image caption: -ਰਜਿੰਦਰ ਸਿੰਘ ਪੁਰੇਵਾਲ

ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਰਣ ਮੌਤਾਂ ਦੀ ਦੋਸ਼ੀ ਪੰਜਾਬ ਸਰਕਾਰ

ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਇਕ ਪਿੰਡ ਗੁੱਜਰਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵਾਪਰਿਆ ਵੱਡਾ ਦੁਖਾਂਤ ਜਿਸ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਸੀ| ਪਹਿਲਾਂ ਇਹ ਪ੍ਰਭਾਵ ਵੀ ਮਿਲਿਆ ਸੀ ਕਿ ਸ਼ਾਇਦ ਵਾਪਰਿਆ ਇਹ ਦੁਖਾਂਤ ਇਕ ਦੋ ਪਿੰਡਾਂ ਤੱਕ ਹੀ ਸੀਮਤ ਹੋਵੇਗਾ, ਪਰ ਹੌਲੀ-ਹੌਲੀ ਸੰਗਰੂਰ ਜ਼ਿਲ੍ਹੇ ਦੇ ਕਈ ਹੋਰ ਪਿੰਡਾਂ ਵਿਚ ਅਜਿਹੀ ਸ਼ਰਾਬ ਪੀਣ ਨਾਲ ਹੋ ਰਹੀਆਂ ਮੌਤਾਂ ਦੀਆਂ ਅਤੇ ਵੱਡੀ ਗਿਣਤੀ ਵਿਚ ਹਸਪਤਾਲਾਂ ਵਿਚ ਭਰਤੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਇਹ ਮਸਲਾ ਹੋਰ ਵੀ ਬੇਹੱਦ ਗੰਭੀਰ ਹੋ ਗਿਆ ਹੈ| ਹੁਣ ਤਕ ਦੀ ਜਾਣਕਾਰੀ ਅਨੁਸਾਰ ਗੁੱਜਰਾਂ ਪਿੰਡ ਤੋਂ ਇਲਾਵਾ ਢੰਡੋਲੀ, ਰਵਿਦਾਸਪੁਰਾ ਟਿੱਬੀ ਆਦਿ ਪਿੰਡਾਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਤੇ ਕੁੱਲ 21 ਲੋਕਾਂ ਦੀ ਮੌਤ ਹੋ ਗਈ ਹੈ| 20 ਤੋਂ ਵੱਧ ਲੋਕ ਹਸਪਤਾਲ ਵਿਚ ਦਾਖਲ ਹਨ| ਇਸ ਕਾਂਡ ਨੇ ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ਿਆਂ &rsquoਤੇ ਕਾਬੂ ਪਾਉਣ ਦੇ ਪੰਜਾਬ ਸਰਕਾਰ ਦੇ ਦਾਅਵਿਆਂ ਦਾ ਪਾਜ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ|
ਇਸ ਘਟਨਾ ਦਾ ਨੋਟਿਸ ਭਾਰਤੀ ਚੋਣ ਕਮਿਸ਼ਨ ਵਲੋਂ ਵੀ ਲਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸ਼ੁਤਰਾਣਾ ਥਾਣਾ (ਪਟਿਆਲਾ) ਦੇ ਐਸ.ਐਚ.ਓ ਅਤੇ ਇਕ ਏ.ਐਸ.ਆਈ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਸਨ, ਕਿਉਂਕਿ ਉਨ੍ਹਾਂ ਦੇ ਖੇਤਰ ਦੇ ਇਕ ਪਿੰਡ ਵਿਚ ਇਹ ਜ਼ਹਿਰੀਲੀ ਨਕਲੀ ਸ਼ਰਾਬ ਬਣੀ ਸੀ| ਇਸੇ ਤਰ੍ਹਾਂ ਸੁਨਾਮ ਸਰਕਲ ਦੇ ਆਬਕਾਰੀ ਇੰਸਪੈਕਟਰ ਨੂੰ ਵੀ ਮੁਅੱਤਲ ਕੀਤਾ ਗਿਆ ਹੈ| ਹਾਲਾਂਕਿ ਦਸ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ| 
ਯਾਦ ਰਹੇ ਕਿ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ| ਇਨ੍ਹਾਂ ਵਿਚੋਂ ਤਰਨਤਾਰਨ, ਅੰਮ੍ਰਿਤਸਰ ਤੇ ਬਟਾਲਾ ਵਿਚ 2020 ਵਿਚ ਸ਼ਰਾਬ ਨਾਲ ਸਬੰਧਿਤ ਲਗਾਵਾਰ ਹੋਈਆਂ ਮੌਤਾਂ ਜ਼ਿਕਰਯੋਗ ਹਨ ਜਿੱਥੇ ਮੌਤਾਂ ਦੀ ਗਿਣਤੀ 110 ਤੋਂ ਪਾਰ ਹੋ ਗਈ ਸੀ| ਇਨ੍ਹਾਂ ਘਟਨਾਵਾਂ ਤੇ ਵਿਆਪਕ ਰੋਸ ਜ਼ਾਹਿਰ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਉੱਠੀ ਸੀ| ਦੋ ਸਾਲਾਂ ਬਾਅਦ ਸੁਪਰੀਮ ਕੋਰਟ ਨੇ ਇਸ ਕੇਸ ਦੀ ਜਾਂਚ &rsquoਤੇ ਨਾਖ਼ੁਸ਼ੀ ਪ੍ਰਗਟਾਈ ਸੀ ਤੇ ਰਾਜ ਸਰਕਾਰ ਦੀ ਖਿਚਾਈ ਵੀ ਕੀਤੀ ਸੀ| ਫਰਵਰੀ 2023 ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਸੀ ਕਿ ਸਾਰੇ ਜਾਣਦੇ ਹਨ ਕਿ ਨਾਜਾਇਜ਼ ਸ਼ਰਾਬ ਦੀ ਸਮੱਸਿਆ ਗੰਭੀਰ ਸੰਕਟ ਬਣ ਗਈ ਹੈ| ਵਾਰ-ਵਾਰ ਵਾਪਰਦੀਆਂ ਅਜਿਹੀਆਂ ਤ੍ਰਾਸਦੀਆਂ ਇਸ ਸਮੱਸਿਆ ਨਾਲ ਨਜਿੱਠਣ ਦੇ ਰਾਹ ਵਿਚ ਬਣੀਆਂ ਚੁਣੌਤੀਆਂ ਨੂੰ ਸਾਹਮਣੇ ਲਿਆਉਂਦੀਆਂ ਹਨ ਜੋ ਤਸਕਰਾਂ ਖਿਲਾਫ਼ ਕੀਤੀਆਂ ਕਾਰਵਾਈਆਂ ਦੇ ਬਾਵਜੂਦ ਕਾਇਮ ਹਨ| ਇਨ੍ਹਾਂ ਮਾਮਲਿਆਂ ਵਿੱਚ ਲਗਾਤਾਰ ਸਰਕਾਰ ਵਲੋਂ ਸਖਤੀ  ਦੀ ਲੋੜ ਹੈ| ਦੋਸ਼ੀਆਂ ਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਹੇ|
ਕਰੀਬ 2 ਸਾਲ ਪਹਿਲਾਂ ਆਪ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਤੇ ਪਿੱਛੋਂ ਵੀ ਮੁੱਖ ਮੰਤਰੀ ਮਾਨ ਲਗਾਤਾਰ ਉੱਚੀ ਸੁਰ ਵਿਚ ਇਹ ਦਾਅਵਾ ਕਰਦੇ ਰਹੇ ਸਨ ਕਿ ਉਨ੍ਹਾਂ ਦੀ ਸਰਕਾਰ ਵਲੋਂ ਸੂਬੇ ਵਿਚ ਫੈਲੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਜਾਏਗਾ| ਪਰ 2 ਸਾਲ ਪਹਿਲਾਂ ਕੀਤੇ ਇਨ੍ਹਾਂ ਵਾਅਦਿਆਂ ਅਤੇ ਦਾਅਵਿਆਂ ਦੇ ਢੋਲ ਦਾ ਪੋਲ ਇਸ ਨਕਲੀ ਸ਼ਰਾਬ ਕਾਂਡ ਕਾਰਣ ਹੋਈਆਂ ਮੌਤਾਂ ਨਾਲ ਖੁਲ੍ਹ ਗਿਆ| 
ਸ਼ਰਾਬ ਕਾਰਣ ਹੋਈਆਂ ਮੌਤਾਂ ਦੇ ਕਹਿਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਸੀ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ| ਪੀੜਤ ਪਰਿਵਾਰਾਂ ਨੂੰ ਸੰਭਾਲਣ ਤੋਂ ਇਲਾਵਾ ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਚੁਕੇਗੀ ਅਤੇ ਉਨ੍ਹਾਂ ਨੂੰ ਨੌਕਰੀਆਂ ਵੀ ਦੇਵੇਗੀ| ਇਸ ਦੁਖਾਂਤ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ  ਇਕਬਾਲ ਸਿੰਘ ਲਾਲਪੁਰਾ  ਨੇ ਟਵੀਟ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਇਸ ਮਾਮਲੇ ਦੀ ਜਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣ ਦੀ ਬੇਨਤੀ ਕੀਤੀ ਹੈ|
ਪੰਜਾਬ ਟਾਈਮਜ਼ ਦੇ ਪੱਤਰਕਾਰਾਂ ਦੀਆਂ ਸੂਚਨਾਵਾਂ ਅਨੁਸਾਰ ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਰੁਝਾਨ ਪਹਿਲਾਂ ਨਾਲੋਂ ਵੀ ਵਧ ਗਿਆ ਹੈ ਅਤੇ ਹਰ ਥਾਂ ਤੇ ਅਜਿਹੇ ਨਸ਼ੇ ਸ਼ਰੇਆਮ ਵਿਕਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਇਸ ਸਰਕਾਰ ਦੀ ਜ਼ਮੀਨੀ ਪੱਧਰ ਤੇ ਸਰਗਰਮੀ ਦੀ ਨਿਰਾਰਥਕਤਾ ਸਾਹਮਣੇ ਆਉਂਦੀ ਹੈ| ਅਜਿਹੀ ਸਥਿਤੀ ਵਿਚ ਅੱਜ ਹਰ ਪਾਸੇ ਨਿਰਾਸ਼ਤਾ ਦਾ ਆਲਮ ਪਸਰਿਆ ਦਿਖਾਈ ਦਿੰਦਾ ਹੈ|
-ਰਜਿੰਦਰ ਸਿੰਘ ਪੁਰੇਵਾਲ