ, ਬਿਹਾਰ, ਨਾਗਾਲੈਂਡ, ਕੇਂਦਰ ਸ਼ਾਸਤ ਪ੍ਰਦੇਸ਼, ਲਕਸ਼ਦੀਪ ਵਿੱਚ ਪੂਰਨ ਸ਼ਰਾਬਬੰਦੀ ਹੈ, ਪਰ ਦੂਜੇ ਪਾਸੇ ਪੰਜਾਬ ਵਿੱਚ ਸ਼ਰਾਬ ਦੀ ਖਪਤ ਦੇਸ਼ ਦੀ ਔਸਤ ਤੋਂ ਡੇਢ ਗੁਣਾਂ ਵੱਧ ਹੈ ਅਤੇ ਇਸਦੇ ਮਾਰੂ ਅਤੇ ਖਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ| ਸ਼ਰਾਬ ਕਾਰਨ ਸਾਡੀ ਬੌਧਿਕ ਜ਼ਮੀਨ ਬੰਜਰ ਹੋ ਰਹੀ ਹੈ| ਪੰਜਾਬ ਸਰਕਾਰ ਇਸ ਪਾਸੇ ਧਿਆਨ ਦੇਵੇ| ਸ਼ਰਾਬ ਤੋਂ ਆਮਦਨ ਵਧਾਉਣ ਦੀ ਥਾਂ ਹੋਰ ਜਰੀਆ ਭਾਲੇ|
ਹਰਦੀਪ ਨਿੱਝਰ ਦੀ ਕੈਨੇਡਾ &rsquoਚ ਕਤਲ ਦੀ ਵੀਡੀਓ ਤੇ ਇਨਸਾਫ ਦਾ ਮਾਮਲਾ
ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕਥਿਤ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਨਿੱਝਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਮਾਰਦੇ ਹੋਏ ਦਿਖਾਇਆ ਗਿਆ ਹੈ, ਜਿਸ ਨੂੰ ਕਾਂਟਰੈਕਟ ਕਿਲਿੰਗ ਦੱਸਿਆ ਗਿਆ ਹੈ| ਕੈਨੇਡਾ ਸਥਿਤ ਸੀ.ਬੀ.ਸੀ. ਨਿਊਜ਼ ਨੇ ਇਹ ਰਿਪੋਰਟ ਦਿੱਤੀ ਸੀ| ਨਿੱਝਰ, ਜਿਸ ਨੂੰ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ 2020 ਵਿੱਚ ਇੱਕ ਖਾੜਕੂ ਨਾਮਜ਼ਦ ਕੀਤਾ ਗਿਆ ਸੀ, ਨੂੰ 18 ਜੂਨ 2023 ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਤੋਂ ਬਾਹਰ ਆਉਣ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ|
ਸੀ.ਬੀ.ਸੀ. ਨਿਊਜ਼ ਮੁਤਾਬਕ ਵੀਡੀਓ ਦਿ ਫਿਫਥ ਅਸਟੇਟ ਵੱਲੋਂ ਪ੍ਰਾਪਤ ਕੀਤੀ ਗਈ ਹੈ ਅਤੇ ਇੱਕ ਤੋਂ ਵੱਧ ਸਰੋਤਾਂ ਵੱਲੋਂ ਸੁਤੰਤਰ ਤੌਰ ਤੇ ਪੁਸ਼ਟੀ ਕੀਤੀ ਗਈ ਹੈ| ਇਸ ਹਮਲੇ ਵਿਚ 6 ਦੋਸ਼ੀ ਅਤੇ 2 ਵਾਹਨ ਸ਼ਾਮਲ ਸਨ| ਵੀਡੀਓ ਵਿੱਚ ਨਿੱਝਰ ਆਪਣੇ ਸਲੇਟੀ ਰੰਗ ਦੇ ਡੌਜ ਰੈਮ ਪਿਕਅੱਪ ਟਰੱਕ ਵਿੱਚ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ| ਇਸ ਦੌਰਾਨ ਇੱਕ ਚਿੱਟੇ ਰੰਗ ਦੀ ਸੇਡਾਨ ਉਸਦੇ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਨਿੱਝਰ ਆਪਣਾ ਪਿਕਅੱਪ ਟਰੱਕ ਰੋਕ ਲੈਂਦਾ ਹੈ| ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਫਿਰ 2 ਲੋਕ ਦੌੜਦੇ ਹਨ ਅਤੇ ਸਿਲਵਰ ਰੰਗ ਦੀ ਟੋਇਟਾ ਕੈਮਰੀ ਵਿੱਚ ਭੱਜਣ ਤੋਂ ਪਹਿਲਾਂ ਨਿੱਝਰ ਨੂੰ ਗੋਲੀਆਂ ਮਾਰ ਦਿੰਦੇ ਹਨ|
ਦੋ ਗਵਾਹ, ਜੋ ਘਟਨਾ ਦੇ ਸਮੇਂ ਨੇੜੇ ਦੇ ਇੱਕ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ, ਨੇ ਖੁਲਾਸਾ ਕੀਤਾ ਕਿ ਉਹ ਉਸ ਜਗ੍ਹਾ ਵੱਲ ਭੱਜੇ, ਜਿੱਥੋਂ ਗੋਲੀਆਂ ਦੀ ਆਵਾਜ਼ ਆਈ ਸੀ ਅਤੇ ਉਨ੍ਹਾਂ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ| ਇੱਕ ਗਵਾਹ ਭੁਪਿੰਦਰਜੀਤ ਸਿੰਘ ਸਿੱਧੂ ਨੇ ਦਿ ਫਿਫਥ ਅਸਟੇਟ ਨੂੰ ਦੱਸਿਆ, ਅਸੀਂ ਉਨ੍ਹਾਂ ਦੋ ਵਿਅਕਤੀਆਂ ਨੂੰ ਭੱਜਦੇ ਦੇਖਿਆ| ਅਸੀਂ ਉਸ ਪਾਸੇ ਭੱਜਣ ਲੱਗੇ... ਜਿੱਥੋਂ ਆਵਾਜ਼ ਆ ਰਹੀ ਸੀ| ਫਿਰ ਉਸ ਨੇ ਆਪਣੇ ਦੋਸਤ ਮਲਕੀਤ ਸਿੰਘ ਨੂੰ ਕਿਹਾ ਕਿ ਉਹ ਪੈਦਲ ਜਾ ਰਹੇ ਦੋ ਲੋਕਾਂ ਦਾ ਪਿੱਛਾ ਕਰੇ, ਜਦੋਂਕਿ ਉਹ ਨਿੱਝਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ| ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋਵਾਂ ਵਿਅਕਤੀਆਂ ਦਾ ਉਦੋਂ ਤੱਕ ਪਿੱਛਾ ਕੀਤਾ ਜਦੋਂ ਤੱਕ ਉਹ ਟੋਇਟਾ ਕੈਮਰੀ ਵਿੱਚ ਨਹੀਂ ਚੜ੍ਹ ਗਏ| ਸਿੰਘ ਨੇ ਕਿਹਾ, ਇੱਕ ਕਾਰ ਆਈ ਅਤੇ ਉਹ ਉਸ ਵਿੱਚ ਚੜ੍ਹ ਗਏ| ਉਸ ਕਾਰ ਵਿੱਚ 3 ਹੋਰ ਲੋਕ ਬੈਠੇ ਸਨ|
ਇਸ ਦੌਰਾਨ, ਲਗਭਗ 9 ਮਹੀਨੇ ਬਾਅਦ ਵੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਨੇ ਅਜੇ ਤੱਕ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਸ਼ੱਕੀ ਵਿਅਕਤੀਆਂ ਦੇ ਨਾਮ ਜਾਂ ਗ੍ਰਿਫ਼ਤਾਰੀਆਂ ਨਹੀਂ ਕੀਤੀਆਂ ਹਨ| ਨਿੱਝਰ ਦੀ ਮੌਤ ਨਾਲ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਵੀ ਪੈਦਾ ਹੋਇਆ| ਪਿਛਲੇ ਸਾਲ ਸਤੰਬਰ ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ ਤੇ ਨਿੱਝਰ ਦੇ ਕਤਲ ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ| ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਸੀ| ਭਾਰਤੀ ਵਿਦੇਸ਼ ਮੰਤਰਾਲਾ ਅਨੁਸਾਰ, ਕੈਨੇਡਾ ਇਸ ਕਤਲੇਆਮ &rsquoਤੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਹੈ|
ਕੈਨੇਡਾ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਬਾਰੇ ਆਪਣੀ ਕਾਰਵਾਈ ਤੇਜ ਕਰੇ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਏ| ਕੈਨੇਡਾ ਦੀ ਜਾਂਚ ਤੋਂ ਹਾਲੇ ਤਕ ਕੋਈ ਉਸਾਰੂ ਸਿਟਾ ਨਹੀਂ ਨਿਕਲਿਆ|
-ਰਜਿੰਦਰ ਸਿੰਘ ਪੁਰੇਵਾਲ