image caption:

ਗੁਰਦੁਆਰਾ ਸਿੰਘ ਸਭਾ,ਨੋਵੇਲਾਰਾ,ਰੇਜੋ ਇਮੀਲੀਆ,ਇਟਲੀ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 13 ਅਪ੍ਰੈਲ 2024 ਨੂੰ

  ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਦੁਨੀਆ ਨੂੰ ਉਸ ਵੇਲੇ ਇੱਕ ਅਦਭੁਤ ਕਲਾ ਵਰਤਾਉਂਦੇ ਹੋਏ ਚਕਾਚੌਧ ਕਰ ਦਿੱਤਾ ਸੀ। ਜਦੋਂ ਉਹਨਾਂ ਨੇ ਦੱਬੇ ਕੁਚਲੇ ਅਤੇ ਕਮਜ਼ੋਰ ਬਿਰਤੀ ਦੇ ਲੋਕਾਂ ਵਿੱਚ ਅੰਮ੍ਰਿਤ ਦੀ ਦਾਤ ਦੇ ਕੇ ਇੱਜਤ ਮਾਣ ਅਤੇ ਸਿਰ ਉੱਚਾ ਕਰਕੇ ਜਿਉਣ ਦਾ ਜਜ਼ਬਾ ਭਰ ਦਿੱਤਾ ਸੀ। ਗੁਰੂ ਸਾਹਿਬ ਜੀ ਨੇ ਅਜਿਹਾ ਖਾਲਸਾ ਤਿਆਰ ਕੀਤਾ ਜੋ ਨਾ ਸਿਰਫ ਆਪਣੀ ਰੱਖਿਆ ਆਪ ਕਰ ਸਕਦਾ ਸੀ ਬਲਕਿ ਉਹ ਦੂਜਿਆਂ ਦੀ ਰੱਖਿਆ ਲਈ ਵੀ ਆਪਣਾ ਬਲੀਦਾਨ ਦੇ ਸਕਦਾ ਸੀ।ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਸੀ ਕਿ ਅੰਮ੍ਰਿਤ ਦੀ ਦਾਤ ਲੈ ਕੇ ਬੁਜ਼ਦਿਲ ਵੀ ਸੂਰਮੇ ਬਣ ਗਏ ਅਤੇ ਰਣ ਤੱਤੇ ਵਿੱਚ ਕੱਲਾ-ਕੱਲਾ ਸਿੰਘ ਸ਼ੇਰ ਵਾਂਗ ਗਰਜਦਿਆਂ ਹੋਇਆ ਲੱਖਾਂ ਵੈਰੀਆਂ ਨਾਲ ਲੋਹਾ ਲੈ ਗਿਆ। ਉਸੇ ਦਿਨ ਤੋ ਇਹ ਦਿਹਾੜਾ "ਖਾਲਸਾ ਸਾਜਨਾ ਦਿਵਸ" ਜਾਂ "ਖਾਲਸੇ ਦੇ ਪ੍ਰਗਟ ਦਿਹਾੜੇ" ਵਜੋਂ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਇਟਲੀ ਦੇ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ,ਰੇਜੋ ਇਮੀਲੀਆ ਵੱਲੋਂ ਵੀ ਹਰ ਸਾਲ ਪ੍ਰਬੰਧਕ ਕਮੇਟੀ ਅਤੇ ਇਲਾਕਾ
ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਸ ਸਾਲ ਇਹ ਨਗਰ ਕੀਰਤਨ 13 ਅਪ੍ਰੈਲ 2024 ਨੂੰ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਵੇਗਾ ਅਤੇ ਨੋਵੇਲਾਰਾ ਸ਼ਹਿਰ ਵਿੱਚ ਦਾਖਲ ਹੁੰਦੇ ਹੋਏ ਸ਼ਹਿਰ ਦੇ ਸੈਂਟਰ ਵਿੱਚ ਦੀ ਹੁੰਦਾ ਹੋਇਆ ਗੁਰੂ ਜਸ ਗਾਇਨ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ। ਗੱਤਕੇ ਦੇ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਜਾਣਗੇ। ਭਾਈ
ਰਵੇਲ ਸਿੰਘ ਜੀ ਬੂਲੋਵਾਲ ਵਾਲੇ ਢਾਡੀ ਵਾਰਾਂ ਰਾਹੀਂ ਖਾਲਸੇ ਦੇ ਜਾਹੋ ਜਲਾਲ ਦੀਆਂ ਬਾਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਖੇ ਆਈਆਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਵੀ ਲਗਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਸਮੂਹ ਇਟਲੀ ਅਤੇ ਯੂਰਪ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।